ਦੇਸ਼ ਵਿੱਚ ਦਵਾਈਆਂ ਦੇ ਨਾਂਅ ਉਪਰ ਜ਼ਹਿਰ ਵੇਚਿਆ ਜਾ ਰਿਹਾ ਹੈ। ਦਵਾਈਆਂ ਆਮ ਲੋਕਾਂ ਦੀ ਪਹੁੰਚ ਤੋਂ ਵੀ ਦੂਰ ਹੋ ਰਹੀਆਂ ਹਨ। ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀਆਂ ਹਨ। ਦਵਾਈਆਂ ਦੀ ਸ਼ੁੱਧਤਾ ਬਾਰੇ ਕੁਝ ਵੀ ਯਕੀਨ ਨਾਲ ਨਹੀਂ ਆਖਿਆ ਜਾ ਸਕਦਾ। ਮੁਨਾਫੇ ਦੀ ਅੰਨ੍ਹੀ ਦੌੜ ’ਚ ਦਵਾਈਆਂ ਦੇ ਨਾਂਅ ਉਪਰ ਕੂੜ-ਕਬਾੜ ਵੇਚਿਆ ਜਾ ਰਿਹਾ ਹੈ। ਦਵਾਈਆਂ ਦੇ ਨਿਰਮਾਣ ਅਤੇ ਵਿਕਰੀ ਉਪਰ ਯੋਗ ਤਰੀਕੇ ਨਾਲ ਨਿਗਰਾਨੀ ਨਹੀਂ ਹੋ ਰਹੀ। ਇਸ ਕਾਰਨ ਹੀ ਦਵਾਈਆਂ ਹੀ ਲੋਕਾਂ ਦੀ ਜਾਨ ਲੈ ਰਹੀਆਂ ਹਨ। ਦੂਸਰੇ ਪਾਸੇ ਇਹ ਖੁਲਾਸਾ ਹੋਇਆ ਹੈ ਕਿ ਦਵਾਈਆਂ ਦੇ ਨਿਰਮਾਣਕਾਰ, ਹੋਲਸੇਲਰ ਅਤੇ ਰਿਟੇਲਰ ਦੀਆਂ ਦੁਕਾਨਾਂ ਉਪਰ ਮਿਲਣ ਵਾਲੀਆਂ ਦਵਾਈਆਂ ਵੀ ਸਟੋਰੇਜ਼ ਲਈ ਯੋਗ ਪ੍ਰਬੰਧ ਨਹੀਂ ਹਨ। ਇਹ ਦਵਾਈਆਂ ਯੋਗ ਤਰੀਕੇ ਨਾਲ ਸਟੋਰ ਨਾ ਕੀਤੇ ਜਾਣ ਕਾਰਨ ਜ਼ਹਿਰੀਲੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਐਸ.ਈ.ਆਰ.ਆਈ. ਨੂੰ ਮਿਲੀ ਰਿਪੋਰਟ ਵਿੱਚ ਇਹ ਸਨਸਨੀਖੇਜ਼ ਖੁਲਾਸਾ ਹੋਇਆ ਹੈ ਕਿ ਸਰਕਾਰ ਕੋਲ ਡਰੱਗ ਇੰਸਪੈਕਟਰਾਂ ਦੀ ਭਾਰੀ ਕਮੀ ਦੱਸੀ ਜਾ ਰਹੀ ਹੈ। ਮਾਸ਼ਲੇਕਰ ਕਮੇਟੀ ਦੀਆਂ ਸਿਫਾਰਸ਼ਾਂ ਵੀ ਲਾਗੂ ਨਹੀਂ ਕੀਤੀਆਂ ਗਈਆਂ। ਨਿਯਮਾਂ ਮੁਤਾਬਿਕ 200 ਕੈਮਿਸਟ ਦੁਕਾਨਾਂ ਅਤੇ 50 ਫੈਕਟਰੀਆਂ ਉਤੇ ਇਕ ਡਰੱਗ ਇੰਸਪੈਕਟਰ ਦੀ ਨਿਯੁਕਤੀ ਜ਼ਰੂਰੀ ਹੈ। ਅਪ੍ਰੈਲ 2018 ਦੇ ਅੰਕੜਿਆਂ ਮੁਤਾਬਿਕ ਸੂਬਿਆਂ ਵਿੱਚ ਸਿਰਫ 1200 ਡਰੱਗ ਇੰਸਪੈਕਟਰ ਹਨ। ਡੀ.ਐਸ.ਸੀ.ਓ. ਦੇ ਕੋਲ ਸਿਰਫ 224 ਡਰੱਗ ਇੰਸਪੈਕਟਰ ਹਨ।ਐਸ.ਈ.ਆਰ.ਆਈ. (ਸੋਸ਼ਯੋ ਇਕੋਨਾਮਿਕ ਰਿਸਰਚ ਇੰਸਟੀਚਿਊਟ’ ਦੇ ਅਨੁਸਾਰ ਦੇਸ਼ ਵਿੱਚ ਵੇਚੀਆਂ ਜਾ ਰਹੀਆਂ ਦਵਾਈਆਂ ਦੀ ਸਾਂਭ ਸੰਭਾਲ ਯੋਗ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ। ਗਲਤ ਤਰੀਕੇ ਨਾਲ ਸਟੋਰ ਕੀਤੀਆਂ ਇਹ ਦਵਾਈਆਂ ਜ਼ਹਿਰ ਬਣ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਦਵਾਈਆਂ ਦੇ ਅਸਰ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਨੂੰ ਖਰਾਬ ਹੋਣ ਤੋਂ ਰੋਕਣ ਲਈ ਵਿਸ਼ੇਸ਼ ਕਿਸਮ ਦੇ ਰੈਫਰੀਜ਼ਰੇਟਰ ਦੀ ਜ਼ਰੂਰਤ ਹੁੰਦੀ ਹੈ। ਦਵਾਈ ਕੰਪਨੀਆਂ, ਦਵਾਈਆਂ ਦੇ ਹੋਲਸੇਲਰ ਅਤੇ ਛੋਟੇ ਦੁਕਾਨਦਾਰ ਦਵਾਈਆਂ ਦੀ ਠੀਕ ਤਰੀਕੇ ਨਾਲ ਸਟੋਰੇਜ ਵੱਲ ਯੋਗ ਤਰੀਕੇ ਨਾਲ ਧਿਆਨ ਨਹੀਂ ਦਿੰਦੇ। ਸਬੰਧਤ ਵਿਭਾਗੀ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਜਵਾਬਦੇਹੀ ਵੀ ਨਹੀਂ ਹੋ ਰਹੀ। ਇਹ ਮਸਲਾ ਮਨੁੱਖੀ ਸਿਹਤ ਅਤੇ ਜ਼ਿੰਦਗੀ ਲਈ ਬੇਹੱਦ ਖਤਰਨਾਕ ਹੈ। ਦਵਾਈਆਂ ਦੇ ਮਾਮਲੇ ਵਿੱਚ ਸਰਕਾਰ ਦੀ ਲਾਪ੍ਰਵਾਹੀ ਕਾਫੀ ਚਿੰਤਾਜਨਕ ਹੈ। ਦਵਾਈਆਂ ਦੇ ਮਿਆਰ ਨੂੰ ਬਣਾਏ ਰੱਖਣ ਲਈ ਵੀ ਵਿਸ਼ੇਸ਼ ਪ੍ਰਬੰਧਾਂ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਸ ਲਈ ਦਵਾਈਆਂ ਕੰਪਨੀਆਂ ’ਤੇ ਕਰੜਾਈ ਨਾਲ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਕੁਤਾਹੀ ਵਰਤਣ ਵਾਲੀਆਂ ਕੰਪਨੀਆਂ ਨੂੰ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਜਾਵੇ। ਦਵਾਈਆਂ ਦੀਆਂ ਕੀਮਤਾਂ ਵੀ ਆਮ ਲੋਕਾਂ ਦੀ ਪਹੁੰਚ ਵਿੱਚ ਹੋਣੀਆਂ ਚਾਹੀਦੀਆਂ ਹਨ। ਇਸ ਮਕਸਦ ਲਈ ਕਈ ਪੱਧਰਾਂ ’ਤੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਦਵਾਈਆਂ ਮਰੀਜ਼ਾਂ ਤੱਕ ਪਹੁੰਚਣ ਤੋਂ ਪਹਿਲਾਂ ਯੋਗ ਤਰੀਕੇ ਨਾਲ ਸਟੋਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਦੀ ਗੁਣਵਤਾ ਕਾਇਮ ਰਹੇ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਨਵੇਂ ਖੁਲਾਸੇ ਤੋਂ ਬਾਅਦ ਸਰਕਾਰ ਇਸ ਮਸਲੇ ਵੱਲ ਯੋਗ ਧਿਆਨ ਦੇਵੇਗੀ।
– ਬਲਜੀਤ ਸਿੰਘ ਬਰਾੜ