ਭਾਰਤੀ ਜਨਤਾ ਪਾਰਟੀ ਨੇ ਪਹਿਲੀ ਸਰਕਾਰ ਦੇ ਆਖਰੀ ਦਿਨਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਨੂੰ ਦੁਗਣੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਖੇਤੀ ਖੇਤਰ ਨੂੰ ਮੰਦਵਾੜੇ ਤੋਂ ਕੱਢਣ ਲਈ ਸਰਕਾਰ ਨੇ ਖੇਤੀ ਜਿਣਸਾਂ ਦੇ ਭਾਅ ਦੁੱਗਣੇ ਕਰਨ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਨੂੰ ਪੂਰਾ ਕਰਨ ਲਈ ਸੰਨ 2022 ਦੀ ਸਮਾਂ ਸੀਮਾ ਤਹਿ ਕੀਤੀ ਗਈ ਹੈ। ਹੁਣ ਜਦੋਂ ਭਾਜਪਾ ਕੇਂਦਰ ਵਿੱਚ ਮੁੜ ਹੁਕਮਰਾਨ ਬਣ ਗਈ ਹੈ। ਸ਼੍ਰੀ ਨਰਿੰਦਰ ਮੋਦੀ ਮੁੜ ਇਸ ਸਰਕਾਰ ਦੇ ਮੁਖੀ ਬਣੇ ਹਨ। ਭਾਜਪਾ ਨੂੰ ਇਸ ਸਮੇਂ ਸੰਸਦ ਵਿੱਚ ਦੋ ਤਿਹਾਈ ਤੋਂ ਵੱਧ ਬਹੁਮਤ ਪ੍ਰਾਪਤ ਹੈ। ਨਵੀਂ ਸਰਕਾਰ ਲਈ ਪਿਛਲੀ ਸਰਕਾਰ ਸਮੇਂ ਕੀਤਾ ਗਿਆ ਵਾਅਦਾ ਨਿਭਾਉਣਾ ਕੋਈ ਮੁਸ਼ਕਿਲ ਨਹੀਂ ਹੈ। ਸਰਕਾਰ ਨੂੰ ਇਸ ਯੋਜਨਾ ‘ਤੇ ਤੁਰੰਤ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਵਿੱਚ ਦੇਸ਼ ਦੇ ਸਾਰੇ 14.5 ਕਰੋੜ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਤਹਿਤ ਸਾਲਾਨਾ 6000 ਰੁਪਏ ਰਾਹਤ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ 3000 ਹਜ਼ਾਰ ਰੁਪਏ ਪੈਨਸ਼ਨ ਦੇਣ ਦੀ ਵੀ ਯੋਜਨਾ ਐਲਾਨੀ ਗਈ ਹੈ। ਕੇਂਦਰ ਸਰਕਾਰ ਦੇ ਇਹ ਦੋਵੇਂ ਫੈਸਲੇ ਸ਼ਲਾਘਾਯੋਗ ਹਨ, ਪ੍ਰੰਤੂ ਜੇਕਰ ਸਰਕਾਰ ਆਪਣੇ ਵਾਅਦੇ ਮੁਤਾਬਿਕ ਕਿਸਾਨਾਂ ਦੀ ਆਮਦਨ ਨੂੰ ਦੁਗਣੀ ਕਰਨ ਲਈ ਕਦਮ ਚੁੱਕਦੀ ਹੈ ਤਦ ਇਨ੍ਹਾਂ ਦੋਨਾਂ ਯੋਜਨਾਵਾਂ ਦੀ ਜ਼ਰੂਰਤ ਨਹੀਂ ਰਹੇਗੀ। ਕਿਸਾਨਾਂ ਨੂੰ ਪੈਨਸ਼ਨ ਅਤੇ ਸਾਲਾਨਾ 6 ਹਜ਼ਾਰ ਰੁਪਏ ਦੇਣ ਦੀ ਰਾਹਤ ਆਰਜ਼ੀ ਤੌਰ ‘ਤੇ ਇਕ ਸਹੀ ਕਦਮ ਹੈ ਪ੍ਰੰਤੂ ਇਸ ਕਦਮ ਦਾ ਬਹਾਨਾ ਬਣਾ ਕੇ ਸਰਕਾਰ ਨੂੰ ਆਪਣੇ ਪਹਿਲੇ ਵਾਅਦੇ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ। ਕਿਸਾਨਾਂ ਦੀ ਆਮਦਨ ਦੁਗਣੀ ਕਰਨੀ ਬੇਹੱਦ ਜ਼ਰੂਰੀ ਹੈ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਕਿਸਾਨਾਂ ਨੂੰ ਫਸਲਾਂ ਦੇ ਯੋਗ ਭਾਅ ਨਹੀਂ ਮਿਲ ਰਹੇ। ਸਰਕਾਰ ਕਿਸਾਨਾਂ ਤੋਂ ਸਸਤੇ ਵਿੱਚ ਅਨਾਜ ਅਤੇ ਹੋਰ ਜਿਣਸਾਂ ਖਰੀਦ ਰਹੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਬੀਜ, ਡੀਜਲ ਅਤੇ ਖੇਤੀ ਦੇ ਸੰਦ ਮਹਿੰਗੇ ਮੁੱਲ ਉੱਪਰ ਖਰੀਦਣੇ ਪੈ ਰਹੇ ਹਨ। ਇਸ ਕਾਰਨ ਹੀ ਖੇਤੀ ਖੇਤਰ ਘਾਟੇ ਵਿੱਚ ਚਲਾ ਗਿਆ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਜੇਕਰ ਕਿਸਾਨਾਂ ਨੂੰ ਫਸਲਾਂ ਦਾ ਯੋਗ ਮੁੱਲ ਦਿੱਤਾ ਜਾਵੇ ਤਦ ਉਹ ਇਸ ਵਿੱਚੋਂ ਬਾਹਰ ਨਿਕਲ ਸਕਦੇ ਹਨ। ਇਹ ਕਿਸਾਨਾਂ ਦਾ ਹੱਕ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਿਸਾਨੀ ਜਿਣਸਾਂ ਦੇ ਭਾਅ ਵਿੱਚ ਤੁਰੰਤ ਵਾਅਦਾ ਕਰੇ ਤਾਂ ਜੋ ਕਿਸਾਨਾਂ ਦੀ ਆਮਦਨ ਦੁਗਣੀ ਹੋ ਸਕੇ।
– ਬਲਜੀਤ ਸਿੰਘ ਬਰਾੜ