550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਅਮਰੀਕਾ ’ਚ ਭਾਰਤੀ ਅੰਬੈਸਡਰ ਦੀ ਰਿਹਾਇਸ਼ ’ਤੇ ਵਿਸਾਖੀ ਮਨਾਈ

ਵਾਸ਼ਿੰਗਟਨ ਡੀ. ਸੀ. (ਗਿਲ) – ਭਾਰਤੀ ਅੰਬੈਸੀ ਵਲੋਂ ਹਰ ਸਾਲ ਵਿਸਾਖੀ ਦਾ ਸਮਾਗਮ ਅੰਬੈਸਡਰ ਦੀ ਰਿਹਾਇਸ਼ ਤੇ ਮਨਾਇਆ ਜਾਂਦਾ ਹੈ। ਇਸ ਸਾਲ ਇਹ ਵਿਸਾਖੀ ਜਿਥੇ ਮੇਲੇ ਦੇ ਰੂਪ ਵਿਚ ਮਨਾਈ ਗਈ ਹੈ, ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸਾਖੀ ਵਖਰੀ ਛਾਪ ਛਡ ਗਈ। ਭਾਰਤੀ ਅੰਬੈਸੀ ਦੇ ਅਧਿਕਾਰੀਆਂ ਵਲੋਂ ਦਿਨ ਰਾਤ ਇਕ ਕਰਕੇ ਇਸ ਦਿਹਾੜੇ ਨੂੰ ਪੰਜਾਬ ਦੀ ਵਿਰਾਸਤ ਨੂੰ ਦਰਸਾਉਣ ਦੀ ਬਾਖੂਬ ਕੋਸ਼ਿਸ਼ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਦਸਤਾਰਬੰਦੀ ਨਾਲ ਕੀਤੀ ਗਈ। ਜਿਸ ਵਿਚ ਸਿਖਸ ਆਫ ਅਮਰੀਕਾ ਦੀ ਟੀਮ ਨੇ ਦਸਤਾਰਾਂ ਸਜਾਈਆਂ ਜਿਸ ਵਿਚ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਦੇ ਪਹਿਲੀ ਦਸਤਾਰ ਸਜਾਈ ਗਈ। ਉਪਰੰਤ ਦਸਤਾਰਾਂ ਸਜਾਉਣ ਬਨ੍ਹਾਉਣ ਦਾ ਸਿਲਸਿਲਾ ਜਾਰੀ ਰਿਹਾ। ਜਿਸ ਵਿਚ ਅੰਬੈਸੀ ਦੇ ਪੂਰੇ ਸਟਾਫ, ਕਮਿਊਨਿਟੀ ਲੀਡਰਾਂ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦਸਤਾਰਾਂ ਸਜਾ ਵਿਸਾਖੀ ਸਮਾਗਮ ਨੂੰ ਪ੍ਰਣਾਮ ਕੀਤਾ।
ਰੰਗਾਰੰਗ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼ਬਦ ਸਰਵਣ ਕਰਵਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸੇ ਦੀ ਸਿਰਜਣਾ ਨੂੰ ਯਾਦ ਕਰਵਾਇਆ।ਉਪਰੰਤ ਸਿਮਰਨ ਕੌਰ ਨੇ ਖਾਲਸੇ ਦੀ ਮਹਤਤਾ ਅਤੇ ਵਿਸਾਖੀ ਦੀ ਅਹਿਮੀਅਤ ਨੂੰ ਆਪਣੇ ਲਫਜ਼ਾਂ ਵਿਚ ਅਜਿਹਾ ਬਿਆਨ ਕੀਤਾ ਕਿ ਹਾਜ਼ਰੀਨ ਨੇ ਉਸ ਦੀ ਪੇਸ਼ਕਾਰੀ ਨੂੰ ਖੂਬ ਸਲਾਹਿਆ।
ਜਿਉਰੀ ਢੋਲ ਦੇ ਡਗੇ ਦੀ ਤਾਲ ਵਜੀ ਤਾਂ ਮੁਟਿਆਰਾਂ ਵਲੋਂ ਗਿਧੇ ਭੰਗੜੇ ਨੂੰ ਸਾਂਝੇ ਤੌਰ ਤੇ ਅਜਿਹਾ ਪੇਸ਼ ਕੀਤਾ ਕਿ ਪੰਜਾਬ ਦਾ ਸਭਿਆਚਾਰ ਚੇਤੇ ਕਰਾ ਗਿਆ। ਮਾਰਸ਼ਲ ਆਰਟ ਦੀ ਪੇਸ਼ਕਾਰੀ ,ਖਾਲਸੇ ਦੇ ਚਿੰਨ੍ਹਾਂ ਅਤੇ ਗਤਕੇ ਦੇ ਜੌਹਰਾਂ ਨੇ ਆਏ ਸਰੋਤਿਆਂ ਵਿਚ ਜੋਸ਼ ਭਰ ਦਿਤਾ। ਰੰਗਾ ਰੰਗ ਪ੍ਰੋਗਰਾਮ ਪੂਰਨ ਤੌਰ ਤੇ ਧਾਰਮਿਕ ਰਹੁਰੀਤਾਂ ਅਤੇ ਸੰਸਕ੍ਰਿਤੀ ਨੂੰ ਸਮਰਪਿਤ ਰਿਹਾ।
ਭਾਰਤੀ ਅੰਬੈਸਡਰ ਹਰਸ਼ ਵਰਧਨ ਨੇ ਕਿਹਾ ਕਿ ਭਾਰਤੀ ਕਮਿਊਨਿਟੀ ਹਰ ਤਿਉਹਾਰ ਨੂੰ ਰਹੁਰੀਤਾਂ ਨਾਲ ਮਨਾਉਣ ਵਿਚ ਯੋਗਦਾਨ ਪਾਉਂਦੀ ਹੈ ਜਿਸ ਕਰਕੇ ਅਜਿਹੇ ਸਮਾਗਮ ਕਾਮਯਾਬੀ ਅਖਤਿਆਰ ਕਰਦੇ ਹਨ। ਉਨ੍ਹਾਂ ਕਿਹਾ ਜਿਥੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਉਥੇ ਕਮਿਊਨਿਟੀ ਦੀ ਸ਼ਮੂਲੀਅਤ ਅਜ ਦੇ ਸਮਾਗਮ ਨੂੰ ਚਾਰ ਚੰਨ ਲਾ ਗਈ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀ, ਭਾਰਤੀ ਹਰ ਪਾਸੇ ਮਲਾਂ ਮਾਰ ਰਹੇ ਹਨ। ਜਿਸ ਕਰਕੇ ਭਾਰਤ ਸੰਸਾਰ ਦੇ ਅਹਿਮ ਮੁਲਕਾਂ ਵਿਚ ਆਪਣੀ ਥਾਂ ਬਣਾ ਗਿਆ ਹੈ। ਮੇਰੀ ਕੋਸ਼ਿਸ਼ ਹੈ ਕਿ ਕਮਿਊਨਿਟੀ ਮਿਲ ਜੁਲ ਕੇ ਅਗੇ ਵਧੇ ਅਤੇ ਤਰਕੀ ਕਰੇ।
ਇਸ ਸਮਾਗਮ ਵਿਚ ਪੰਜਾਬੀਆਂ ਲਈ ਲਸੀ, ਮਕੀ ਦੀ ਰੋਟੀ, ਸਰੋਂ ਦੇ ਸਾਗ ਤੋਂ ਇਲਾਵਾ ਹਰ ਪੰਜਾਬੀ ਖਾਣੇ ਨੇ ਪੰਜਾਬ ਦੇ ਮੇਲਿਆਂ ਦਾ ਲੁਤਫ ਦਿਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਨੂੰ ਸਮਰਪਿਤ ਪ੍ਰਦਰਸ਼ਨੀ ਜਿਸ ਵਿਚ ਬਾਬੇ ਨਾਨਕ ਦੀ ਜੀਵਨ ਗਾਥਾ ਤੋਂ ਲੈ ਕੇ, ਉਸ ਸਮੇਂ ਦੇ ਸਾਜਾਂ ਦੀ ਪ੍ਰਦਰਸ਼ਨੀ ਨੇ ਵਿਸਾਖੀ ਦੇ ਸਮਾਗਮ ਨੂੰ ਖਾਸ ਬਣਾ ਦਿਤਾ। ਜਿਸ ਦਾ ਜ਼ਿਕਰ ਹਾਜ਼ਰੀਨ ਵਿਚ ਖੂਬ ਮਹਿਸੂਸ ਕੀਤਾ ਗਿਆ।
ਸਮੁਚੇ ਰੂਪ ਵਿਚ ਇਹ ਵਿਸਾਖੀ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਯਾਦ ਕਰਵਾ ਗਿਆ। ਇਸ ਵਿਸਾਖੀ ਸਮਾਗਮ ਵਿਚ ਨਿਊਯਾਰਕ, ਕੈਲੀਫੋਰਨੀਆਂ, ਨਿਊਜਰਸੀ, ਡੈਲਵੇਅਰ ਤੋਂ ਵੀ ਕਮਿਊਨਿਟੀ ਲੀਡਰਾਂ ਨੇ ਸ਼ਮੂਲੀਅਤ ਕੀਤੀ। ਜਿਸ ਵਿਚ ਮੁਖ ਤੌਰ ਤੇ ਸੁਖੀ ਚਹਿਲ, ਜਸਦੀਪ ਸਿੰਘ ਜਸੀ, ਬਲਜਿੰਦਰ ਸਿੰਘ, ਚਤਰ ਸਿੰਘ, ਮਨਿੰਦਰ ਸਿੰਘ ਸੇਠੀ, ਗੁਰਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਦਲਵੀਰ ਸਿੰਘ, ਗੁਰਚਰਨ ਸਿੰਘ, ਗੁਰਭੇਜ ਸਿੰਘ, ਪਵਨ ਬੈਜਵਾੜਾ, ਮੋਨੀ ਗਿਲ, ਹਰਜੀਤ ਸਿੰਘ ਹੁੰਦਲ, ਡਾ. ਸੁਖਪਾਲ ਸਿੰਘ ਧਨੋਆ, ਡਾ. ਸੁਰੇਸ਼ ਗੁਪਤਾ, ਡਾ. ਸਕਸੇਰੀਆ ਅਤੇ ਪਰਮਜੀਤ ਸਿੰਘ ਬੇਦੀ ਸ਼ਾਮਲ ਹੋਏ। ਸੁਰਿੰਦਰ ਸਿੰਘ ਇੰਜੀਨੀਅਰ, ਡਾ. ਸਾਹਨੀ, ਅੰਜਨਾ, ਕੀਰਤੀ ਦਾ ਵੀ ਖਾਸ ਯੋਗਦਾਨ ਰਿਹਾ।ਭਾਰਤੀ ਅੰਬੈਸੀ ਦਾ ਪੂਰਾ ਸਟਾਫ ਇਸ ਸਮਾਗਮ ਦੀ ਕਾਮਯਾਬੀ ਲਈ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਕਈ ਦਿਨਾਂ ਤੋਂ ਇਸ ਦੇ ਪ੍ਰਬੰਧ ਵਿਚ ਆਪਣੀ ਪੂਰੀ ਵਾਹ ਲਾਈ ਹੈ। ਇਸ ਸਾਲ ਭਾਰਤੀ ਅੰਬੈਸੀ ਦਾ ਵਿਸਾਖੀ ਸਮਾਗਮ 550ਵੇਂ ਆਗਮਨ ਪੁਰਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੂਰਨ ਤੌਰ ’ਤੇ ਸਮਰਪਿਤ ਰਿਹਾ।

Send this to a friend