ਪੰਜਾਬ ਵਿੱਚ ਰੇਤੇ ਬਜਰੀ ਦੇ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਵਾਰ ਫਿਰ ਵੱਡਾ ਹਮਲਾ ਮਾਰਿਆ ਗਿਆ ਹੈ। ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਰਾਤ ਵੇਲੇ ਰੇਤ ਬਜਰੀ ਦੀ ਖੁਦਾਈ ਨੂੰ ਰੋਕਣ ਲਈ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ 18 ਖੁਦਾਈ ਮਸ਼ੀਨਾਂ ਵੀ ਜਬਤ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਇਹ ਕਾਰਵਾਈ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਸਿਲਸਿਲੇ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪੰਜਾਬ ਪੁਲਿਸ ਦੇ ਡੀਜੀਪੀ ਸ਼੍ਰੀ ਦਿਨਕਰ ਗੁਪਤਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਰੇਤਾ-ਬਜਰੀ ਦੀ ਨਜਾਇਜ਼ ਖੁਦਾਈ ਵਿਰੁੱਧ ਰੋਪੜ, ਹੁਸ਼ਿਆਰਪੁਰ, ਜਲੰਧਰ ਸਿਟੀ, ਜਲੰਧਰ ਦਿਹਾਤੀ, ਮੋਗਾ ਤੇ ਫਾਜ਼ਿਲਕਾ ਵਿੱਚ ਕੀਤੀ ਗਈ ਹੈ। ਪੁਲਿਸ ਵੱਲੋਂ ਗ੍ਰਿਫਤਾਰੀਆਂ ਦੇ ਨਾਲ-ਨਾਲ ਜੇਸੀਬੀ, ਟਰੈਕਟਰ-ਟਰਾਲੀਆਂ ਤੇ ਟਿੱਪਰ ਜਬਤ ਕੀਤੇ ਗਏ ਹਨ। ਮੁੱਖ ਮੰਤਰੀ ਨੂੰ ਇਹ ਸ਼ਿਕਾਇਤਾਂ ਪੁੱਜੀਆਂ ਸੀ ਕਿ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਰਾਤ ਵੇਲੇ ਰੇਤੇ-ਬਜਰੀ ਦੀ ਨਜਾਇਜ਼ ਖੁਦਾਈ ਹੁੰਦੀ ਹੈ। ਪੁਲਿਸ ਵੱਲੋਂ ਰੇਤੇ-ਬਜਰੀ ਦੀ ਨਜਾਇਜ਼ ਖੁਦਾਈ ਨੂੰ ਰੋਕਣ ਲਈ ਅਜਿਹੇ ਛਾਪੇ ਲਗਾਤਾਰ ਮਾਰੇ ਜਾਣਗੇ। ਪੁਲਿਸ ਵੱਲੋਂ ਖਣਨ ਵਿਭਾਗ ਦੇ ਅਫਸਰਾਂ ਨੂੰ ਨਾਲ ਕੈ ਕੇ ਸਬੰਧਤ ਜ਼ਿਲ੍ਹਿਆਂ ਵਿੱਚ ਰਾਤ ਵੇਲੇ ਹੁੰਦੀ ਖਣਨ ਨੂੰ ਰੋਕਣ ਲਈ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਜਾਵੇਗਾ। ਇਸ ਕਾਰਵਾਈ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋ ਤਾਇਨਾਤ ਕੀਤੇ ਸਿਵਲ ਅਧਿਕਾਰੀ ਵੀ ਆਪ੍ਰੇਸ਼ਨ ਵਿੱਚ ਸਾਥ ਦੇਣਗੇ। ਪੁਲਿਸ ਨੇ ਦੋਸ਼ੀਆਂ ਖਿਲਾਫ ਮਾਈਨਿੰਗ ਐਂਡ ਮਿਨਰਲਜ਼ ਐਕਟ, 1957 ਦੇ ਤਹਿਤ ਐਫਆਈਆਰ (ਨੰਬਰ 71, ਮਿਤੀ 14 ਮਾਰਚ, 2020) ਦਰਜ ਕਰ ਲਈ ਗਈ ਹੈ। ਇਹ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਵੱਲੋਂ ਰੇਤੇ ਬਜਰੀ ਦੀ ਗੈਰ ਕਾਨੂੰਨੀ ਖੁਦਾਈ ਨੂੰ ਰੋਕਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ ਅਤੇ ਇਸ ਸਬੰਧੀ ਠੋਸ ਕਦਮ ਚੁੱਕੇ ਹਨ। ਮੁੱਖ ਮੰਤਰੀ ਇਹ ਚਾਹੁੰਦੇ ਹਨ ਕਿ ਸੂਬੇ ਵਿੱਚੋਂ ਰੇਤੇ-ਬਜਰੀ ਦੀ ਨਜਾਇਜ਼ ਖੁਦਾਈ ਅਤੇ ਕਾਲੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ। ਉਹ ਲੋਕਾਂ ਨੂੰ ਰੇਤਾ-ਬਜਰੀ ਸਸਤੀਆਂ ਦਰਾਂ ‘ਤੇ ਮੁਹੱਈਆ ਕਰਵਾਉਣ ਲਈ ਵੀ ਦਿਲਚਸਪੀ ਲੈ ਰਹੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਸੂਬਾ ਸਰਕਾਰ ਰੇਤੇ-ਬਜਰੀ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਮਾਫੀਆ ਖਿਲਾਫ ਸਖਤ ਕਾਰਵਾਈ ਜਾਰੀ ਰੱਖੇਗੀ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।
– ਬਲਜੀਤ ਸਿੰਘ ਬਰਾੜ