April 30, 2026 2:54 am

ਅੱਜ ਦਾ ਸਮਾਂ

ਕੁਝ ਸਮਾਂ ਪਹਿਲਾਂ ਮੈਂ ਅਪਣੇ ਭਰਾ ਨਾਲ ਉਸਦੇ ਕਾਲਜ਼ ਵਿੱਚ ਕਰਵਾਏ ਗਏ ਪ੍ਰੋਗਰਾਮ ਯੂਥ ਫੈਸਟੀਵਲ ਤੇ ਗਿਆ। ਉੱਥੇ ਨੌਜਵਾਨ ਵਰਗ ਦਾ ਭਾਰੀ ਇਕੱਠ ਸੀ। ਚਾਰੇ ਪਾਸੇ ਖੁਸ਼ਨੁਮਾ ਮਾਹੌਲ ਸ਼ਾਇਆ ਹੋਇਆ ਸੀ। ਉਸ ਪ੍ਰੋਗਰਾਮ ਨੂੰ ਦੇਖਣ ਲਈ ਵਿਦਿਆਰਥੀਆਂ ਦੀਆਂ ਅੱਖਾਂ ਉਸ ਮੰਚ ਵੱਲ ਸਨ ਜਿੱਥੇ ਪੰਜਾਬ ਦਾ ਮਸ਼ਹੂਰ ਕਲਾਕਾਰ ਆਉਣਾ ਸੀ । ਮੈਂ ਉਸ ਨੂੰ ਦੇਖਣ ਲਈ ਬਹੁਤ ਉਤਸੁੱਕ ਸੀ ਤੇ ਬੜੀ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਸੀ। ਲਗਦਾ ਸਮੇਂ ਦੀ ਉਡੀਕ ਖ਼ਤਮ ਹੋ ਗਈ ਸੀ । ਰੰਗਮੰਚ ਉੱਤੇ ਉਸਨੂੰ ਸੱਦਾ ਦਿੱਤਾ ਗਿਆ । ਉਸਨੇ ਪ੍ਰੋਗਰਾਮ ਸ਼ੁਰੂ ਕਰ ਦਿੱਤਾ ।ਪਹਿਲਾ ਗੀਤ ਬਹੁਤ ਮਨਭਾਉਂਦਾ ਸੀ। ਕਿਉਂਕਿ ਉਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ ਗਿਆ ਸੀ ਅਤੇ ਸਾਰਾ ਹਾਲ ਜੋ ਨੌਜਵਾਨਾਂ ਨਾਲ ਭਰਿਆ ਹੋਇਆ ਸੀ ਨੀਵੀਂ ਪਾਕੇ ਬੈਠਾ ਸੀ । ਜਿਵੇਂ ਉਹਨਾਂ ਦਾ ਸਮਾਂ ਬਰਬਾਦ ਹੋ ਗਿਆ ਹੋਵੇ ਇਹ ਸੁਣਕੇ । ਜਦੋਂ ਉਸ ਕਲਾਕਾਰ ਨੇ ਦੂਜਾ ਗਾਣਾ ਦਾਰੂ ਵਾਲਾ ਲਾ ਦਿੱਤਾ ਤਾਂ ਸਾਰਾ ਹਾਲ ਚੀਕਾਂ ਨਾਲ ਗੂੰਜ ਉੱਠਿਆ ਤੇ ਨੌਜਵਾਨਾਂ ਦੀਆਂ ਚੀਕਾਂ ਤੇ ਨੱਚਣ ਨਾਲ ਸਾਰਿਆਂ ਵਿੱਚ ਜਿਵੇਂ ਜਾਨ ਆ ਗਈ ਹੋਵੇ। ਉਸ ਵਖ਼ਤ ਮੇਰੇ ਮਨ ਵਿੱਚ ਅਨੇਕਾਂ ਵਿਚਾਰ ਖੜੇ ਹੋ ਗਏ, ਕੀ ਸਾਡੀ ਸੋਚਣੀ ਐਨੀ ਗਲਤ ਹੋ ਗਈ ? ਜੋ ਥਾਂ ਵਿੱਦਿਆ ਦਾ ਮੰਦਰ ਹੈ ਤੇ ਉਸ ਪਵਿੱਤਰ ਮੰਦਰ ਵਿੱਚ ਮੈਂ ਕੀ ਦੇਖ ਰਿਹਾ ਸਾਂ ? ਜੋ ਥਾਂ ਸਾਨੂੰ ਚੰਗੇ ਮਾੜੇ ਵਿੱਚ ਫਰਕ ਕਰਨਾ ਸਿਖਾਉਂਦੀ ਹੋਵੇ ਉਸ ਜਗ੍ਹਾ ਤੇ ਦਾਰੂ ਦੇ ਨਾਂ ਤੇ ਭੰਗੜੇ ਪੈ ਰਹੇ ਸਨ । ਜਿਸ ਉਮਰ ਤੇ ਦੇਸ਼ ਨੂੰ ਆਸਾਂ ਉਮੀਦਾਂ ਸਨ ਉਹ ਨਸ਼ੇ ਤੇ ਦੁਨਾਲੀਆ ਦਾ ਸਵਾਦ ਲੈ ਰਹੀ ਹੈ । ਜਿਸ ਕਾਲਜ਼ ਦਾ ਨਾਂ ਬਾਬੇ ਦੇ ਨਾਂ ਤੇ ਰੱਖਿਆ ਹੋਵੇ ਉਸ ਦਾ ਕੀ ਹਾਲ ਹੋ ਗਿਆ ਹੈ। ਸਾਨੂੰ ਇਹ ਸਭ ਸਮਝਣ ਦੀ ਅਤੇ ਭਲੀ ਭਾਂਤ ਜਾਣਨ ਦੀ ਲੋੜ ਹੈ । ਕੀ ਜੋ ਅਸੀਂ ਕਰ ਜਾਂ ਦੇਖ ਰਹੇ ਹਾਂ ਉਸ ਦਾ ਜਿੰਮੇਵਾਰ ਕੌਣ ਹੈ ? ਕੀ ਇਹ ਸਹੀ ਹੈ ?
ਇਹ ਸਭ ਖਿਆਲ ਮੇਰੇ ਮਨ ਵਿੱਚ ਚਲ ਹੀ ਰਹੇ ਸਨ ਕਿ ਉਸੇ ਵਖ਼ਤ ਗੋਲੀ ਚੱਲਣ ਦੀ ਅਵਾਜ ਆਈ । ਕਾਰਨ ਦਾ ਪਤਾ ਲੱਗਾ ਤਾਂ ਪ੍ਰਧਾਨਗੀ ਗਾਣਿਆਂ ਦੇ ਜੋਸ ਵਿੱਚ ਆਕੇ ਇੱਕ ਗਰੁੱਪ ਨੇ ਦੂਜੇ ਗਰੁੱਪ ਦੇ ਬੰਦੇ ਤੇ ਗੋਲੀ ਚਲਾ ਦਿੱਤੀ ਤੇ ਓਹ ਸਿੰਘ ਥਾਂ ਤੇ ਹੀ ਮਰ ਗਿਆ । ਉਸ ਤੋਂ ਬਾਅਦ ਪਹਿਲੇ ਗਰੁੱਪ ਵਾਲੇ ਨੂੰ ਪੁਲਿਸ ਫੜ ਕੇ ਲੈ ਗਈ । ਇੱਕ ਦੀ ਜਾਨ ਗਈ ਤੇ ਦੂਜੇ ਦਾ ਭਵਿੱਖ ਗਿਆ।
ਕੀ ਕਾਲਜਾਂ ਦੇ ਪ੍ਰਬੰਧਕਾਂ ਦਾ ਕੰਮ ਵਿਦਿਆਰਥੀਆਂ ਨੂੰ ਕਲਾਕਾਰਾਂ ਦੇ ਮਾੜੇ ਗੀਤ ਸੁਣਾਉਣਾ ਰਹਿ ਗਿਆ ਹੈ ? ਕੀ ਕਲਾਕਾਰਾਂ ਨੂੰ ਸਿਰਫ ਦਾਰੂ ਤੇ ਹਥਿਆਰਾਂ ਤੇ ਹੀ ਕਲਮ ਚਲਾਉਣੀ ਤੇ ਗੀਤ ਗਾਉਣੇ ਆਉਂਦੇ ਹਨ । ਜਿਨ੍ਹਾਂ ਦੇ ਹੱਥ ਵਿੱਚ ਕਿਤਾਬ ਹੋਣੀ ਚਾਹਦੀ ਸੀ ਤੇ ਅੱਜ ਹਥਿਆਰ ਤੇ ਦਾਰੂ ਦੀ ਬੋਤਲ ਸਾਨੂੰ ਆਮ ਵੇਖਣ ਨੂੰ ਮਿਲਦੀ ਹੈ। ਜੇ ਅਸੀਂ ਇੱਕ ਵਡੀ ਅਣਹੋਣੀ ਤੋ ਬਚਣਾ ਹੈ। ਤਾਂ ਸਾਨੂੰ ਸਾਡੀ ਨਸਲ ਪ੍ਰਤੀ ਸਹੀ ਅਤੇ ਗਲਤ ਵਿੱਚ ਫਰਕ ਕਰਵਾਉਣਾ ਤੇ ਸਾਡੀ ਸਿੱਖਿਅਕ ਸੰਸਥਾਵਾਂ ਨੂੰ ਆਪਣੇ ਕੰਮ ਪ੍ਰਤੀ ਪੂਰਾ ਸੁਚੇਤ ਹੋਣ ਦੀ ਲੋੜ ਹੈ ।

Send this to a friend