ਪੰਜਾਬ ਇਸ ਸਮੇਂ ਗੰਭੀਰ ਸੰਕਟ ਵਿੱਚ ਘਿਰਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਆਪਣੇ ਹਿੱਤ ਵਿੱਚ ਕਰਨ ਲਈ ਨਵੇਂ-ਨਵੇਂ ਨਾਅਰੇ ਲਾ ਰਹੀਆਂ ਹਨ ਪ੍ਰੰਤੂ ਹਾਲੇ ਤੱਕ ਪੰਜਾਬ ਦੇ ਉਭਾਰ ਲਈ ਕੋਈ ਪੁਖਤਾ ਪ੍ਰੋਗਰਾਮ ਸਾਹਮਣੇ ਨਹੀਂ ਆਇਆ। ਪੰਜਾਬ ਵਿੱਚ ਰਾਜਨੀਤੀ ਸਿਰਫ ਕੁਰਸੀ ਦਾ ਖੇਲ ਬਣ ਗਈ ਹੈ। ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਕਿਸੇ ਕੋਲ ਕੋਈ ਸੋਚ ਨਹੀਂ ਹੈ। ਚੋਣ ਸਰਗਰਮੀਆਂ ਲਈ ਬੇਸ਼ੁਮਾਰ ਸਾਧਨ ਅਤੇ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ। ਮੀਡੀਆ ਰਾਹੀਂ ਹਰ ਪਾਰਟੀ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਮੁਖਾਤਿਬ ਹੋ ਰਹੀ ਹੈ। ਉਨ੍ਹਾਂ ਨੂੰ ਸਿਰਫ ਮੁੱਖ ਮੰਤਰੀ ਦੀ ਕੁਰਸੀ ਹੀ ਦਿੱਸਦੀ ਹੈ, ਜਿਸ ਲਈ ਉਹ ਸਿਰ ਪਰਨੇ ਦੌੜ ਲੱਗੀ ਰਹਿੰਦੀ ਹੈ। ਇਸ ਦੌੜ ‘ਚ ਪੰਜਾਬ ਜਾਂ ਪੰਜਾਬ ਦੇ ਲੋਕ ਕਿਸੇ ਨੂੰ ਯਾਦ ਨਹੀਂ। ਕਿਸੇ ਵੀ ਸਿਆਸੀ ਪਾਰਟੀ ਵੱਲੋਂ ਸਮੁੱਚੇ ਪੰਜਾਬ ਨੂੰ ਸੰਬੋਧਨ ਹੋ ਕੇ ਕੁਝ ਨਹੀਂ ਆਖਿਆ ਜਾਂਦਾ। ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਵਰਗਾਂ, ਜਾਤਾਂ ਅਤੇ ਛੋਟੇ-ਛੋਟੇ ਟੁੱਕੜਿਆਂ ‘ਚ ਵੰਡ ਕੇ ਵੋਟਾਂ ਹਾਸਲ ਕਰਨ ਦੇ ਚੱਕਰ ਵਿੱਚ ਰਹਿੰਦੀਆਂ ਹਨ। ਪਿਛਲੇ ਕਈ ਦਹਾਕਿਆਂ ਤੋਂ ਇਹੋ ਰਣਨੀਤੀ ਚੱਲ ਰਹੀ ਹੈ। ਇਸ ਰਣਨੀਤੀ ਹੇਠ ਹੀ ਸਿਆਸੀ ਪਾਰਟੀਆਂ ਕਿਸੇ ਨਾ ਕਿਸੇ ਤਰ੍ਹਾਂ ਸੱਤਾ ਦੇ ਗਲਿਆਰਿਆਂ ਤੱਕ ਪਹੁੰਚ ਜਾਂਦੀਆਂ ਹਨ। ਹਰ ਇੱਕ ਨੂੰ ਆਪਣੀ ਜਾਤ ਜਾਂ ਭਾਈਚਾਰੇ ਦੀ ਫ਼ਿਕਰ ਹੈ। ਚੋਣਾਂ ਸਮੇਂ ਦੇਸ਼ ਅਤੇ ਸੂਬਾ ਵਿਸਰ ਜਾਂਦਾ ਹੈ। ਸੂਬੇ ਦੀ ਭਲਾਈ ਨੂੰ ਸਿਰਫ਼ ਉਦੋਂ ਹੀ ਯਾਦ ਕੀਤਾ ਜਾਂਦਾ ਹੈ, ਜਦੋਂ ਕੋਈ ਸੰਕਟ ਦਰਵਾਜ਼ੇ ‘ਤੇ ਆ ਖੜ੍ਹਦਾ ਹੈ। ਪੰਜਾਬ ‘ਚ ਸਥਿਤੀ ਇਸ ਤੋਂ ਵੱਖਰੀ ਨਹੀਂ ਹੈ। ਕਿਸੇ ਵੀ ਸਿਆਸੀ ਪਾਰਟੀ ਦੇ ਏਜੰਡੇ ਉੱਪਰ ਸਮੁੱਚੇ ਤੌਰ ‘ਤੇ ਪੰਜਾਬ ਦੀ ਭਲਾਈ ਨਜ਼ਰ ਨਹੀਂ ਆ ਰਹੀ। ਇਸ ਪਹੁੰਚ ਕਾਰਨ ਹੀ ਪੰਜਾਬ ਲਈ ਕੋਈ ਨਹੀਂ ਸੋਚ ਰਿਹਾ। ਅਜਿਹੇ ਸਮਿਆਂ ‘ਚ ਪੰਜਾਬ ਲਈ ਸੁਪਨੇ ਸਿਰਜਣ ਦੀ ਪਹਿਲਕਦਮੀ ਕੌਣ ਲਵੇ? ਪੰਜਾਬ ਦੀਆਂ ਸਮੱਸਿਆਵਾਂ, ਪੰਜਾਬ ਦੇ ਸੰਕਟ, ਪੰਜਾਬ ਦੀਆਂ ਲੋੜਾਂ, ਪੰਜਾਬ ਦੇ ਸੁਪਨੇ ਸਿਆਸੀ ਏਜੰਡੇ ‘ਤੇ ਕਿਉਂ ਨਹੀਂ ਆ ਰਹੇ? ਇਸ ਲਈ ਸਿਰਫ਼ ਸਿਆਸੀ ਨੇਤਾ ਹੀ ਜ਼ਿੰਮੇਵਾਰ ਨਹੀਂ ਹਨ। ਇਸ ਜੁਰਮ ਦੇ ਅਸੀਂ ਖੁੱਦ ਵੀ ਬਰਾਬਰ ਹਿੱਸੇਦਾਰ ਹਾਂ। ਸਾਨੂੰ ਵੀ ਪੰਜਾਬ ਤੋਂ ਪਹਿਲਾਂ ਆਪਣਾ ਧੜਾ ਪਿਆਰਾ ਹੈ। ਧੜਿਆਂ ਦੀ ਭਲਾਈ ਲਈ ਜਾਂ ਧੜਿਆਂ ਦੇ ਹਿੱਤਾਂ ਲਈ ਅਸੀਂ ਇੱਕ ਨਹੀਂ ਹਜ਼ਾਰਾਂ ਪੰਜਾਬ ਕੁਰਬਾਨ ਕਰ ਸਕਦੇ ਹਾਂ। ਅਜਿਹੇ ਸਮੇਂ ਵਿੱਚ ਫਿਰ ਪੰਜਾਬ ਲਈ ਕੌਣ ਸੋਚੇ? ਪੰਜਾਬ ਲਈ ਸੁਪਨੇ ਕੌਣ ਲਵੇ? ਪੰਜਾਬ ਸਿਰਫ਼ ਸੁਪਨਿਆਂ ਦੀ ਤਾਮੀਰ ਕੌਣ ਕਰੇ? ਜ਼ਾਹਰ ਹੈ ਕੋਈ ਵੀ ਬਾਹਰ ਤੋਂ ਆ ਕੇ ਸਾਡੇ ਲਈ ਸੁਪਨੇ ਨਹੀਂ ਲਵੇਗਾ। ਨਾ ਹੀ ਸਾਡੇ ਸੁਪਨਿਆਂ ਦੀ ਤਾਮੀਰ ਲਈ ਕਿਸੇ ਦੂਸਰੇ ਨੂੰ ਆਪਣੀਆਂ ਰਾਤਾਂ ਦੀ ਨੀਂਦ ਖਰਾਬ ਕਰਨ ਦੀ ਜ਼ਰੂਰਤ ਹੈ। ਜੇਕਰ ਪੰਜਾਬ ਸਾਡੇ ਦਿਲ ਵਿੱਚ ਵਸਦਾ ਹੈ। ਜੇਕਰ ਪੰਜਾਬ ਦੀ ਮਿੱਟੀ ਸਾਡੇ ਸਾਹਾਂ ‘ਚ ਖੁਸ਼ਬੂ ਵਿਖੇਰਦੀ ਹੈ, ਤਦ ਸਾਨੂੰ ਖੁੱਦ ਹੀ ਪੰਜਾਬ ਲਈ ਵੱਡੇ-ਵੱਡੇ ਸੁਪਨੇ ਲੈਣੇ ਪੈਣਗੇ। ਇਨ੍ਹਾਂ ਸੁਪਨਿਆਂ ਦੀ ਤਾਮੀਰ ਲਈ ਸਾਨੂੰ ਖੁੱਦ ਹੀ ਅੱਗੇ ਆਉਣਾ ਹੋਵੇਗਾ। ਜੇਕਰ ਸਾਡੀ ਤਰਜੀਹ ਪੰਜਾਬ ਬਣਦਾ ਹੈ, ਤਾਂ ਕਿਸੇ ਸਿਆਸੀ ਪਾਰਟੀ ਦੀ ਹਿੰਮਤ ਨਹੀਂ ਕਿ ਉਹ ਇਸ ਨੂੰ ਆਪਣੇ ਏਜੰਡੇ ਉੱਪਰ ਨਾ ਰੱਖੇ। ਪੰਜਾਬ ਲਈ ਵੱਡੇ ਸੁਪਨਿਆਂ ਦੀ ਤਾਮੀਰ ਤਦ ਹੀ ਹੋ ਸਕਦੀ ਹੈ, ਜੇਕਰ ਅਸੀਂ ਪੰਜਾਬ ਨੂੰ ਮੁੜ ਜਿਊਂਦਾ ਕਰਨ ਲਈ ਗੂੜ੍ਹੀ ਨੀਂਦ ‘ਚੋਂ ਜਾਗ ਪਈਏ। ਜਾਗਣ ਦਾ ਇਹ ਸਹੀ ਵਕਤ ਹੈ, ਬਹੁਤ ਦੇਰ ਹੋ ਚੁੱਕੀ ਹੈ। ਆਓ, ਪੰਜਾਬ ਲਈ ਵੱਡੇ ਸੁਪਨੇ ਲਈਏ ਅਤੇ ਸਿਆਸੀ ਪਾਰਟੀਆਂ ਨੂੰ ਅਜਿਹੇ ਸੁਪਨਿਆਂ ਨੂੰ ਅਪਣਾਉਣ ਲਈ ਮਜਬੂਰ ਕਰ ਦੇਈਏ। ਯਾਰੋ, ਚੋਣਾਂ ਦਾ ਵਕਤ ਹੈ ਕੀ ਵੋਟਾਂ ਦੀ ਹਵਸ ਦੇ ਸ਼ਿਕਾਰ ਬਦਹਵਾਸ ਸਿਆਸਤਦਾਨ ਸਾਡੇ ਸੁਪਨਿਆਂ ਨੂੰ ਠੁਕਰਾਉਣ ਦੀ ਹਿੰਮਤ ਰੱਖਦੇ ਹਨ?
– ਬਲਜੀਤ ਸਿੰਘ ਬਰਾੜ