May 25, 2026 9:01 pm

ਭਾਰਤੀ ਔਰਤ-ਅੱਜ ਦੇ ਸੰਦਰਭ ਵਿੱਚ

ਜੇਕਰ ਕਿਸੇ ਸਮਾਜ ਜਾਂ ਦੇਸ਼ ਦੀ ਉਨਤੀ ਦਾ ਸਹੀ ਮੁਲਆਂਕਣ ਕਰਨਾ ਹੋਵੇ ਤਾਂ ਇਸ ਦਾ ਅੰਦਾਜਾ ਉਸ ਸਮਾਜ ਵਿੱਚ ਔਰਤ ਦੀ ਸਥਿਤੀ ਤੋਂ ਲਗਾਇਆ ਜਾ ਸਕਦਾ ਹੈ। ਇਸੇ ਲਈ ਸ਼ਇਦ ਨੈਪੋਲੀਅਨ ਨੇ ਇਸ ਗਹਿਰਾਈ ਨੂੰ ਸਮਝਦਿਆਂ ਹੋਇਆ ਇਹ ਨਾਅਰਾ ਦਿੱਤਾ ਸੀ ਕਿ “ਤੁਸੀ ਮੈਨੂੰ ਸ਼ਕਤਾਲੀ ਮਾਂਵਾ ਦਿਉ , ਮੈਂ ਤਹਾਨੂੰ ਸ਼ਕਤੀਸ਼ਾਲੀ ਰਾਸ਼ਟਰ ਦਾ ਨਿਰਮਾਣ ਕਰਕੇ ਦਿਖਾਂਵਾਗਾ ਰਾਸ਼ਟਰ “ਅਤੇ ਉਸ ਨੇ ਇਹ ਕਥਨ ਸੱਚ ਸਾਬਿਤ ਕਰਕੇ ਵਿਖਾਏ। ਕਿਸੇ ਵੀ ਰਾਸ਼ਟਰ ਦੀ ਤਹਿਜੀਬ ,ਸੱਭਿਅੱਤਾ ਅਤੇ ਵਿਕਾਸ ਉਸ ਰਾਸ਼ਟਰ ਦੀਆਂ ਜਨਨੀਆਂ ਦੇ ਹੱਥ ਹੀ ਹੁੰਦਾ ।
ਅੱਜ ਦੇ ਸੰਦਰਭ ਵਿੱਚ ਜੇਕਰ ਭਾਰਤੀ ਔਰਤਾਂ ਦੀ ਸਥਿਤੀ ਦਾ ਜਾਇਜਾ ਲਿਆ ਜਾਵੇ ਤਾਂ ਉਸ ਦੀ ਸਥਿਤੀ ਮਰਦ ਦੇ ਮੁਕਾਬਲਤਨ ਕਾਫੀ ਕਮਜੋਰ ਹੈ ਜੋ ਕੇ ਚਿੰਤਾ ਅਤੇ ਚਿੰਤਨ ਦੋਹਾਂ ਦਾ ਹੀ ਵਿਸ਼ਾ ਹੈ। ਭਾਰਤੀ ਔਰਤ ਜਨਮ ਤੋਂ ਪਹਿਲਾਂ ਅਤੇ ਰਹਿੰਦੀ ਜਿੰਦਗੀ ਤੱਕ ਨਾ- ਬਰਾਬਰੀ, ਭੇਦ-ਭਾਵ ਅਤੇ ਵਿਤਕਰੇ ਜਿਨਸੀ ਸ਼ੋਸ਼ਣ ਅਤੇ ਹਿੰਸਾ ਦੀ ਸ਼ਿਕਾਰ ਹੋ ਰਹੀਆਂ ।ਦੁਨੀਆਂ ਭਰ ਦੇ ਦੇਸ਼ਾ ਅਤੇ ਸਮਾਜਾਂ ਵਿੱਚ ਔਰਤਾਂ ਦੇ ਹਲਾਤ ਉਸ ਦੇ ਮਰਦ ਹਮਰੁਤਬਾ ਦੇ ਬਰਾਬਰ ਨਹੀ ਹਨ, ਪ੍ਰੰਤੂ ਫਿਰ ਵੀ ਪੱਛਮੀ ਦੇ- ਸ਼ਾਂ ਅਤੇ ਤਾਲੀਮਯਾਫਤਾ ਸਮਾਜਾਂ ਵਿੱਚ ਔਰਤ ਦੀ ਦਸ਼ਾ ਕੁਝ ਠੀਕ ਹੈ। ਯੂ. ਐਨ. ਓ ਦੀ ਪ੍ਰਰਿਭਾਸ਼ਾ ਅਨੁਸਾਰ “ਕਿਸੇ ਵੀ ਔਰਤ ਖਿਲਾਫ ਲਿੰਗ ਅਧਾਰਿਤ ਹਿੰਸਾ ਜਿਸ ਦਾ ਨਤੀਜਾ ਸਰੀਰਕ, ਜਿਨਸੀ ਜਾਂ ਮਾਨਸਿਕ ਉਤਪੀੜਨ ਹੰਦਾ ਹੋਵੇ ਜਾਂ , ਜਿਸ ਦੇ ਕਾਰਨ ਔਰਤ ਦੀ ਅਜਾਦੀ ਜਾਂ ਸਮਾਨਤਾ ਦਾ ਘਾਣ ਹੁੰਦਾ ਹੋਵੇ ਉਸ ਨੂੰ ਔਰਤ ਵਿਰੁੱਧ ਹਿੰਸਾ ਕਿਹਾ ਜਾਂਦਾ ਹੈ“। ਯੂ.ਐਨ.ਓ ਦੀ ਇੱਕ ਰਿਪੋਰਟ ਅਨੁਸਾਰ ਸਾਲ 2017 ਵਿੱਤ ਤਕਰੀਬਨ 87000 ਔਰਤਾਂ ਨੂੰ ਜਾਣ-ਬੁਝ ਕੇ ਕਤਲ ਕੀਤਾ ਗਿਆ ਜਿੰਨਾ ਵਿੱਚੋ ਤਕਰੀਹਨ ਅੱਧ ਨਾਲੋ ਜਿਆਦਾ 50000 (58 ਪ੍ਰਤੀਸ਼ਤ)ਆਪਣੇ ਹੀ ਜੀਵਣ-ਸਾਥੀ ਜਾਂ ਪ੍ਰਰਿਵਾਰਿਕ ਮੈਂਬਰਾਂ ਦੁਆਰਾ ਹੀ ਕਤਲ ਕੀਤੀਆਂ ਗਈਆਂ। ਹਰ ਰੋਜ਼ ਤਕਰੀਬਨ 137 ਔਰਤਾਂ ਆਪਣੇ ਹੀ ਪਰਿਵਾਰਕ ਮੈਬਰਾਂ ਦੁਆਰਾ ਕਤਲ ਕੀਤੀਆਂ ਜਾਦੀਆਂ ਹਨ, 35 ਪ੍ਰਤਿਸ਼ਤ ਔਰਤਾਂ ਦੁਨੀਆਂ ਭਰ ਵਿੱਚ ਸ਼ਰੀਰਕ ਜਾਂ ਯੋਨ ਉਤਪੀੜਤ ਦਾ ਸ਼ਿਕਾਰ ਹੁੰਦੀਆਂ ਹਨ। 51 ਪ੍ਰਤੀਸ਼ਤ ਔਰਤਾਂ ਦੇਹ ਵਪਾਰ ਦੇ ਨਰਕ ਵਿੱਚ ਧੱਕੇਲੀਆਂ ਜਾਂਦੀਆਂ ਹਨ। ਜੇ ਇਸ ਵਿੱਚ ਅੱਲੜ ਲ਼ੜਕੀਆਂ ਅਤੇ ਬੱਚੀਆਂ ਨੂੰ ਵੀ ਸ਼ਾਮਿਲ ਕਰ ਲਿਆ ਜਾਵੇ ਤਾਂ ਇਹ ਅੰਕੜੇ 71 ਪ੍ਰਤੀਸ਼ਤ ਬਣ ਜਾਂਦੇ ਹਨ। ਦੁਨੀਆਂ ਭਰ ਵਿੱਚ 3 ਔਰਤਾਂ ਪਿੱਛੇ 1 ਔਰਤ ਪੂਰੀ ਜਿੰਦਗੀ ਵਿੱਚ ਕਿਸੇ ਨਾ ਕਿਸੇ ਤਰਾਂ ਦਾ ਸਰੀਰਕ ਜਾਂ ਜਿਸਮਾਨੀ ਸ਼ੋਸ਼ਣ ਬਰਦਾਸ਼ਤ ਕਰਦੀ ਹੈ।ਦੁਨੀਆਂ ਭਰ ਦੇ ਦਾਰਸ਼ਨਿਕ, ਸਮਾਜ-ਵਿਗਿਆਨੀ,ਮਨੋਵਿਆਨਿਕ ਅਤੇ ਸਮਾਜ -ਸੇਵੀ ਸੰਸਥਾਵਾ ਮਨੁੱਖ ਦੇ ਆਪਣੇ ਹੀ ਇਸ ਨਸਲ ਦੇ ਜੀਵ ਪ੍ਰਤੀ ਇਸ ਨਫਰਤ ਤੇ ਹਿੰਸਾ ਦੇ ਕਾਰਨ ਲੱਭਣ ਦੀ ਅਣਥੱਕ ਮਿਹਨਕ ਕਰ ਰਹੇ ਹਨ ਪ੍ਰੰਤੂ ਉਹ ਅਜੇ ਉਸ ਧਰਾਤਲ ਤੇ ਨਹੀ ਪੁਹੰਚੇ ਜਿੱਥੇ ਇਸ ਸਾਰੇ ਘਟਨਾ-ਕ੍ਰਮ ਦੇ ਸਾਰੇ ਪ੍ਰਸ਼ਨਾਂ ਦੇ ਉਤਰ ਉਪਲਬੱਧ ਹੋਣ ।ਇਸ ਸਬੰਧੀ ਕਾਫੀ ਸਮਾਜਿਕ ਤੇ ਮਨੋਵਿਗਿਆਨਿਕ ਸਿਧਾਂਤ ਤਾਂ ਦਿੱਤੇ ਗਏ ਹਨ ਜਿਵੇਂ ਨਾਰੀ-ਵਾਦੀ ਸਿਧਾਂਤ ਜੋ 1970 ਦੇ ਦਹਾਕੇ ਵਿੱਚ ਹੋਂਦ ਵਿੱਚ ਆਇਆ। ਇਸ ਸਿਧਾਂਤ ਅਨੁਸਾਰ ਔਰਤਾਂ ਵਿਰੁੱਧ ਜਿਨੇ ਵੀ ਅਪਰਾਧ ਜਾਂ ਵਿਤਕਰੇ ਹਨ ਉਹਨਾਂ ਦੀ ਮੂਲ-ਜੜ “ ਲਿੰਗ ਅਤੇ ਲਿੰਗ ਅਧਾਰਤ ਕੰਮ-ਵੰਡ ਅਤੇ ਸ਼ਕਤੀ ਦੀ ਕਾਣੀ ਵੰਡ“ ਹੈ।ਜਿਸ ਕਾਰਨ ਮਰਦ ਦਾ ਪਰਿਵਾਰਿਕ, ਸਮਜਿਕ ,ਅਰਥਚਾਰਿਕ ਅਤੇ ਹੋਰ ਸੰਸਥਾਵਾਂ ਉਪਰ ਮਰਦ ਦਾ ਦਬਦਬਾ ਹੈ ਜੋ ਨਾ-ਬਰਾਬਰੀ, ਵਿਤਕਰੇ ਅਤੇ ਹਿੰਸਾ ਨੂੰ ਜਨਮ ਦਿੰਦਾ ਹੈ।
ਸਮਾਜਿਕ ਅਤੇ ਮਨੋਵਿਗਿਆਨਕ “ਸਿਧਾਂਤ ਇਹ ਮੰਨਦਾ ਹੈ ਕਿ ਔਰਤ ਉਪਰ ਹੁੰਦੇ ਜਬਰ ਦੇ ਇੰਤਹਾ ਦੀ ਤਸਵੀਰ ਨੂੰ ਸਮਝਣ ਲਈ ਸਾਨੂੰ ਉਹਨਾਂ ਬਾਹਰੀ ਤਾਕਤਾਂ ਨੂੰ ਸਮਝਣਾ ਚਾਹੀਦਾ ਹੈ ਜੋ ਉਸ ਸਮਾਜ ਦੇ ਪ੍ਰਾਣੀ ਦੇ ਵਿਅਕਤੀਤਵ ਦੀ ਸੰਰਚਨਾ ਕਰਦੇ ਹਨ। ਇਹਨਾਂ ਸਿਧਾਤਾਂ ਦੀ ਜੜ ਸਿਗਮੰਡ ਫਰਇਡ ਦੇ ਸਿਧਾਤਾਂ ਵਿੱਚ ਹੈ ਜੋ 1939 ਵਿੱਚ ਡੋਲਾਰਡ ਦੁਆਰਾ ਪ੍ਰੀਭਾਸ਼ਤ ਕੀਤੇ ਗਏ ਸਨ। ਇਹਨਾਂ ਸਿਧਾਤਾਂ ਵਿੱਚ ਨਿਰਾਸ਼ਾ-ਆਕਰਮਣ ਸਿਧਾਂਤ,ਅਚਾਰ-ਭ੍ਰਿਸ਼ਟਤਾ ਦਾ ਸਿਧਾਂਤ, ਸਵੈ-ਰਵੱਇਆ ਸਿਧਾਂਤ ਆਦਿ ਆਉਦੇ ਹਨ।
ਜੇਕਰ ਗੱਲ ਕਰੀਏ ਭਾਰਤੀ ਔਰਤ ਦੀ ਤਾਂ ਉਸ ਦੀ ਦਸ਼ਾ ਕੋਈ ਬਹੁਤ ਚੰਗੇਰੀ ਨਹੀ ਹੈ । ਕਿਸੇ ਵੀ ਸਮਾਜ ਵਿੱਚ ਉਸ ਵਿੱਚ ਰਹਿਣ ਵਾਲੇ ਬਸ਼ੰਦਿਆਂ ਦੇ ਹਲਾਤ ਉਸ ਦੇ ਸਮਾਜਿਕ ਤਾਣੇ-ਬਾਣੇ ਉਪਰ ਨਿਰਭਰ ਕਰਦਾ ਹੈ। ਜਿੱਥੇ ਪੱਛਮੀ ਸਮਾਜਾਂ ਦੀ ਦਰਜਾ- ਬੰਦੀ ਜਮਾਤੀ ਦਰਜਾਬੰਦੀ ਤੇ ਅਧਾਰਤ ਹੈ ਉਸ ਦੇ ਵਿਪਰੀਤ ਭਾਰਤੀ ਸਮਾਜ ਦੀ ਦਰਜਾਬੰਦੀ ਦਾ ਅਧਾਰ ਜਾਤ ਹੈ। ਬਹੁਤ ਸਾਰੇ ਧਰਮ ਅਤੇ ਜਾਤਾਂ-ਪਾਤਾਂ ਹੋਣ ਕਾਰਨ ਹਰ ਧਰਮ ਅਤੇ ਜਾਤ ਦੇ ਆਪਣੇ-ਆਪਣੇ ਸੱਭਿਆਚਾਰ ਅਤੇ ਰੀਤੀ- ਰਿਵਾਜ ਹਨ ਇਹ ਰੀਤੀ- ਰਿਵਾਜ ਅਤੇ ਸੱਭਿਆਚਾਰ ਹੀ ਔਰਤ ਲਈ ਨਿਯਮ ਅਤੇ ਵਿਹਾਰ ਨਿਰਧਾਰਿਤ ਕਰਦੇ ਹਨ ਜਿਨਾ ਦੀ ਉਤਪਤੀ ਕਿਤੇ ਨਾ ਕਿਤੇ ਧਰਮ ਵਿੱਚੋ ਹੀ ਉਪਜਦੀ ਹੈ। ਭਗਤੀ ਲਹਿਰ ਔਰਤਾਂ ਦੀ ਦੁਰਦਸ਼ਾ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁਧ ਅਵਾਜ਼ ਉਠਾਈ ਪ੍ਰੰਤੂ ਇਹਨਾਂ ਬੁਰਾਈਆ ਵਿੱਚੇ ਕੁਝ ਦਾ ਖਾਤਮਾ ਅੰਗਰੇਜੀ ਹਕੂਮਤ ਵੇਲੇ ਸਮਾਜ-ਸੁਧਾਰਕ ਲਹਿਰਾਂ ਨਾਲ ਹੋਇਆ ਜਿਵੇ ਸਤੀ ਪ੍ਰਥਾ ਦਾ ਅੰਤ,ਵਿਦਿਆ ਅਤੇ ਦੁਬਾਰਾ ਵਿਆਹ ਕਰਨ ਦਾ ਅਧਿਕਾਰ ਆਦਿ ਇਹ ਸਮਾਜ ਸੁਧਾਰ ਅੰਦੋਲਨ ਪੰਡਿਤ ਵਿਦਿਆ ਸਾਗਰ, ਰਾਜਾ ਰਾਮ ਮੋਹਨ ਰਾਏ, ਮਹਾਤਮਾ ਜੋਤੀ ਬਾ-ਫੂਲੇ ,ਸਵਾਮੀ ਵਿਵੇਕਾਨੰਦ, ਅਤੇ ਸਵਾਮੀ ਦਯਾਨੰਦ ਸਰਸਵਤੀ ਦੇ ਯਤਨਾਂ ਨਾਲ ਸੰਭਵ ਹੋਏ । ਸੰਵਿਧਾਨ ਦੇ ਹੋਂਦ ਵਿੱਚ ਆਉਣ ਨਾਲ ਔਰਤਾਂ ਨੂੰ ਸਮਾਨਤਾ, ਵੋਟ ਦੇਣ ਦਾ ਅਧਿਕਾਰ,ਸੁਰਖਿਆ ਆਦਿ ਅਧਿਕਾਰ ਪ੍ਰਾਪਤ ਹੋਏ ।ਜਿਸ ਕਾਰਨ ਔਰਤ ਦੀ ਸਥਿਤੀ ਵਿੱਚ ਕੁਝ ਸੁਧਾਰ ਤਾਂ ਜ਼ਰੂਰ ਹੋਇਆ।
ਅਜਾਦੀ ਦੇ 72 ਵਰੇ ਬੀਤ ਜਾਣ ਉਪਰੰਤ ਵੀ ਭਾਰਤੀ ਔਰਤ ਦੇ ਹਲਾਤ ਕੁਝ ਤਸੱਲੀਬਖ਼ਸ਼ ਨਹੀ ਹੈ। ਸਾਲ 2011 ਦੀ ਜਨ-ਗਣਨਾਂ ਅਨੁਸਾਰ ਭਾਰਤ ਦੀ ਕੁਲ ਅਬਾਦੀ 121.06 ਕਰੋੜ ਹੈ ਅਤੇ 62.33 ਕਰੋੜ ਭਾਵ 47.2 ਪ੍ਰਤੀਸ਼ਤ ਔਰਤਾਂ,52.8 ਮਰਦ ਹਨ। ਜਿੱਥੇ ਮਰਦਾਂ ਦੀ ਸਾਖਰਤਾ 80.9 ਹੈ ਉਥੇ ਔਰਤਾ ਦੀ ਇਹ ਦਰ 64.6 ਪ੍ਰਤੀਸ਼ਤ ਹੈ। 1000 ਮਰਦਾਂ ਦੇ ਪਿੱਛੇ 943 ਔਰਤਾਂ ਹਨ 0-6 ਸਾਲ ਦੀਆਂ ਬੱਚੀਆਂ ਦੀ ਇਹ ਦਰ 918 ਰਹਿ ਜਾਂਦੀ ਹੈ। ਹੁਣ ਜੇਕਰ ਗੱਲ ਕਰੀਏ ਭਾਰਤੀ ਔਰਤਾਂ ਖਿਲਾਫ ਜੁਲਮ ਜਾਂ ਅਨਿਆਏ ਦੀ ਤਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਤਾਂ ਆਪਣੇ ਹੀ ਪਤੀ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਵੱਲੋ ਹੀ ਔਰਤਾਂ 110378 ਅਪਰਾਧਿਕ ਕੇਸ ਦਰਜ ਹੋਏ ਪੱਛਮੀ ਬੰਗਾਲ ਵਿੱਚ 19302, ਰਾਜਸਥਾਨ ਵਿੱਚ 13811 ਅਤੇ ਯੂ. ਪੀ ਵਿੱਚ 11156 ਕੇਸ ਦਰਜ ਹੋਏ। 84746 ਕੇਸ ਕਿਸੇ ਔਰਤ ਦੀ ਪੱਤ ਲੁੱਟਣ ਦੀ ਕੋਸ਼ਿਸ਼ ਤਹਿਤ ਦਰਜ ਹੋਏ ਮਹਰਾਸ਼ਟਰ ਵਿੱਚ 11396 ਕੇਸ, ਯੂ. ਪੀ ‘ਚ 11335 ਅਤੇ ਮੱਧ ਪ੍ਰਦੇਸ਼ ਵਿੱਚ 8717 ਕੇਸ ਦਰਜ ਹੋਏ। ਅਪਹਰਣ ਦੇ ਕੁੱਲ 64519 ਕੇਸ ਦਰਜ ਹੋਏ ਜਿਸ ਵਿੱਚ ਯੂ.ਪੀ 12994 ਕੇਸ ,ਮਾਹਰਸ਼ਟਰ 6170 ਕੇਸ ਅਤੇ ਬਿਹਾਰ ਵਿੱਚ 5496 ਕੇਸ ਰਜਿਸਟਰ ਕੀਤੇ ਗਏ। ਜਬਰ-ਜਿਨਾਹ ਦੇ ਕੁੱਲ 38947 ਕੇਸ ਦਰਜ ਕੀਤੇ ਗਏ ਮੱਧ ਪ੍ਰਦੇਸ਼ 4882, ਯੂ.ਪੀ 4816 ਅਤੇ ਮਾਹਰਾਸ਼ਟਰ ਵਿੱਚ 4189 ਕੇਸ ਇੰਦਰਾਜ ਕੀਤੇ ਗਏ। ਸਾਲ 2012 ਦਿੱਲੀ ਵਿੱਚ ਹੋਏ ਨਿਰਭਿਆ ਰੇਪ ਕੇਸ ਨੇ ਪੂਰੇ ਦੇਸ਼ ਦੀ ਰੂਹ ਨੂੰ ਝੰਜੋੜ ਦਿੱਤਾ,ਇਸ ਤੋਂ ਬਾਅਦ ਕਠੂਆ ਵਿੱਚ ਅੱਠ ਸਾਲ ਦੀ ਬਾਲੜੀ ਨਾਲ ਜ਼ਬਰ ਜਿਨਾਹ ਤੋ ਬਾਅਦ ਹੱਤਿਆ ਕੀਤੀ ਗਈ । ਯੂ,ਪੀ ਦੇ ਪਿੰਡ ਕੰਡਰਾਲੀ ਅਤੇ ਕੁਸ਼ੀਨਗਰ ਵਿੱਚ ਦੋ ਬੱਚੀਆਂ ਦੀ ਜਬਰ-ਜਿਨਾਹ ਤੇ ਹੱਤਿਆ ਹੋਈ, ਭੋਪਾਲ ਵਿੱਚ 9 ਸਾਲਾ ਦੀ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ।ਆਏ ਦਿਨ ਇਹਨਾਂ ਘਟਨਾਵਾ ਤੋਂ ਇਹ ਸਿੱਧ ਹੁੰਦਾ ਹੈ ਕਿ ਸਾਡੇ ਸਮਾਜ ਵਿੱਚ ਨੈਤਿਕਤਾ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਬੁਰੀ ਤਰਾ ਘਾਣ ਹੋ ਰਿਹਾ ਹੈ । ਇਹ ਅੰਕੜੇ ਉਹ ਹਨ ਜਿੱਥੇ ਔਰਤਾਂ ਨੇ ਨਿਆਂ ਦੀ ਗੁਹਰ ਲਗਾਈ ਜਾਂ, ਮੀਡੀਆ ਵੱਲੋ ਇਹ ਮਸਲੇ ਉਠਏ ਗਏ। ਪਿੰਡਾਂ ਅਤੇ ਦੂਰ-ਦੁਰਾਡੇ ਇਲਾਕੇ ਜੋ ਮੀਡੀਆ ਅਤੇ ਸਰਕਾਰ ਤੋ ਬਹੁਤ ਦੂਰੀ ਤੇ ਹਨ ਉੱਥੇ ਔਰਤਾ ਦੀ ਸੁਰੱਖਿਆ ਦੀ ਸਥਿਤੀ ਕੀ ਹੋ ਸਕਦੀ ਹੈ। ਬਹੁਤ ਲੋਕ ਡਰ ਅਤੇ ਬਦਨਾਮੀ ਕਾਰਨ ਜਾਂ ਹੋਰ ਕਾਰਨਾਂ ਕਰਕੇ ਪੁਲੀਸ ਜਾਂ ਅਦਾਲਤ ਤੱਕ ਪੁਹੰਚ ਹੀ ਨਹੀ ਕਰਦੇ ।ਘਰੇਲੂ ਹਿੰਸਾ ਨੂੰ ਵਿਅਹਤਾ ਜਿੰਦਗੀ ਦਾ ਇੱਕ ਹਿੱਸਾ ਹੀ ਮੰਨਿਆ ਜਾਂਦਾ ਹੈ ਅਤੇ ਨਾ ਜਿਆਦਾਤਰ ਔਰਤਾਂ ਕੋਲ ਸਬਰ ਦਾ ਘੁੱਤ ਭਰਨ ਤੋਂ ਇਲਾਵਾ ਕੋਈ ਚਾਰਾ ਹੀ ਨਹੀ ਰਹਿੰਦਾ, ਮਰਦ ਤੇ ਆਰਥਿਕ ਅਤੇ ਸਮਾਜਿਕ ਨਿਰਭਰਤਾ ਕਾਰਨ ਵੀ ਲੱਖਾਂ ਔਰਤਾਂ ਇਸ ਜਿਆਦਤੀਆਂ ਦੇ ਖਿਲ਼ਾਫ ਕੋਈ ਅਵਾਜ਼ ਨਹੀ ਉਠਾਉਦੀਆਂ। ਇਸੇ ਤਰਾਂ ਪੇਂਡੂ ਖੇਤਰਾਂ ਵਿੱਚ ਔਰਤ ਖਿਲਾਫ ਹੋਈ ਵਧੀਕੀ ਨੂੰ ਪਿੰਡ ਦੀ ਅਖੋਤੀ ਇੱਜਤ, ਡਰ, ਗਰੀਬੀ ਜਾਂ ਮੰਹਿਗੀ ਨਿਆਂਇਕ ਪ੍ਰਣਾਲੀ ਹੋਂਣ ਕਾਰਨ ਚੁੱਪ ਰਹਿਣ ਨੂੰ ਹੀ ਤਹਿਜੀਜ਼ ਦਿੱਤੀ ਜਾਂਦੀ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਪੜੇ- ਲਿਖਿਆ ਵਰਗ ਜੋ ਲੋਕ ਪੁਲੀਸ, ਪ੍ਰਸ਼ਾਸ਼ਨ ਅਤੇ ਨਿਆਂਇਕ ਤੰਤਰ ਦੀ ਸੂਝ-ਬੂਝ ਰੱਖਦਿਆ ਇਸ ਘਨੋਣੀ ਸਮੱਸਿਆ ਵਿਰੁੱਧ ਕਾਨੂੰਨ ਦਾ ਸਹਾਰਾ ਲੈਣ ਤੋ ਕੰਨੀ ਕਤਰਾਉਦਾ ਹੈ ਤਾਂ ਅਨਪੜ, ਪੱਛੜੇ ਸਮਾਜਿਕ ਵਰਗ ਦੀਆਂ ਔਰਤਾਂ ਆਪਣੇ ਬੁਨਿਆਦੀ ਹੱਕਾਂ ਲਈ ਕਿਵੇਂ ਲੜ ਸਕਣਗੀਆਂ ।ਇਹ ਬਹੁਤ ਹੀ ਚਣੋਤੀਪੂਰਵਕ ਅਤੇ ਜਰੂਰੀ ਸਵਾਲ ਹੈ ਜਿਸ ਦਾ ਹੱਲ ਸਾਡੇ ਦੇਸ਼ ਦੇ ਬੁੱਧੀਜੀਵੀ ਵਰਗ, ਸਿਆਸਤਦਾਨਾਂ ,ਨਿਆਪਾਲਕਾ ,ਪੁਲੀਸਤੰਤਰ ਅਤੇ ਅਫਸਰਸ਼ਾਹੀ ਅਤੇ ਖੁਦ ਦੇਸ਼ ਦੇ ਲੋਕਾਂ ਨੂੰ ਹੀ ਕਰਨਾ ਪਵੇਗਾ । ਆਖਿਰਕਾਰ ਇਹ ਦੇਸ਼ ਦੀ ਲੱਗ-ਭੱਗ ਅੱਧੀ ਵਸੇਂ ਦਾ ਮਸਲਾ ਹੈ ਜੇਕਰ ਅਸੀ ਅਬਾਦੀ ਦੇ ਇਸ ਵੱਡੇ ਹਿੱਸੇ ਦਾ ਦੇਸ਼ ਦੇ ਨਿਰਮਾਣ ਅਤੇ ਵਿਕਾਸ ਵਿਚ ਭਾਗੀਦਾਰ ਨਾ ਬਣਾ ਸਕੇ ਤਾਂ ਅਸੀ ਵਿਕਾਸ ਦੀ ਲੀਹ ਤੋਂ ਥਿਰਕ ਜਾਂਵਾਗੇ। ਔਰਤਾਂ ਨੂੰ ਜਿੱਥੇ ਵੀ ਪ੍ਰਤੀਕੂਲ ਹਲਾਤ ਮਿਲੇ ਉਹਨਾਂ ਨੇ ਆਪਣੇ ਹੁਨਰ ਤੇ ਕਾਬਲੀਅਤ ਦਾ ਪੂਰਾ ਲੋਹਾ ਮਨਵਾਇਆ ਹੈ ਔਰਤ ਘਰ ਤੋਂ ਲੈ ਕੇ ਦੇਸ਼ ਤੱਕ ਨੂੰ ਸੰਭਾਲ ਰਹੀਆਂ ਹਨ ਪ੍ਰੰਤੂ ਅਫਸੋਸ ਕਿ ਇਹ ਆਪਣੀ ਆਬਾਦੀ ਦੀ ਪ੍ਰਤੀਸ਼ਤਤਾ ਦਾ ਬਹੁਤ ਨਿਗੂਣਾ ਜਿਹਾ ਹਿੱਸਾ ਹੀ ਹੈ ,ਅਤੇ ਭਾਰਤੀ ਅਬਾਦੀ ਦਾ ਬਹੁਗਿਣਤੀ ਉਹ ਹਿੱਸਾ ਇਹਨਾਂ ਉਪਲਬਦੀਆਂ ਤੇ ਪ੍ਰਪਤੀਆਂ ਤੋਂ ਵਿਹੂਣਾ ਤੇ ਹਾਸ਼ੀਆਗਤ ਹੈ।

Send this to a friend