December 8, 2023 5:16 pm

ਕੋਰੋਨਾ ਨਾਲ ਲੜਨ ਲਈ ਸਾਂਝੇ ਯਤਨਾ ਦੀ ਲੋੜ

ਮਨੁੱਖ ਨੇ ਜਦੋਂ ਤੋਂ ਸਿਹਤ ਵਿਗਿਆਨ ਦੇ ਦਮ ‘ਤੇ ਬਿਮਾਰੀਆਂ ਦੇ ਇਲਾਜ ਦਾ ਇਕ ਨਿਜ਼ਾਮ ਬਣਾਇਆ ਸੀ ਉਦੋਂ ਤੋਂ ਮੰਨਿਆ ਜਾਣ ਲੱਗਿਆ ਸੀ ਕਿ ਕੋਈ ਵੀ ਰੋਗ ਮਨੁੱਖਤਾ ਨੂੰ ਭੈਭੀਤ ਨਹੀਂ ਕਰ ਸਕਦਾ ਅਤੇ ਇਲਾਜ -ਦਵਾਈਆਂ ਦੀ ਮਦਦ ਨਾਲ ਸਮੇਂ ਤੋਂ ਪਹਿਲਾਂ ਦੀ ਮੌਤ ਨੂੰ ਟਾਲਿਆ ਜਾ ਸਕੇਗਾ। ਬਿਮਾਰੀਆਂ ਦਾ ਸਮੇਂ ਸਿਰ ਪਤਾ ਲਾ ਕੇ ਦਵਾਈਆਂ ਅਤੇ ਡਾਕਟਰੀ ਇਲਾਜ ਨਾਲ ਬੁਖਾਰ ਤੋਂ ਲੈਕੇ ਕੈਂਸਰ ਅਤੇ ਦਿਲ-ਗੁਰਦਿਆਂ ਤੱਕ ਦੀਆਂ ਕਈ ਸਮੱਸਿਆਵਾਂ ਨੂੰੰ ਮਨੁੱਖ ਨੇ ਆਪਣੇ ਕਾਬੂ ‘ਚ ਕਰ ਲਿਆ ਹੈ। ਪਰ ਇਨ੍ਹਾਂ ਬਿਮਾਰੀਆਂ ਦੇ ਵਿਚਕਾਰ ਕਰੋਨਾ ਜਿਹੇ ਵਾਇਰਸ ਨੇ ਸਾਬਤ ਕੀਤਾ ਹੈ ਕਿ ਇਲਾਜ ਦੇ ਭਾਵੇਂ ਜਿੰਨੇ ਮਰਜ਼ੀ ਪੁਖਤਾ ਇੰਤੇਜਾਮ ਕਰ ਲਏ ਗਏ ਹੋਣ, ਧਰਤੀ ‘ਤੇ ਮਨੁੱਖਤਾ ਦੇ ਲਈ ਚੁਣੌਤੀਆਂ ਸ਼ਾਇਦ ਕਦੇ ਖਤਮ ਨਹੀਂ ਹੋਣਗੀਆਂ। ਕਰੋਨਾ ਨਾਲ ਜੁੜੀ ਸਭ ਤੋਂ ਵੱਡੀ ਚੁਣੌਤੀ ਫਿਲਹਾਲ ਇਹ ਸਾਹਮਣੇ ਆਈ ਹੈ ਕਿ ਦੁਨੀਆਂ ਕੋਲ ਇਸ ਦੇ ਨਾਲ ਲੜਨ ਦੀ ਕੋਈ ਕਾਮਯਾਬ ਦਵਾਈ ਅਤੇ ਖਾਸਕਰ ਕੋਈ ਟੀਕਾ(ਵੈਕਸੀਨ) ਨਹੀਂ ਹੈ, ਜਿਵੇਂ ਫਲੂ, ਚੇਚਕ ਅਤੇ ਪੋਲੀਓ ਤੱਕ ਦੇ ਲਈ ਉਪਲਬਧ ਹੈ। ਜੇਕਰ ਅਜਿਹਾ ਕੋਈ ਟੀਕਾ ਸਾਡੇ ਕੋਲ ਹੁੰਦਾ ਤਾਂ ਇਹ ਗੱਲ ਬੇਝਿਜਕ ਕਹੀ ਜਾ ਸਕਦੀ ਸੀ ਕਿ ਕਰੋਨਾ ਸੰਕਟ ਨੂੰ ਚੁਟਕੀਆਂ ‘ਚ ਹੱਲ ਕਰ ਲਿਆ ਜਾਵੇਗਾ ਅਤੇ ਦੁਨੀਆਂ ਅੱਜ ਜਿਸ ਤਰ੍ਹਾਂ ਖੌਫ਼ਜ਼ੁਦਾ ਹੈ, ਉਸਦੀ ਨੌਬਤ ਸ਼ਾਇਦ ਨਾ ਆਉਂਦੀ ।
ਚੀਨ ਦੇ ਵੁਹਾਨ ਸ਼ਹਿਰ ‘ਚ ਪਿਛਲੇ ਸਾਲ ਦਸੰਬਰ ‘ਚ ਫੈਲਣਾ ਸ਼ੁਰੂ ਹੋਇਆ ਕੋਰਨਾ ਵਾਇਰਸ (ਕੋਵਿਡ -19 ) ਹੁਣ ਦੁਨੀਆਂ ਦੇ 120 ਤੋਂ ਜਿਆਦਾ ਦੇਸ਼ਾਂ ਲੂੰ ਗ੍ਰਿਫਤ ‘ਚ ਲੈ ਚੁੱਕਿਆ ਹੈ। ਚੀਨ ‘ਚ ਜਿੱਥੇ ਇਸਦੇ ਅਸਰ ਨਾਲ ਤਿੰਨ ਹਜ਼ਾਰ ਤੋਂ ਜਿਆਦਾ ਮੌਤਾਂ ਹੋ ਚੁੱਕੀਆਂ ਹਨ ਅਤੇ ਦੁਨੀਆਂ ਭਰ ‘ਚ ਤਕਰੀਬਨ ਇਕ ਲੱਖ ਲੋਕ ਇਸ ਨਾਲ ਪੀੜਤ ਦੱਸੇ ਜਾ ਰਹੇ ਹਨ, ਉਥੇ ਭਾਰਤ ‘ਚ ਹੁਣ ਤੱਕ ਇਸਦੇ ਤੀਹ ਤੋਂ ਜਿਆਦਾ ਮਾਮਲੇ ਤਸਦੀਕ ਹੋ ਚੁੱਕੇ ਹਨ।
ਵਿਸ਼ਵ ਸਿਹਤ ਸੰਗਠਨ ਵੀ ਕਰੋਨਾ ਬਾਰੇ ਸਿਹਤ ਐਮਰਜੈਂਸੀ ਐਲਾਨ ਕਰ ਚੁੱਕਿਆ ਹਹੈ । ਇਸ ਐਮਰਜੈਂਸੀ ਦੇ ਤਹਿਤ ਭਾਰਤ ਸਮੇਤ ਕਈ ਦੇਸ਼ਾਂ ‘ਚ ਹਵਾਈ ਅੱਡਿਆਂ, ਬੰਦਰਗਾਹਾਂ ‘ਤੇ ਬਾਹਰੋਂ ਆਉਣ ਵਾਲਿਆਂ ‘ਚ ਵਾਇਰਸ ਦੀ ਜਾਂਚ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਕਰੋਨਾ ਨਾਲ ਸਭ ਤੋਂ ਜਿਆਦਾ ਪ੍ਰਭਾਵਤ ਚੀਨ ਦੇ ਹਰ ਤਰ੍ਹਾਂ ਦੇ ਦੌਰਿਆਂ ਨੂੰ ਰੋਕ ਦਿੱਤਾ ਗਿਆ ਹੈ।
ਅਜਿਹੇ ਵਸੀਲਿਆਂ ਨੂੰ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਪੁਰੀ ਦੁਨੀਆਂ ਕਰੋਨਾ ਵਾਇਰਸ ਦੇ ਲਈ ਪੱਬਾਂ ਭਾਰ ਖਲੌਤੀ ਹੈ।
ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖ਼ਰ ਕੋਰਨਾ ਦਾ ਇਲਾਜ ਕੀ ਹੈ। ਇਸ ਬਾਰੇ ਸੱਚਾਈ ਇਹ ਹੈ ਕਿ ਫਿਲਹਾਲ ਦੁਨੀਆ ਭਰ ਦੇ ਸਿਹਤ ਤੰਤਰ ਦੇ ਕੋਲ ਕਰੋਨਾ ਨਾਲ ਨਜਿਠਣ ਦੇ ਲਈ ਕੋਈ ਦਵਾਈ ਜਾਂ ਟੀਕਾ ਉਪਲਬਧ ਨਹੀਂ ਹੈ। ਅਜਿਹੇ ‘ਚ ਕੋਰਨਾ ਦੇ ਮਰੀਜਾਂ ਦਾ ਇਲਾਜ ਉਨ੍ਹਾਂ ‘ਚ ਨਜਰ ਆਉਣ ਵਾਲੇ ਲੱਛਣਾ ਦੇ ਅਧਾਰ ‘ਤੇ ਕੀਤਾ ਜਾ ਰਿਹਾ ਹੈ। ਸ਼ੱਕੀ ਮਰੀਜਾਂ ਨੂੰ ਹਸਪਤਾਲਾਂ ਦੇ ਅਲੱਗ ਕਮਰਿਆਂ ‘ਚ ਰੱਖਿਆ ਜਾ ਰਿਹਾ ਹੈ ਅਤੇ ਬੁਖਾਰ ਦੇ ਨਾਲ-ਨਾਲ ਦਰਦ ਦੀਆਂ ਦਵਾਈਆਂ ਦੇਕੇ ਇਹਨਾਂ ਲੱਛਣਾਂ ਨੂੰ ਘੱਟ ਕਰਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਸਮੇਂ ਦੇ ਨਾਲ ਤਾਪਮਾਨ ਵਧਣ ਨਾਲ ਕਰੋਨਾ ਦਾ ਅਸਰ ਘੱਟ ਹੋ ਜਾਵੇਗਾ ਅਤੇ ਮਰੀਜ਼ ਠੀਕ ਹੋ ਸਕਣਗੇ। ਉਮੀਦ ਹੈ ਕਿ ਇਹ ਉਪਾਅ ਅਸਰਦਾਰ ਸਿੱਧ ਹੋਣਗੇ ਅਤੇ ਕਰੋਨਾ ਦਾ ਖੌਫ ਕੁਝ ਘੱਟ ਹੋ ਸਕੇਗਾ। ਇਸ ਗੱਲ ਨੂੰ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਸ ਤਰ੍ਹਾਂ ਦੁਨੀਆਂ ‘ਚ ਆਮ ਠੰਡ-ਜ਼ੁਖਾਮ ਦੇ ਲਈ ਦਵਾਈ ਉਪਲਬਧ ਹੈ, ਉਸੇ ਤਰ੍ਹਾਂ ਜੇਕਰ ਕਰੋਨਾ ਵਾਇਰਸ ਦੇ ਹਮਲੇ ਨੂੰ ਬੇਅਸਰ ਦਰਨ ਵਾਲੇ ਟੀਕੇ ਮੌਜੂਦ ਹੁੰਦੇ ਤਾਂ ਅੱਜ ਹਲਾਤ ਐਨੇ ਗੰਭੀਰ ਨਾ ਹੁੰਦੇ।
ਟੀਕਾ ਲਾਉਣ ਪਿੱਛੇ ਮੂਲ ਮਕਸਦ ਇਹੋ ਹੈ ਕਿ ਕਿਸੇ ਵਿਅਕਤੀ ਜਾਂ ਜੀਵ ‘ਚ ਬਿਮਾਰੀ ਤੋਂ ਬਿਨਾ ਹੀ ਉਸਦੇ ਸ਼ਰੀਰ ‘ਚ ਅਜਿਹੇ ਜੀਵਾਣੂ ਵਿਕਸਤ ਕਰ ਦਿੱਤੇ ਜਾਣ ਜੋ ਉਸਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਸਰਗਰਮ ਕਰ ਦੇਣ, ਤਾਂ ਕਿ ਸ਼ਰੀਰ ‘ਚ ਉਸ ਬਿਮਾਰੀ ਨਾਲ ਲੜਨ ਦੀ ਤਾਕਤ ਪੈਦਾ ਹੋ ਜਾਵੇ। ਚੇਚਕ ਦੀ ਬਿਮਾਰੀ ਦੇ ਖਾਤਮੇ ਦੇ ਪਿਛੇ ਅਹਿਜੇ ਟੀਕਾਕਰਨ ਦਾ ਅਹਿਮ ਰੋਲ ਰਿਹਾ ਸੀ। ਹੁਣ ਤਾਂ ਕਈ ਅਜਿਹੀਆਂ ਬਿਮਾਰੀਆਂ ਹਨ, ਜਿੰਨ੍ਹਾਂ ‘ਚ ਟੀਕਾ ਜਾਂ ਮੂੰਹ ਰਾਹੀਂ ਦਿੱਤੇ ਜਾਣ ਵਾਲੀ ਦਵਾਈ ਬਹੁਤ ਆਮ ਹੋ ਗਈ ਹੈ। ਇਨ੍ਹਾਂ ਦਵਾਈਆਂ-ਟੀਕਿਆਂ ਦਾ ਫਾਇਦਾ ਇਹ ਹੈ ਕਿ ਇਨ੍ਹਾਂ ਨੂੰ ਦੇਣ ਤੋਂ ਬਾਅਦ ਕੋਈ ਵਿਅਕਤੀ ਜਾਂ ਤਾਂ ਜਿੰਦਗੀ ਭਰ ਜਾਂ ਫਿਰ ਇਕ ਨਿਸ਼ਚਤ ਸਮੇਂ ਤੱਕ ਸਬੰਧਤ ਬਿਮਾਰੀ ਦੇ ਅਸਰ ਤੋਂ ਸੁਰੱਖਿਅਤ ਹੋ ਜਾਂਦਾ ਹੈ। ਇਕ ਦੌਰ ਸੀ ਜਦੋਂ ਦੁਨੀਆਂ ਟੀਕਿਆਂ ਦੇ ਬਾਰੇ ਜਾਣਦੀ ਤੱਕ ਨਹੀਂ ਸੀ। ਚੇਚਕ, ਪਲੇਗ ,ਫਲੂ ਅਤੇ ਪੋਲੀਓ ਜਿਹੀਆਂ ਬਿਮਾਰੀਆਂ ਨੇ ਦੁਨੀਆਂ ‘ਚ ਕਹਿਰ ਵਰ੍ਹਾ ਰੱਖਿਆ ਸੀ। ਪਰ ਜਦੋਂ ਫ੍ਰਾਂਸ ਦੇ ਇਕ ਜੀਵ -ਵਿਗਿਆਨੀ ਲੂਈਸ ਪਾਸ਼ਚਰ ਨੇ ਹੈਜ਼ੇ ਦਾ ਟੀਕਾ ਤਿਆਰ ਕੀਤਾ, ਤਾਂ ਦੁਨੀਆਂ ਨੂੰ ਬਿਮਾਰੀਆਂ ਦੀ ਰੋਕਥਾਮ ਦਾ ਇਕ ਰਾਹ ਮਿਲ ਗਿਆ। ਪਾਸ਼ਚਰ ਨੇ ਮੁਰਗੀਆਂ ਨੂੰ ਹੋਣ ਵਾਲੇ ਹੈਜ਼ੈ ਤੋਂ ਇਲਾਵਾ ਐਂਥਰੈਕਸ ਅਤੇ ਰੇਬੀਜ ਦੇ ਟੀਕੇ ਵੀ ਤਿਆਰ ਕੀਤੇ ਸਨ। ਲੂਈਸ ਪਾਸ਼ਚਰ ਦੇ ਦਿਖਾਏ ਰਾਹ ‘ਤੇ ਹੀ ਦੁਨੀਆਂ ਭਰ ‘ਚ ਟੀਕਾਕਰਨ ਮੁਹਿੰਮਾ ਦੀ ਸ਼ੁਰੂਆਤ ਹੋਈ ਸੀ। ਲੂਈਸ ਪਾਸ਼ਚਰ ਤੋਂ ਬਾਅਦ ਇਕ ਬਹੁਤ ਅਹਿਮ ਕੰਮ ਐਡਵਰਡ ਜੇਨਰ ਨੇ ਕੀਤਾ ਸੀ, ਜਿੰਨ੍ਹਾਂ ਨੇ ਚੇਚਕ ਦੇ ਟੀਕੇ ਦੀ ਖੋਜ਼ ਕੀਤੀ ਸੀ। ਐਡਵਰਡ ਜੇਨਰ ਨੇ ਚੇਚਕ ਦੇ ਟੀਕੇ ‘ਤੇ ਇਕ ਖੋਜ਼ ਪੱਤਰ ਲਿਖਿਆ ਸੀ, ਜਿਸ ਨਾਲ ਅਸਲ ‘ਚ ਵੈਕਸੀਨ ਜਾਂ ਟੀਕਾ ਸ਼ਬਦ ਦੁਨੀਆਂ ‘ਚ ਪ੍ਰਚਲਿਤ ਹੋਇਆ। ਹੁਣ ਜੇਕਰ ਗੱਲ ਕਰੋਨਾ ਵਾਇਰਸ ਦੀ ਕਰੀਏ ਤਾਂ ਵਿਗਿਆਨ ਦਾ ਘੱਟੋ ਘੱਟ 6 ਮਹੀਨੇ ਤੋਂ ਲੈਕੇ 1 ਸਾਲ ਦਾ ਸਮਾਂ ਲੱਗ ਸਕਦਾ ਹੈ। ਜ਼ਾਹਰ ਹੈ ਸਾਲ 2021 ਤੋਂ ਪਹਿਲਾ ਦੁਨੀਆਂ ਨੂੰ ਕਰੋਨਾ ਦਾ ਟੀਕਾ ਨਹੀਂ ਮਿਲ ਸਕੇਗਾ। ਕਿਸੇ ਬਿਮਾਰੀ ਦੀ ਰੋਕਥਾਮ ਅਤੇ ਬਚਾਅ ਦੇ ਲਈ ਉਸਦਾ ਟੀਕਾ ਬਣਾਉਣਾ ਲਈ ਲੰਮਾ ਸਮਾਂ, ਪੂੰਜੀ ਅਤੇ ਮਿਹਨਤ ਲੱਗਦੀ ਹੈ।ਜੇਕਰ ਕਰੋਨਾ ਵਾਇਰਸ ਦਾ ਟੀਕਾ ਬਣਾ ਵੀ ਲਿਆ ਗਿਆ ਤਾਂ ਉਹ ਉਮਰਦਰਾਜ਼ ਲੋਕਾਂ ਦੀ ਕੋਈ ਜਿਆਦਾ ਮਦਦ ਨਹੀਂ ਕਰ ਪਾਵੇਗਾ। ਪਰ ਇਸਦੀ ਵਜ੍ਹਾ ਟੀਕਾ ਨਹੀਂ, ਸਗੋਂ ਬਜ਼ੁਰਗਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਹੈ। ਜਿਆਦਾ ਉਮਰ ਹੋਣ ਨਾਲ ਵਿਅਕਤੀ ਦੀ ਰੋਗਾਂ ਨਾਲ ਲੜਲ ਦੀ ਸਮਰੱਥਾ ਵੀ ਘਟ ਜਾਂਦੀ ਹੈ। ਅਜਿਹੇ ‘ਚ ਦਵਾਈਆਂ ਅਤੇ ਟੀਕੇ ਜਿਆਦਾ ਕਾਰਗਰ ਸਿੱਧ ਨਹੀਂ ਹੋ ਪਾਉਂਦੇ।

Send this to a friend