April 30, 2026 4:09 am

ਪੰਜਾਬੀ ਸਿਨੇਮਾ ਦਾ ਅਸਲ ਸਰਦਾਰ : ਸਰਦਾਰ ਸੋਹੀ

ਪੰਜਾਬੀ ਸਿਨੇਮਾ ਮਤਲਬ ਸਰਦਾਰ ਸੋਹੀ ਤੇ ਜਾਂ ਫਿਰ ਸਰਦਾਰ ਸੋਹੀ ਮਤਲਬ ਪੰਜਾਬੀ ਸਿਨੇਮਾ,ਗੱਲ ਕੀ ਜੇ ਕਿਸੇ ਨੇ ਬੀਤੇ ਹੋਏ,ਵਰਤਮਾਨ ਤੇ ਪੰਜਾਬੀ ਸਿਨੇਮੇ ਦੇ ਭਵਿੱਖ ਦੀ ਗੱਲ ਕਰਨੀ ਏ ਤਾਂ ਉਹਦੇ ਵਿਚੋਂ “ਸਰਦਾਰ ਸੋਹੀ “ ਕਦੇ ਵੀ ਮਨਫੀ ਨਹੀਂ ਹੋਏਗਾ ਜੇ ਕੋਈ ਜਾਣ ਬੁੱਝ ਕੇ ਇਸ ਸ਼ਖਸ਼ੀਅਤ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਸ ਲੇਖਕ ਦਾ ਕੰਮ ਅਧੂਰਾ ਹੋਏਗਾ। ਬੀਤੇ ਸਮੇਂ ਦੀ ਸਭ ਤੋਂ ਹਿੱਟ ਪੰਜਾਬੀ ਫਿਲਮ “ਲੌਂਗ ਦਾ ਲਿਸ਼ਕਾਰਾ “ਤੋਂ ਆਪਣਾ ਫਿਲਮੀ ਸਫਰ ਸ਼ੁਰੂ ਕਰਨ ਵਾਲਾ ਇਹ ਜੱਟਾਂ ਦਾ “ਅਲੂਆਂ’’ ਜਿਹਾ ਮੁੰਡਾ ਇੱਕ ਦਿਨ ਪੰਜਾਬੀ ਸਿਨੇਮੇ ਦੀ ਰੀੜ ਦੀ ਹੱਡੀ ਬਣ ਕੇ ਤਰੱਕੀ ਦੀਆਂ ਬੁਲੰਦੀਆਂ ਛੂਹੇਗਾ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ! ਸ਼ਾਇਦ ਸੋਹੀ ਸਾਹਿਬ ਨੇ ਖੁਦ ਵੀ ਨਹੀਂ !ਜਿਵੇਂ ਪੰਜਾਬੀ ਸਿਨੇਮੇ ਨੇ ਬੜੇ ਉਤਰਾਅ-ਚੜਾਅ ਵੇਖੇ ਉਵੇਂ ਸਰਦਾਰ ਸੋਹੀ ਪੰਜਾਬੀ ਸਿਨੇਮੇ ਦੀ ਜਿੱਤ ਹਾਰ ਦਾ ਸਾਥੀ ਬਣਦਾ ਰਿਹਾ ਤੇ ਸ਼ਾਇਦ ਅਜਾਦੀ ਤੋਂ ਬਾਅਦ ਦੇ ਪੰਜਾਬੀ ਸਿਨੇਮੇ ਦੇ ਇੱਕ ਲੰਮੇ ਸਮੇਂ ਦਾ ਸਾਥੀ ਏ ਸਰਦਾਰ ਸੋਹੀ ।ਜਿੰਨਾ ਕੁ ਮੈਂ ਸਰਦਾਰ ਸੋਹੀ ਹੋਰਾਂ ਨੂੰ ਜਾਣਿਆ ਉਹਨਾਂ ਦੀਆਂ ਫਿਲਮਾਂ ਰਾਹੀਂ ਜਾਂ ਫਿਰ ਥੋੜੀ ਬਹੁਤੀ ਫੋਨ ਵਾਰਤਾਲਾਪ ਰਾਂਹੀ ਉਸ ਤੋਂ ਬਾਅਦ ਤਾਂ ਇਹੀ ਨਤੀਜਾ ਸਾਹਮਣੇ ਆਉਂਦਾ ਹੈ ਕਿ ਸਰਦਾਰ ਸੋਹੀ ਪੰਜਾਬੀ ਸਿਨੇਮੇ ਦਾ ਇਕਲੌਤਾ ਅਜਿਹਾ ਕਲਾਕਾਰ ਏ ਜਿਹੜਾ ਆਪਣੇ ਆਪ ਨੂੰ ਅਦਾਕਾਰੀ ਦੇ ਹਰ ਰੰਗ ਵਿੱਚ ਰੰਗ ਕੇ ਜਿੱਥੇ ਵੇਖਣ ਵਾਲਿਆਂ ਦਾ ਮਨੋਰੰਜਨ ਕਰਦਾ ਉਂਥੇ ਆਪਣੇ ਹੀ ਲਿਖੇ ਸੰਵਾਦਾ ਰਾਂਹੀ ਦਿੱਤੇ ਸੁਨੇਹੇ ਰਾਂਹੀ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ।ਜਿੰਦਗੀ ਦੇ ਲਗਭਗ ਸਾਢੇ ਸੱਤ ਦਹਾਕੇ ਲੰਘਾ ਚੁਕੇ ਸਰਦਾਰ ਸੋਹੀ ਇੱਕੋ ਵਖਤ ਤਿੰਨ ਪੀੜ੍ਹੀਆਂ ਦੇ ਚਹੇਤੇ ਕਲਾਕਾਰ ਹਨ ,ਉਹਨਾਂ ਦੀ ਨੈਸ਼ਨਲ ਅਵਾਰਡ ਜੇਤੂ ਪੰਜਾਬੀ ਫਿਲਮ “ਬਾਗੀ “ਵਿਚਲੀ ਜਬਰਦਸਤ ਅਦਾਕਾਰੀ ਜਿੱਥੇ ਉਹਨਾਂ ਲਈ ਟੀਸੀ ਦਾ ਬੇਰ ਸਾਬਤ ਹੁੰਦੀ ਹੈ ਤੇ ਉੱਥੇ “ਅੰਗਰੇਜ਼“ਫਿਲਮ ਵਿਚਲੀ ਉਹਨਾਂ ਦੀ ਅਦਾਕਾਰੀ ਲੂੰ -ਕੰਢੇ ਖੜੇ ਕਰ ਦਿੰਦੀ ਏ ,ਮੇਰੀ ਜਾਚੇ “ਅੰਗਰੇਜ “ਵਾਲਾ ਰੋਲ ਸਰਦਾਰ ਸੋਹੀ ਲਈ ਹੀ ਬਣਿਆ ਸੀ
ਉਹਨਾਂ ਦੀਆਂ ਕੀਤੀਆਂ ਫਿਲਮਾਂ ਦੀ ਲਿਸਟ ਬਹੁਤ ਲੰਮੀ ਏ ਜਿੰਨਾ ਵਿੱਚ ਉਹਨਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਕਿਸੇ ਨੂੰ ਰੁਆਇਆ ਤੇ ਕਿਸੇ ਨੂੰ ਹਸਾਇਆ! ਫਿਲਮ “ਦੁੱਲਾ ਭੱਟੀ “,ਅਰਦਾਸ ਫਿਲਮ ਦੇ ਦੋਨੋ ਭਾਗ,ਕੈਰੀ ਔਨ ਜੱਟਾ, ਰਵਿੰਦਰ ਗਰੇਵਾਲ ਦੀਆਂ “ਜੈਲੀ ਡੰਗਰ ਡਾਕਟਰ “ਪੁੱਤ ਜੱਟਾਂ ਦੇ ਜੱਟ ਬੁਆਏਜ ““ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ “ਬੰਬੂਕਾਟ,ਤੇ ਹੋਰ ਦਰਜਨਾਂ ਪੰਜਾਬੀ ਫਿਲਮਾਂ ਉਹਨਾਂ ਦੀ ਪਹਿਚਾਣ ਦਰਸਾਉਂਦੀਆਂ ਹਨ । ਸਰਦਾਰ ਸੋਹੀ ਪੰਜਾਬੀ ਸਿਨੇਮੇ ਦੇ ਸੱਭ ਤੋਂ ਲੰਮੀ ਪਾਰੀ ਖੇਡਣ ਵਾਲੇ ਕਲਾਕਾਰਾਂ ਚੋਂ ਮੋਹਰੀ ਏ ਤੇ ਅੱਜ ਵੀ ਸਭ ਤੋਂ ਵੱਧ ਰੁਝੇਵਿਆਂ ਵਾਲੇ ਕਲਾਕਾਰਾਂ ਉਹਨਾਂ ਦੀ ਗਿਣਤੀ ਹੁੰਦੀ ਹੈ । ਅਦਾਕਾਰੀ ਦੇ ਨਾਲ ਨਾਲ ਉਹਨਾਂ ਨੇ ਪੰਜਾਬੀ ਸਿਨੇਮੇ ਨੂੰ ਕਲਮ ਦੇ ਜਰੀਏ ਵੀ ਵੱਡਾ ਯੋਗਦਾਨ ਪਾਇਆ ਹੈ, ਦਰਜਨਾਂ ਫਿਲਮਾਂ ਦੇ ਡਾਇਲਾਗ ਸਰਦਾਰ ਸੋਹੀ ਹੋਰਾਂ ਲਿਖੇ ਹਨ ਪਰ ਆਮ ਲੋਕਾਂ ਵਿੱਚ ਉਹਨਾਂ ਦੀ ਪ੍ਰਸਿੱਧੀ ਇੱਕ ਧੜੱਲੇਦਾਰ ਕਲਾਕਾਰ ਵਜੋਂ ਈ ਬਣੀ ਹੋਈ ਹੈ । ਸਰਦਾਰ ਸੋਹੀ ਹੋਰਾਂ ਆਖਦੇ ਹਨ ਕਿ ਅਦਾਕਾਰੀ ਮੇਰਾ ਇਸ਼ਟ ਹੈ ਜਿਸ ਨੇ ਮੈਨੂੰ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਕੋਲੋਂ ਪਿਆਰ ਤੇ ਸਤਿਕਾਰ ਦਵਾਇਆ ਤੇ ਮੇਰੀ ਇੱਛਾ ਹੈ ਕਿ ਮੈਂ ਜਿੰਦਗੀ ਦਾ ਹਰ ਪਲ ਪੰਜਾਬੀ ਸਿਨੇਮੇ ਦੇ ਵਿਹੜੇ ਵਿੱਚ ਇਹਦੇ ਪਰਿਵਾਰ ਨਾਲ ਬਿਤਾਂਵਾ ਤੇ ਪੰਜਾਬੀ ਸਿਨੇਮੇ ਲਈ ਹਰ ਵਕਤ ਕੁਝ ਨਵਾਂ ਕਰਦਾ ਰਹਾਂ ।
ਸੱਚਮੁੱਚ ਸਰਦਾਰ ਸੋਹੀ ਪੰਜਾਬੀ ਸਿਨੇਮੇ ਦਾ ਉਹ ਕੋਹਿਨੂਰ ਹੀਰਾ ਏ ਜਿਸ ਦੀ ਚਮਕ ਨਾਲ ਪੰਜਾਬੀ ਸਿਨੇਮਾ ਵੀ ਅੱਜ ਉੰਡੂ-ਉਂਡੂ ਕਰ ਰਿਹਾ ਤੇ ਪੂਰੀ ਦੁਨੀਆਂ ਵਿੱਚ ਆਪਣੀ ਮਹਿਕ ਬਿਖੇਰ ਰਿਹਾ ।ਸ਼ਾਲਾ ਪੰਜਾਬੀ ਸਿਨੇਮੇ ਦਾ ਇਹ ਮਾਣ-ਮੱਤਾ ਤੇ ਹਰਫਨ-ਮੌਲਾ ਕਲਾਕਾਰ ਲੰਮੀਆਂ ਉਮਰਾਂ ਮਾਣੇ ਤੇਹਮੇਸ਼ਾ ਚੜ੍ਹਦੀਆ ਕਲਾ ਵਿੱਚ ਰਹੇ ।

Send this to a friend