ਪਹਿਲੀ ਨਜ਼ਰ ‘ਚ ਸਭ ਦਾ ਦਿਲ ਮੋਹ ਲੈਣ ਵਾਲਾ ਅਨਮੋਲ ਨਗੀਨਾ ਸੀ ਜਸ਼ਨ

ਦਿਲ ਵਿੱਚ ਇੱਕ ਜਗਾ ਬਣਾ ਜਾਂਦੇ, ਸਭ ਦੇ ਦਿਲਾਂ ਨੂੰ ਮੋਹ ਲੈਣ ਵਾਲੇ, ਭਾਵੇਂ ਆਪਾਂ ਸਭਨਾਂ ਨੇ ਵੀ ਤੁਰ ਜਾਣਾਂ, ਇਸ ਚੰਦਰੇ ਜਹਾਨ ਨੂੰ ਮਾਰ ਤਾਲੇ,੩। ਜੋ ਵਿਅਕਤੀ ਮਹਿਜ 11 ਸਾਲ ਦੀ ਉਮਰ ਵਿੱਚ ਹੀ ਆਪਣੇ ਨਾਮ ਦੇ ਅਰਥਾਂ ਨੂੰ ਸਾਰਥਿਕਤਾ ਪ੍ਰਦਾਨ ਕਰਕੇ ਮਕਬੂਲੀਅਤ ਹਾਸਿਲ ਕਰ ਲਵੇ ਅਤੇ ਫਿਰ ਅਚਨਚੇਤ ਉਸ ਮਲੂਕ ਜਿਹੀ ਜਿੰਦੜੀ ਦਾ ਬਾਲਪੁਣੇ ਵਿੱਚ ਹੀ ਇਸ ਜਹਾਂਨ ਨੂੰ ਅਲਵਿਦਾ ਕਹਿ ਜਾਣਾਂ, ਸੁਣ ਕੇ ਹਰ ਇੱਕ ਇੰਨਸਾਨ ਦੇ ਕਲੇਜੇ ਇੱਕ ਚੀਰ ਜਿਹਾ ਫਿਰ ਜਾਂਦਾ। ਸਾਊ ਸੁਭਾਅ ਦਾ ਮਾਲਕ ਜਸ਼ਨ ਸਿੰਘ ਵੀ ਕੁਝ ਇਸ ਤਰਾਂ ਦੀਆਂ ਅਮਿੱਟ ਪੈੜਾਂ, ਅਨਮੋਲ ਯਾਂਦਾ ਸਾਡੇ ਮਨਾਂ ਅੰਦਰ ਛੱਡ ਗਿਆ ਹੈ। ਜਸ਼ਨ ਸਿੰਘ ਦਾ ਜਨਮ 17 ਜਨਵਰੀ 2009 ਨੂੰ ਮਾਤਾ ਸੁਮਨ ਕੌਰ ਦੇ ਕੁੱਖੋਂ ਪਿਤਾ ਗੁਰਬਖਸ਼ ਸਿੰਘ ਦੇ ਘਰ ਮਾਨਸਾ ਜਿਲੇ ਦੇ ਪਿੰਡ ਜੀਵਨ ਨਗਰ ਵਿਖੇ ਜਨਮ ਲਿਆ। ਪੰਜਵੀਂ ਦੀ ਪੜ੍ਹਾਈ ਜੀਵਨ ਨਗਰ ਦੇ ਸਕੂਲ ਵਿੱਚੋਂ ਪਾਸ ਕਰਕੇ ਸਰਕਾਰੀ ਸਕੈਂਡਰੀ ਸਕੂਲ ਰਿਉਂਦ ਕਲ੍ਹਾਂ ਵਿਖੇ ਛੇਵੀ ਕਲਾਸ ਵਿੱਚ ਦਾਖਲਾ ਲਿਆ।ਮਾਤਾ ਪਿਤਾ ਦਾ ਅਗਿਆਕਾਰੀ ਬੱਚਾ,ਆਂਡ ਗੁਆਂਡ ਵਿੱਚ ਸਭ ਦੇ ਆਖੇ ਲੱਗਣ ਵਾਲਾ ਅਤੇ ਆਪਣੀ ਸਕੂਲੀ ਹਮ ਜਮਾਤੀਆਂ ਦਾ ਸੱਚਾ ਮਿੱਤਰ, ਜਸ਼ਨ ਪਹਿਲੀ ਨਜਰ ਹੀ ਅਪਣੇ ਸਾਊ ਸੁਭਾਅ ਕਾਰਨ ਸਭਦੇ ਦਿਲਾਂ ਨੂੰ ਭਾਅ ਜਾਂਦਾ ਸੀ।ਪੜਾਈ ਦੇ ਨਾਲ ਖੇਡਾਂ ਵਿੱਚ ਦਿਲਚਸ਼ਪੀ, ਰੁੱਖ ਲਗਾਉਣੇ, ਮੋਬਾਇਲ ਦੀ ਤਕਨੀਕ ਅਤੇ ਕੰਪਿਉਟਰ ਦੀ ਤਕਨੀਕ ਸਮਝਣਵਾਲਾ ਜਸ਼ਨ ਰਚਨਾਤਮਿਕ ਸੋਚਣੀ ਦਾ ਮਾਲਕ ਸੀ।
ਲੰਘੀ 26 ਮਈ ਦਿਨ ਐਂਤਵਾਰ ਨੂੰ ਜਸ਼ਨ ਅਪਣੇ ਦੋਸਤਾਂ ਨਾਲ ਮਗਨਰੇਗਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਵਿੱਚ ਭੇਜੇ ਗਏ ਅਣ ਫਿੱਟ ਝੁਲੇ ਨਾਲ ਖੇਡ ਰਿਹਾ ਸੀ ਅਚਨਚੇਤ ਝੂਲਾ ਧਰਤੀ ਤੇ ਡਿੱਗ ਪਿਆ ਅਤੇ ਬੱਚੇ ਜਸ਼ਨ ਦੇ ਸਿਰ ਤੇ ਗਹਿਰੀ ਸੱਟ ਲੱਗ ਗਈ, ਸਿਰ ਵਿੱਚ ਸੱਟ ਲੱਗਣ ਤੇ ਕਾਫੀ ਖੁਨ ਬਹਿਣ ਕਾਰਨ ਮਲੂਕ ਜਿੰਦ ਜਸ਼ਨ ਆਪਣੇ ਪਰਿਵਾਰ ਨੂੰ ਕੁਲਹਿਣੀਆਂ ਸੋਚਾਂ, ਫਿਕਰਾਂ ਪਾ, ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਿਆ । ਝੂਲਾ ਅਣ ਫਿੱਟ ਸਤਿੱਥੀ ਵਿੱਚ ਹੋਣ ਕਾਰਨ ਇਸ ਦਰਦਨਾਕ ਹਾਦਸੇ ਨੇ ਜਨਮ ਲਿਆ। ਇਹ ਮਨਹੂਸ ਝੂਲਾ ਲੱਗਭੱਗ ਇੱਕ ਮਹੀਨੇ ਤੋਂ ਇਸ ਸਕੂਲ ਵਿੱਚ ਅਣਫਿੱਟ ਸਤਿੱਥੀ ਵਿੱਚ ਪਿਆ ਹੈ।
ਪਿੰਡ ਦੇ ਸਰਪੰਚ ਕ੍ਰਿਸ਼ਨ ਸਿੰਘ ਜੋ ਬੱਚੇ ਜਸ਼ਨ ਸਿੰਘ ਦਾ ਰਿਸਤੇਦਾਰੀ ਵਿੱਚੋਂ ਤਾਇਆ ਜੀ ਲੱਗਦੇ ਹਨ ਨੇ ਅਤੇ ਉਹਨਾਂ ਨਾਲ ਪੰਚ ਰਮੇਸ਼ ਸਿੰਘ, ਪੰਚ ਚਰਨਜੀਤ ਸਿੰਘ, ਪੰਚ ਪਰਮਜੀਤ ਕੌਰ, ਪੰਚ ਸੀਮਾ ਰਾਣੀ, ਪੰਚ ਹਰਬੰਸ ਕੌਰ ਸਮੇਤ ਸਮੁੱਚੀ ਜੀਵਨ ਨਗਰ ਪੰਚਾਇਤ ਨੇ ਮਗਨਰੇਗਾ ਕਰਮਚਾਰੀਆਂ ਨੂੰ ਅਤੇ ਪੰਚਾਇਤ ਸੈਕਟਰੀ ਨੂੰ ਵਾਰ ਵਾਰ ਮਿਲਕੇ ਅਤੇ ਫੋਨ ਕਰਕੇ ਇਸ ਝੁਲੇ ਨੂੰ ਫਿੱਟ ਕਰਨ ਬਾਰੇ ਕਿਹਾ ਪਰ ਉਹਨਾਂ ਨੇ ਇਸ ਝੁਲੇ ਨੂੰ ਫਿੱਟ ਕਰਨਾਂ ਜਰੂਰੀ ਨਹੀ ਸਮਝਿਆ। ਪੰਚਾਇਤ ਨੂੰ ਜਿਸ ਗੱਲ ਡਰ ਸੀ ਆਖਰ ਉਸ ਕੁਲਹਿਣੀ ਘਟਨਾਂ ਨੇ ਜਨਮ ਲੈ ਹੀ ਲਿਆ। ਇਸ ਅਣਗਹਿਲੀ ਕਾਰਨ ਇੱਕ ਮਾਂ ਦਾ ਲਾਡਲਾ ਜਸ਼ਨ ਜੋ ਅਜੇ ਜਵਾਨੀ ਦੇ ਸ਼ੁਰਆਤੀ ਦੌਰ ਵਿੱਚ ਕਦਮ ਰੱਖ ਹੀ ਰਿਹਾ ਸੀ ਨੂੰ ਇਸ ਜਹਾਨ ਤੋਂ ਅਚਨੇਤ ਤੋੜ ਵਿਛੋੜਾ ਕਰਨਾ ਪਿਆ। ਆਓ ਦੋਸਤੋ ਇੱਕ ਪ੍ਰਣ ਕਰੀਏ ਕਿ ਅਜਿਹੀਆਂ ਕੁਤਾਹੀਆਂ ਤੋਂ ਬਚਿਆ ਜਾ ਸਕੇ ਤਾਂ ਕਿ ਅਜਿਹੇ ਭਿਆਨਕ ਵਰਤਾਰੇ ਕਦੇ ਵੀ ਨਾ ਵਾਪਰਨ ਅਤੇ ਛੋਟੋ ਬਾਲ ਜੋ ਘਰਾਂ ਤੋਂ ਖੇਡਣ ਲਈ ਸਕੂਲ ਗਰਾਉਂਡਾਂ ਵਿੱਚ ਆਏ, ਵਾਪਸ ਆਪਣੇ ਘਰ ਹੀ ਨਾਂ ਪਰਤਣ। ਅੱਜ ਛੋਟੇ ਬਾਲ ਜਸ਼ਨ ਸਿੰਘ ਦੀ ਅੰਤਿਮ ਅਰਦਾਸ ਵਿੱਚ ਸਮੁੱਚਾ ਬੋਹਾ ਖੇਤਰ ਦੀਆਂ ਪੰਚਾਇਤਾ, ਰਿਸ਼ਤੇਦਾਰ, ਨਗਰ ਨਿਵਾਸੀ ਸ਼ਾਮਿਲ ਹੋਕੇ ਪਰਮ ਪਿਤਾ ਪ੍ਰਮਾਤਮਾਂ ਅੱਗੇ ਇਹੋ ਬੇਨਤੀ ਕਰਦਾ ਕਿ ਬੱਚੇ ਜਸ਼ਨ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਸੰਸਾਰ ਤੇ ਅਜਿਹੀ ਦਿਲ ਕੰਬਾਊ ਘਟਨਾਂ ਕਦੇ ਵੀ ਨਾਂ ਵਾਪਰੇ ਜੀ….।

Send this to a friend