ਕੋਰੋਨਾਵਾਇਰਸ ਦੀ ਮਹਾਮਾਰੀ ਕਾਰਨ ਹਾਲਾਤ ਬਹੁਤ ਭਿਆਨਕ ਦਿਸ਼ਾ ਲੈਂਦੇ ਜਾ ਰਹੇ ਹਨ। ਦੇਸ਼ ਵਿੱਚ ਜਿਥੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਖਤਰੇ ਵਿੱਚ ਪੈਂਦੀ ਜਾ ਰਹੀ ਹੈ ਉੱਥੇ ਗੰਭੀਰ ਆਰਥਿਕ ਮੰਦਵਾੜੇ ਦਾ ਖਦਸ਼ਾ ਵੀ ਪ੍ਰਗਟ ਕੀਤਾ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਨੇ ਵੀ ਇਹ ਆਖਿਆ ਹੈ ਕਿ ਕਰੋਨਾਵਾਇਰਸ ਮਹਾਮਾਰੀ ਕਰਕੇ ਭਾਰਤੀ ਅਰਥਚਾਰੇ ਵਿੱਚ ਮੰਦੀ ਆ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਭਾਰਤ ਦੀ ਸਮੁੱਚੀ ਅਰਥ ਵਿਵਸਥਾ ‘ਤੇ ਮਾੜਾ ਅਸਰ ਪੈ ਸਕਦਾ ਹੈ। ਸੈਰ-ਸਪਾਟਾ, ਏਅਰਲਾਈਨਾਂ, ਮਹਿਮਾਨਨਿਵਾਜ਼ੀ ਸਨਅਤ, ਟਰਾਂਸਪੋਰਟਰਜ਼ ਤੇ ਘਰੇਲੂ ਵਣਜ ਨੂੰ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਪੈ ਸਕਦੀ ਹੈ। ਓਵਰਸੀਜ਼ ਤੇ ਘਰੇਲੂ ਇਕੁਇਟੀ ਮਾਰਕੀਟਾਂ, ਵਿਦੇਸ਼ੀ ਕਰੰਸੀ ਦੇ ਭੰਡਾਰ ਤੇ ਬੌਂਡ ਮਾਰਕੀਟਸ ਵੀ ਇਸ ਤੋਂ ਸੁਰੱਖਿਅਤ ਨਹੀਂ ਹਨ। ਭਾਰਤੀ ਰਿਜ਼ਰਵ ਬੈਂਕ ਇਸ ਮਹਾਮਾਰੀ ਕਾਰਨ ਭਾਰਤ ਦੇ ਅਰਥਚਾਰੇ ਉੱਪਰ ਪੈਣ ਵਾਲੇ ਅਸਰ ਮੁਲੰਕਣ ਵੀ ਕਰ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਲੋਕਾਂ ਅਤੇ ਕਾਰੋਬਾਰ ਨੂੰ ਰਾਹਤ ਦੇਣ ਲਈ ਸਰਕਾਰ ਨੂੰ ਤੁਰੰਤ ਵੱਡੇ ਕਦਮ ਚੁੱਕਣੇ ਚਾਹੀਦੇ ਹਨ। ਸਿਹਤ ਸੇਵਾਵਾਂ ਵਿੱਚ ਵੀ ਵੱਡੇ ਵਿਸਥਾਰ ਦੀ ਜ਼ਰੂਰਤ ਹੈ। ਚੰਗਾ ਹੋਵੇ ਜੇਕਰ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਲੋਕਾਂ ਦੀ ਸੇਵਾ ਕਰਨ ਲਈ ਲਗਾਇਆ ਜਾਵੇ। ਸਰਕਾਰ ਨੂੰ ਸਾਰੇ ਮਰੀਜ਼ਾਂ ਦੇ ਇਲਾਜ ਮੁਫ਼ਤ ਕਰਨ ਦੇ ਆਦੇਸ਼ ਦੇਣੇ ਚਾਹੀਦੇ ਹਨ। ਦਵਾਈਆਂ ਅਤੇ ਸਾਜੋ ਸਮਾਨ ਦੀ ਉਪਲੱਬਧਤਾ ਲਈ ਖਾਸ ਤੌਰ ‘ਤੇ ਵੱਡੇ ਪ੍ਰਬੰਧਾਂ ਦੀ ਜ਼ਰੂਰਤ ਹੈ। ਇਸ ਸੰਕਟ ਦੇ ਸਮੇਂ ਮਹਿੰਗਾ ਸਮਾਨ ਵੇਚਣ ਵਾਲੇ ਲੋਕਾਂ ਖਿਲਾਫ ਤੁਰੰਤ ਸਖਤ ਕਾਰਵਾਈ ਲਈ ਆਦੇਸ਼ ਜਾਰੀ ਹੋਣੇ ਚਾਹੀਦੇ ਹਨ। ਦਿਹਾੜੀਦਾਰ ਕਾਮਿਆਂ ਨੂੰ ਰਾਹਤ ਦੇਣ ਲਈ ਖਾਸ ਤੌਰ ‘ਤੇ ਪ੍ਰਬੰਧ ਕੀਤੇ ਜਾਣ। ਸਾਰੀਆਂ ਬੈਂਕਾਂ ਦੇ ਕਰਜ਼ਿਆਂ ਦੀ ਅਦਾਇਗੀ ਨੂੰ ਘੱਟੋ-ਘੱਟ ਤਿੰਨ ਮਹੀਨਿਆਂ ਲਈ ਅੱਗੇ ਪਾ ਦੇਣਾ ਚਾਹੀਦਾ ਹੈ। ਕੇਂਦਰ ਸਰਕਾਰ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਇਸ ਸੰਕਟ ਦੇ ਸਮੇਂ ਲੋਕਾਂ ਨੂੰ ਰਾਹਤ ਦੇ ਸਕਦੀ ਹੈ। ਖਾਣ-ਪੀਣ ਦੀਆਂ ਚੀਜ਼ਾਂ ਵਸਤਾਂ ਸਸਤੀਆਂ ਦਰਾਂ ‘ਤੇ ਉਪਲੱਬਧ ਕਰਵਾਉਣ ਲਈ ਉਚੇਚੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਪੁਲਿਸ ਦੇ ਨਾਲ ਫੌਜ ਨੂੰ ਵੀ ਸਿਵਲ ਡਿਊਟੀਆਂ ਸੰਭਾਲੀਆਂ ਜਾਣੀਆਂ ਚਾਹੀਦੀਆਂ ਹਨ। ਉਮੀਦ ਕਰਦੇ ਹਾਂ ਕਿ ਦੇਸ਼ ਇਸ ਸੰਕਟ ਵਿੱਚੋਂ ਉਭਰ ਆਏਗਾ ਅਤੇ ਲੋਕ ਪਹਿਲਾਂ ਵਾਂਗ ਹੀ ਆਪਣਾ ਜੀਵਨ ਜੀਅ ਸਕਣਗੇ।
– ਬਲਜੀਤ ਸਿੰਘ ਬਰਾੜ