Skip to content
Independent perspectives. Global stories.
BREAKING

ਚੋਣਾਂ ਦੇ ਛੇਵੇਂ ਪੜਾਅ ਦੌਰਾਨ ਹਿੰਸਾ

Share this story

ਦੇਸ਼ ’ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਦੌਰਾਨ 12 ਰਾਜਾਂ ਦੇ 117 ਹਲਕਿਆਂ ਵਿੱਚ ਵੋਟਾਂ ਦੌਰਾਨ ਕੁਝ ਥਾਵਾਂ ’ਤੇ ਹੋਈ ਭਾਰੀ ਹਿੰਸਾ ਚਿੰਤਾਜਨਕ ਹੈ। ਬੇਸ਼ੱਕ ਇਸ ਦੌਰਾਨ ਲੋਕਾਂ ਵੱਲੋਂ ਖੁੱ੍ਹਲ੍ਹ ਕੇ ਆਪਣੇ ਮੱਤ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਪਰੰਤੂ ਹਿੰਸਕ ਟਕਰਾਅ ਲੋਕਤੰਤਰ ਵਿਰੋਧੀ ਕਦਮ ਹੈ। ਇਸ ਪੜਾਅ ਦੌਰਾਨ ਦੇਸ਼ ਦੇ ਕਾਫੀ ਅਹਿਮ ਪ੍ਰਦੇਸ਼ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ‘ਤੇ ਵੋਟਾਂ ਪਈਆਂ ਜਿੱਥੇ 73 ਫੀਸਦੀ ਵੋਟਿੰਗ ਹੋਈ ਹੈ।ਹਿੰਸਾ ਦੀਆਂ ਘਟਨਾਵਾਂ ਝਾਰਖੰਡ ਤੇ ਅਸਾਮ ਵਿੱਚ ਹੋਈਆਂ ਹਨ। ਇਸ ਹਿੰਸਾ ਵਿੱਚ 10 ਵਿਅਕਤੀ ਮਾਰੇ ਗਏ। ਜੰਮੂ ਕਸ਼ਮੀਰ ਵਿੱਚ ਚੋਣਾਂ ਦੌਰਾਨ ਵੱਡੀ ਗੜਬੜ ਹੋਣ ਦਾ ਖਦਸ਼ਾ ਸੀ। ਸ਼੍ਰੀਨਗਰ ਵਿੱਚ ਇੱਕ ਚੋਣ ਅਧਿਕਾਰੀ ‘ਤੇ ਹਮਲੇ ਦੌਰਾਨ ਇਕ ਵਿਅਕਤੀ ਮਾਰਿਆ ਗਿਆ। ਝਾਰਖੰਡ ਵਿੱਚ ਘੱਟੋ-ਘੱਟ 6 ਚੋਣ ਅਧਿਕਾਰੀ ਤੇ ਦੋ ਪੁਲਿਸ ਕਰਮੀ ਉਦੋਂ ਮਾਰੇ ਗਏ ਤੇ ਹੋਰ ਜ਼ਖ਼ਮੀ ਹੋ ਗਏ ਜਦੋਂ ਮਸ਼ਕੂਕ ਮਾਓਵਾਦੀਆਂ ਨੇ ਦੁਮਕਾ ਜ਼ਿਲ੍ਹੇ ‘ਚ ਬਾਰੂਦੀ ਸੁਰੰਗ ਧਮਾਕਾ ਕਰ ਦਿੱਤਾ। ਇਹ ਸਾਰੇ ਦੁਮਕਾ ਜ਼ਿਲ੍ਹੇ ਵਿੱਚ ਇਕ ਵਾਹਨ ‘ਤੇ ਜਾ ਰਹੇ ਸਨ। ਧਮਾਕੇ ‘ਚ ਵਾਹਨ ਉੱਡ ਗਿਆ। ਅਸਾਮ ਦੇ ਕੋਕਰਝਾਰ ਜ਼ਿਲ੍ਹੇ ਵਿੱਚ ਇਕ ਬੂਥ ‘ਤੇ ਕਬਜ਼ਾ ਕਰਨ ਦਾ ਯਤਨ ਕਰ ਰਹੀ ਭੀੜ ਨੂੰ ਖਦੇੜਨ ਲਈ ਬੀਐਸਐਫ ਵੱਲੋਂ ਕੀਤੀ ਗਈ ਫਾਇਰਿੰਗ ਮੌਕੇ ਇਕ ਪੁਲਿਸ ਕਰਮੀ ਦੀ ਮੌਤ ਹੋ ਗਈ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਵੋਟਾਂ ਪੈਣ ਮਗਰੋਂ ਮੁੜ ਰਹੇ ਚੋਣ ਅਧਿਕਾਰੀਆਂ ‘ਤੇ ਮਸ਼ਕੂਕ ਅਤਿਵਾਦੀਆਂ ਨੇ ਸ਼ਾਮੀਂ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇਕ ਅਧਿਆਪਕ ਮਾਰਿਆ ਗਿਆ ਅਤੇ ਤਿੰਨ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ।ਇਸ ਦੌਰਾਨ ਨਵੀਆਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਵੋਟ ਪੋਲ ਫੀਸਦੀ ਕਾਫੀ ਉਚੀ ਰਹੀ। ਪੁਡੂਚੇਰੀ ਦੀ ਇਕੋ-ਇਕ ਸੀਟ ‘ਤੇ ਰਿਕਾਰਡ 83 ਫੀਸਦੀ ਵੋਟਾਂ ਪਈਆਂ ਤੇ ਦੂਜੇ ਨੰਬਰ ‘ਤੇ 82 ਫੀਸਦੀ ਬਹੁਮਤ ਨਾਲ ਪੱਛਮੀ ਬੰਗਾਲ (ਛੇ ਸੀਟਾਂ) ਰਿਹਾ। ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ‘ਤੇ 73 ਫੀਸਦੀ ਵੋਟਾਂ ਪਈਆਂ। ਇਸ ਸੂਬੇ ਵਿੱਚ ਇਕੋ ਪੜਾਅ ਵਿੱਚ ਚੋਣਾਂ ਨਿੱਬੜ ਗਈਆਂ। ਰਾਜਸਥਾਨ (ਪੰਜ ਸੀਟਾਂ ਲਈ 59.2 ਫੀਸਦੀ ਵੋਟਿੰਗ) ਤੇ ਮਹਾਂਰਾਸ਼ਟਰ (55.33 ਫੀਸਦੀ ਵੋਟਿੰਗ 19 ਸੀਟਾਂ ਲਈ) ਵਿੱਚ ਵੋਟਾਂ 60 ਫੀਸਦੀ ਤੋਂ ਘੱਟ ਰਹੀਆਂ।ਜੰਮੂ-ਕਸ਼ਮੀਰ ਦੇ ਅਨੰਤਨਾਗ ਹਲਕੇ ‘ਚੋਂ ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਚੋਣ ਪਿੜ ਵਿੱਚ ਹੈ, ਵਿੱਚ ਸਭ ਤੋਂ ਘੱਟ ਵੋਟਿੰਗ (28 ਫੀਸਦੀ) ਹੋਈ ਹਾਲਾਂਕਿ ਇਹ ਪੰਜ ਸਾਲ ਪਹਿਲਾਂ ਹੋਈਆਂ ਚੋਣਾਂ ਨਾਲੋਂ ਵੱਧ ਹੈ ਜਦੋਂ ਇੱਥੇ 26.9 ਫੀਸਦੀ ਵੋਟਾਂ ਪਈਆਂ ਸਨ। 2100 ਦੇ ਕਰੀਬ ਉਮੀਦਵਾਰਾਂ ਦੀ ਹੋਣੀ ਤੈਅ ਕਰਨ ਲਈ ਛੇਵੇਂ ਪੜਾਅ ਦੌਰਾਨ 18 ਕਰੋੜ ਦੇ ਲਗਪਗ ਵੋਟਰਾਂ ਨੇ ਵੋਟਾਂ ਪਾਈਆਂ। ਇਨ੍ਹਾਂ ਵਿੱਚ ਵੱਡੇ-ਵੱਡੇ ਸਿਆਸੀ ਆਗੂ ਜਿਵੇਂ ਕਾਂਗਰਸੀ ਆਗੂ ਤੇ ਵਿਦੇਸ਼ ਮੰਤਰੀ ਸਲਮਾਨ ਖ਼ੁਰਸ਼ੀਦ ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਹਲਕੇ ਤੋਂ, ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯੂਪੀ ਵਿੱਚ ਮੈਨਪੁਰੀ ਤੋਂ  ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਮੱਧ ਪ੍ਰਦੇਸ਼ ਦੇ ਵਿਧਿਸ਼ਾ ਹਲਕੇ ਤੋਂ ਤੇ ਭਾਜਪਾ ਦੇ ਹੀ ਸ਼ਾਹਨਵਾਜ਼ ਹੁਸੈਨ ਬਿਹਾਰ ਦੇ ਭਾਗਲਪੁਰ ਤੋਂ ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭੀਜੀਤ ਪੱਛਮੀ ਬੰਗਾਲ ਦੇ ਜੰਗੀਪੁਰਾ ਹਲਕੇ ਤੋਂ ਕਿਸਮਤ ਅਜ਼ਮਾ ਰਹੇ ਹਨ। ਹੁਣ ਤੱਕ ਲੋਕ ਸਭਾ ਦੇ 349 ਹਲਕਿਆਂ ‘ਚ ਵੋਟਾਂ ਪੈਣ ਦਾ ਕਾਰਜ ਮੁਕੰਮਲ ਹੋ  ਚੁੱਕਾ ਹੈ, ਜੋ ਕਿ 543 ਲੋਕ ਸਭਾ ਸੀਟਾਂ ਦਾ ਲਗਪਗ ਦੋ ਤਿਹਾਈ ਬਣਦਾ ਹੈ। ਕੁੱਲ ਨੌਂ ਪੜਾਵੀਂ ਚੋਣ ਅਮਲ ਵਿੱਚੋਂ ਹੁਣ ਤਿੰਨ ਪੜਾਵਾਂ ਵਿੱਚ 216 ਸੀਟਾਂ ‘ਤੇ ਵੋਟਾਂ ਪੈਣੀਆਂ ਬਾਕੀ ਹਨ। ਅਸਾਮ ਵਿੱਚ 6 ਸੀਟਾਂ ‘ਤੇ 77.05 ਫੀਸਦੀ ਵੋਟਿੰਗ ਹੋਈ। ਛੱਤੀਸਗੜ੍ਹ ‘ਚ 7 ਤੇ ਝਾਰਖੰਡ ਵਿੱਚ 4 ਸੀਟਾਂ ਲਈ ਵੋਟਾਂ ਪਈਆਂ। ਬਿਹਾਰ ‘ਚ ਸੱਤ ਸੀਟਾਂ ‘ਤੇ ਹੋਈਆਂ ਚੋਣਾਂ ਲਈ 60 ਫੀਸਦੀ ਵੋਟਿੰਗ ਹੋਈ।ਚੋਣਾਂ ਵਿੱਚ ਲੋਕਾਂ ਵੱਲੋਂ ਪਹਿਲਾਂ ਦੇ ਮੁਕਾਬਲੇ ਵਧੇਰੇ ਉਤਸ਼ਾਹਿਤ ਹੋਣਾ ਇਕ ਚੰਗਾ ਰੁਝਾਨ ਹੈ। ਇਹ ਰੁਝਾਨ ਤਦ ਹੀ ਕਾਇਮ ਰਹਿ ਸਕਦਾ ਹੈ ਕਿ ਜੇਕਰ ਚੋਣਾਂ ਨੂੰ ਪੂਰੀ ਤਰ੍ਹਾਂ ਹਿੰਸਾ ਮੁਕਤ ਰੱਖਿਆ ਜਾਵੇ। ਚੋਣ ਕਮਿਸ਼ਨ ਅਤੇ ਸਰਕਾਰ ਨੂੰ ਇਸ ਸਬੰਧੀ ਰਲ-ਮਿਲ ਕੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਬਾਕੀ ਬਚੇ ਤਿੰਨ ਪੜਾਅ ਦੌਰਾਨ ਕਿਸੇ ਤਰ੍ਹਾਂ ਦੀ ਹਿੰਸਾ ਨਾ ਹੋਵੇ। ਇਹ ਚੋਣਾਂ ਦੇਸ਼ ਦੇ  ਭਵਿੱਖ ਲਈ ਬਹੁਤ ਅਹਿਮ ਹਨ।  ਇਹ ਅਹਿਮੀਅਤ ਤਦ ਹੀ ਕਾਇਮ ਰੱਖੀ ਜਾ ਸਕਦੀ ਹੈ ਜੇਕਰ ਲੋਕ ਬਿਨਾਂ ਕਿਸੇ ਡਰ ਅਤੇ ਭੈਅ ਆਪਣੇ ਵੋਟ ਦਾ ਇਸਤੇਮਾਲ ਕਰ ਸਕਣ।
ਬਲਜੀਤ ਸਿੰਘ ਬਰਾੜ

WRITTEN BY