ਸੰਸਦ ਵਿੱਚ ਭਾਸ਼ਣ ਨਹੀਂ- ਵਿਸ਼ੇ ਉੱਤੇ ਸੀਮਿਤ ਬਹਿਸ ਹੋਵੇ

ਸਾਡੇ ਮੁਲਕ ਵਿੱਚ ਰਾਜਸੀ ਲੋਕਾਂ ਦਾ ਰਾਜ ਆ ਗਿਆ ਹੈ ਅਤੇ ਅਸੀਂ ਇਹ ਵੀ ਦੇਖਿਆ ਹੈ ਕਿ ਇਸ ਰਾਜ ਦਾ ਆਧਾਰ ਭਾਸ਼ਣ ਹਨ ਅਤੇ ਜਿਹੜਾ ਆਦਮੀ ਲਛੇਦਾਰ ਭਾਸ਼ਣ ਨਹੀਂ ਦੇ ਸਕਦਾ ਉਸ ਨੂੰ ਇਹ ਰਾਜਸੀ ਪਾਰਟੀਆਂ ਆਪਣੇ ਵਿੱਚ ਸ਼ਾਮਲ ਹੀ ਨਹੀਂ ਕਰਦੀਆਂ। ਰਾਜਸੀ ਆਦਮੀ ਪਾਸ ਨੁਕਤੇ ਵੀ ਹੋਣੇ ਚਾਹੀਦੇ ਹਨ ਜਿਸ ਉਤੇ ਉਹ ਬੋਲ ਸਕਦਾ ਹੋਵੇ ਅਤੇ ਬੋਲੇ ਵੀ ਐਸਾ ਕਿ ਹਰ ਪਾਸਿਉਂ ਤਾਲੀਆਂ, ਜੈਕਾਰਿਆਂ ਅਤੇ ਨਾਹਰਿਆਂ ਦੀ ਆਵਾਜ਼ ਆਉਣ ਲਗ ਜਾਵੇ। ਇਹ ਵੀ ਦੇਖਿਆ ਗਿਆ ਹੈ ਕਿ ਰਾਜਸੀ ਲੋਕੀਂ ਆਪਣੇ ਬਾਰੇ ਅਤੇ ਆਪਣੀ ਪਾਰਟੀ ਬਾਰੇ ਘਟ ਹੀ ਬੋਲਦੇ ਹਨ ਅਤੇ ਸਿਰਫ ਵਿਰੋਧੀਆਂ ਉਤੇ ਚਿਕੜ ਉਛਾਲਣ ਦਾ ਕੰਮ ਕੀਤਾ ਜਾਂਦਾ ਹੈ। ਇਥੋਂ ਤਕ ਗੱਲਾਂ ਆਖ ਦਿਤੀਆਂ ਜਾਂਦੀਆਂ ਹਨ ਜਿਹੜੀਆਂ ਗਾਲ੍ਹਾਂ ਵੀ ਹਨ ਅਤੇ ਬਦਨਾਮੀ ਦਾ ਮੁਕਦਮਾਂ ਵੀ ਕੀਤਾ ਜਾ ਸਕਦਾ ਹੈ। ਰਾਜਸੀ ਲੋਕੀਂ ਤਾਂ ਦੂਜਿਆਂ ਵਿਰੁਧ ਬੋਲਦਿਆਂ ਉਸਦੇ ਸਾਰੇ ਜੀਵਨ ਉਤੇ ਝਾਤੀ ਮਾਰਦੇ ਹਨ, ਉਸ ਦੀਆਂ ਧੀਆਂ ਭੈਣਾਂ ਦੀਆਂ ਗਲਾਂ ਕਰਦੇ ਹਨ, ਪੁਤਰਾਂ ਅਤੇ ਰਿਸ਼ਤੇਦਾਰਾਂ ਦੀਆਂ ਮਾੜੀਆਂ ਗਲਾਂ ਵੀ ਲੋਕਾਂ ਸਾਹਮਣੇ ਲਿਆਂਦੀਆਂ ਜਾਂਦੀਆਂ ਹਨ ਅਤੇ ਉਸ ਆਦਮੀ ਦਾ ਆਪਣਾ ਅਜ ਤਕ ਦਾ ਕੀ ਇਤਿਹਾਸ ਹੈ ਉਸ ਉਤੇ ਵੀ ਨਜ਼ਰ ਘੁਮਈ ਜਾਂਦੀ ਹੈ। ਹੁਣੇ ਜਿਹੇ ਸਾਡੇ ਮੁਲਕ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਚੁਕੀਆਂ ਹਨ ਅਤੇ ਇਸ ਵਕਤ ਰਾਜਸੀ ਲੋਕਾਂ ਨੇ ਇਕ ਦੂਜੇ ਖਿਲਾਫ ਕੀ ਕੁੱਝ ਆਖਿਆ ਹੈ ਉਹ ਅਸਾਂ ਨੇ ਸੁਣਿਆ ਵੀ ਹੈ ਅਤੇ ਸਾਨੂੰ ਯਾਦ ਵੀ ਹੈ। ਇਹ ਵੀ ਅਸੀਂ ਜਾਣਦੇ ਹਾਂ ਕਿ ਇਸ ਵਾਰੀਂ ਇਹ ਜਿਹੜੇ ਖਿਲਾਫਤ ਵਾਲੇ ਨੁਕਤੇ ਭਾਸ਼ਣਾ ਵਿੱਚ ਆਏ ਸਨ, ਇਹੀ ਵੋਟਾਂ ਦਾ ਆਧਾਰ ਬਣ ਆਏ ਸਨ ਅਤੇ ਕੋਣ ਜਿਤਿਆ ਹੈ, ਕੋਣ ਹਾਰਿਆ ਹੈ, ਇਹ ਗੁਣਾਂ ਦੇ ਆਧਾਰ ਉਤੇ ਨਹੀਂ ਬਲਕਿ ਕਿਸ ਦੀ ਜ਼ਿਆਦਾ ਖਿਲਾਫਤ ਹੋ ਗਈ ਹੈ ਉਹ ਹਾਰ ਗਿਆ ਹੈ।
ਮਨ ਲੈਂਦੇ ਹਾਂ ਕਿ ਚੋਣਾਂ ਵਕਤ ਇੱਕ ਦੂਜੇ ਖਿਲਾਫ ਬੋਲਣਾ ਹਰ ਕਿਸੇ ਦਾ ਅਧਿਕਾਰ ਹੈ। ਪਰ ਬਹਿਤਰ ਹੋਵੇਗਾ ਅਗਰ ਕਿਸੇ ਵਿਰੋਧੀ ਦੀ ਵਿਰੋਧਤਾ ਕਰਨ ਦੀ ਬਜਾਏ ਹਰ ਉਮੀਦਵਾਰ, ਹਰ ਵਿਅਕਤੀ ਵਿਸ਼ੇਸ਼ ਅਤੇ ਹਰ ਬੁਲਾਰਾ ਆਪਣੇ ਗੁਣਾ ਦੀ ਗਲ ਕਰੇ ਅਤੇ ਜ਼ਿਆਦਾ ਤੋਂ ਜ਼ਿਆਦਾ ਇਹ ਆਖ ਸਕੇ ਕਿ ਸਰਕਾਰ ਨੇ ਇਹ ਇਹ ਕੰਮ ਗ਼ਲਤ ਹਨ ਅਤੇ ਅਗਰ ਉਹ ਹੁੰਦਾ ਜਾਂ ਉਸਦੀ ਪਾਰਟੀ ਹੁੰਦੀ ਤਾਂ ਇਹ ਨਹੀਂ ਸੀ ਕਰਨਾ ਬਲਕਿ ਇਹ ਕਰਨਾ ਸੀ। ਇਹ ਵੀ ਆਖਿਆ ਜਾ ਸਕਦਾ ਹੈ ਕਿ ਅਗਰ ਅਸੀਂ ਜਿਤ ਜਾਂਦੇ ਹਾਂ ਅਤੇ ਸਰਕਾਰ ਬਣਾ ਲੈਂਦੇ ਹਾਂ ਤਾਂ ਇਹ ਕਰ ਦਿਆਂਗੇ, ਉਹ ਕਰ ਦਿਆਗੇ ਅਤੇ ਪਹਿਲੀ ਸਰਕਾਰ ਵੱਲੋਂ ਗਲਤ ਚਾਲੂ ਕੀਤੀਆਂ ਸਕੀਮਾਂ ਦੀ ਸੋਧ ਕਰਕੇ ਇਉਂ ਕਰ ਦੇਵਾਂਗੇ। ਪਰ ਐਸਾ ਕੁਝ ਨਹੀਂ ਹੁੰਦਾ ਅਤੇ 2019 ਦੀਆਂ ਚੋਣਾਂ ਵਕਤ ਇਹ ਜਿਹੜੇ ਜਲੂਸ ਕਢੇ ਗਏ ਸਨ, ਰੈਲੀਆਂ ਕੀਤੀਆ ਗਈਆਂ ਸਨ, ਭਾਸ਼ਣ ਦਿਤੇ ਗਏ ਸਨ ਅਤੇ ਮੀਡੀਆਂ ਨੇ ਰਜਕੇ ਉਛਾਲੇ ਸਨ, ਸਾਰਾ ਕੁਝ ਸਾਨੂੰ ਜ਼ਬਾਨੀ ਯਾਦ ਹੈ। ਕੁਲ ਮਿਲਾਕੇ ਲੋਕਾਂ ਦੀ ਸਮਝ ਵਿੱਚ ਇਹ ਗਲ ਆ ਗਈ ਸੀ ਕਿ ਵੋਟਾ ਵਕਤ ਐਸਾ ਕਰਨਾ ਜਾਇਜ਼ ਬਣਦਾ ਹੈ। ਰਾਜਸੀ ਲੋਕਾਂ ਪਾਸ ਵੀ ਇਹੀ ਵਕਤ ਹੁੰਦਾ ਹੈ ਜਦ ਆਪਣੇ ਮਨ ਦੀ ਗਲ ਆਖੀ ਜਾ ਸਕਦੀ ਹੈ।
ਕੋਣ ਜਿਤਿਆ ਹੈ, ਕੋਣ ਹਾਰ ਗਿਆ ਹੈ, ਇਹ ਨਿਰਨਾ ਵੋਟਰਾਂ ਅਰਥਾਤ ਮੁਲਕ ਦੇ ਲੋਕਾਂ ਨੇ ਕਰ ਦਿੱਤਾ ਹੈ ਅਤੇ ਹਾਰ ਗਏ ਲੋਕਾਂ ਨੂੰ ਵੀ ਪਤਾ ਲਗ ਗਿਆ ਹੈ ਕਿ ਅਸੀਂ ਹਾਰ ਗਏ ਹਾਂ ਅਤੇ ਜਿਤ ਗਏ ਲੋਕਾਂ ਨੂੰ ਵੀ ਪਤਾ ਲਗ ਗਿਆ ਹੈ ਅਸੀਂ ਜਿਤ ਗਏ ਹਾਂ। ਜਿਤ ਗਏ ਲੋਕਾਂ ਵਿੱਚ ਦੌੜ ਲਗ ਜਾਂਦੀ ਹੈ ਕਿ ਕਿਸੇ ਤਰ੍ਹਾਂ ਮੰਤਰੀ ਮੰਡਲ ਵਿੱਚ ਅਸਥਾਨ ਮਿਲ ਜਾਵੇ ਅਤੇ ਵਿਰੋਧੀਆਂ ਵਿੱਚ ਵੀ ਦੋੜ ਲਗ ਜਾਂਦੀ ਹੈ ਕਿ ਵਿਰੋਧੀ ਧਿਰਾਂ ਦਾ ਨੇਤਾ ਕੋਣ ਬਣੇਗਾ। ਵਿਰੋਧੀ ਧਿਰਾਂ ਲਈ ਇਹ ਸੋਚਣਾ ਵੀ ਬਣਦਾ ਹੈ ਕਿ ਅਸੀਂ ਹਾਰ ਕਿਉਂ ਗਏ ਹਾਂ ਹਾਂ ਅਤੇ ਜੋ ਜੋ ਗਲਤੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਸੁਧਾਈ ਕਰਨੀ ਹੈ ਤਾਂ ਕਿ ਅਗਲੀ ਵਾਰੀਂ ਦੀਆਂ ਵੋਟਾ ਵਿੱਚ ਜਿਤ ਹਾਸਲ ਕੀਤੀ ਜਾ ਸਕੇ।
ਜਿਤ ਗਏ ਲੋਕਾਂ ਦਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਅਤੇ ਕੀਤੇ ਗਏ ਵਾਅਦਿਆਂ ਦੀ ਪੂਰਤੀ ਕਰਨ ਲਈ ਕੋਸ਼ਿਸ਼ ਕਰਨਾ ਅਤੇ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰਨਾ ਕਿ ਲੋਕਾਂ ਨੇ ਇਸ ਧਿਰ ਨੂੰ ਵੋਟਾਂ ਪਾਕੇ ਕੋਈ ਗਲਤੀ ਨਹੀਂ ਕੀਤੀ ਹੈ।
ਸਦਨ ਵਿੱਚ ਸਿਰਫ ਕੰਮ ਕਰਨਾ ਹੈ। ਜਿਹੜਾ ਵੀ ਚੁਣਿਆ ਗਿਆ ਹੈ ਉਸਨੇ ਕਸਮ ਖਾ ਲਿਤੀ ਹੈ ਅਤੇ ਉਹ ਲੋਕ ਸੇਵਕ ਬਣ ਗਿਆ ਹੈ। ਉਸਨੇ ਹੁਣ ਆਪਣੀ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੁਲਾਮੀ ਨਹੀਂ ਕਰਨੀ ਬਲਕਿ ਉਹ ਬਾਕੀਆਂ ਦੀ ਤਰ੍ਹਾਂ ਪਕਾ ਲੋਕ ਸੇਵਕ ਹੈ ਅਤੇ ਲੋਕਾਂ ਦੇ ਹਿਤ ਦੀ ਗਲ ਹੀ ਕਰਨੀ ਹੈ। ਉਸਨੂੰ ਆਜ਼ਾਦੀ ਹੈ ਆਪਣੀ ਲਿਆਕਤ, ਆਪਣੀ ਵਿਦਿਆ, ਆਪਣੀ ਸਿਖਲਾਈ, ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕਰੇ ਅਤੇ ਜਿਹੜਾ ਵੀ ਮਸਲਾ ਸਦਨ ਵਿੱਚ ਆ ਜਾਂਦਾ ਹੈ ਉਸ ਉਤੇ ਉਸਨੇ ਆਪਣੀ ਆਜ਼ਾਦਾਨਾ ਲਿਆਕਤ ਇਸਤੇਮਾਲ ਕਰਨੀ ਹੈ ਅਤੇ ਰਚਨਾਤਮਿਕ ਬਹਿਸ ਕਰਨੀ ਹੈ। ਇਸੇ ਤਰ੍ਹਾਂ ਜਦ ਵੋਟ ਦਾ ਸਮਾਂ ਆ ਜਾਂਦਾ ਹੈ ਤਾਂ ਵੀ ਉਸਦੀ ਆਪਣੀ ਜ਼ਮੀਰ ਕੀ ਆਖਦੀ ਹੈ ਉਸ ਮੁਤਾਬਿਕ ਉਸਨੇ ਵੋਟ ਪਾਉਣਾ ਹੈ ਨਾ ਕਿ ਉਸਦੀ ਪਾਰਟੀ ਨੇ ਕੀ ਹੁਕਮਨਾਮਾ ਜਾਰੀ ਕੀਤਾ ਹੈ। ਇਹ ਅਗਰ ਕਰ ਸਕਦਾ ਤਾ ਸਹੀ ਅਰਥਾਂ ਵਿੱਚ ਉਸਦੀ ਚੋਣ ਸਹੀ ਕੀਤੀ ਗਈ ਹੈ ਅਤੇ ਅਗਰ ਅਗਲੀ ਵਾਰੀਂ ਵੀ ਉਹ ਆਦਮੀ ਉਮੀਦਵਾਰ ਬਣਕੇ ਲੋਕਾਂ ਸਾਹਮਣੇ ਆ ਜਾਂਦਾ ਹੈ ਤਾਂ ਦਸ ਸਕਦਾ ਹੈ ਕਿ ਉਸਨੇ ਪਿਛਲੀ ਵਾਰੀਂ ਇਹ ਇਹ ਮੁਦੇ ਉਠਾਏ ਸਨ, ਇਹ ਇਹ ਮੁਦਿਆਂ ਉਤੇ ਉਸਨੇ ਬਹਿਸ ਵਿੱਚ ਹਿਸਾ ਲਿਆ ਸੀ, ਇਹ ਇਹ ਗਲਾਂ ਉਠਾਈਆਂ ਸਨ ਅਤੇ ਉਸਨੂੰ ਜਦ ਕਿਸੇ ਵੀ ਵਿਵਾਦ ਉਤੇ ਵੋਟ ਪਾਉਣ ਲਈ ਆਖਿਆ ਗਿਆ ਸੀ ਤਾਂ ਉਸਨੇ ਬੜੀ ਹੀ ਇਮਾਨਦਾਰੀ ਨਾਲ ਆਪਣੀ ਵਿਦਿਆ, ਆਪਣੀ ਅਕਲ, ਆਪਣੀ ਸਿਆਣਪ, ਲੋਕਾਂ ਦਾ ਹਿਤ ਧਿਆਨ ਵਿੱਚ ਰਖਕੇ ਵੋਟ ਪਾਈ ਸੀ। ਇਹ ਨਾ ਪਿਆ ਦਸੇ ਕਿ ਵੋਟ ਕਿਸਦੇ ਹਕ ਵਿੱਚ ਪਾਈ ਸੀ ਕਿਉਂਕਿ ਵੋਟ ਪਾਉਣਾ ਇਕ ਗੁਪਤ ਜਿਹਾ ਮਸਲਾ ਹੈ ਅਤੇ ਗੁਪਤ ਹੀ ਰਖਿਆ ਜਾਣਾ ਚਾਹੀਦਾ ਹੈ।
ਸਦਨ ਵਿੱਚ ਸਮਾਂ ਬਹੁਤ ਹੀ ਘਟ ਹੁੰਦਾ ਹੈ। ਇਸ ਮੁਲਕ ਵਿੱਚ ਜਿਤਨੇ ਵੀ ਬਿਲ ਹੁੰਦੇ ਹਨ, ਜਿੰਨ੍ਹਾਂ ਕਾਨੂੰਨ ਬਣਨਾ ਹੁੰਦਾ ਹੈ ਆਮ ਤੋਰ ਤੇ ਸਰਕਾਰ ਵੱਲੋਂ ਪੇਸ਼ ਕੀਤੇ ਜਾਂਦੇ ਹਨ ਅਤੇ ਇਸ ਉਤੇ ਬਹਿਸ ਵਿੱਚ ਸਰਕਾਰੀ ਅਤੇ ਵਿਰੋਧੀ ਦੋਨੋਂ ਘਿਰਾਂ ਨੇ ਬਹਿਸ ਕਰਨੀ ਹੁੰਦੀ ਹੈ। ਇਥੇ ਆਕੇ ਹਰ ਮੈਂਬਰ ਆਪਣੀ ਲਿਆਕਤ ਦਿਖਾ ਸਕਦਾ ਹੈ। ਬਹਿਸ ਵਿੱਚ ਹਿਸਾ ਲੈ ਸਕਦਾ ਹੈ ਅਤੇ ਇਹ ਵੀ ਆਖ ਸਕਦਾ ਹੈ ਕਿ ਇਸ ਬਿਲ ਵਿੱਚ ਇਹ ਇਹ ਤਬੀਲੀਆਂ ਲਿਆਂ ਦੀਆਂ ਜਾਣ ਜਾਂ ਮੁਕਾਬਲੇ ਦਾ ਬਿਲ ਤਿਆਰ ਕਰਕੇ ਪੇਸ਼ ਕਰ ਸਕਦਾ ਹੈ। ਸਦਨ ਵਿੱਚ ਹਾਜ਼ਰ ਹਰ ਮੈਂਬਰ ਪਾਸ ਇਹ ਅਧਿਕਾਰ ਹੈ ਕਿ ਉਹ ਅਪਣੇ ਵੱਲੋਂ ਵੀ ਕੋਈ ਬਿਲ ਪੇਸ਼ ਕਰ ਸਕਦਾ ਹੈ। ਸਦਨ ਵਿੱਚ ਇਹੀ ਮਸਲੇ ਅਗਰ ਸਹੀ ਢੰਗ ਨਾਲ ਨਿਪਟਾਏ ਜਾਣ ਤਾ ਮੁਲਕ ਦੀ ਵਡੀ ਸੇਵਾ ਕੀਤੀ ਜਾ ਸਦੀ ਹੈ। ਇਹ ਮੇਜ਼ਾਂ ਉਤੇ ਥਾਪੀਆਂ ਮਾਰੀ ਜਾਣਾ, ਇਹ ਵਿਅਕਤੀ ਵਿਸ਼ੇਸ਼ ਦੇ ਇਸ਼ਾਰੇ ਉਤੇ ਸਦਨ ਵਿੱਚੋਂ ਵਾਅਕ ਆਊਟ ਕਰ ਜਾਣਾ ਅਤੇ ਇਹ ਨਾਹਰੇਬਾਜ਼ੀ ਕਰਨਾ ਸਦਨ ਦਾ ਸਮਾਂ ਨਸ਼ਟ ਕਰਨਾ ਹੈ ਅਤੇ ਇਸੇ ਤਰ੍ਹਾਂ ਸਦਨ ਵਿੱਚ ਖੜਾ ਹੋਕੇ ਚਲਦੇ ਵਿਸ਼ੇ ਦੀ ਗਲ ਨਾ ਕਰਨਾ ਅਤੇ ਆਮ ਭਾਸ਼ਣ ਦਈ ਜਾਣਾ ਸਦਨ ਦਾ ਸਮਾਂ ਨਸ਼ਟ ਕੀਤਾ ਜਾਣ ਵਾਲੀਆਂ ਘਟਨਾਵਾਂ ਜਦ ਸਾਡੀਆਂ ਸਦਨਾ ਵਿੱਚ ਜ਼ਿਆਦਾ ਵਾਪਰਦੀਆਂ ਹਨ ਤਾਂ ਅਫਸੋਸ ਨਾਲ ਆਖਣਾ ਪੈਂਦਾ ਹੈ ਕਿ ਸਾਡੀਆਂ ਸਦਨਾ ਵਿੱਚ ਚੋਣ ਕਰਕੇ ਜਿਹੜੇ ਆਦਮੀ ਅਸੀਂ ਭੇਜੇ ਸਨ, ਸਾਡੀ ਗਲਤੀ ਹੈ।
ਕਈ ਵਾਰੀਂ ਅਸੀਂ ਵੋਟਰ ਘਰਾਂ ਵਿੱਚ ਬੈਠੇ ਹੀ ਦੂਰ ਦਰਸ਼ਨ ਉਤੇ ਸਦਨ ਦੀ ਕਾਰਵਾਈ ਦੇਖ ਰਹੇ ਹੁੰਦੇ ਹਾਂ। ਕਦੀ ਸਾਡਾ ਹਾਸਾ ਨਿਕਲ ਜਾਂਦਾ ਹੈ। ਕਦੀ ਅਸੀਂ ਤਾਲੀਆਂ ਮਾਰਨ ਲਗ ਪੈਂਦੇ ਹਾਂ, ਕਦੀ ਸਾਡੇ ਮੂੰਹੋਂ ਵਾਹ ਵਾਹ ਵੀ ਨਿਕਲ ਜਾਂਦੀ ਹੈ ਅਤੇ ਕਦੀ ਕਦੀ ਸਾਡਾ ਰੋਣਾਂ ਵੀ ਨਿਕਲ ਜਾਂਦਾ ਹੈ ਕਿ ਇਹ ਕੈਸੇ ਕੈਸੇ ਆਦਮੀ ਅਸੀਂ ਆਪ ਹੀ ਚੁਣਕੇ ਸਦਨ ਵਿੱਚ ਭੇਜ ਬੈਠੇ ਹਾਂ। ਇਸ ਲਈ ਸਦਨ ਤਕ ਪੁਜਦਾ ਹਰ ਆਦਮੀ ਇਹ ਗਲ ਧਿਆਨ ਵਿੱਚ ਰਖੇ ਕਿ ਜੋ ਵੀ ਸਦਨ ਵਿੱਚ ਉਹ ਕਰ ਰਿਹਾ ਹੈ ਉਸਨੂੰ ਸਾਰਾ ਜਹਾਨ ਦੇਖ ਰਿਹਾ ਹੈ ਅਤੇ ਖਾਸ ਕਰਕੇ ਉਸਦੇ ਚੋਣ ਹਲਕੇ ਦੇ ਲੋਕੀਂ ਵੀ ਦੇਖ ਰਹੇ ਹਨ ਅਤੇ ਇਹ ਧਿਆਨ ਰਖੇ ਕਿ ਉਸਦੇ ਇਲਾਕੇ ਦੇ ਲੋਕਾਂ ਉਤੇ ਉਸਦੀਆਂ ਕਾਰਵਾਈਆਂ ਦਾ ਕੀ ਅਸਰ ਪਵੇਗਾ। ਕਈ ਵਾਰੀਂ ਇਸ ਸਮੇਂ ਵਿੱਚ ਆਪਣੇ ਇਲਾਕੇ ਦੇ ਲੋਕਾਂ ਸਾਹਮਣੇ ਜਾਣਾ ਹੈ ਅਤੇ ਖਾਸ ਕਰਕੇ ਅਗਲੀਆਂ ਚੋਣਾਂ ਵਕਤ ਫਿਰ ਲੋਕਾਂ ਸਾਹਮਣੇ ਜਾਕੇ ਵੋਟਾ ਮੰਗਣੀਆਂ ਹਨ। ਸੋ ਹਰ ਮੈਂਬਰ ਇਹ ਯਾਦ ਰਖੇ ਕਿ ਇਹ ਜਿਹੜਾ ਮੌਕਾ ਸਦਨ ਵਿੱਚ ਆ ਜਾਣ ਦਾ ਮਿਲਿਆ ਹੈ ਇਸਦੀ ਸਹੀ ਵਰਤੋਂ ਕਰਨੀ ਹੈ ਤਾਂ ਕਿ ਇਹ ਉਸਦੇ ਜੀਵਨ ਦਾ ਇਕ ਇਤਿਹਾਸ ਬਣਕੇ ਰਹਿ ਜਾਵੇ।

Send this to a friend