ਖ਼ਬਰ ਹੈ ਕਿ ਪੰਜਾਬ ਦੇ 80 ਫੀਸਦੀ ਵੋਟਰ, ਪਾਰਟੀਆਂ ਜਾਂ ਉਮੀਦਵਾਰਾਂ ਤੋਂ ਨਕਦ, ਤੋਹਫੇ ਜਾਂ ਸ਼ਰਾਬ ਦਾ ਲਾਲਚ ਦਿਤੇ ਜਾਣ ਨੂੰ ਪੂਰੀ ਤਰ੍ਹਾਂ ਗਲਤ ਮੰਨਦੇ ਹਨ, ਲੇਕਿਨ 17 ਫੀਸਦੀ ਮਤਦਾਤਾ ਇਹੋ ਜਿਹੇ ਵੀ ਹਨ, ਜੋ ਇਸ ਤਰ੍ਹਾਂ ਦੇ ਲਾਲਚ ਨੂੰ ਵੋਟ ਦੇਣ ਦਾ ਮਹਤਵਪੂਰਨ ਕਾਰਕ ਮੰਨਦੇ ਹਨ। ਇਹ ਗਲ ਐਸੋਸੀਏਸ਼ਨ ਫਾਰ ਡੈਮੋਕਰੇਟਿਵ ਰੀਫਾਰਮਜ਼ ਐਂਡ ਡਾਟਾ ਸ਼ੋਲਿਊਸ਼ਨਜ਼ ਵਲੋਂ ਕਰਵਾਏ ਗਏ ਇਕ ਮਤਦਾਤਾ ਸਰਵੇਖਣ ਵਿਚ ਸਾਹਮਣੇ ਆਈ ਹੈ। ਪੰਜਾਬ ਦੀਆਂ 13 ਸੀਟਾਂ ਦੇ ਲਗਭਗ 6500 ਵੋਟਰਾਂ ਨਾਲ ਚੋਣਾਂ ‘ਚ ਸਬੰਧਿਤ ਵਿਸ਼ੇਸ਼ ਮੁਦਿਆਂ ਉਤੇ ਇਸ ਸਰਵੇਖਣ ‘ਚ ਗਲਬਾਤ ਕਰਕੇ ਇਹ ਸਿਟਾ ਕਢਿਆ ਹੈ।
ਜਿਵੇਂ ਲੋਕ ਸਮਝਦੇ ਆ ਕਿ ਨੇਤਾ ਨੇ ਪੰਜੀਂ ਵਰ੍ਹੀਂ ਦਰਸ਼ਨ ਦਿਤੇ ਆ, ਇਹਨੂੰ ਮੁਛ ਲਵੋ, ਜੋ ਦਿੰਦਾ ਆ ਇਹਤੋਂ ਲੈ ਲਵੋ। ਨਕਦ ਨਰੈਣ ਦੇਂਦਾ ਆ, ਪੈਸੇ ਲੈ ਲਉ। ਸਾੜ੍ਹੀ, ਬਨੈਣ, ਕਛਾ, ਤੋਲੀਆ, ਸਵੈਟਰ, ਬੂਟ, ਕੰਬਲ ਜੋ ਦਿੰਦਾ ਆ, ਲੈ ਲਉ। ਬੋਤਲਾਂ ਵੰਡਦਾ ਆ ਤਾਂ ਉਹਦੇ ਤੋਂ ਵੀ ਨਾਂਹ ਨਾ ਕਰੋ। ਕਿਉਂਕਿ ਵੋਟਾਂ ਤੋਂ ਬਾਅਦ ਤਾਂ ਨੇਤਾ ਜੀ ਨੇ ਇਹੋ ਕਹਿਣਾ ਹੈ ਕਿ ਵੋਟਾਂ ਤੋਂ ਪਹਿਲਾਂ ਸਾਰਾ ਕੁਝ ਜਨਤਾ ਦੇ ਨਾਮ ਸੀ ਅਤੇ ਵੋਟਾਂ ਤੋਂ ਬਾਅਦ ਜਨਤਾ ਕਿਹੜੇ ਕੰਮ ਦੀ? ਉਵੇਂ ਹੀ ਭਾਈ ਜਿਵੇਂ ਪਿਛਲੀਆਂ ਚੋਣਾਂ ‘ਚ ਮੋਦੀ ਨੇ ਵੋਟਾਂ ਤੋਂ ਪਹਿਲਾਂ ਵੋਟਰ ਪੰਦਰਾਂ ਲਖੀ ਬਣਾ ਦਿਤਾ, ਜਦ ਕੁਰਸੀ ਤੇ ਬਹਿ ਗਿਆ ਤਦ ਵੋਟਰ ਨੂੰ ਕਖੋਂ ਹੌਲੇ ਕਰ ਦਿਤਾ।
ਉਂਜ ਆਮ ਬੰਦਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਆਂ। ਕੋਈ ਮੌਜੀ ਹੁੰਦਾ ਆ ਤੇ ਉਹਨੂੰ ਕਹਿ ਦਿੰਦੇ ਆ ਮੌਜੀ ਠਾਕੁਰ। ਕੋਈ ਸੋਝੀ ਵਾਲਾ ਹੁੰਦਾ ਆ ਉਹਨੂੰ ਆਖ ਦਿੰਦੇ ਆ ਸੁਘੜ ਸਿਆਣਾ। ਕੋਈ ਕੁਝ ਵੀ ਨਹੀਂ ਜਾਣਦਾ ਉਹਨੂੰ ਕਹਿੰਦੇ ਆ ਭੌਂਦੂ। ਕੋਈ ਹਰ ਵੇਲੇ ਰੋਂਦਾ ਉਹਨੂੰ ਆਖਦੇ ਆ ਰੋਂਦੂ। ਇਵੇਂ ਹੀ ਭਾਈ ਕੋਈ ਬੇਗਾਨੇ ਪੈਸੇ ਨੂੰ ਹਥ ਨਹੀਂ ਲਾਉਂਦਾ ਤੇ ਕੋਈ ਬੇਗਾਨੇ ਸ਼ੈਅ ‘ਤੇ ਆ। ਉਵੇਂ ਹੀ ਜਿਵੇਂ ਕਵੀ ਦੇ ਕਹਿਣ ਅਨੁਸਾਰ, ਠਕੋਈ ਆਖਦਾ-ਨਸ਼ਾ ਹੈ ਲੋਰ ਦਿੰਦਾ। ਕੋਈ ਆਖਦਾ-ਇਦ੍ਹਾ ਖਿਆਲ ਮਾੜਾਠ।
ਜਿਦ੍ਹੇ ਵਿਚ ਕੋਈ ਵੀਰਨੋ ਗੁਣ ਨਾਹੀਂ,
ਬੜ ਬੜ ਕਰਦਾ ਤੇ ਐਂਵੇ ਹੀ ਤੀਂਘਦਾ ਏ।
ਖ਼ਬਰ ਹੈ ਕਿ ਸਤਾਰਵੀਂ ਲੋਕ ਸਭਾ ਚੋਣਾਂ ਆਮ ਨਹੀਂ ਹਨ। ਇਹ ਚੋਣਾਂ ਦੇਸ਼ ਦੀ ਨੀਤੀ ਅਤੇ ਭਵਿਖ ਨੂੰ ਤਹਿ ਕਰਨਗੀਆਂ। ਇਹਨਾ ਚੋਣਾਂ ਵਿਚ ਰਿਜ਼ਰਵੇਸ਼ਨ, ਖੇਤਰੀ ਭਾਸ਼ਾ ਵਿਵਾਦ, ਵੰਸਵਾਦ, ਮਜ਼ਹਬੀ ਕਟੜਤਾ, ਘੋਟਾਲੇ ਆਦਿ ਮੁਦਿਆਂ ਤੋਂ ਤਾਂ ਮਤਦਾਤਾ ਜਾਣੂ ਹਨ, ਪਰ ਜਿਸ ਢੰਗ ਨਾਲ ਸਤਾ ਦੇ ਲੋਭੀਆਂ ਅਤੇ ਦੇਸ਼ ਧਰੋਹੀਆਂ ਨੇ ਭਾਰਤ ਨੂੰ ਅੰਗ-ਭੰਗ ਕਰਨ ਦੀ ਯੋਜਨਾ ਬਣਾਈ ਹੈ, ਅਤੇ ਇਹ ਵਿਵਸਥਾ ਪੈਦਾ ਕਰ ਦਿਤੀ ਹੈ ਕਿ ਬੁਰਾਈਆਂ ਨਾਲ ਸਮਝੋਤਾ ਕੀਤੇ ਬਿਨ੍ਹਾਂ ਸਤਾ ਨਹੀਂ ਹਥਿਆਈ ਜਾ ਸਕਦੀ, ਤੋਂ ਆਮ ਆਦਮੀ ਅਣਜਾਣ ਹੈ।
ਵੇਖੋ ਨਾ ਜੀ ਕਾਂਗਰਸ, ਬਸਪਾ, ਰਾਜਦ, ਲੋਜਪਾ ਵੰਸਵਾਦ ਤੋਂ ਪੀੜਤ ਆ। ਅਤੇ ਆਹ ਭਾਜਪਾ ਵਾਲੇ ਅਸਲੀ ਰਾਸ਼ਟਰਵਾਦੀ ਬਣ ਕੇ ਵਿਰੋਧੀ ਨੂੰ ਦੇਸ਼ ਧਰੋਹੀ ਆਖੀ ਜਾਂਦੇ ਆ। ਉਹ ਕਾਂਗਰਸ ਵਲੋਂ ਦੇਸ਼ ਦੀ ਕੀਤੀ ਦੁਰਦਸ਼ਾ ਤੋਂ ਤਾਂ ਦੁਖੀ ਰਹਿੰਦੇ ਆ, ਪਰ ਆਪ ਰਾਫੇਲ ਵਰਗੇ ਘੁਟਾਲੇ ਆਪਣੇ ਪਲੇ ਪਾਈ ਬੈਠੇ ਆ। ਉਹ ਕਾਂਗਰਸ ਵਲੋਂ ਪੰਜਾਹ ਪੰਚਵੰਜਾ ਸਾਲ ਦੇਸ਼ ਨੂੰ ਲੁਟਣ ਦੀ ਗਲ ਤਾਂ ਕਰਦੇ ਆ, ਅਤੇ ਆਪ ਗਰੀਬਾਂ, ਨਿਆਸਰਿਆਂ ਦੇ ਹਿਤ ਲਈ ਨਵੀਂ ਯੋਜਨਾਵਾਂ ਲਿਆ ਰਹੇ ਆ ਅਤੇ ਇਕ ਯੋਜਨਾ ਤੋਂ ਬਾਅਦ ਦੂਜੀ ਯੋਜਨਾ ਖਾ ਰਹੇ ਆ। ਉਹ ਦੇਸ਼ ਦੇ ਵਿਕਾਸ ਲਈ ਸਭ ਕਾ ਵਿਕਾਸ, ਸਭ ਕਾ ਸਾਥ ਦੀ ਗਲ ਕਰਦੇ ਨੇ ਅਤੇ ਮੇਕ ਇਨ ਇੰਡੀਆ ਦੇ ਨਾਹਰੇ ਲਾਉਂਦੇ ਆ ਅਤੇ ਲੋਹ ਪੁਰਸ਼ ਦੇ ਬੁਤ ਚੀਨ ਤੋਂ ਬਣਵਾਉਂਦੇ ਆ। ਇੰਜ ਦੇਸ਼ ਦਾ ਵਿਕਾਸ ਹੋਵੇ ਨਾ ਹੋਵੇ, ਪਰ ਇਹੋ ਜਿਹੀ ਕਲਾਕਾਰੀ ਨਾਲ ਘੁਟਾਲੇ ਕਰਦੇ ਤੁਰੇ ਜਾਂਦੇ ਆ ।
ਆਹ ਵੇਖੋ ਨਾ ਯੋਗੀ, ਉਹ ਵੇਖੋ ਨਾ ਸਾਧਵੀ ਪ੍ਰਗਿਆ, ਏਧਰ ਵੇਖੋ ਨਾ ਸ਼ਾਹ, ਉਧਰ ਵੇਖੋ ਨਾ ਮੋਦੀ। ਆਹ ਵੇਖੋ ਨਾ ਲਾਲੂ। ਉਹ ਵੇਖੋ ਨਾ ਰਾਹੁਲ। ਇਧਰ ਵੇਖੋ ਨਾ ਮਾਇਆ, ਉਧਰ ਵੇਖੋ ਨਾ ਮਮਤਾ। ਕਿਸੇ ਕੋਲ ਕੋਈ ਗੁਣ ਨਹੀਂ, ਇਕੋ ਗੁਣ ਆ, ਲੋਕਾਂ ਨੂੰ ਕਿਵੇਂ ਵਰਗਲਾਉਣਾ ਆ, ਭਾਸ਼ਨ ਦੇਕੇ ਕਿਵੇਂ ਵਰਾਉਣਾ ਆ, ਅਤੇ ਚੋਣਾਂ ਜਿਤਣ ਤੋਂ ਬਾਅਦ ਕਿਵੇਂ ਰੁਆਉਣਾ ਆਂ। ਇਸੇ ਗੁਣ ਦੀ ਵਰਤੋਂ ਕਰਕੇ ਉਹ ਵਡੇ ਭਾਸ਼ਨ ਕਰਦੇ ਹਨ, ਇਕ-ਦੂਜੇ ਨੂੰ ਗਾਲੀ-ਗਲੋਚ ਕਰਦੇ ਹਨ, ਨਿੰਦਦੇ ਹਨ ਅਤੇ ਕਿਸੇ ਕਵੀ ਦੀਆਂ ਲਿਖੀਆਂ ਸਤਰਾਂ ਉਤੇ ਪੂਰੇ ਉਤਰਦੇ ਹਨ, ਠਜਿਦ੍ਹੇ ਵਿਚ ਕੋਈ ਵੀਰਨੋ ਗੁਣ ਨਾਹੀਂ, ਬੜ-ਬੜ ਕਰਦਾ ਤੇ ਐਂਵੇ ਹੀ ਤੀਂਘਦਾ ਹੈਠ।
ਵਾਲ ਸਫੈਦ ਹੋਏ ਤਾਂ ਕੀ ਹੋਇਆ,
ਦਿਲ ਤਾਂ ਅਜੇ ਕਾਲਾ ਹੈ
ਖ਼ਬਰ ਹੈ ਕਿ ਮਸ਼ਹੂਰ ਅਦਾਕਾਰ ਸ਼ਬਾਨਾ ਆਜ਼ਮੀ ਨੇ ਆਪਣੇ ਪਤੀ ਜਾਵੇਦ ਅਖ਼ਤਰ ਬਾਰੇ ਦਿਲਚਸਪ ਟਿਪਣੀ ਕੀਤੀ ਹੈ। ਸ਼ਬਾਨਾ ਨੇ ਅਖ਼ਤਰ ਲਈ ਲਿਖਿਆ ਹੈ, ਠਵਾਲ ਸਫੈਦ ਹੋਏ ਤਾਂ ਕੀ ਹੋਇਆ, ਦਿਲ ਤਾਂ ਅਜੇ ਕਾਲਾ ਹੈਠ। ਜਾਵੇਦ ਤੇ ਸ਼ਬਾਨਾ ਦੀ ਜੋੜੀ ਹਰਦਿਲ ਅਜ਼ੀਜ ਹੈ। ਦੋਵੇਂ ਬਾਲੀਵੁਡ ਦੇ ਨਾਲ-ਨਾਲ ਸਿਆਸਤ ਵਿਚ ਆਪਣੀ ਹਾਜ਼ਰੀ ਦਰਜ਼ ਕਰਾਉਂਦੇ ਰਹਿੰਦੇ ਹਨ। ਹਾਲ ਹੀ ਵਿਚ ਦੋਨੋਂ ਬਿਹਾਰ ਦੇ ਬੇਗੂਸਰਾਏ ਵਿਚ ਸੀ.ਪੀ.ਆਈ. ਉਮੀਦਵਾਰ ਕਨ੍ਹਈਆ ਕੁਮਾਰ ਦੇ ਹਕ ਵਿਚ ਚੋਣ ਪ੍ਰਚਾਰ ਲਈ ਗਏ ਸਨ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਅਤਿਅੰਤ ਗਰੀਬੀ ਹੇਠ ਰਹਿਣ ਵਾਲੇ ਲੋਕਾਂ ਦੀ ਫੀਸਦੀ ਆਬਾਦੀ ਨਾਇਜੀਰੀਆ ਵਿਚ 15.7 ਹੈ, ਕਾਗੋ ਵਿਚ 10 ਫੀਸਦੀ ਹੈ ਅਤੇ ਭਾਰਤ ਵਿਚ 8 ਫੀਸਦੀ ਹੈ। ਜਦਕਿ ਅਮਰੀਕਾ ਅਬਾਦੀ ਦਾ ਸਿਰਫ਼ 0.3 ਫੀਸਦੀ ਅਤੇ ਪਾਕਸਿਤਾਨ ਆਬਾਦੀ ਦਾ ਵੀ ਸਿਰਫ਼ 0.3 ਫੀਸਦੀ ਲੋਕ ਅਤਿਅੰਤ ਗਰੀਬੀ ‘ਚ ਰਹਿਣ ਵਾਲੇ ਲੋਕ ਹਨ।
ਇਕ ਵਿਚਾਰ
ਤਾਕਤ ਸਾਰਿਆਂ ਉਤੇ ਜਿਤ ਪ੍ਰਾਪਤ ਕਰ ਰਹੀ ਹੈ, ਪਰੰਤੂ ਇਹ ਜਿਤ ਥੋੜ-ਚਿਰੀ ਹੈ।…
– ਇਬਰਾਹੀਮ ਲਿੰਕਨ