May 25, 2026 8:27 am

ਪਾਣੀ ਦਾ ਡੂੰਘਾ ਹੁੰਦਾ ਸੰਕਟ

ਦੇਸ਼ ਵਿੱਚ ਪਾਣੀ ਦਾ ਸੰਕਟ ਹੋਰ ਗੰਭੀਰ ਹੋ ਗਿਆ ਹੈ। ਪੰਜਾਬ ਵੀ ਉਨ੍ਹਾਂ ਰਾਜਾਂ ਵਿੱਚ ਸ਼ਾਮਿਲ ਹੈ ਜਿਥੇ ਧਰਤੀ ਹੇਠਲਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਭਾਰਤ ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਦੇਸ਼ ਦਾ ਧਰਤੀ ਹੇਠਲਾ ਪਾਣੀ 16 ਫ਼ੀਸਦੀ ਤਹਿਸੀਲਾਂ, ਮੰਡਲਾਂ ਤੇ ਬਲਾਕਾਂ ‘ਚ ਬੇਹੱਦ ਖ਼ਰਾਬ ਹੋ ਚੁੱਕਾ ਹੈ, ਜਦੋਂਕਿ 4 ਫ਼ੀਸਦੀ ‘ਚ ਪਾਣੀ ਗੰਭੀਰ ਪੱਧਰ ਤੱਕ ਹੇਠਾ ਜਾ ਚੁੱਕਾ ਹੈ। ਜਿਨ੍ਹਾਂ ਸੂਬਿਆਂ ਵਿੱਚ ਧਰਤੀ ਹੇਠਲੇ ਪਾਣੀ ਦੀ ਹੱਦ ਤੋਂ ਵੱਧ ਦੁਰਵਰਤੋਂ ਹੋ ਰਹੀ ਹੈ ਉਨ੍ਹਾਂ ‘ਚ ਪਹਿਲਾ ਸਥਾਨ ਪੰਜਾਬ (76 ਫ਼ੀਸਦੀ) ਦਾ ਹੈ, ਦੂਜੇ ਸਥਾਨ ‘ਤੇ ਰਾਜਸਥਾਨ (66 ਫ਼ੀਸਦੀ), ਤੀਜੇ ਸਥਾਨ ‘ਤੇ ਦਿੱਲੀ (56 ਫ਼ੀਸਦੀ) ਤੇ ਚੌਥੇ ਸਥਾਨ ‘ਤੇ ਹਰਿਆਣਾ (54 ਫ਼ੀਸਦੀ) ਆਉਂਦਾ ਹੈ। ਕੇਂਦਰ ਸਰਕਾਰ ਵੱਲੋਂ ਇਹ ਅੰਕੜੇ ਪਿਛਲੇ ਹਫ਼ਤੇ ਲੋਕ ਸਭਾ ‘ਚ ਸਾਂਝੇ ਕੀਤੇ ਗਏ ਸਨ। ਕੇਂਦਰੀ ਜਲ ਬੋਰਡ ਵੱਲੋਂ ਦੇਸ਼ ਵਿੱਚ ਕੁੱਲ 6584 ਬਲਾਕਾਂ, ਮੰਡਲਾਂ ਤੇ ਤਹਿਸੀਲਾਂ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਮੁਆਇਨਾ ਕੀਤਾ ਸੀ। ਇਨ੍ਹਾਂ ‘ਚ ਕੇਵਲ 4520 ਇਕਾਈਆਂ ‘ਚ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਸੁਰੱਖਿਅਤ ਪਾਇਆ ਗਿਆ ਹੈ, ਜਦੋਂਕਿ 1034 ਇਕਾਈਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਹੱਦ ਤੋਂ ਵੱਧ ਕੱਢਣ ਦੀ ਸੂਚੀ ‘ਚ ਸ਼ਾਮਿਲ ਕੀਤਾ ਗਿਆ ਹੈ। ਕਰੀਬ 681 ਬਲਾਕ, ਮੰਡਲ ਤੇ ਤਹਿਸੀਲਾਂ ਨੂੰ ਧਰਤੀ ਹੇਠਲੇ ਪਾਣੀ ਦੇ ਪੱਧਰ (ਜੋ ਕਿ ਕੁੱਲ ਸੰਖਿਆ ਦਾ 10 ਫ਼ੀਸਦੀ ਹੈ) ਅਰਧ ਗੰਭੀਰ ਸੰਕਟ ਸੂਚੀ ‘ਚ ਰੱਖਿਆ ਗਿਆ ਹੈ, ਜਦੋਂਕਿ 253 ਨੂੰ ਗੰਭੀਰ ਸੂਚੀ ‘ਚ ਰੱਖਿਆ ਗਿਆ ਹੈ। ਅੰਕੜੇ ਇਹ ਦੱਸਦੇ ਹਨ ਕਿ ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਲੇ ਸਾਲ ਤੱਕ ਪਾਣੀ ਦਾ ਸੰਕਟ ਬਹੁਤ ਗੰਭੀਰ ਹੋ ਜਾਵੇਗਾ। ਇਸ ਸੂਚੀ ਵਿੱਚ ਪੰਜਾਬ ਦੇ ਜਲੰਧਰ, ਪਟਿਆਲਾ, ਲੁਧਿਆਣਾ ਸਮੇਤ ਕਈ ਸ਼ਹਿਰ ਸ਼ਾਮਿਲ ਹਨ। ਸਭ ਤੋਂ ਅਫਸੋਸਨਾਕ ਗੱਲ ਇਹ ਹੈ ਕਿ ਪਾਣੀ ਦੇ ਸੰਕਟ ਦਾ ਟਾਕਰਾ ਕਰਨ ਲਈ ਕਿਧਰੇ ਕੋਈ ਤਿਆਰੀ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਬਾਅਦ ਵੀ ਕੋਈ ਹਿੱਲ-ਜੁੱਲ ਨਹੀਂ ਦਿਸ ਰਹੀ। ਪੰਜਾਬ ਸਰਕਾਰ ਦਾ ਹਾਲੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਪ੍ਰਤੀਕਰਮ ਵੀ ਸਾਹਮਣੇ ਨਹੀਂ ਆਇਆ। ਇਸ ਰਵਈਏ ਤੋਂ ਇਹ ਸਾਫ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਪਾਣੀ ਦੀ ਕਮੀ ਕਾਰਨ ਭਾਰੀ ਸੰਕਟ ਵਿੱਚੋਂ ਗੁਜ਼ਰਨਾ ਹੋਵੇਗਾ। ਲੋਕ ਵੀ ਇਸ ਮੁੱਦੇ ‘ਤੇ ਹਾਲੇ ਗੰਭੀਰ ਨਹੀਂ ਹੋਏ। ਪਾਣੀ ਦੀ ਸੰਜਮ ਨਾਲ ਵਰਤੋਂ ਲਈ ਕੋਈ ਯਤਨ ਨਹੀਂ ਹੋ ਰਿਹਾ। ਧਰਤੀ ਹੇਠਲੇ ਅਤੇ ਧਰਤੀ ਉੱਪਰਲੇ ਕੁਦਰਤੀ ਪਾਣੀ ਵਿੱਚ ਜ਼ਹਿਰਾਂ ਮਿਲਾਈਆਂ ਜਾ ਰਹੀਆਂ ਹਨ। ਪੰਜਾਬ ਦੇ ਸਾਰੇ ਦਰਿਆ ਅਤੇ ਹੋਰ ਕੁਦਰਤੀ ਪਾਣੀ ਦੇ ਸੋਮੇ ਬੁਰੀ ਤਰ੍ਹਾਂ ਪਲੀਤ ਹੋ ਗਏ ਹਨ। ਕਾਰਖਾਨਿਆਂ ਅਤੇ ਕੁਝ ਹੋਰ ਸੰਸਥਾਵਾਂ ਵੱਲੋਂ ਮਾਰੂ ਰਸਾਇਣਯੁਕਤ ਪਾਣੀ ਦਰਿਆਵਾਂ ਅਤੇ ਖੂਹਾਂ ਵਿੱਚ ਪਾਇਆ ਜਾ ਰਿਹਾ ਹੈ। ਸਥਿਤੀ ਦੀ ਗੰਭੀਰਤਾ ਨੂੰ ਸਮਝਣ ਦੀ ਜ਼ਰੂਰਤ ਹੈ। ਇਸ ਸਬੰਧੀ ਹੁਣੇ ਤੋਂ ਵਿਆਪਕ ਕਦਮ ਚੁੱਕੇ ਜਾਣ। ਜੇਕਰ ਸਮੇਂ ਸਿਰ ਸੰਭਲਿਆ ਨਾ ਗਿਆ ਤਦ ਪੰਜਾਬ ਡੂੰਘੇ ਸੰਕਟ ਵਿੱਚ ਫਸ ਜਾਵੇਗਾ।
– ਬਲਜੀਤ ਸਿੰਘ ਬਰਾੜ

Send this to a friend