May 23, 2026 7:14 am

ਪੰਜਾਬ ਸਰਕਾਰ ਦੀ ਲਾਟਰੀ ਨੇ ਹੁਸ਼ਿਆਰਪੁਰ ਦੇ ਅਸ਼ੋਕ ਨੂੰ ਬਣਾਇਆ ‘ਸਮਰਾਟ’

2 ਕਰੋੜ ਇਨਾਮੀ ਰਾਸ਼ੀ ਮਿਲਣ ਬਾਅਦ ਆਪਣਾ ਮਕਾਨ ਬਣਾਇਆ ਤੇ ਕਰਜ਼ਾ ਲਾਹਿਆ
ਚੰਡੀਗੜ – ਹੁਸ਼ਿਆਰਪੁਰ ਦੇ ਪਿੰਡ ਮੋਤੀਆਂ ਵਾਸੀ ਅਸ਼ੋਕ ਕੁਮਾਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਰਾਤੋ ਰਾਤ ਕਰੋੜਪਤੀ ਬਣ ਜਾਵੇਗਾ। ਪੰਜਾਬ ਪੁਲੀਸ ਵਿੱਚ ਕਾਂਸਟੇਬਲ ਵਜੋਂ ਸੇਵਾਵਾਂ ਨਿਭਾਅ ਰਹੇ 30 ਸਾਲਾ ਅਸ਼ੋਕ ਕੁਮਾਰ ਦੀ ਮਾਲੀ ਤੰਗੀਆਂ-ਤੁਰਸ਼ੀਆਂ ਦਾ ਪੰਜਾਬ ਸਰਕਾਰ ਦੇ ਲੋਹੜੀ ਬੰਪਰ-2019 ਨੇ ਅੰਤ ਕਰ ਦਿੱਤਾ ਹੈ, ਜਿਸ ਦੀ ਟਿਕਟ ਖਰੀਦ ਕੇ ਉਹ ਭੁੱਲ ਗਿਆ ਸੀ। ਪੰਜਾਬ ਲਾਟਰੀਜ਼ ਵਿਭਾਗ ਨੇ ਜਦੋਂ 2 ਕਰੋੜ ਰੁਪਏ ਦਾ ਇਨਾਮ ਨਿਕਲਣ ਬਾਰੇ ਫੋਨ ਕੀਤਾ ਤਾਂ ਅਸ਼ੋਕ ਕੁਮਾਰ ਨੂੰ ਯਕੀਨ ਨਾ ਆਇਆ। ਫਿਰ ਉਸ ਨੇ ਲੋਹੜੀ ਬੰਪਰ ਦੀ ਟਿਕਟ ਲੱਭਣੀ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਇਕ ਵਾਰ ਉਸ ਨੂੰ ਲੱਗਿਆ ਕਿ ਇਸ ਤੋਂ ਚੰਗਾ ਸੀ ਕਿ ਉਸ ਦੀ ਲਾਟਰੀ ਨਾ ਹੀ ਨਿਕਲਦੀ ਕਿਉਂਕਿ ਉਹ ਟਿਕਟ ਕਿਤੇ ਰੱਖ ਕੇ ਭੁੱਲ ਗਿਆ ਸੀ।
ਅਖ਼ੀਰ ਉਸ ਨੂੰ ਲੋਹੜੀ ਬੰਪਰ ਦੀ ਟਿਕਟ ਹੁਸ਼ਿਆਰਪੁਰ ਥਾਣੇ, ਜਿਥੇ ਉਹ ਤਾਇਨਾਤ ਹੈ, ਵਿੱਚ ਆਪਣੀ ਮੇਜ਼ ਦੇ ਦਰਾਜ ਵਿੱਚੋਂ ਮਿਲੀ। ਅਸ਼ੋਕ ਨੇ ਦੱਸਿਆ ਕਿ ਲਾਟਰੀ ਬੰਪਰ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ, ਜਿਸ ਬਦੌਲਤ ਉਹ ਮਕਾਨ ਬਣਾ ਸਕਿਆ ਅਤੇ ਆਪਣਾ ਲੋਨ ਵੀ ਲਾਹ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਇਸ ਰਾਸ਼ੀ ਨਾਲ ਆਪਣੇ ਛੋਟੇ ਭਰਾਵਾਂ ਦੀ ਸੈਂਟਲ ਹੋਣ ਵਿੱਚ ਮਦਦ ਕਰਨਾ ਚਾਹੁੰਦਾ ਹੈ।ਅਸ਼ੋਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲੋਹੜੀ ਬੰਪਰ ਨੇ ਉਸ ਨੂੰ ਉਹ ਕੰਮ ਕਰਨ ਦਾ ਹੌਂਸਲਾ ਦਿੱਤਾ ਜਿਨਾਂ ਬਾਰੇ ਪਹਿਲਾਂ ਉਹ ਕਦੇ ਪੈਸੇ ਦੀ ਘਾਟ ਕਾਰਨ ਸੋਚ ਵੀ ਨਹੀਂ ਸਕਦਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਲੱਗਦਾ ਸੀ ਕਿ ਇਨਾਮੀ ਰਾਸ਼ੀ ਲੈਣ ਵਿੱਚ ਦਿੱਕਤ ਆਵੇਗੀ ਪਰ ਪੰਜਾਬ ਲਾਟਰੀਜ਼ ਵਿਭਾਗ ਨੇ ਉਸ ਨੂੰ ਇਨਾਮੀ ਰਾਸ਼ੀ ਹਾਸਲ ਕਰਨ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ।

Send this to a friend