May 22, 2026 2:45 am

ਪੰਜਾਬ ਦੇ ਨਫ਼ੀਸ ਸਿਆਸਤਦਾਨ ਮਰਹੂਮ ਜਸਟਿਸ ਗੁਰਨਾਮ ਸਿੰਘ

ਸ਼੍ਰੋਮਣੀ ਅਕਾਲੀ ਦਲ ਵਿਚ ਸਭ ਤੋਂ ਵੱਧ ਪੜ੍ਹਿਆ ਲਿਖਿਆ ਸਿਆਸਤਦਾਨ ਮਰਹੂਮ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੂੰ ਗਿਣਿਆਂ ਜਾਂਦਾ ਹੈ। ਜਸਟਿਸ ਗੁਰਨਾਮ ਸਿੰਘ ਇਕ ਸੁਲਝੇ ਹੋਏ, ਪੜ੍ਹੇ ਲਿਖੇ, ਵਿਦਵਾਨ, ਪ੍ਰਬੰਧਕੀ ਕੁਸ਼ਲ ਅਤੇ ਇਮਾਨਦਾਰ ਵਿਅਕਤੀ ਸਨ। ਉਨ੍ਹਾਂ ਤੋਂ ਪਹਿਲਾਂ ਦਾ ਅਕਾਲੀ ਦਲ ਦਾ ਇਤਿਹਾਸ ਅਜਿਹਾ ਰਿਹਾ ਹੈ ਕਿ ਪੈਪਸੂ ਦੇ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਨੂੰ ਛੱਡਕੇ ਹੋਰ ਕੋਈ ਵੀ ਅਕਾਲੀ ਨੇਤਾ ਇਤਨਾ ਪੜ੍ਹਿਆ ਲਿਖਿਆ ਅਤੇ ਸਰਕਾਰੀ ਪ੍ਰਬੰਧਕੀ ਕਾਨੂੰਨਾ ਦਾ ਮਾਹਿਰ ਨਹੀਂ ਸੀ। ਪੰਜਾਬ ਵਿਚ ਅਕਾਲੀ ਦਲ ਦੇ ਉਹ ਪਹਿਲੇ ਮੁੱਖ ਮੰਤਰੀ ਸਨ ਜਿਹੜੇ ਸਰਕਾਰੀ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਉਸਨੂੰ ਕਰਨ ਲਈ ਉਸ ਸਮੇਂ ਦੇ ਕਾਨੂੰਨ ਨੂੰ ਮੁੱਖ ਰੱਖਕੇ ਫ਼ੈਸਲਾ ਕਰਦੇ ਸਨ। ਸਰਕਾਰੀ ਕੰਮ ਕਾਜ਼ ਦਫ਼ਤਰੀ ਸਮੇਂ ਵਿਚ ਹੀ ਕਰਦੇ ਸਨ। ਦਫ਼ਤਰੀ ਸਮੇਂ ਤੋਂ ਬਾਅਦ ਸੰਕਟ ਵਾਲੀ ਸਥਿਤੀ ਨੂੰ ਛੱਡਕੇ ਨਾ ਉਹ ਖੁਦ ਕੰਮ ਕਰਦੇ ਸਨ ਅਤੇ ਨਾ ਹੀ ਹੋਰ ਕਿਸੇ ਅਧਿਕਾਰੀ ਨੂੰ ਬੁਲਾਉਂਦੇ ਸਨ। ਅਕਾਲੀ ਦਲ ਦੇ ਇਤਿਹਾਸ ਵਿਚ ਉਹ ਪ੍ਰਬੰਧਕੀ ਛਾਪ ਛੱਡ ਗਏ ਹਨ। ਸ੍ਰ ਗੁਰਨਾਮ ਸਿੰਘ ਦਾ ਜਨਮ 25 ਫਰਵਰੀ 1899 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਨਾਰੰਗਵਾਲ ਵਿਖੇ ਇੱਕ ਨਾਮਵਰ ਜੱਟ ਸਿੱਖ ਗਰੇਵਾਲ ਪਰਿਵਾਰ ਵਿੱਚ ਹੋਇਆ। ਆਪ ਨੇ ਆਪਣੀ ਮੁੱਢਲੀ ਪੜ੍ਹਾਈ ਲੁਧਿਆਣਾ ਤੋਂ ਹੀ ਪ੍ਰਾਪਤ ਕੀਤੀ। ਬੀ ਏ ਦੀ ਡਿਗਰੀ ਫੋਰਮੈਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉੱਚ ਪੜ੍ਹਾਈ ਲਈ ਇੰਗਲੈਂਡ ਚਲੇ ਗਏ ਤੇ ਲੰਡਨ ਦੀ ਪ੍ਰਸਿਧ ਕਾਨੂੰਨ ਸੰਸਥਾ ਮਿਡਲ ਟੈਂਪਲ ਤੋਂ ਬਾਰ ਐਟ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਵਾਪਸ ਭਾਰਤ ਆਕੇ ਲਾਇਲਪੁਰ ਵਿਖੇ ਕਾਨੂੰਨ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਆਪ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣ ਗਏ। ਆਪ ਅਣਵੰਡੇ ਪੰਜਾਬ ਦੇ ਉੱਚ ਕੋਟੀ ਦੇ ਕਰਿਮੀਨਲ ਕਾਨੂੰਨ ਦੇ ਮਾਹਰ ਵਕੀਲ ਮੰਨੇ ਜਾਂਦੇ ਸਨ। ਉਹ ਕਦੀਂ ਵੀ ਕੋਈ ਝੂਠਾ ਕੇਸ ਨਹੀਂ ਲੈਂਦੇ ਸਨ। ਉਹ ਹਮੇਸ਼ਾ ਸੱਚਾਈ ਤੇ ਪਹਿਰਾ ਦਿੰਦੇ ਸਨ। ਆਪ 1950 ਤੋਂ 56 ਤੱਕ ਪੈਪਸੂ ਹਾਈ ਕੋਰਟ ਦੇ ਜੱਜ ਰਹੇ । ਇਸ ਤੋਂ ਬਾਅਦ 1956 ਤੋਂ 59 ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵੀ ਰਹੇ। ਆਪ ਉੱਘੇ ਹਾਕੀ ਦੇ ਖਿਡਾਰੀ ਵੀ ਸਨ। ਸਪੋਰਟਸਮੈਨ ਹੋਣ ਕਰਕੇ ਉਹ ਹਮੇਸ਼ਾ ਸਪੋਰਟਮੈਨ ਸਪਿਰਟ ਨਾਲ ਹੀ ਸਰਕਾਰੀ ਕੰਮ ਕਰਦੇ ਸਨ। ਉਨ੍ਹਾਂ ਨੇ ਆਪਣੇ ਸਾਰੇ ਨਿਆਇਕ ਅਤੇ ਸਿਆਸੀ ਜੀਵਨ ਵਿਚ ਮਨੁੱਖੀ ਅਧਿਕਾਰਾਂ ਦੇ ਵਿਰੁਧ ਕੋਈ ਫ਼ੈਸਲਾ ਨਹੀਂ ਕੀਤਾ। ਆਪ ਪੰਜਾਬ ਯੂਨੀਵਰਸਿਟੀ ਦੀ ਹਾਕੀ ਦੀ ਟੀਮ ਦੇ ਕੈਪਟਨ ਵੀ ਰਹੇ ਸਨ ਅਤੇ 1928 ਵਿੱਚ ਇੰਗਲੈਂਡ ਵਿੱਚ ਹੋਏ ਹਾਕੀ ਦੇ ਮੈਚਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਪੰਜਾਬ ਓਲੰਪਿਕ ਖੇਡਾਂ ਵਿੱਚ ਆਪਨੂੰ ਸਰਵੋਤਮ ਅਥਲੀਟ ਵਜੋਂ ਦੋ ਵਾਰ ਲੇਡੀ ਮੈਕਲੇਰਨ ਕੱਪ ਨਾਲ ਸਨਮਾਨਤ ਕੀਤਾ ਗਿਆ। ਆਪ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਮੈਂਬਰ ਵੀ ਸਨ। ਉਹ ਭਾਰਤੀ ਕਾਨੂੰਨੀ ਢਾਂਚੇ ਦੇ ਸਿਰਮੌਰ ਸੰਪੂਰਨ ਗਿਆਨਵਾਨ ਸਨ। ਆਪ ਇੱਕ ਚੰਗੇ ਬੁਲਾਰੇ ਤੇ ਖੁਲ੍ਹੀ ਸੋਚ ਦੇ ਮਾਲਕ ਤੇ ਤੱਟ ਫੱਟ ਫੈਸਲੇ ਲੈਣ ਵਾਲੇ ਵਿਅਕਤੀ ਸੀ। ਉਹਨਾ ਦਾ ਮੰਨਣਾ ਸੀ ਕਿ ਲੋਕ ਸੇਵਕ ਅਧਿਕਾਰੀ ਜਾਂ ਨੇਤਾ ਨੂੰ ਲੋਕਾਂ ਪ੍ਰਤੀ ਜਵਾਬ ਦੇਹ ਹੋਣਾ ਚਾਹੀਦਾ ਹੈ ਤੇ ਲੋਕ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਸੇਵਾ ਮੁਕਤੀ ਤੋਂ ਬਾਅਦ ਆਪ ਰਾਜਾ ਗੋਪਾਲ ਆਚਾਰੀਆ ਤੇ ਮਾਸਟਰ ਤਾਰਾ ਸਿੰਘ ਦੇ ਸੱਦੇ ਤੇ ਰਾਜਨੀਤੀ ਵਿੱਚ ਸ਼ਾਮਲ ਹੋਏ ਸਨ। ਪੜ੍ਹੇ ਲਿਖੇ ਵਿਅਕਤੀ ਸਿੱਖ ਦੇ ਖਾਸ ਤੌਰ ਤੇ ਅਕਾਲੀ ਸਿਆਸਤ ਵਿੱਚ ਸ਼ਾਮਲ ਹੋਣ ਨਾਲ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਸੀ। ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਅਤੇ ਜਸਟਿਸ ਗੁਰਨਾਮ ਸਿੰਘ ਦੀ ਤਿਕੜੀ ਨੇ ਮਿਲਕੇ ਅਕਾਲੀ ਸਿਆਸਤ ਨੂੰ ਇੱਕ ਨਵੀਂ ਪਛਾਣ ਦਿੱਤੀ ਸੀ ਜੋ ਕਿ ਨਹਿਰੂ ਤਾਰਾ ਸਿੰਘ ਪੈਕਟ 1955 ਸਦਕਾ ਖਤਮ ਹੋ ਗਈ ਸੀ। ਇਹ ਸਾਰਾ ਮਾਣ ਤੇ ਸਤਿਕਾਰ ਜਸਟਿਸ ਗੁਰਨਾਮ ਸਿੰਘ ਨੂੰ ਜਾਂਦਾ ਹੈ ਜਿਹਨਾ ਨੇ ਅਕਾਲੀ ਸਿਆਸਤ ਨੂੰ ਵਿਸ਼ਾਲ ਤੇ ਨਿਰਪੱਖ ਰੂਪ ਪ੍ਰਦਾਨ ਕੀਤਾ ਸੀ। ਆਪ ਰਾਸ਼ਟਰੀ ਗੱਠਜੋੜ ਦਾ ਮਹੱਤਵਪੂਰਨ ਅੰਗ ਬਣੇ ਸਨ। ਉਹ ਪਹਿਲੇ ਅਜਿਹੇ ਅਕਾਲੀ ਨੇਤਾ ਸਨ ਜਿਹਨਾ ਨੇ ਰਾਸ਼ਟਰੀ ਰਾਜਨੀਤੀ ਵਿੱਚ ਖੇਤਰੀ ਪਾਰਟੀਆਂ ਦੀ ਸ਼ਮੂਲੀਅਤ ਦਾ ਸੁਪਨਾ ਲਿਆ ਸੀ। ਆਪ ਦੇਸ਼ ਦੀਆਂ ਰੀਜਨਲ ਪਾਰਟੀਆਂ ਦੇ ਪਹਿਲੇ ਅਜੇਹੇ ਲੀਡਰ ਸਨ, ਜਿਹਨਾ ਸ੍ਰੀ ਕਰੁਣਾਨਿਧੀ ਨਾਲ ਮਿਲਕੇ ਕੇਂਦਰ ਤੋਂ ਰਾਜਾਂ ਲਈ ਵਧੇਰੇ ਅਧਿਕਾਰਾਂ ਦੇ ਮੁੱਦੇ ਨੂੰ ਉਭਾਰਿਆ ਸੀ। ਆਪ ਪਹਿਲੀ ਵਾਰ 1962 ਵਿੱਚ ਵਿਧਾਨ ਸਭਾ ਹਲਕਾ ਰਾਏਕੋਟ ਜਿਲ੍ਹਾ ਲੁਧਿਆਣਾ ਤੋਂ ਐਮ ਐਲ ਏ ਬਣੇ ਸਨ। ਆਪ 1962 ਤੋਂ 67 ਤੱਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਹੇ। ਦੂਜੀ ਅਤੇ ਤੀਜੀ ਵਾਰ ਆਪ ਫਿਰ 1967 ਅਤੇ 69 ਵਿੱਚ ਹਲਕਾ ਰਾਏਪੁਰ ਤੋਂ ਐਮ ਐਲ ਏ ਬਣੇ। 8 ਮਾਰਚ 1967 ਨੂੰ ਪੰਜਾਬ ਵਿੱਚ ਪਹਿਲੀ ਸੰਯੁਕਤ ਫਰੰਟ ਦੀ ਗੈਰ ਕਾਂਗਰਸ ਸਰਕਾਰ ਬਣੀ ਜਿਸ ਦੇ ਆਪ ਪਹਿਲੇ ਗੈਰ ਕਾਂਗਰਸੀ ਮੁੱਖ ਮੰਤਰੀ ਬਣੇ। ਆਪ 25 ਨਵੰਬਰ 1967 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਅਸੂਲਾਂ ਦੇ ਬੜੇ ਪੱਕੇ ਸਨ, ਕੋਈ ਵੀ ਗਲਤ ਕੰਮ ਕਰਨ ਦੀ ਕਦੀ ਵੀ ਕਿਸੇ ਨੂੰ ਇਜਾਜਤ ਨਹੀਂ ਦਿੰਦੇ ਸਨ। ਆਪ ਦਾ ਕੋਈ ਗਲਤ ਕੰਮ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਆਪ ਦੂਜੀ ਵਾਰ 17 ਫਰਵਰੀ 1969 ਤੋਂ 27 ਮਾਰਚ1970 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਆਪ ਦੀਆਂ ਵਡਮੁਲੀਆਂ ਪ੍ਰਾਪਤੀਆਂ ਅਤੇ ਨਵੀਂਆਂ ਸਥਾਪਤ ਕੀਤੀਆਂ ਪ੍ਰੰਪਰਾਵਾਂ ਹਮੇਸ਼ਾ ਲਈ ਇਤਿਹਾਸ ਦਾ ਹਿੱਸਾ ਬਣ ਗਈਆਂ ਹਨ। ਉਸ ਸਮੇਂ ਨਾ ਪਿੰਡਾਂ ਵਿੱਚ ਬਿਜਲੀ ਅਤੇ ਨਾ ਹੀ ਲਿੰਕ ਸੜਕਾਂ ਹੁੰਦੀਆਂ ਸਨ । ਆਪ ਰਾਜ ਦੇ ਪਹਿਲੇ ਮੁੱਖ ਮੰਤਰੀ ਸਨ ਜਿਹਨਾ ਨੇ ਪਹਿਲੀ ਵਾਰ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਤੇ ਲਿੰਕ ਸੜਕਾਂ ਦੀ ਉਸਾਰੀ ਕਰਵਾਕੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਦਾ ਸੰਕਲਪ ਦਿੱਤਾ ਸੀ। ਪੰਜਾਬ ਵਿੱਚ ਖੇਤੀ ਉਦਯੋਗਾਂ ਅਤੇ ਥਰਮਲ ਪਲਾਂਟਾਂ ਦੀ ਉਸਾਰੀ ਦਾ ਸਪਨਾ ਵੀ ਉਹਨਾ ਦਾ ਹੀ ਹੈ। ਕਿਸਾਨਾ ਦੀ ਪੈਦਾਵਾਰ ਦਾ ਘੱਟੋ ਘੱਟ ਸਮੱਰਥਨ ਮੁੱਲ ਨਿਸਚਤ ਕਰਾਉਣਾ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਕਿਸਾਨਾ ਦੀ ਵਾਧੂ ਪੈਦਾਵਾਰ ਖ੍ਰੀਦਣ ਲਈ ਰਾਸ਼ਟਰੀ ਖਾਦ ਨੀਤੀ ਬਣਾਉਣ ਦਾ ਮਸ਼ਵਰਾ ਦੇਣਾ ਵੀ ਉਹਨਾ ਦਾ ਹੀ ਸੰਕਲਪ ਸੀ। ਉਹਨਾ ਦਾ ਵਿਸ਼ਵਾਸ਼ ਸੀ ਕਿ ਸਰਬਪੱਖੀ ਵਿਕਾਸ ਲਈ ਸਿੱਖਿਆ ਦੀ ਭੂਮਿਕਾ ਮਹੱਤਵਪੂਰਨ ਹੈ, ਇਸ ਲਈ ਉਹਨਾ ਆਪਣੇ ਕਾਰਜ ਕਾਲ ਦੌਰਾਨ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਸ਼ਤਾਬਦੀ ਮਨਾਉਂਦਿਆਂ ਉਹਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਥਾਪਤ ਕਰਵਾਈ ਸੀ। ਇਸ ਤੋਂ ਇਲਾਵਾ ਆਪਨੇ 23 ਹੋਰ ਨਵੇਂ ਕਾਲਜਾਂ ਦੀ ਸਥਾਪਨਾ ਵੀ ਕੀਤੀ ਸੀ।
ਇੱਕ ਪੜ੍ਹਿਆ ਲਿਖਿਆ ਮੁੱਖ ਮੰਤਰੀ ਅਜਿਹੇ ਲੋਕ ਭਲਾਈ ਦੇ ਕੰਮ ਹੀ ਕਰ ਸਕਦਾ ਹੈ। ਉਹਨਾ ਪੰਜਾਬ ਸਕੂਲ ਸਿਖਿਆ ਬੋਰਡ ਦੀ ਵੀ ਸਥਾਪਨਾ ਕੀਤੀ ਸੀ ਤਾਂ ਜੋ ਵਿਦਿਆ ਦਾ ਚਾਨਣ ਫੈਲਾਇਆ ਜਾ ਸਕੇ। ਆਪ ਨੇ ਮਾਸਟਰ ਤਾਰਾ ਸਿੰਘ ਨੂੰ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਇੰਜਿਨੀਅਰਿੰਗ ਕਾਲਜ ਸਥਾਪਤ ਕਰਨ ਵਿਚ ਪੂਰਨ ਸਹਿਯੋਗ ਦਿੱਤਾ ਸੀ ਅਤੇ ਆਪ ਇਸ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਵੀ ਰਹੇ। ਉਹਨਾ ਨੂੰ ਸ਼ੰਕਾ ਸੀ ਕਿ ਦੇਸ਼ ਦੇ ਸਿਆਸੀ ਅਦਾਰੇ, ਨਿਆਂ ਪਾਲਿਕਾ ਅਤੇ ਐਡਮਨਿਸਟਰੇਸ਼ਨ ਵਿੱਚ ਜੇਕਰ ਸੁਧਾਰ ਨਾ ਕੀਤਾ ਗਿਆ ਤਾਂ ਇਹਨਾ ਵਿੱਚ ਨਿਘਾਰ ਆ ਜਾਵੇਗਾ ਅਤੇ ਭਰਿਸ਼ਟਾਚਾਰ ਅਤੇ ਵਿਤਕਰੇ ਬਹੁਤ ਵਧ ਜਾਣਗੇ ਤੇ ਇਹ ਸਾਰਾ ਕੁਝ ਅੱਜ ਸੱਚ ਸਾਬਤ ਹੋ ਰਿਹਾ ਹੈ। ਅਸਲ ਵਿੱਚ ਅਕਾਲੀ ਦਲ ਦੀ ਸਿਆਸਤ ਵਿੱਚ ਬਹੁਤਾ ਪੜ੍ਹਿਆ ਲਿਖਿਆ ਹੋਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਪੜ੍ਹਿਆ ਲਿਖਿਆ ਵਿਅਕਤੀ ਅਕਾਲੀ ਦਲ ਦੀ ਸਿਆਸਤ ਵਿੱਚ ਟਿਕ ਨਹੀਂ ਸਕਦਾ ਕਿਉਂਕਿ ਜਥੇਦਾਰ ਦਲੀਲ ਦੀ ਭਾਸ਼ਾ ਨਹੀਂ ਸਮਝਦੇ ਸਗੋਂ ਜੋਰ ਜਬਰਦਸਤੀ ਵਿੱਚ ਵਿਸਵਾਸ਼ ਰੱਖਦੇ ਹਨ, ਇਸੇ ਕਰਕੇ ਜਸਟਿਸ ਗੁਰਨਾਮ ਸਿੰਘ ਥੋੜ੍ਹਾ ਸਮਾਂ ਹੀ ਮੁੱਖ ਮੰਤਰੀ ਦੇ ਅਹੁਦੇ ਤੇ ਟਿਕ ਸਕੇ। ਦੁੱਖ ਇਸ ਗੱਲ ਦਾ ਹੈ ਕਿ ਕਿਸ ਵੀ ਅਕਾਲੀ ਮੁੱਖ ਮੰਤਰੀ ਨੇ ਆਪਦੇ ਪਦ ਚਿੰਨ੍ਹਾਂ ਤੇ ਚਲਣ ਦੀ ਕੋਸ਼ਿਸ਼ ਨਹੀਂ ਕੀਤੀ। ਆਪ ਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਨੇ ਆਪਨੂੰ ਭਾਰਤ ਦਾ ਆਸਟਰੇਲੀਆ ਵਿੱਚ ਹਾਈ ਕਮਿਸ਼ਨਰ ਲਾ ਦਿੱਤਾ ਗਿਆ ਪ੍ਰੰਤੂ ਆਪ 31 ਮਈ 1973 ਨੂੰ ਇੱਕ ਹਵਾਈ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ।

Send this to a friend