ਭਾਰਤ ਅਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਕੁੜੱਤਣ ਭਰੇ ਹੀ ਰਹੇ ਹਨ। 1947 ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ 2 ਫੌਜੀ ਟਕਰਾਅ ਹੋ ਚੁੱਕੇ ਹਨ। ਸਰਹੱਦ ਉੱਪਰ ਵੀ ਲਗਾਤਾਰ ਗੋਲੀ ਬਾਰੀ ਹੁੰਦੀ ਰਹਿੰਦੀ ਹੈ। ਦੋਵੇਂ ਦੇਸ਼ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਲਈ ਕੋਈ ਕਸਰ ਨਹੀਂ ਛੱਡਦੇ। ਇਸ ਟਕਰਾਅ ਵਿੱਚ ਦੋਵੇਂ ਦੇਸ਼ਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਇਸ ਦੇ ਬਾਵਜੂਦ ਦੋਵੇਂ ਦੇਸ਼ ਸਮਝ ਨਹੀਂ ਰਹੇ। ਦੋਵੇਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਟਕਰਾਅ ਦੀ ਭਾਰੀ ਕੀਮਤ ਤਾਰਨੀ ਪੈ ਰਹੀ ਹੈ। ਦੋਵੇਂ ਦੇਸ਼ਾਂ ਦੇ ਵਪਾਰਕ ਸਬੰਧ ਵੀ ਆਮ ਵਰਗੇ ਨਹੀਂ ਹੋ ਸਕੇ। ਦੋਵੇਂ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਇਕ ਦੂਸਰੇ ਦੇ ਨਾਗਰਿਕ ਵਰ੍ਹਿਆਂ ਤੋਂ ਬੰਦ ਹਨ। ਉਨ੍ਹਾਂ ਨੂੰ ਰਿਹਾਅ ਕਰਨ ਲਈ ਵੀ ਦੋਵੇਂ ਦੇਸ਼ ਇਕ ਦੂਜੇ ਨਾਲ ਸੌਦੇਬਾਜ਼ੀ ਕਰਦੇ ਹਨ। ਦੋਵੇਂ ਦੇਸ਼ ਇਕ ਦੂਜੇ ਦੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਵੀ ਨਹੀਂ ਕਰਦੇ। ਜੇਲ੍ਹਾਂ ਵਿੱਚ ਬੰਦ ਕੈਦੀਆਂ ਨਾਲ ਵੀ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਦੋਵੇਂ ਦੇਸ਼ਾਂ ਦਰਮਿਆਨ ਹੋਈ ਜੰਗ ਸਮੇਂ ਫੜੇ ਗਏ ਕੁਝ ਫੌਜੀ ਹਾਲੇ ਵੀ ਦੋਨੇ ਪਾਸੇ ਬੰਦ ਹਨ। ਇਹ ਚੰਗੀ ਗੱਲ ਹੈ ਕਿ ਲੰਘੇ ਸੋਮਵਾਰ ਦੋਵਾਂ ਦੇਸ਼ਾਂ ਨੇ ਆਪਣੇ ਆਪਣੇ ਮੁਲਕਾਂ ਦੀਆਂ ਜੇਲ੍ਹਾਂ ‘ਚ ਬੰਦ ਆਮ ਕੈਦੀਆਂ ਅਤੇ ਮਛੇਰਿਆਂ ਦੀ ਸੂਚੀ ਸਾਂਝੀ ਕੀਤੀ।ਕੈਦੀਆਂ ਦੀ ਸੂਚੀ ਦਾ ਆਦਾਨ-ਪ੍ਰਦਾਨ ਸਫ਼ਾਰਤੀ ਪੱਧਰ ‘ਤੇ ਨਵੀਂ ਦਿੱਲੀ ਅਤੇ ਇਸਲਾਮਾਬਾਦ ‘ਚ ਹੋਇਆ। ਭਾਰਤ ਨੇ 256 ਪਾਕਿਸਤਾਨੀ ਸ਼ਹਿਰੀਆਂ ਅਤੇ 99 ਮਛੇਰਿਆਂ ਤੇ ਪਾਕਿਸਤਾਨ ਨੇ 209 ਭਾਰਤੀ ਨਾਗਰਿਕਾਂ ਅਤੇ 52 ਮਛੇਰਿਆਂ ਦੇ ਕੈਦ ‘ਚ ਹੋਣ ਦੀ ਸੂਚੀ ਭਾਰਤ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ 2008 ਦੇ ਸਮਝੌਤੇ ਤਹਿਤ ਭਾਰਤ ਅਤੇ ਪਾਕਿਸਤਾਨ ਹਰ ਸਾਲ ਪਹਿਲੀ ਜਨਵਰੀ ਅਤੇ ਪਹਿਲੀ ਜੁਲਾਈ ਨੂੰ ਆਪਣੇ ਆਪਣੇ ਮੁਲਕਾਂ ‘ਚ ਕੈਦ ਆਮ ਨਾਗਰਿਕਾਂ ਤੇ ਮਛੇਰਿਆਂ ਦੀ ਸੂਚੀ ਸਾਂਝੀ ਕਰਦੇ ਹਨ।ਇਹ ਗੱਲ ਵੱਖਰੀ ਹੈ ਕਿ ਇਹ ਸੂਚੀਆਂ ਅਧੂਰੀਆਂ ਹੁੰਦੀਆਂ ਹਨ। ਬਹੁਤ ਸਾਰੇ ਕੈਦੀਆਂ ਦੇ ਨਾਮ ਇਨ੍ਹਾਂ ਸੂਚੀਆਂ ਵਿੱਚ ਸ਼ਾਮਿਲ ਨਹੀਂ ਕੀਤੇ ਜਾਂਦੇ। ਭਾਰਤ ਨੇ ਆਮ ਨਾਗਰਿਕਾਂ, ਲਾਪਤਾ ਫ਼ੌਜੀਆਂ ਅਤੇ ਮਛੇਰਿਆਂ ਨੂੰ ਉਨ੍ਹਾਂ ਦੀਆਂ ਕਿਸ਼ਤੀਆਂ ਨਾਲ ਤੁਰੰਤ ਛੱਡਣ ਲਈ ਕਿਹਾ ਹੈ।ਭਾਰਤ ਨੇ ਆਪਣੇ 10 ਨਾਗਰਿਕਾਂ ਅਤੇ 124 ਮਛੇਰਿਆਂ ਨੂੰ ਹਵਾਲੇ ਕਰਨ ਲਈ ਕਿਹਾ ਹੈ ਜਿਨ੍ਹਾਂ ਦੇ ਭਾਰਤੀ ਹੋਣ ਦੀ ਪੁਸ਼ਟੀ ਹੋ ਗਈ ਹੈ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਸਿਹਤ ਮਾਹਿਰਾਂ ਦੀ ਟੀਮ ਨੂੰ ਵੀਜ਼ੇ ਦੇਵੇ ਜੋ ਉਥੋਂ ਦੀਆਂ ਜੇਲ੍ਹਾਂ ‘ਚ ਬੰਦ ਭਾਰਤੀ ਕੈਦੀਆਂ ਦੇ ਮਾਨਸਿਕ ਹਾਲਾਤ ਦਾ ਜਾਇਜ਼ਾ ਲੈ ਸਕਣ। ਸਾਂਝੀ ਜੁਡੀਸ਼ਲ ਕਮੇਟੀ ਅਤੇ ਚਾਰ ਮੈਂਬਰੀ ਟੀਮ ਦੇ ਕਰਾਚੀ ਦੌਰੇ ਦਾ ਤੁਰੰਤ ਪ੍ਰਬੰਧ ਕਰਨ ਲਈ ਆਖਿਆ ਹੈ ਤਾਂ ਜੋ 22 ਭਾਰਤੀ ਕਿਸ਼ਤੀਆਂ ਨੂੰ ਛੁਡਵਾਇਆ ਜਾ ਸਕੇ।ਭਾਰਤ ਨੇ ਸਜ਼ਾ ਪੂਰੀ ਕਰ ਚੁੱਕੇ 88 ਪਾਕਿਸਤਾਨੀ ਕੈਦੀਆਂ ਦੀ ਛੇਤੀ ਤਸਦੀਕ ਮੁਕੰਮਲ ਕਰਨ ਲਈ ਕਿਹਾ ਹੈ। ਇਸ ਅਮਲ ਵਿੱਚ ਹੋਰ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ਤਾਂ ਜੋ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਛੇਤੀ ਰਿਹਾਅ ਕੀਤਾ ਜਾ ਸਕੇ। ਦੋਵੇਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਸਾਰੇ ਕੈਦੀਆਂ ਨੂੰ ਇਕੋ ਵਾਰ ਰਿਹਾਅ ਕਰਨ ਜਿਹੜੇ ਇਕ ਦੂਜੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਹਨ।
– ਬਲਜੀਤ ਸਿੰਘ ਬਰਾੜ