ਦੋਸਤੋ ਮੈਂ ਕੋਈ ਵੀ.ਆਈ.ਪੀ. ਨਹੀਂ ਹਾਂ, ਜਿਸਨੂੰ ਸਰਕਾਰੇ-ਦਰਬਾਰੇ ਸਲਾਮਾਂ ਵੱਜਦੀਆਂ ਹੋਣ ਜਾਂ ਜਿਸਦੀ ਉਸਦੇ ਕਿਸੇ ਖਾਸ ਅਹੁਦੇ ਕਰਕੇ ਪਛਾਣ ਹੋਵੇ ਅਤੇ ਜਿਸਦਾ ਸਿੱਕਾ ਸਾਰੇ ਪਾਸੇ ਚੱਲਦਾ ਹੋਵੇ। ਮੈਂ ਉਹ ਵੀ ਨਹੀਂ ਹਾਂ ਜਿਸਦੀ ਇੱਕ ਫੋਨ ਕਾਲ ‘ਤੇ ਹੀ ਕੰਮ ਹੋ ਜਾਂਦੇ ਹੋਣ ਅਤੇ ਜਿਸਨੂੰ ਕਦੀ ਕੋਈ ਕੰਮ ਕਰਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਨਾ ਲੱਗਣਾ ਪਿਆ ਹੋਵੇ। ਵੀ.ਆਈ.ਪੀ. ਲੋਕ ਕੀ ਜਾਣ ਸਕਦੇ ਹਨ ਕਿ ਕਿਵੇਂ ਤੱਪਦੀ ਧੁੱਪ ਪਿੰਡੇ ‘ਤੇ ਹੰਢਾਈ ਦੀ ਹੈ ਅਤੇ ਬਿਨਾਂ ਪੱਖੇ ਦੀ ਹਵਾ ਦੇ ਮੁੜਕੋ-ਮੁੜਕੀ ਹੋ ਕੇ ਕਿਵੇਂ ਕੰਮ ਕਰੀ ਦਾ ਹੈ। ਵੀ.ਆਈ.ਪੀ. ਨੂੰ ਸੰਘਣੀ ਧੁੰਦ ਵਿੱਚ ਸਾਈਕਲ ਜਾਂ ਸਕੂਟਰ ਚਲਾ ਕੇ ਕੰਮ ਜਾਣ ਦਾ ਅਨੁਭਵ ਕਿਵੇਂ ਹੋ ਸਕਦਾ ਹੈ, ਕਿਉਂਕਿ ਉਹ ਵੀ.ਆਈ.ਪੀ. ਜਿਉਂ ਹੋਇਆ।
ਮੈਂ ਵੀ.ਆਈ.ਪੀ. ਨਹੀਂ ਹਾਂ, ਮੈਂ ਤਾਂ ਇੱਕ ਅਧਿਆਪਕਾ ਹਾਂ, ਜਿਸਦਾ ਭਾਂਵੇ ਪਹਿਲਾਂ ਰੁਤਬਾ ਗੁਰੂ ਦਾ ਹੁੰਦਾ ਸੀ ਪਰ ਸਮੇਂ ਦੀਆਂ ਹਕੂਮਤਾਂ ਨੇ ਗੁਰੂ ਨੂੰ ਲਾਚਾਰ ਬਣਾ ਦਿੱਤਾ। ਇੱਕ ਅਧਿਆਪਕ ਨੂੰ ਸਮਾਜ ਸਿਰਜਕ ਵੀ ਕਿਹਾ ਜਾਂਦਾ ਹੈ ਅਤੇ ਸਮਾਜ ਦਾ ਹਰ ਵਰਗ ਅਧਿਆਪਕ ਕੋਲੋਂ ਗਿਆਨ ਹਾਸਲ ਕਰਕੇ ਹੀ ਵੱਖ-ਵੱਖ ਅਹੁਦੇ ਹਾਸਲ ਕਰਦਾ ਹੈ। ਦੁਨੀਆਂ ਦੇ ਕਿਸੇ ਵੀ ਵੱਡੇ ਤੋਂ ਵੱਡਾ ਨੇਤਾ, ਅਧਿਕਾਰੀ ਜਾਂ ਕੋਈ ਵੀ ਹੋਰ ਮਾਰਕਾ ਮਾਰਨ ਵਾਲੇ ਦੀ ਕਾਮਯਾਬੀ ਪਿਛੇ ਉਸਦੇ ਗੁਰੂ ਜਾਨੀ ਅਧਿਆਪਕ ਦੀ ਮਿਹਨਤ ਸਭ ਤੋਂ ਅਹਿਮ ਹੁੰਦੀ ਹੈ, ਪਰ ਅਫਸੋਸ ਅਕਸਰ ਸਮਾਜ ਵਿੱਚ ਅਧਿਆਪਕ ਨੂੰ ਉਹ ਮਾਣ ਨਹੀਂ ਦਿੱਤਾ ਜਾਂਦਾ ਜਿਸਦਾ ਉਹ ਹੱਕਦਾਰ ਹੈ। ਕਈ ਵਾਰ ਤਾਂ ਅਧਿਆਪਕਾਂ ਨੂੰ ਆਪਣੇ ਆਪ ਉੱਪਰ ਆਮ ਵਿਅਕਤੀ ਨਾਲੋਂ ਵੱਧ ਲਾਚਾਰੀ ਮਹਿਸੂਸ ਹੁੰਦੀ ਹੈ ਅਤੇ ਆਪਣੇ ਆਪ ਉਪਰ ਝੂਰਦੇ ਹਨ ਕਿ ਕੀ ਉਨਾਂ ਨੇ ਅਧਿਆਪਕ ਬਣ ਕੇ ਕੋਈ ਗੁਨਾਹ ਕਰ ਲਿਆ ਹੈ…?
ਮੈਂ ਗੱਲ ਕਰਨ ਜਾ ਰਹੀ ਹਾਂ ਆਪਣੇ ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਦੀ। ਮੈਂ ਇਥੇ ਪਿਛਲੇ 7 ਕੁ ਸਾਲਾਂ ਤੋਂ ਬੱਚਿਆਂ ਨੂੰ ਸਾਇੰਸ ਪੜ੍ਹਾ ਰਹੀ ਹਾਂ। ਆਪਣੇ ਸਕੂਲੇ ਹੋਏ ਇੱਕ ਕੌੜੇ ਅਨੁਭਵ ਨੂੰ ਅੱਜ ਮੈਂ ਤੁਹਾਡੇ ਨਾਲ ਸਾਂਝਿਆਂ ਕਰਨ ਲੱਗੀ ਹਾਂ। ਕੁਝ ਸਮਾਂ ਪਹਿਲਾਂ ਸਾਡੇ ਸਕੂਲ ਦੇ ਵਿਹੜੇ ਵਿੱਚ ਇੱਕ ਹਾਈ-ਵੋਲਟੇਜ਼ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਪਈ। ਜਦੋਂ ਮੇਰਾ ਧਿਆਨ ਏਧਰ ਪਿਆ ਤਾਂ ਮੈਂ ਉਸੇ ਵੇਲੇ ਬੱਚਿਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਓਧਰ ਬਿਲਕੁਲ ਨਾ ਜਾਇਓ, ਤਾਰ ਤੋਂ ਦੂਰ ਹੀ ਰਹਿਓ, ਕਿਉਂਕਿ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਫਿਰ ਮੈਂ ਪਾਵਰਕਾਮ ਦੇ ਹੈਲਪ ਲਾਈਨ ਨੰਬਰ 1912 ਉੱਪਰ ਸੰਪਰਕ ਕੀਤਾ। ਉਨਾਂ ਨੇ ਉਸੇ ਵੇਲੇ ਸਾਡੀ ਸ਼ਿਕਾਇਤ ਨੋਟ ਕਰ ਲਈ ਅਤੇ ਜਲਦੀ ਹੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਮੈਂ ਬੜੀ ਖੁਸ਼ ਕਿ ਸਰਕਾਰ ਨੇ ਕਿਨੀ ਵਧੀਆ ਸਹੂਲਤ ਉਪਲੱਬਧ ਕਰਾਈ ਹੈ, ਇੱਕ ਕਾਲ ‘ਤੇ ਹੀ ਸਮੱਸਿਆ ਦਾ ਹੱਲ ਹੋਇਆ ਸਮਝੋ। ਮੈਨੂੰ ਆਸ ਸੀ ਕਿ ਛੇਤੀ ਹੀ ਇਸ ਕਾਲ ਰੂਪੀ ਬਿਜਲੀ ਦੀ ਤਾਰ ਤੋਂ ਛੁਟਕਾਰਾ ਮਿਲ ਜਾਵੇ। ਪਰ ਇਹ ਖੁਸ਼ਫਿਹਮੀ ਵੀ ਛੇਤੀ ਹੀ ਦੂਰ ਹੋ ਗਈ, ਜਦੋਂ 2 ਦਿਨ ਤੱਕ ਇਸ ਉੱਪਰ ਕੋਈ ਕਾਰਵਾਈ ਨਾ ਹੋਈ। ਸਾਡੇ ਵਲੋਂ ਫਿਰ 1912 ਨੰਬਰ ਉਪਰ ਸੰਪਰਕ ਕੀਤਾ ਗਿਆ ਅਤੇ ਉਨਾਂ ਨੇ ਸਥਾਨਕ ਬਿਜਲੀ ਘਰ ਦੇ ਇੱਕ ਕਰਮਚਾਰੀ ਦਾ ਨੰਬਰ ਮੈਸਜ ਰਾਹੀਂ ਭੇਜ ਦਿੱਤਾ। ਜਦੋਂ ਉਸ ਨੰਬਰ ਉੱਪਰ ਸੰਪਰਕ ਕੀਤਾ ਗਿਆ ਤਾਂ ਉਸ ਸ੍ਰੀਮਾਨ ਜੀ ਨੇ ਅੱਗੋਂ ਕਿਸੇ ਹੋਰ ਦਾ ਨੰਬਰ ਦੇ ਦਿੱਤਾ। ਜਦੋਂ ਅੱਗੋਂ ਉਸ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਨਾਂ ਭਰੋਸਾ ਦਿੱਤਾ ਕਿ ਲਾਈਨਮੈਨ ਆ ਕੇ ਤਾਰ ਠੀਕ ਕਰ ਦੇਵੇਗਾ, ਉਸੀਂ ਫਿਕਰ ਨਾ ਕਰੋ। ਫਿਰ ਤਾਂ ਸਾਰੇ ਸਟਾਫ਼ ਦੀਆਂ ਅੱਖਾਂ ਗੇਟ ਵੱਲ ਲੱਗ ਗਈਆਂ ਕਿ ਬਿਜਲੀ ਵਾਲਾ ਹੁਣ ਆਇਆ ਕਿ ਹੁਣ ਆਇਆ। ਆਖਰਕਾਰ ਉਹ ਦਿਨ ਵੀ ਲੰਘ ਗਿਆ, ਪਰ ਕੋਈ ਵੀ ਬਿਜਲੀ ਵਾਲਾ ਤਾਰ ਠੀਕ ਕਰਨ ਨਾ ਅਇਆ। ਅਖੀਰ ਛੁੱਟੀ ਹੋਣ ‘ਤੇ ਅਸੀਂ ਨਿਰਾਸ ਹੋਏ ਆਪਣੇ ਘਰਾਂ ਨੂੰ ਚਲੇ ਗਏ।
ਚਾਰ ਦਿਨ ਹੋ ਗਏ ਸਨ ਸਕੂਲ ਵਿੱਚ ਹਾਈ ਵੋਲਟੇਜ਼ ਬਿਜਲੀ ਦੀ ਤਾਰ ਡਿੱਗੀ ਨੂੰ। ਮੈਂ ਅੰਦਰੋਂ ਅੰਦਰੀ ਬਹੁਤ ਡਰ ਰਹੀ ਸੀ ਕਿ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ। ਕੁਝ ਦਿਨ ਪਹਿਲਾਂ ਹੀ ਤਾਂ ਮੇਰੇ ਮਾਮਾ ਜੀ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਚੁੱਕੇ ਸਨ। ਕਿਸੇ ਆਪਣੇ ਦੇ ਵਿਛੜਨ ਦਾ ਦਰਦ ਅਤੇ ਸਾਹਮਣੇ ਪਈ ਉਹ ਕਾਲ ਰੂਪੀ ਤਾਰ ਨੇ ਮੈਨੂੰ ਹੋਰ ਵੀ ਬੇਚੈਨ ਕਰ ਦਿੱਤਾ। ਖੈਰ ਚੌਥੇ ਦਿਨ ਫਿਰ ਅਸੀਂ ਫਿਰ ਹਿੰਮਤ ਜਿਹੀ ਕਰਕੇ ਫੋਨ ਕਰਨ ਦਾ ਸਿਲਸਲਾ ਸ਼ੁਰੂ ਕੀਤਾ ਤਾਂ ਅੱਗੋਂ ਬਿਜਲੀ ਘਰ ਵਾਲੇ ਕਹਿੰਦੇ ਕਿ ਬੰਦਾ ਭੇਜ ਰਹੇ ਹਾਂ, ਪਰ ਉਸ ਦਿਨ ਵੀ ਆਵੇ ਕੋਈ ਨਾ।
ਉਸ ਦਿਨ ਮੈਨੂੰ ਦੋ ਕਾਰਨਾ ਕਰਕੇ ਆਪਣੇ ਆਪ ਉੱਪਰ ਬੜੀ ਲਾਚਾਰੀ ਮਹਿਸੂਸ ਹੋਈ। ਪਹਿਲੀ ਇਹ ਕਿ ਕਾਸ਼ ਕਿਤੇ ਇਹ ਕੰਮ ਵੀ ਮੈਂ ਸਿੱਖਿਆ ਹੁੰਦਾ ਤਾਂ ਆਪ ਹੀ ਬਿਜਲੀ ਦੀ ਤਾਰ ਨੂੰ ਠੀਕ ਕਰ ਲੈਂਦੀ, ਕਿਉਂ ਕਿਸੇ ਦੇ ਤਰਲੇ ਮਿਨਤਾਂ ਕਰਦੀ। ਹਾਲਾਂਕਿ ਇਹ ਕੰਮ ਕਰਨਾ ਬਿਜਲੀ ਵਾਲਿਆਂ ਦਾ ਫਰਜ ਸੀ, ਇਸ ਲਈ ਉਨ੍ਹਾਂ ਨੂੰ ਸਰਕਾਰ ਵਲੋਂ ਤਨਖਾਹ ਮਿਲਦੀ ਹੈ। ਦੂਸਰਾ ਝੋਰਾ ਇਹ ਕਿ ਕਾਸ਼ ਮੈਂ ਵੀ ਕੋਈ ਵੀ.ਆਈ.ਪੀ. ਹੁੰਦੀ ਤਾਂ ਮਿੰਟਾਂ ਸਕਿੰਟਾਂ ਵਿੱਚ ਇੱਕ ਫੋਨ ਕਾਲ ‘ਤੇ ਹੀ ਇਹ ਕੰਮ ਹੋ ਜਾਣਾ ਸੀ।
ਅਖੀਰ ਆਪਣੀ ਵਾਹ-ਪੇਸ਼ ਨਾ ਜਾਂਦੀ ਦੇਖ ਕੇ ਹਾਰ-ਖੱਪ ਕੇ ਮੈਂ ਇੱਕ ਸਰਕਾਰੇ-ਦਰਬਾਰੇ ਪਹੁੰਚ ਵਾਲੇ ਆਪਣੇ ਇੱਕ ਜਾਣਕਾਰ ਨੂੰ ਆਪਣੇ ਸਕੂਲ ਦੀ ਸਾਰੀ ਵਿਥਿਆ ਦੱਸੀ। ਮੈਂ ਸਕੂਲ ਦੇ ਬੱਚਿਆਂ ਦਾ ਵਾਸਤਾ ਪਾ ਕੇ ਉਨ੍ਹਾਂ ਨੂੰ ਇਹ ਮਸਲਾ ਹੱਲ ਕਰਾਉਣ ਦੀ ਬੇਨਤੀ ਕੀਤੀ। ਉਸ ਭਲੇਮਾਨਸ ਨੇ ਸਾਡੀ ਗੱਲ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਅਤੇ ਇਸਨੂੰ ਜਲਦ ਹੱਲ ਕਰਨ ਲਈ ਕਿਹਾ। ਫਿਰ ਕੀ ਸੀ ਪੰਜ ਮਿੰਟਾਂ ਵਿੱਚ ਹੀ ਬਿਜਲੀ ਵਾਲੇ ਸਾਡੇ ਸਕੂਲ ਪਹੁੰਚ ਗਏ ਅਤੇ ਤਾਰ ਨੂੰ ਠੀਕ ਕਰ ਦਿੱਤਾ।
ਉਸ ਦਿਨ ਮੈਨੂੰ ਬੜਾ ਦੁੱਖ ਹੋਇਆ ਕਿ ਕੀ ਇੱਕ ਅਧਿਆਪਕ ਦੀ ਕੋਈ ਪਹੁੰਚ ਨਹੀਂ ਹੈ। ਇੱਕ ਆਮ ਵਿਅਕਤੀ ਚਾਹੇ ਮਰ ਜਾਵੇ ਪਰ ਉਸਦੀ ਕਿਤੇ ਸੁਣਵਾਈ ਨਹੀਂ, ਕੀ ਇਹੀ ਸਾਡਾ ਨਿਯਾਮ ਹੈ। ਜੇ ਉਸ ਸਮੇਂ ਉਸ ਵੀ.ਆਈ.ਪੀ. ਦਾ ਫੋਨ ਨਾ ਗਿਆ ਹੁੰਦਾ ਤਾਂ ਸ਼ਾਇਦ ਕਿਸੇ ਗਰੀਬ ਦਾ ਬੱਚਾ ਬਿਜਲੀ ਦੀ ਤਾਰ ਨਾਲ ਚਿੰਬੜ ਕੇ ਮਰ ਜਾਂਦਾ। ਮੈਂ ਅਤੇ ਮੇਰੇ ਸਾਥੀ ਅਧਿਆਪਕ ਇਸ ਗੱਲ ਉੱਪਰ ਹੋਰ ਵੀ ਮਾਯੂਸ ਸਾਂ ਕਿ ਅਸੀਂ ਚਾਰ ਦਿਨ ਤੋਂ ਟੱਕਰਾਂ ਮਾਰ ਰਹੇ ਸਾਂ ਸਾਡੀ ਕੋਈ ਸੁਣ ਹੀ ਨਹੀਂ ਰਿਹਾ ਸੀ ਕਿ ਵੀ.ਆਈ.ਪੀ. ਦੇ ਇੱਕ ਫੋਨ ਉੱਪਰ ਹੀ ਕੰਮ ਹੋ ਗਿਆ।
ਉਸ ਦਿਨ ਅਹਿਸਾਸ ਹੋਇਆ ਕਿ ਅਧਿਆਪਕ ਭਲੇ ਹੀ ਹਾਂ ਮੈਂ, ਵੀ.ਆਈ.ਪੀ. ਵੀ ਅਧਿਆਪਕ ਤੋਂ ਪੜਿਆ ਸੀ, ਪਰ ਵੀ.ਆਈ.ਪੀ. ਤਾਂ ਨਹੀਂ ਨਾ ਮੈਂ…….।