ਜਸਵੰਤ ਸਿੰਘ ‘ਅਜੀਤ’
ਬੀਤੇ ਦਿਨੀਂ ਆਏ ਇੱਕ ਸਮਾਚਾਰ ਅਨੁਸਾਰ ਪੰਜਾਬ ਕਾਂਗਰਸ ਦੇ ਨੇਤਾ ਅਤੇ ਅੰਮ੍ਰਿਤਸਰ ਲੋਕਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਪਤ੍ਰਕਾਰਾਂ ਵਲੋਂ ਪੁਛੇ ਜਾ ਰਹੇ ਸੁਆਲਾਂ ਵਿਚੋਂ ਇੱਕ ਦਾ ਜਵਾਬ ਦਿੰਦਿਆਂ ਨਵੰਬਰ-84 ਦੇ ਸਿੱਖ ਕਤਲੇਆਮ ਲਈ ਦੋਸ਼ੀ ਗਰਦਾਨੇ ਜਾਂਦੇ ਜਗਦੀਸ਼ ਟਾਈਟਲਰ ਨੂੰ ਸਿੱਖ-ਕਤਲੇਆਮ ਦੇ ਮਾਮਲੇ ਵਿੱਚ ਬੇਗੁਨਾਹ ਕਰਾਰ ਦੇ ਦਿੱਤਾ ਹੈ। ਜਿਸਨੂੰ ਲੈ ਕੇ ਅਕਾਲੀ ਰਾਜਨੀਤੀ ਦੀ ਬਾਸੀ ਕੜ੍ਹੀ ਵਿੱਚ ਨਵਾਂ ਉਬਾਲ ਆ ਗਿਆ ਹੈ ਅਤੇ ਉਨ੍ਹਾਂ ਭਾਜਪਾਈਆਂ ਨਾਲ ਮਿਲ ਕੇ ਦਿੱਲੀ ਅਤੇ ਅੰਮ੍ਰਿਤਸਰ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁਧ ਮੁਜ਼ਾਹਿਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਧਰ ਕਾਂਗ੍ਰਸੀ ਨੇਤਾਵਾਂ ਵਲੋਂ ਕੈਪਟਨ ਦਾ ਬਚਾਉ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਕੈਪਟਨ ਨੇ ਇਹ ਕਿਹਾ ਸੀ ਕਿ ਜੇ ਜਗਦੀਸ਼ ਟਾਈਟਲਰ ਗੁਨਾਹਗਾਰ ਸੀ ਤਾਂ ਐਨਡੀ ਏ ਸਰਕਾਰ ਦੇ ਛੇ ਵਰ੍ਹਿਆਂ ਵਿੱਚ ਉਸਨੂੰ ਸਜ਼ਾ ਕਿਉਂ ਨਹੀਂ ਦੁਆਈ ਈ? ਇਸ ਗਲ ਨੂੰ ਆਪਣੇ ਸੁਆਰਥ ਅਧੀਨ ਢਾਲ ਭਾਜਪਾ ਤੇ ਅਕਾਲੀਆਂ ਨੇ ਕੈਪਟਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।ਸੱਚਾਈ ਕੀ ਹੈ? ਇਸ ਬਾਰੇ ਤਾਂ ਉਹੀ ਜਾਨਣ ਪਰ ਇੱਕ ਸੁਆਲ ਜ਼ਰੁਰ ਉਠਦਾ ਹੈ ਕਿ ਪਤਾ ਨਹੀਂ ਕਿਉਂ ਰਾਜਸੀ ਵਿਅਕਤੀਆਂ, ਭਾਵੇਂ ਉਹ ਕਾਂਗ੍ਰਸੀ ਹਨ ਤੇ ਭਾਵੇਂ ਭਾਜਪਾਈ ਜਾਂ ਅਕਾਲੀ, ਨੂੰ ਚੋਣਾਂ ਹੋਣ ਜਾਂ ਜੂਨ ਅਤੇ ਨਵੰਬਰ ਦੇ ਮਹੀਨੇ, 1984 ਦੇ ਘਲੂਘਾਰਿਆਂ ਦਾ ਜ਼ਿਕਰ ਛੇੜ, ਸਿੱਖਾਂ ਦੇ ਭਰਦੇ ਜਾ ਰਹੇ ਜ਼ਖ਼ਮਾਂ ਨੂੰ ਕੁਰੇਦਣ ਵਿੱਚ ਕੀ ਸੁਆਦ ਆਉੁਂਦਾ ਹੈ? ਉਹ ਕਿਉਂ ਨਹੀਂ ਸਮਝਦੇ ਕਿ 1984 ਵਿੱਚ ਵਾਪਰੇ ਘਲੂਘਾਰੇ, ਸਿੱਖ ਇਤਿਹਾਸ ਦੇ ਅਜਿਹੇ ਅਨਿਖੜ ਅੰਗ ਬਣ ਚੁਕੇ ਹੋਏ ਹਨ, ਜਿਨ੍ਹਾਂ ਨੂੰ ਚਾਹੁੰਦਿਆਂ ਹੋਇਆਂ ਵੀ ਕੋਈ ਇਤਿਹਾਸ ਨਾਲੋਂ ਵੱਖ ਨਹੀਂ ਕਰ ਸਕਦਾ। ਜੂਨ ਦਾ ਮਹੀਨਾ ਆਉਂਦਿਆਂ ਹੀ ਜੂਨ-84 ਦਾ ਘਲੂਘਾਰਾ ਚਲਚਿਤ੍ਰ ਵਾਂਗ ਅੱਖਾਂ ਸਾਹਮਣੇ ਘੁੰਮਣ ਲਗਦਾ ਹੈ। ਉਹ ਦ੍ਰਿਸ਼ ਅੱਖਾਂ ਸਾਹਮਣੇ ਨਚੱਣ ਲਗਦੇ ਹਨ, ਕਿ ਕਿਵੇਂ ਇੱਕ ਆਜ਼ਾਦ ਦੇਸ਼ ਦੀ ਸਰਕਾਰ ਨੇ ਆਪਣੇ ਹੀ ਦੇਸ਼ ਦੀ ਇੱਕ ਘਟ-ਗਿਣਤੀ, ਸਿੱਖਾਂ ਦੇ ਧਰਮ ਅਸਥਾਨ ਪੁਰ ਤੋਪਾਂ ਨਾਲ ਲੈ¤ਸ ਟੈਂਕ ਚਾੜ੍ਹ, ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਲੂਹਿਆ ਸੀ ਅਤੇ ਫਿਰ ਇਸੇ ਹੀ ਵਰ੍ਹੇ, ਦੇਸ਼ ਭਰ ਵਿਚੋਂ ਸਿੱਖਾਂ ਦਾ ਖੁਰ-ਖੋਜ ਮਿਟਾਣ ਤੇ ਉਨ੍ਹਾਂ ਦੇ ਆਤਮ-ਸਨਮਾਨ ਦੀ ਭਾਵਨਾ ਨੂੰ ਕੁਚਲ ਦੇਣ ਦੇ ਉਦੇਸ਼ ਨਾਲ ਸਾਰੇ ਦੇਸ਼ ਵਿੱਚ ਤਿੰਨ-ਦਿਨਾ ਜੰਗਲ ਰਾਜ ਕਾਇਮ ਕਰ ਦਿੱਤਾ ਸੀ। ਸਾਜ਼ਸ਼ ਤਾਂ ਇਹੀ ਦਸੀ ਗਈ ਸੀ ਕਿ ਆਪਣੀਆਂ ਧਾਰਮਕ ਤੇ ਇਤਿਹਾਸਕ ਪਰੰਪਰਾਵਾਂ ਪੁਰ ਪਹਿਰਾ ਦਿੰਦਿਆਂ, ਸੰਸਾਰ ਭਰ ਵਿੱਚ ਸਿਰ ਉਚਾ ਕਰ ਵਿਚਰਨ ਵਾਲੇ, ਸਿੱਖਾਂ ਦੇ ਆਤਮ-ਸਨਮਾਨ ਨੂੰ ਇਸਤਰ੍ਹਾਂ ਕੁਚਲ ਦਿੱਤਾ ਜਾਏ, ਤਾਂ ਜੋ ਉਹ ਸੱਦੀਆਂ ਤਕ ਸਿਰ ਉ¤ਚਾ ਕਰ ਟੁਰਨ ਦਾ
ਸਾਹਸ ਨਾ ਕਰ ਸਕਣ।
ਇਹ ਤਾਂ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ, ਸਿਖਿਆਵਾਂ ਅਤੇ ਉਨ੍ਹਾਂ ਵਲੋਂ ਸਥਾਪਤ ਆਦਰਸ਼ਾਂ ਦੇ ਨਾਲ ਹੀ, ਉਨ੍ਹਾਂ ਸਿੱਖਾਂ, ਜਿਨ੍ਹਾਂ ਨੇ ਸਮੇਂ ਦੀਆਂ ਹਕੂਮਤਾਂ ਵਲੋਂ ਆਪਣਾ ਖੁਰਾ-ਖੋਜ ਮਿੱਟਾ ਦੇਣ ਦੀਆਂ ਚਲਾਈਆਂ ਗਈਆਂ ਸ਼ਿਕਾਰ-ਮੁਹਿੰਮਾਂ ਅਤੇ ਘਲੂਘਾਰਿਆਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ, ਆਪਣੇ ਆਤਮ-ਸਨਮਾਨ ਨੂੰ ਕਾਇਮ ਰਖਿਆ ਸੀ, ਦੀਆਂ ਕੁਰਬਾਨੀਆਂ ਦਾ ਇਤਿਹਾਸ ਹੀ ਸੀ, ਜਿਸਨੂੰ, ਉਨ੍ਹਾਂ ਵਲੋਂ ਹਰ ਰੋਜ਼ ਦੋਵੇਂ ਵੇਲੇ, ਸਵੇਰੇ-ਸ਼ਾਮ ਅਰਦਾਸ ਕਰਦਿਆਂ ਇਨ੍ਹਾਂ ਸ਼ਬਦਾਂ : ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ, ਬੋਲੋ ਜੀ ਵਾਹਿਗੁਰੂ’, ਰਾਹੀਂ ਯਾਦ ਕਰਦਿਆਂ ਉਨ੍ਹਾਂ ਇਸ ਦੋਹਰੀ ਮਾਰ ਨਾਲ ਵੀ ਆਪਣੇ ਆਤਮ-ਸਨਮਾਨ ਨੂੰ ਮਰਨ ਨਹੀਂ ਦਿੱਤਾ। ਫਲਸਰੂਪ ਉਹ ਅੱਜ ਵੀ ਸੰਸਾਰ ਭਰ ਵਿੱਚ ਸਿਰ ਉ¤ਚਾ ਕਰ ਵਿਚਰਦੇ ਨਜ਼ਰ ਆ ਰਹੇ ਹਨ। ਅੱਜ ਉਹ ਲੋਕੀ ਵੀ, ਜੋ ਸਿੱਖਾਂ ਵਿਰੁਧ ਸ਼ਿਕਾਰ-ਮੁਹਿੰਮ ਚਲਾਣ ਦੇ ਜ਼ਿਮੇਂਦਾਰ ਸਨ, ਉਨ੍ਹਾਂ ਦਾ ਸਹਿਯੋਗ ਲੈਣ ਲਈ ਤਰਲੋ-ਮੱਛੀ ਹੋ ਰਹੇ ਹਨ।
ਬੀਤੇ ਦਿਨਾਂ ਵਿੱਚ ਕੁਝ ਭਾਜਪਾਈ ਅਤੇ ਕਾਂਗ੍ਰਸੀ ਨੇਤਾਵਾਂ ਵਲੋਂ ਕਈ ਵਾਰ ਬਿਨਾ ਮੰਗੇ ਸਿੱਖਾਂ ਨੂੰ ਇਹ ਸਲਾਹ ਦੇ ਕੇ ਕਿ ਉਹ ’84 ਭੁਲ, ਭਾਰਤ ਦੀ ਉਸਾਰੀ ਵਲ ਅੱਗੇ ਆਉਣ, ਉਨ੍ਹਾਂ ਦੇ ਭਰਦੇ ਜਾ ਰਹੇ ਜ਼ਖਮਾਂ ਨੂੰ ਮੁੜ ਕੁਰੇਦਿਆ। ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਜਾਂ ਇਨ੍ਹਾਂ ਮੁਖੀਆਂ ਦਾ ਸਨਮਾਨ ਕਰਨ ਵਾਲੇ ਉਨ੍ਹਾਂ ਨੂੰ ਦਸਦੇ ਨਹੀਂ ਕਿ ਸਿੱਖ ’84 ਦੇ ਜ਼ਖ਼ਮਾਂ ਦੀਆਂ ਚੀਸਾਂ ਨੂੰ ਸਹਿੰਦਿਆਂ ਹੋਇਆਂ ਵੀ, ਉਸ ਦੇਸ਼ ਦੀ ਉਸਾਰੀ ਵਿੱਚ ਮਹਤੱਵਪੂਰਣ ਹਿਸਾ ਪਾ ਰਹੇ ਹਨ, ਜਿਸਨੇ ਉਨ੍ਹਾਂ ਨੂੰ ਇਹ ਜ਼ਖ਼ਮ ਦਿੱਤੇ ਹਨ। ਉਨ੍ਹਾਂ ਨਾ ਤਾਂ ਕਦੀ ਪਹਿਲਾਂ ਸਮੇਂ ਦੀਆਂ ਸਰਕਾਰਾਂ ਦੇ ਜਬਰ-ਜ਼ੁਲਮ ਦਾ ਸ਼ਿਕਾਰ ਹੁੰਦਿਆਂ ਹੌਂਸਲਾ ਹਾਰਿਆ ਸੀ ਤੇ ਨਾ ਹੀ ਅੱਜ ਆਪਣੀਆਂ ਕੁਰਬਾਨੀਆਂ ਨਾਲ ਆਜ਼ਾਦ ਕਰਵਾਏ ਦੇਸ਼ ਦੀ ਸਰਕਾਰ ਵਲੋਂ ਢਾਹੇ ਜ਼ੁਲਮਾਂ ਸਾਹਮਣੇ ਹਿੰਮਤ ਹਾਰੀ ਹੈ। ਇਹ ਗਲ ਵੱਖਰੀ ਹੈ ਕਿ ਰਾਜਸੀ ਆਗੂ ਬਾਰ-ਬਾਰ ਉਨ੍ਹਾਂ ਨੂੰ ’84 ਭੁਲਣ ਦੀ ਸਲਾਹ ਦੇ, ਉਨ੍ਹਾਂ ਦੇ ਜ਼ਖਮ ਕੁਰੇਦ, ਅਪ੍ਰਤੱਖ ਰੂਪ ਵਿੱਚ ਉਨ੍ਹਾਂ ਨੂੰ ਇਹ ਨਸੀਹਤ ਦਿੱੰਦੇ ਰਹਿੰਦੇ ਹਨ ਕਿ ’84 ਭੁਲਿਉ ਨਾਂਹ, ਯਾਦ ਰਖਿਉ ਵਰਨਾ..! ਸ਼ਿਵ ਸੈਨਾ ਦੇ ਮੁੱਖੀ ਬਾਲ ਠਾਕਰੇ ਨੇ ਤਾਂ ਇਕ ਵਾਰ ਇਹ ਗਲ ਖੁਲ੍ਹੇ ਆਮ ਕਹਿ ਆਪਣੀ ਨੀਯਤ ਸਪਸ਼ਟ ਕਰ ਦਿੱਤੀ, ਕਿ ਸਿੱਖਾਂ ਨੂੰ ਭੁਲਣਾ ਨਹੀਂ ਚਾਹੀਦਾ ਕਿ ’84 ਫਿਰ ਦੁਹਰਾਈ ਜਾ ਸਕਦੀ ਹੈ।
ਬਾਦਲ ਅਕਾਲੀ ਦਲ ਦਾ ਵਕਾਰ ਦਾਅ ’ਤੇ : ਪੰਜਾਬ ਦੀਆਂ ਸਾਰੀਆਂ, 13 ਲੋਕਸਭਾ ਸੀਟਾਂ ਪੁਰ ਤੀਹ ਅਪ੍ਰੈਲ ਨੂੰ ਮਤਦਾਨ ਹੋਣ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਐਤਕੀ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਮੁਕਾਬਲੇ ਕਾਂਗ੍ਰਸ ਵਲੋਂ ਪੰਜਾਬ ਕਾਂਗ੍ਰਸ ਦੇ ਸੀਨੀਅਰ ਮੁੱਖੀਆਂ ਨੂੰ ਟਿਕਟ ਦੇ, ਚੋਣ ਮੈਦਾਨ ਵਿੱਚ ਉਤਾਰੇ ਜਾਣ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਪੂਰੀ ਤਾਕਤ ਨਾਲ ਪੰਜਾਬ ਦੇ ਚੋਣ-ਮੈਦਾਨ ਵਿੱਚ ਕੁਦ ਪੈਣ ਦਾ ਪੰਜਾਬੀਆਂ ਵਲੋਂ ਉਤਸਾਹ ਨਾਲ ਸਵਾਗਤ ਕੀਤੇ ਜਾਣੇ ਦੇ ਕਾਰਣ, ਜੋ ਰਾਜਸੀ ਸਮੀਕਰਣ ਬਣ ਰਹੇ ਹਨ, ਉਨ੍ਹਾਂ ਤੋਂ ਇਉਂ ਜਾਪਦਾ ਹੈ, ਜਿਵੇਂ ਇਸ ਵਾਰ ਪੰਜਾਬ ਦੀਆਂ ਸਾਰੀਆਂ ਲੋਕਸਭਾ ਸੀਟਾਂ ਪੁਰ ਤਿਕੋਨਾ ਅਤੇ ਸਖਤ ਮੁਕਾਬਲਾ ਹੋਣ ਜਾ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਇਹ ਸਮਝਣਾ ਵੀ ਮੁਸ਼ਕਲ ਨਹੀਂ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਲਗਾਤਾਰ ਦੂਜੀ ਪਾਰੀ ਵਿੱਚ ਹੋਣ ਕਾਰਣ, ਪੰਜਾਬ ਦੀਆਂ ਸਾਰੀਆਂ ਲੋਕਸਭਾ ਸੀਟਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵਕਾਰ ਦਾ ਸੁਆਲ ਬਣ ਗਈਆਂ ਹੋਈਆਂ ਹਨ। ਉਧਰ ਸ. ਸੁਖਬੀਰ ਸਿੰਘ ਬਾਦਲ ਵਲੋਂ ਅੰਮ੍ਰਿਤਸਰ ਤੋਂ ਸ. ਨਵਜੋਤ ਸਿੰਘ ਸਿਧੁ ਦਾ ਪਤਾ ਕਟਵਾ, ਉਥੇ ਅਰੁਣ ਜੇਤਲੀ ਨੂੰ ਲਿਆ ਖੜਾ ਕੀਤੇ ਜਾਣ ਅਤੇ ਬਠਿੰਡਾ ਤੋਂ ਸ. ਸੁਖਬੀਰ ਸਿੰਘ ਬਾਦਲ ਦੀ ਆਪਣੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਫਿਰ ਤੋਂ ਮੈਦਾਨ ਵਿੱਚ ਹੋਣ ਕਾਰਣ, ਇਨ੍ਹਾਂ ਦੋਹਾਂ ਸੀਟਾਂ ਪੁਰ ਉਸਦਾ ਸਮੁਚਾ ਵਕਾਰ ਹੀ ਦਾਅ ਪੁਰ ਲਗ ਗਿਆ ਹੈ। ਸ਼ਾਇਦ ਇਸੇ ਵਕਾਰ ਨੂੰ ਬਚਾਣ ਲਈ, ਇਨ੍ਹਾਂ ਸੀਟਾਂ ਪੁਰ ਪ੍ਰਚਾਰ ਮੁਹਿੰਮ ਵਿੱਚ ਝੌਂਕੀ ਆਪਣੀ ਤਾਕਤ ਨੂੰ ਵਧਾਣ ਦੇ ਉਦੇਸ਼ ਨਾਲ ਸ. ਸੁਖਬੀਰ ਸਿੰਘ ਬਾਦਲ ਨੇ ਦਲ ਦੇ ਦਿੱਲੀ ਪ੍ਰਦੇਸ਼ ਦੇ ਮੁੱਖੀਆਂ, ਜ. ਮਨਜੀਤ ਸਿੰਘ ਜੀਕੇ ਅਤੇ ਸ. ਮਨਜਿੰਦਰ ਸਿੰਘ ਸਿਰਸਾ ਨੂੰ ਆਪਣੀਆਂ ਟੀਮਾਂ ਲੈ ਪੰਜਾਬ ਸਦ, ਜ. ਮਨਜੀਤ ਸਿੰਘ ਜੀਕੇ ਦੀ ਟੀਮ ਨੂੰ ਅੰਮ੍ਰਿਤਸਰ ਅਤੇ ਸ. ਮਨਜਿੰਦਰ ਸਿੰਘ ਸਿਰਸਾ ਦੀ ਟੀਮ ਨੂੰ ਬਠਿੰਡਾ ਦੇ ਚੋਣ ਹਲਕਿਆਂ ਵਿੱਚ, ਪਹਿਲਾਂ ਤੋਂ ਹੀ ਤੈਨਾਤ ਟੀਮਾਂ ਨੂੰ ਸਹਿਯੋਗ ਦੇਣ ਦੀ ਜ਼ਿਮਂੇਦਾਰੀ ਸੌਂਪ ਦਿੱਤੀ। ਆਪਣੀਆਂ ਜ਼ਿਮੇਂਦਾਰੀਆਂ ਸੰਭਾਲਣ ਦੇ ਨਾਲ ਹੀ ਦਿੱਲੀ ਦੇ ਇਨ੍ਹਾਂ ਮੁੱਖੀਆਂ ਨੇ ਤੁਰੰਤ ਹੀ ਬਿਆਨ ਜਾਰੀ ਕਰ ਇਸਤਰ੍ਹਾਂ ਇਹ ਦਾਅਵਾ ਕਰ ਦਿੱਤਾ ਕਿ ਇਸ ਵਾਰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪੰਜਾਬ ਦੀਆਂ ਲੋਕਸਭਾ ਦੀਆਂ ਸਾਰੀਆਂ ਸੀਟਾਂ ਪੁਰ ਰਿਕਾਰਡ ਜਿੱਤ ਦਰਜ ਕਰਵਾਣ ਵਿੱਚ ਸਫਲ ਹੋਣਗੇ ਅਤੇ ਉਨ੍ਹਾਂ ਦੇ ਵਿਰੋਧੀ ਆਪਣੀਆਂ ਜ਼ਮਾਨਤਾਂ ਤਕ ਨਹੀਂ ਬਚਾ ਪਾਣਗੇ, ਜਿਵੇਂ ਇਨ੍ਹਾਂ ਦੇ ਪਹੁੰਚਦਿਆਂ ਹੀ ਪੰਜਾਬ ਦੀ ਰਾਜਸੀ ਸਥਿਤੀ ਅਕਾਲੀ-ਭਾਜਪਾ ਗਠਜੋੜ ਦੇ ਹਕ ਵਿੱਚ ਤਬਦੀਲ ਹੋ ਗਈ ਹੋਵੇ।
ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਚੋਣ ਮੁਹਿੰਮ ਵਿੱਚ ਸਹਿਯੋਗ ਕਰਨ ਲਈ ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਦੀਆਂ ਡਿਉਟੀਆਂ ਲਾਏ ਜਾਣ ’ਤੇ ਰਾਜਧਾਨੀ ਦੇ ਰਾਜਸੀ ਮਾਹਿਰਾਂ ਵਲੋਂ ਸਵਾਲ ਉਠਾਇਆ ਜਾ ਰਿਹਾ ਹੈ ਕਿ ਜਦੋਂ ਦਿੱਲੀ ਦੀਆਂ ਲੋਕਸਭਾ ਸੀਟਾਂ ਪੁਰ ਚੋਣ ਹੋਈ ਸੀ, ਤਾਂ ਉਸ ਸਮੇਂ ਦਲ ਦੇ ਕੌਮੀ ਨੇਤਾ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਹਕ ਵਿੱਚ ਚੋਣ ਪ੍ਰਚਾਰ ਵਿੱਚ ਸਹਿਯੋਗ ਕਰਨ ਲਈ ਕਿਉਂ ਨਹੀਂ ਪੁਜੇ? ਉਸ ਸਮੇਂ ਦਲ ਦੇ ਪ੍ਰਦੇਸ਼ ਮੁੱਖੀਆਂ ਨੂੰ ਹੀ ਭਾਜਪਾ ਦੇ ਮੰਚ ਪੁਰ ਜਾ ਉਸਦੇ ਉਮੀਦਵਾਰਾਂ ਨੂੰ ਅਕਾਲੀ-ਭਾਜਪਾ ਗਠਜੋੜ ਦੇ ਉਨ੍ਹਾਂ ਦੇ ਹਕ ਵਿੱਚ ਚੋਣ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਜ਼ਿਮੇਂਦਾਰੀ ਸੰਭਾਲਣੀ ਪਈ ਸੀ। ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਇਤਨਾ ਹੀ ਨਹੀਂ, ਹਰਿਆਣਾ ਵਿੱਚ ਤਾਂ ਬਾਦਲ ਅਕਾਲੀ ਦਲ ਦੇ ਕੇਂਦ੍ਰੀ ਨੇਤਾਵਾਂ ਨੇ ਅਕਾਲੀ-ਭਾਜਪਾ ਗਠਜੋੜ ਦੀਆਂ ਮਾਨਤਾਵਾਂ ਨੁੰ ਨਜ਼ਰ-ਅੰਦਾਜ਼ ਕਰਦਿਆਂ, ਇਨੈਲੋ ਦੇ ਉਮੀਦਵਾਰਾਂ ਦੇ ਹਕ ਵਿੱਚ ਹੀ ਚੋਣ ਪ੍ਰਚਾਰ ਨਹੀਂ ਕਤਿਾ, ਸਗੋਂ ਗਠਜੋੜ ਦੇ ਸਹਿਯੋਗੀ, ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਵੀ ਕੀਤਾ। ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਭਾਵੇਂ ਇਹ ਦਾਅਵਾ ਕਰ, ਆਪਣਾ ਬਚਾਅ ਕਰ ਰਹੇ ਹੋਣ ਕਿ ਚੋਣਾਂ ਤੋਂ ਬਾਅਦ ਇਨੈਲੋ ਐਨਡੀਏ ਸਰਕਾਰ ਬਣਵਾਣ ਵਿੱਚ ਸਹਿਯੋਗ ਹੀ ਨਹੀਂ ਕਰੇਗਾ, ਸਗੋਂ ਉਸਦੇ ਨਾਲ ਵੀ ਚਲੇਗਾ। ਫਿਰ ਵੀ ਇਨ੍ਹਾਂ ਹਾਲਾਤ ਵਿੱਚ ਭਾਜਪਾ ਦਾ ਪੰਜਾਬ ਕੇਡਰ ਅਕਾਲੀ-ਭਾਜਪਾ ਗਠਜੋੜ ਦੇ ਪ੍ਰਤੀ ਬਾਦਲ ਅਕਾਲੀ ਦਲ ਦੇ ਕੇਂਦ੍ਰੀ ਨੇਤਾਵਾਂ ਦੀ ਈਮਾਨਦਾਰੀ ਦੇ ਪ੍ਰਤੀ ਸਵਾਲ ਜ਼ਰੂਰ ਉਠਾ ਸਕਦਾ ਹੈ। ਪੰਜਾਬ ਭਾਜਪਾ ਦਾ ਕੇਡਰ ਇਹ ਸੋਚਣ ਤੇ ਵੀ ਮਜਬੂਰ ਹੋ ਸਕਦਾ ਹੈ ਕਿ ਜੇ ਬਾਦਲ ਅਕਾਲੀ ਦਲ ਦੇ ਕੇਂਦ੍ਰੀ ਨੇਤਾ ਹਰਿਆਣਾ ਵਿੱਚ ਉਨ੍ਹਾਂ ਦੀ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਦੇ ਵਿਰੁਧ ਸਰਗਰਮ ਰਹਿ ਸਕਦਾ ਹੈ, ਤਾਂ ਉਹ ਪੰਜਾਬ ਵਿੱਚ ਉਸਦਾ ਜਵਾਬ ਕਿਉਂ ਨਹੀਂ ਦੇ ਸਕਦੇ? ਜੇ ਅਜਿਹਾ ਹੁੰਦਾ ਹੈ ਤਾਂ ਇਸਦਾ ਅਸਰ ਅਕਾਲੀ ਉਮੀਦਵਾਰਾਂ ਦੇ ਪ੍ਰਦਰਸ਼ਨ ਪਰ ਪੈਣ ਤੋਂ ਰੋਕਿਆ ਨਹੀਂ ਜਾ ਸਕੇਗਾ।
…ਅਤੇ ਅੰਤ ਵਿੱਚ : ਲੋਕਸਭਾ ਚੋਣਾਂ ਵਿੱਚ ਸੀਨੀਅਰ ਅਤੇ ਜੂਨੀਅਰ ਬਾਦਲ ਵਲੋਂ ਹਰਿਆਣਾ ਵਿੱਚ ਕਾਂਗਰਸ ਅਤੇ ਭਾਜਪਾ ਵਿਙਰੁਧ ਇਨੈਲੋ ਦੀ ਮਦਦ ਕੀਤੇ ਜਾਣ ਪੁਰ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸਤੋਂ ਸਾਬਤ ਹੋ ਜਾਂਦਾ ਹੈ ਕਿ ਬਾਦਲ ਅਕਾਲੀ ਦਲ ਨੇ ਪੰਜਾਬੀ-ਭਾਸ਼ਾਈ ਹਲਕਿਆਂ ਅਤੇ ਚੰਡੀਗੜ੍ਹ ਤੇ ਪੰਜਾਬ ਦੇ ਦਾਅਵੇ ਆਦਿ ਨੂੰ ‘ਡਸਟਬਿੰਨ’ ਵਿੱਚ ਸੁਟ ਦਿੱਤਾ ਹੈ।



