ਨਿਸ਼ਕਾਮ ਸੇਵਾ ਦੀ ਅਨੋਖੀ ਮਿਸਾਲ-ਭਗਤ ਪੂਰਨ ਸਿੰਘ ਜੀ

ਜਦ ਵੀ ਮਨ ਵਿੱਚ ਨਿਸ਼ਕਾਮ ਸੇਵਾ ਦਾ ਖਿਆਲ ਆਉਂਦਾ ਹੈ ਤਾਂ ਹਰ ਪੰਜਾਬੀ ਦੇ ਦਿਮਾਗ ਵਿੱਚ ਸਭ ਤੋਂ ਪਹਿਲਾ ਭਗਤ ਪੂਰਨ ਸਿੰਘ ਜੀ ਦਾ ਨਾਮ ਆਉਂਦਾ ਹੈ। ਭਗਤ ਪੂਰਨ ਸਿੰਘ ਪੰਜਾਬ ਦੇ ਪ੍ਰਸਿੱਧ ਸਮਾਜਸੇਵੀ, ਚਿੰਤਕ ਤੇ ਵਾਤਵਰਨ ਪ੍ਰੇਮੀ ਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਦੇ ਮੋਢੀ ਸਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪਿੰਗਲਿਆਂ, ਯਤੀਮਾਂ ਤੇ ਨਿਆਸਰਿਆਂ ਦੀ ਸੇਵਾ ਵਿਚ ਬਿਤਾਈ ਜਿਸ ਕਰਕੇ ਉਹਨਾਂ ਨੂੰ ਬੜੇ ਮਾਣ ਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।
ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ (ਰੋਹਣੋਂ) ਖੰਨਾ ਨਜ਼ਦੀਕ ਇੱਕ ਹਿੰਦੂ ਖੱਤਰੀ ਪਰਿਵਾਰ ਵਿੱਚ ਮਾਤਾ ਮਹਿਤਾਬ ਕੌਰ ਤੇ ਪਿਤਾ ਛਿੱਬੂ ਮੱਲ ਦੇ ਘਰ ਹੋਇਆ। ਇਹਨਾ ਦਾ ਬਚਪਨ ਦਾ ਨਾਂਅ ਰਾਮ ਜੀ ਦਾਸ ਸੀ। ਇਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਅਜਿਹੀ ਵਾਪਰੀ ਜਿਸ ਕਰਕੇ ਇਹਨਾਂ ਦਾ ਝੁਕਾਅ ਸਿੱਖ ਧਰਮ ਵੱਲ ਹੋ ਗਿਆ। ਇੱਕ ਵਾਰ ਰਾਮਜੀ ਦਾਸ ਪੈਦਲ ਸਫਰ ਤੇ ਜਾ ਰਹੇ ਸਨ ਤੇ ਰਸਤੇ ਵਿੱਚ ਉਹ ਇੱਕ ਮੰਦਿਰ ਵਿੱਚ ਰੁੱਕੇ ਤੇ ਉਹਨਾਂ ਨੇ ਪੂਰੇ ਮੰਦਿਰ ਦੀ ਸਫਾਈ ਕੀਤੀ ਤੇ ਜਦੋਂ ਉਹ ਸਫਾਈ ਕਰਕੇ ਥੱਕ ਹਾਰ ਕੇ ਰੋਟੀ ਖਾਣ ਲਈ ਬੈਠੇ ਤਾਂ ਪੰਡਿਤਾਂ ਨੇ ਉਹਨਾ ਨੂੰ ਰੋਟੀ ਨਾ ਦਿੱਤੀ ਤੇ ਉਹਨਾਂ ਦੇ ਸਾਹਮਣੇ ਬੈਠ ਕੇ ਹੀ ਖਾ ਗਏ ਤੇ ਅਗਲੇ ਦਿਨ ਉਹ ਇੱਕ ਗੁਰੂਦਵਾਰਾ ਸਾਹਿਬ ਵਿੱਚ ਰੁੱਕੇ ਤਾਂ ਉਥੇ ਉਹਨਾਂ ਨੂੰ ਰੋਟੀ ਵੀ ਖਵਾਈ ਗਈ ਦੁੱਧ ਪਿਲਾਇਆ ਗਿਆ ਤੇ ਰਾਤ ਗੁਜ਼ਾਰਨ ਲਈ ਮੰਜਾ ਬਿਸਤਰਾ ਵੀ ਦਿੱਤਾ ਗਿਆ ਜਿਸਦਾ ਕੇ ਉਹਨਾਂ ਦੇ ਮਨ ਉੱਪਰ ਡੂੰਘਾ ਅਸਰ ਹੋਇਆ ਤੇ ਉਹ ਸਿੱਖ ਬਣ ਗਏ।
ਉਹਨਾ ਦੇ ਪਿਤਾ ਸਾਹੂਕਾਰਾਂ ਕੰਮ ਕਰਦੇ ਸਨ ਤੇ ਪੈਸੇ ਵੱਲੋਂ ਸਥਿਤੀ ਵਧੀਆ ਸੀ ਪਰ ਜ਼ਿੰਦਗੀ ਵਿੱਚ ਇੱਕ ਸਮਾਂ ਇਸ ਤਰ੍ਹਾਂ ਦਾ ਆਇਆ ਕੇ ਪਰਿਵਾਰ ਅਰਸ ਤੋਂ ਫ਼ਰਸ ਤੇ ਆ ਗਿਆ ਕਹਿਣ ਦਾ ਭਾਵ ਕੇ ਪਿਤਾ ਦਾ ਕਾਰੋਬਾਰ ਫੇਲ ਹੋ ਗਿਆ ਗਰੀਬੀ ਨੇ ਘਰ ਵਿੱਚ ਪੈਰ ਪਸਾਰ ਲਏ। ਆਪ ਜੀ ਦੀ ਮਾਤਾ ਆਪ ਜੀ ਨੂੰ ਦਸਵੀਂ ਜਮਾਤ ਪਾਸ ਕਰਵਾ ਕੇ ਕਿਸੇ ਵਧੀਆ ਨੌਕਰੀ ਉੱਪਰ ਲਗਾਉਣ ਦੀ ਇੱਛਾ ਮਨ ਵਿੱਚ ਪਾਲੀ ਬੈਠੀ ਸੀ। ਜਿਸ ਕਰਕੇ ਮਾਤਾ ਜੀ ਨੇ ਘਰ ਘਰ ਭਾਂਡੇ ਮਾਂਜ ਕੇ ਆਪ ਜੀ ਦੀਆਂ ਫੀਸਾਂ ਭਰੀਆ ਪਰ ਕਿਸਮਤ ਨੂੰ ਕੁੱਝ ਹੋਰ ਮਨਜੂਰ ਸੀ ਆਪ ਦੋ ਵਾਰ ਦਸਵੀਂ ਵਿਚੋਂ ਫੇਲ ਹੋ ਗਏ। ਭਾਵੇਂ ਕਿ ਉਹ ਦਸਵੀਂ ਜਮਾਤ ਪਾਸ ਨਾ ਕਰ ਸਕੇ ਪਰ ਉਹਨਾਂ ਦੇ ਮਨ ਵਿੱਚ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੀ ਤੀਬਰ ਇੱਛਾ ਸੀ ਜਿਸ ਕਰਕੇ ਉਹ ਕਈ ਕਈ ਘੰਟੇ ਦਿਆਲ ਸਿੰਘ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਦੇ ਰਹਿੰਦੇ।
ਜਦੋਂ ਉਹ ਲਾਹੌਰ ਵਿੱਚ ਸਨ ਉਹ ਅਕਸਰ ਗੁਰੂਦਵਾਰਾ ਡੇਹਰਾ ਸਾਹਿਬ ਜਾਂਦੇ ਤੇ ਉੱਥੇ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕਰਦੇ ਤੇ ਲੰਗਰ ਵਿੱਚ ਬਰਤਨ ਸਾਫ਼ ਕਰਦੇ ਲੰਗਰ ਵਰਤਾਉਂਦੇ ਤੇ ਗੁਰੂਦਵਾਰਾ ਸਾਹਿਬ ਲਈ ਦੁੱਧ ਵਾਸਤੇ ਰੱਖੇ ਪਸ਼ੂਆਂ ਦੀ ਦੇਖਭਾਲ ਕਰਦੇ ਤੇ ਸ਼ਾਮ ਨੂੰ ਗੁਰੂਦਵਾਰਾ ਸਾਹਿਬ ਦੀ ਸਫ਼ਾਈ ਕਰਦੇ।
ਇੱਕ ਦਿਨ ਗੁਰੂਦਵਾਰਾ ਸਾਹਿਬ ਦੇ ਦਰਵਾਜ਼ੇ ਤੇ ਕੋਈ ਚਾਰ ਸਾਲ ਦਾ ਬੱਚਾ ਛੱਡ ਗਿਆ ਜਿਸਨੂੰ ਕਿ ਕੋਹੜ੍ਹ ਫੁਟਿਆ ਹੋਇਆ ਸੀ। ਬੱਚੇ ਦੀ ਤੰਦਰੁਸਤੀ ਲਈ ਅਰਦਾਸ ਤੋਂ ਬਾਅਦ ਗੁਰੂਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਅੱਛਰ ਸਿੰਘ ਨੇ ਉਹ ਬੱਚਾ ਭਗਤ ਜੀ ਨੂੰ ਸੌਂਪ ਦਿੱਤਾ ਜਿਸਨੂੰ ਕੇ ਕਿਸੇ ਕੋਹੜ ਨਿਵਾਰਨ ਕੇਂਦਰ ਛੱਡਣ ਦੀ ਬਜਾਇ ਭਗਤ ਜੀ ਆਪ ਉਸ ਬੱਚੇ ਦੀ ਦੇਖਭਾਲ ਕਰਨ ਲੱਗੇ ਤੇ ਇਸਦਾ ਨਾਮ ਪਿਆਰਾ ਸਿੰਘ ਰੱਖਿਆ। ਇਹ ਘਟਨਾ 1934 ਦੀ ਹੈ ਜਿਸਨੇ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ।
ਭਾਰਤ ਦੀ ਵੰਡ ਤੋਂ ਬਾਅਦ ਭਗਤ ਪੂਰਨ ਸਿੰਘ ਅੰਮ੍ਰਿਤਸਰ ਦੇ ਸਰਨਾਰਥੀ ਕੈਂਪ ਵਿੱਚ ਪਹੁੰਚੇ ਜਿੱਥੇ ਕਿ 25000 ਸਾਰਨਾਰਥੀ ਸਨ ਉਸ ਸਮੇਂ ਉਨ੍ਹਾਂ ਕੋਲ ਸਿਰਫ ਇੱਕ ਰੁਪਿਆ ਪੰਜ ਆਨੇ ਸਨ। ਕੈਂਪ ਵਿੱਚ ਅਨੇਕਾਂ ਹੀ ਸ਼ਰਣਾਰਥੀ ਸਨ ਜਿਹੜੇ ਕਿ ਜ਼ਖਮੀ ਸਨ ਤੇ ਆਪਣੀ ਮੱਲਮ ਪੱਟੀ ਆਪ ਨਹੀਂ ਕਰ ਸਕਦੇ ਸਨ।
1947 ਤੋਂ 1958 ਤੱਕ ਭਗਤ ਪੂਰਨ ਸਿੰਘ ਜੀ ਕੋਲ ਇਹਨਾਂ ਨਿਆਸਰਿਆਂ ਵਾਸਤੇ ਕੋਈ ਪੱਕੀ ਰਿਹਾਇਸ਼ ਨਹੀਂ ਸੀ।
ਮਾਰਚ 1957 ਵਿੱਚ ਇਸ ਸੰਸਥਾ ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਨਾਮ ਹੇਠ ਰਜਿਸਟਰਡ ਕਰਵਾਇਆ ਤੇ ਤਹਿਸਿਲਪੁਰਾ ਜੀ. ਟੀ. ਰੋਡ ਵਾਲੀ ਥਾਂ ਪਿੰਗਲਵਾੜੇ ਲਈ ਖਰੀਦ ਲਈ ਤੇ ਇਸ ਤਰ੍ਹਾਂ ਭਗਤ ਜੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ ਉਹਨਾਂ ਦੀ ਸੇਵਾ ਨੂੰ ਮਾਨਤਾ ਮਿਲੀ।
ਭਗਤ ਜੀ ਨੂੰ ਉਹਨਾਂ ਦੀ ਨਿਸ਼ਕਾਮ ਸੇਵਾ ਲਈ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਐਵਾਰਡ ਦਿੱਤਾ ਗਿਆ ਜਿਹੜਾ ਕਿ ਉਨ੍ਹਾਂ ਨੇ 1984 ਵਿੱਚ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਿਸ ਕਰ ਦਿੱਤਾ ਗਿਆ। 1990 ਵਿੱਚ ਉਹਨਾਂ ਨੂੰ ਹਾਰਮਨੀ ਐਵਾਰਡ ਤੇ 1991 ਵਿੱਚ ਰੋਗ ਰਤਨ ਤੇ ਭਾਈ ਘਨ੍ਹਈਆ ਜੀ ਐਵਾਰਡ ਦਿੱਤੇ ਗਏ।1957 ਵਿੱਚ ਹੀ ਆਪ ਜੀ ਨੇ ਆਪਣੀ ਪ੍ਰੈਸ ਸ਼ੁਰੂ ਕੀਤੀ । ਭਗਤ ਜੀ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਰੱਖਣ ਵਾਲੇ ਸਾਹਿਤ ਪ੍ਰੇਮੀ ਸਨ। ਵਾਤਾਵਰਨ, ਭੁੱਖਮਰੀ, ਪ੍ਰਦੂਸ਼ਣ, ਗਰੀਬੀ, ਬੇਰੁਜ਼ਗਾਰੀ, ਅਣਪੜ੍ਹਤਾ,ਆਦਿ ਮੁੱਦਿਆ ਨੂੰ ਆਪਣੀ ਲੇਖਣੀ ਰਾਹੀਂ ਬਹੁਤ ਬਾਰੀਕੀ ਨਾਲ ਉਭਾਰਿਆ। ਭਗਤ ਜੀ ਰੁੱਖ ਲਗਾਉਣ ਤੇ ਬਚਾਉਣ ਦੀ ਗੱਲ ਕਰਦੇ ਸਨ ਤਾਂ ਉਹ ਸਿਰਫ ਇਸ ਬਾਰੇ ਲਿਖਦੇ ਹੀ ਨਾ ਸਗੋਂ ਆਪ ਇਸ ਕੰਮ ਨੂੰ ਅਮਲੀ ਜਾਮਾ ਵੀ ਪਹਿਨਾਉਂਦੇ। ਰੱਦੀ ਤੇ ਵਰਤੇ ਹੋਏ ਕਾਗਜ਼ ਦੇ ਇੱਕ ਪਾਸੇ ਲਿਖ ਕੇ ਦੂਜਾ ਪਾਸਾ ਖਾਲੀ ਛੱਡ ਦਿੱਤਾ ਜਾਂਦਾ ਹੈ ਪਿੰਗਲਵਾੜੇ ਵਿੱਚ ਛਪਾਈ ਦੇ ਜਿੰਨੇ ਕੰਮ ਹੁੰਦੇ ਹਨ ਉਹ ਸਾਰੇ ਕਾਗਜ਼ ਦੇ ਉਸੇ ਪਾਸੇ ਹੁੰਦੇ ਹਨ ਕਿਉਕਿ ਜਿੰਨਾ ਕਾਗਜ਼ ਵਧੇਰੇ ਵਰਤਿਆ ਜਾਂਦਾ ਹੈ ਓਨੇ ਹੀ ਰੁੱਖ ਵੱਧ ਕੱਟੇ ਜਾਂਦੇ ਹਨ। ਪਿੰਗਲਵਾੜਾ ਦੀ ਪ੍ਰੈਸ ਵੱਲੋਂ ਵਾਤਾਵਰਨ, ਪ੍ਰਦੂਸਣ ਤੇ ਜੈਵਿਕ ਖੇਤੀ ਸੰਬੰਧੀ ਬਹੁਤ ਸਾਹਿਤ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਤੇ ਬਿਲਕੁੱਲ ਮੁਫ਼ਤ ਵੰਡਿਆ ਜਾਂਦਾ ਹੈ।
ਇਸ ਅਨੋਖੀ ਨਿਸ਼ਕਾਮ ਸੇਵਾ ਦੇ ਮਸੀਹਾ ਭਗਤ ਪੂਰਨ ਸਿੰਘ ਸਿੰਘ ਜੀ ਸਾਨੂੰ 5 ਅਗਸਤ 1992 ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਉਸ ਤੋਂ ਬਾਅਦ ਬੀਬੀ ਡਾ. ਇੰਦਰਜੀਤ ਕੌਰ ਜੀ ਨੂੰ ਇਸ ਸੇਵਾ ਦੀ ਜ਼ਿੰਮੇਵਾਰੀ ਮਿਲੀ ਤੇ ਅੱਜ ਉਹ ਭਗਤ ਪੂਰਨ ਸਿੰਘ ਜੀ ਦੇ ਮਿਸ਼ਨ ਨੂੰ ਅੱਗੇ ਲਿਜਾ ਰਹੇ ਹਨ।
ਪਿੰਗਲਵਾੜਾ ਦੀਆਂ ਅੰਮ੍ਰਿਤਸਰ ਤੋਂ ਇਲਾਵਾ ਮਾਨਾਵਾਲਾ, ਜਲੰਧਰ, ਸੰਗਰੂਰ, ਪਲਸੌਰਾ ਤੇ ਗੋਇੰਦਵਾਲ ਵਿਖੇ ਸ਼ਾਖਾਵਾਂ ਹਨ ਜਿੱਥੇ ਸੈਂਕੜਿਆਂ ਵਿੱਚ ਮਰੀਜਾਂ ਦਾ ਇਲਾਜ਼ ਤੇ ਦੇਖਭਾਲ ਕੀਤੀ ਜਾਂਦੀ ਹੈ। ਆਪਣੀ ਇਸ ਅਨੋਖੀ ਸੇਵਾ ਕਰਕੇ ਭਗਤ ਪੂਰਨ ਸਿੰਘ ਜੀ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੇ।

Send this to a friend