ਜਦੋਂ ਕਿਸੇ ਦੇ ਇਰਾਦੇ ਪੱਕੇ ਹੋਣ ਤਾਂ ਕਾਮਯਾਬੀ, ਸ਼ੋਹਰਤ ਅਤੇ ਪੈਸਾ ਇਨਸਾਨ ਦੇ ਪੈਰ ਚੁੰਮਦੇ ਹਨ। ਇਹ ਕਹਾਵਤ ਐਕਟੋਪੈਡ ਪਲੇਅਰ ਦਿਲਜੀਤ ਸਿੰਘ ਢਿੱਲੋ ਦੇ ਕਿਰਦਾਰ ਉਪਰ ਪੂਰੀ ਤਰ੍ਹਾਂ ਠੀਕ ਢੁੱਕਦੀ ਹੈ । ਦਿਲਜੀਤ ਸਿੰਘ ਢਿੱਲੋਂ ਨੇ ਪਿਤਾ ਜਗਜੀਤ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਜਨਮ ਲਿਆ ਅਤੇ ਨਿੱਕੀ ਉਮਰੇ ਪਾਲੇ ਸੰਗੀਤਕ ਸ਼ੌਂਕ ਨੂੰ ਆਪਣੇ ਕਿੱਤੇ ਵਿੱਚ ਤਬਦੀਲ ਕਰ ਲਿਆ। ਇਸ ਸੰਗੀਤ ਦੇ ਦੀਵਾਨੇ ਨੂੰ ਸਕੂਲ ਟਾਈਮ ਤੋਂ ਹੀ ਸੰਗੀਤ ਨਾਲ ਐਨਾ ਮੋਹ ਰਿਹਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਐਕਟੋਪੈਡ ਦੀ ਸਿੱਖਿਆ ਵੀ ਅਪਣੇ ਚਾਚਾ ਜੀ ਤੋਂ ਹਾਸਲ ਕਰਦਾ ਰਿਹਾ । ਸੰਗੀਤ ਨਾਲ ਐਨੀ ਲਗਨ ਸੀ ਕਿ ਖੇਡਣ ਦੀ ਉਮਰ ਵਿੱਚ ਹੀ ਗਾਇਕਾਂ ਨਾਲ ਸਟੇਜਾਂ ਤੇ ਜਾਣਾ ਸ਼ੁਰੂ ਕਰ ਦਿੱਤਾ। ਥੋੜੇ ਹੀ ਸਮੇਂ ਵਿੱਚ ਗਾਇਕ ਉਸ ਨੂੰ ਮਿਹਨਤਾਨਾ ਵੀ ਦੇਣ ਲੱਗ ਪਏ। ਅੱਜ ਚੋਟੀ ਦੇ ਐਕਟੋਪੈਡ ਪਲੇਅਰਾਂ ਵਿੱਚ ਆਪਣਾ ਨਾਮ ਦਰਜ਼ ਕਰਵਾ ਚੁੱਕਾ ਦਿਲਜੀਤ ਸਿੰਘ ਢਿੱਲੋਂ ਮੌਜੂਦਾ ਸਮੇਂ ਵਿੱਚ ਨਾਮਵਾਰ ਗਾਇਕਾਂ ਨਾਲ ਕੰਮ ਕਰ ਰਿਹਾ ਹੈ । ਹੁਣ ਤੱਕ ਦਿਲਜੀਤ ਸਿੰਘ ਢਿੱਲੋਂ ਬੂਟਾ ਮੁਹੰਮਦ, ਵਿੱਕੀ ਮੋਰਾਂਵਾਲੀ,ਤੇਜ ਹੁੰਦਲ , ਬਲਜੀਤ ਮਾਲਵਾ, ਗੁਰਜਾਨ,ਗੁਰਬਖਸ਼ ਸ਼ੌਂਕੀ, ਏਕਨੂਰ ਸਿੱਧੂ, ਨਿਰਮਲ ਸਿੱਧੂ,ਮਨਜੀਤ ਰੂਪੋਵਾਲੀਆ, ਸ਼ਮਸ਼ੇਰ ਕਟਵਾਰਾ, ਆਦਿ ਨਾਲ ਐਕਟੋਪੈਡ ਪਲੇਅ ਕਰ ਚੁੱਕਾ ਹੈ ।ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਦਿਲਜੀਤ ਸਿੰਘ ਢਿੱਲੋਂ ਨੁੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਦਿਲਜੀਤ ਸਿੰਘ ਅੱਜ ਕੱਲ ਆਪਣੇ ਪਿੰਡ ਕੰਧਾਲਾ ਗੁਰੂ ਵਿੱਚ ਰਹਿ ਰਿਹਾ ਹੈ ।ਸੰਗੀਤਕ ਅਦਾਰਿਆਂ ਨੂੰ ਬਹੁਤ ਮਾਣ ਹੈ ਇਹਨਾਂ ਨਵੇਂ ਉੱਭਰਦੇ ਸੰਗੀਤ ਦੇ ਸਿਤਾਰਿਆਂ ਉਪਰ ਕਿ ਇਹ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦਾ ਰੁਤਬਾ ਹੋਰ ਉੱਚਾ ਕਰਨਗੇ।
– ਹਰਮਨਪ੍ਰੀਤ ਸਿੰਘ ਲੇਹਿਲ ਰੁਪਾਣਾ