ਚੋਣ ਪਿੜ ’ਚ ਪਾਰਟੀਆਂ ਕਈ, ਟੱਕਰ ਕਾਂਗਰਸ-ਅਕਾਲੀ ਦਲ ’ਚ

ਸਤਾਰਵੀਂ ਲੋਕ ਸਭਾ ਲਈ ਪੰਜਾਬ ਵਿਚ ਵੋਟਾਂ ਆਖਰੀ ਅਤੇ ਸਤੱਵੇਂ ਪੜਾਅ ਵਿਚ 19 ਮਈ ਨੂੰ ਪੈਣਗੀਆਂ। ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸ਼ੁਰੂ ਹੋਣ ਤੋਂ ਬਾਅਦ ਸਿਆਸੀ ਧਿਰਾਂ ਨੇ ਆਪਣੇ ਪੂਰੇ ਦੇ ਪੂਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿਤਾ ਹੈ। ਕੁੱਝ ਕੁ ਦਾ ਨਾਂ ਤਾਂ ਕਾਫੀ ਸਮਾਂ ਪਹਿਲਾਂ ਹੀ ਐਲਾਨ ਕਰ ਦਿਤਾ ਗਿਆ ਸੀ ਅਤੇ ਉਨ੍ਹਾਂ ਨੇ ਆਪੋ ਆਪਣੇ ਹਲਕਿਆਂ ਵਿਚ ਚੋਣ ਸਰਗਰਮੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ। ਚੋਣ ਪਿੜ ਵਿਚ ਭਲੇ ਹੀ ਕਈ ਨਿੱਕੀਆਂ ਵੱਡੀਆਂ ਸਿਆਸੀ ਪਾਰਟੀਆਂ ਉਤਰੀਆਂ ਹੋਈਆਂ ਹਨ। ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਮੁੱਖ ਮੁਕਾਬਲਾ ਪੰਜਾਬ ਦੀਆਂ ਦੋਵਾਂ ਰਿਵਾਇਤੀ ਧਿਰਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਵੇਗਾ। ਇਹ ਦੋਵੇਂ ਪਾਰਟੀਆਂ ਹੀ ਹਨ ਜਿਨ੍ਹਾਂ ਨੇ ਲੋਕ ਸਭਾ ਦੀਆਂ ਤੇਰ੍ਹਾਂ ਦੀਆਂ ਤੇਰ੍ਹਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਹ ਚੋਣ ਵੀ ਇਕਲੀਆਂ ਹੀ ਲੜ ਰਹੀਆਂ ਹਨ। ਕਾਂਗਰਸ ਦੀ ਕਿਸੇ ਨਾਲ ਭਾਈਵਾਲੀ ਨਹੀਂ। ਹਾਂ, ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ 10 ਅਤੇ 3 ਦੀ ਭਾਈਵਾਲੀ ਹੈ। ਯਾਨੀ 10 ਸੀਟਾਂ ’ਤੇ ਅਕਾਲੀ ਉਮੀਦਵਾਰ ਅਤੇ ਤਿੰਨ ਉਤੇ ਭਾਰਤੀ ਜਨਤਾ ਪਾਰਟੀ ਦੇ। ਹੋਰ ਬਹੁਤੀਆਂ ਪਾਰਟੀਆਂ ਦੇ ਇਕ ਇਕ ਦੋ ਦੋ ਉਮੀਦਵਾਰ ਹਨ ਅਤੇ ਕਿਸੇ ਦਾ ਇਕ ਅੱਧਾ ਇਸ ਤੋਂ ਵੱਧ। ਇਨ੍ਹਾਂ ਵਿਚ ਆਮ ਆਦਮੀ ਪਾਰਟੀ ਦਾ ਦਿੱਲੀ ਧੜਾ ਅਤੇ ਪੰਜਾਬ ਧੜਾ ਵੀ ਸ਼ਾਮਲ ਹਨ।
ਡਾ. ਧਰਮਵੀਰ ਗਾਂਧੀ ਦੀ ਪੰਜਾਬ ਏਕਤਾ ਪਾਰਟਂੀ ਹੈ। ਲੁਧਿਆਣੇ ਵਾਲੇ ਬੈਂਸ ਭਰਾਵਾਂ ਦੀ ਆਪਣੀ ਪਾਰਟੀ ਹੈ। ਖੱਬੇ ਪੱਖੀ ਧਿਰਾਂ ਦੇ ਵੀ ਕੁਝ ਉਮੀਦਵਾਰ ਹਨ। ਟਕਸਾਲੀ ਅਕਾਲੀ ਦਲ ਦਾ ਵੀ ਇਕ ਉਮੀਦਵਾਰ ਹੈ। ਕੁਲ ਮਿਲਾ ਕੇ ਵੇਖਣ ਨੂੰ ਹਰ ਸੀਟ ਤੋਂ ਮੁਕਾਬਲਾ ਚਹੁਮੁੱਖੀ ਜਾਪਦਾ ਹੈ। 2 ਮਈ ਤਕ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋ ਜਾਵੇਗਾ। ਇਸ ਉਪਰੰਤ ਉਮੀਦਵਾਰਾਂ ਨੂੰ 19 ਮਈ ਤੱਕ ਚੋਣ ਪ੍ਰਚਾਰ ਵਿਚ ਖੂਬ ਪਸੀਨਾ ਵਹਾਉਣਾ ਪਵੇਗਾ। ਮਈ ਸਿਖਰ ਗਰਮੀ ਦਾ ਮਹੀਨਾ ਹੈ ਪਰ ਇਹ ਕੁਰਸੀ ਯੁੱਧ ਹੈ। ਇਸ ਲਈ ਇਹ ਸਭ ਕਰਨਾ ਹੀ ਪੈਣਾ ਹੈ।
ਪੰਜਾਬ ਦੀ ਸਿਆਸਤ ’ਤੇ ਝਾਤੀ ਮਾਰਿਆਂ ਪਹਿਲੀ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਚੋਣਾਂ ਲਈ ਸੰਭਾਵੀ ਜੇਤੂ ਉਮੀਦਵਾਰ ਲੱਭਣ ਵਿਚ ਮੁਸ਼ਕਲ ਪੇਸ਼ ਆਈ। ਦੋਹਾਂ ਧਿਰਾਂ ਨੇ ਆਪਣੇ ਕੁਝ ਵਿਧਾਇਕ ਹੀ ਚੋਣ ਮੈਦਾਨ ਵਿਚ ਉਤਾਰ ਦਿਤੇ। ਵਿਧਾਇਕਾਂ ਦੀ ਗਿਣਤੀ ਪੌਣੀ ਦਰਜਨ ਦੇ ਨੇੜੇ ਤੇੜੇ ਹੈ। ਇਸ ਵਿਚ ਆਪ ਦੇ ਦੋਹਾਂ ਧੜਿਆਂ ਦੇ ਵਿਧਾਇਕ ਸਭ ਤੋਂ ਜ਼ਿਆਦਾ ਹਨ। ਕਾਂਗਰਸ ਦੇ ਵੀ ਹਨ। ਬਠਿੰਡਾ ਤੋਂ ਰਾਜਾ ਵਡਿੰਗ ਅਤੇ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ। ਇਕ ਭਾਜਪਾ ਵਿਧਾਇਕ ਸੋਮ ਪ੍ਰਕਾਸ ਹੋਸ਼ਿਆਪੁਰ ਤੋੀ ਹਨ, ਅਕਾਲੀ ਦਲ ਦੇ ਦੋ ਅਹਿਮ ਵਿਧਾਇਕ ਸੁਖਬੀਰ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਵੀ ਪਾਰਟੀ ਦੀ ਸਾਖ ਖਾਤਰ ਖੁਦ ਚੋਣ ਪਿੜ ਵਿਚ ਉਤਰੇ ਹਨ। ਆਪ ਦੇ ਵਿਰੋਧੀ ਧੜੇ ਦਾ ਸੁਖਪਾਲ ਖਹਿਰਾ ਖੁਦ ਬਠਿੰਡਾ ਤੋਂ ਲੜ ਰਿਹਾ ਹੈ। ਜ਼ਾਹਿਰ ਹੈ ਇਨ੍ਹਾਂ ਵਿਚੋਂ ਜਿੰਨ੍ਹਾਂ ਵੀ ਜਿੱਤ ਗਏ ਉਨ੍ਹਾਂ ਦੀਆਂ ਸੀਟਾਂ ਪੰਜਾਬ ਵਿਧਾਨ ਸਭਾ ਵਿਚ ਖਾਲੀ ਹੋ ਜਾਣੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਫਿਰ ਜ਼ਿਮਨੀ ਚੋਣਾਂ ਲਈ ਤਿਆਰ ਹੋਣਾ ਪਵੇਗਾ। ਉਂਜ ਇਨ੍ਹਾਂ ਚੋਣਾਂ ਦੀ ਜਿਹੜੀ ਸਭ ਤੋਂ ਦਿਲਚਸਪ ਗੱਲ ਹੈ ਉਹ ਇਹ ਕਿ ਇਕ ਤਾਂ ਸ਼ੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੋਵੇਂ ਮੀਆਂ ਬੀਬੀ ਖੁਦ ਚੋਣ ਮੈਦਾਨ ਵਿਚ ਨਿਤਰੇ ਹਨ। ਦੂਜਾ ਸੂਬੇ ਦੀਆਂ ਘਟੋ ਘਟ ਛੇ ਸਿਆਸੀ ਪਾਰਟੀਆਂ ਦੇ ਪ੍ਰਧਾਨ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਵਿਚ ਸੁਖਬੀਰ ਬਾਦਲ ਤਾਂ ਹੈ ਹੀ, ਕਾਂਗਰਸ ਦਾ ਸੁਨੀਲ ਜਾਖੜ ਵੀ ਹੈ। ਆਪ ਦੇ ਦਿੱਲੀ ਧੜੇ ਦਾ ਭਗਵੰਤ ਮਾਨ, ਆਪ ਦੇ ਵਿਰੋਧੀ ਧੜੇ ਦਾ ਸੁਖਪਾਲ ਖਹਿਰਾ, ਲੋਕ ਇਨਸਾਫ ਪਾਰਟੀ ਦਾ ਸਿਮਰਜੀਤ ਸਿੰਘ ਬੈਂਸ ਅਤੇ ਪੰਜਾਬ ਏਕਤਾ ਪਾਰਟੀ ਦਾ ਡਾ. ਧਰਮਵੀਰ ਗਾਂਧੀ ਹੈ। ਇਕ ਹੋਰ ਗਲ਼ ਵੀ ਜ਼ਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਦੇ ਤੇਰ੍ਹਾਂ ਐਮ.ਪੀਆਂ ਵਿਚੋਂ ਚਾਰ ਆਮ ਆਦਮੀ ਪਾਰਟੀ, ਚਾਰ ਕਾਂਗਰਸ ਅਤੇ ਚਾਰ ਅਕਾਲੀ ਦਲ ਦੇ ਅਤੇ ਇਕ ਭਾਜਪਾ ਦਾ ਹੈ। ਇਨ੍ਹਾਂ ਵਿਚੋਂ ਲਗਭਗ ਅੱਧਿਆਂ ਨੂੰ ਮੁੜ ਟਿਕਟ ਦੇ ਦਿੱਤੀ ਗਈ ਹੈ। ਆਪ ਦੇ ਦੋ ਸਾਂਸਦ ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਸ਼ੁਰੂ ਵਿਚ ਹੀ ਪਾਰਟੀ ਛੱਡ ਗਏ ਸਨ। ਇਸ ਲਈ ਡਾ. ਗਾਂਧੀ ਤਾਂ ਆਪਣੀ ਵਖਰੀ ਪਾਰਟੀ ਬਣਾ ਕੇ ਚੋਣ ਮੈਦਾਨ ਵਿਚ ਹੈ ਪਰ ਖਾਲਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਵਜੂਦ ਉਸ ਨੂੰ ਟਿਕਟ ਨਹੀਂ ਦਿਤੀ। ਭਾਜਪਾ ਨੇ ਮੋਦੀ ਸਰਕਾਰ ਦੇ ਇਕ ਮੰਤਰੀ ਵਿਜੇ ਸਾਂਪਲਾ ਨੂੰ ਵੀ ਟਿਕਟ ਨਹੀਂ ਦਿਤੀ। ਅਕਾਲੀ ਦਲ ਦੇ ਚਾਰ ਸਾਂਸਦਾਂ ਵਿਚੋਂ ਦੋ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ਼ੇਰ ਸਿੰਘ ਘੁਬਾਇਆ ਵੀ ਪਾਰਟੀ ਛੱਡ ਗਏ ਹਨ। ਘੁਬਾਇਆ ਤਾਂ ਕਾਂਗਰਸ ਵਿਚ ਸ਼ਾਮਲ ਹੋ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਬਣ ਗਿਆ ਹੈ ਜਿਸ ਨੂੰ ਟੱਕਰ ਦੇਣ ਲਈ ਸੁਖਬੀਰ ਬਾਦਲ ਨੇ ਆਪਣੇ ਆਪ ਨੂੰ ਖੁਦ ਚੋਣ ਮੈਦਾਨ ਵਿਚ ਲਿਆ ਖੜਾ ਕੀਤਾ ਹੈ। ਉਂਜ ਜੇ ਟੱਕਰ ਕਾਂਗਰਸ ਅਤੇ ਅਕਾਲੀ ਦਲ ਵਿਚ ਮੰਨੀ ਜਾ ਰਹੀ ਹੈ ਤਾਂ ਇਸ ਦੇ ਉਮੀਦਵਾਰਾਂ ਤੇ ਝਾਤੀ ਮਾਰੀਏ ਤਾਂ ਸਪਸ਼ਟ ਹੋਵੇਗਾ ਕਿ ਅਕਾਲੀ ਦਲ ਦੇ ਬਹੁਤੇ ਉਮੀਦਵਾਰ ਕਾਂਗਰਸੀ ਉਮੀਦਵਾਰਾਂ ਨਾਲੋਂ ਪੁਖਤਾ ਹਨ। ਹੁਣੇ ਇਹ ਟਿਪਣੀ ਕਰਨੀ ਵਾਜਬ ਨਹੀਂ ਲਗਦੀ ਪਰ ਕਾਂਗਰਸੀ ਹਲਕਿਆਂ ਵਿਚ ਇਸ ਤਰ੍ਹਾਂ ਦੀਆਂ ਸੁਰਾਂ ਜ਼ਰੂਰ ਉਭਰਨੀਆਂ ਸ਼ੁਰੂ ਹੋ ਗਈਆਂ ਹਨ ਕਿ ਛੇ ਸੱਤ ਹਲਕਿਆਂ ਤੋਂ ਇਸ ਦੇ ਉਮੀਦਵਾਰ ਸੰਭਾਵੀ ਜੇਤੂ ਨਹੀਂ ਲਗਦੇ। ਤਾਂ ਵੀ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਲਈ ਇਹ ਚੋਣਾਂ ਵਕਾਰ ਦਾ ਸਵਾਲ ਹਨ। ਕਾਂਗਰਸ ਕੋਲ ਇਸ ਵੇਲੇ ਚਾਰ ਸੀਟਾਂ ਹਨ। ਜਿੱਤਣ ਦਾ ਦਾਅਵਾ ਇਹ ਤੇਰ੍ਹਾਂ ਦੀਆਂ ਤੇਰ੍ਹਾਂ ਦਾ ਕਰ ਰਹੀ ਹੈ ਜੋ ਕੈਪਟਨ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕੁਝ ਵਧੇਰੇ ਦੀ ਢਿਲੀ ਢਾਲੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਬਹੁਤੀ ਅਪੀਲ ਨਹੀਂ ਕਰਦੀ। ਅਕਾਲੀ ਦਲ ਕੋਲ ਇਸ ਵੇਲੇ ਸਿਰਫ਼ ਦੋ ਸੀਟਾਂ ਹਨ ਅਤੇ ਜਿਸ ਤਰ੍ਹਾਂ ਦੇ ਉਮੀਦਵਾਰਾਂ ’ਤੇ ਉਹਨੇ ਟੇਕ ਲਗਾਈ ਹੈ ਅਤੇ ਪਿਛਲੇ ਕੁਝ ਸਮੇਂ ਵਿਚ ਅਕਾਲੀ ਦਲ ਨੂੰ ਮੁੜ ਪੈਰਾਂ ਤੇ ਖੜੇ ਕਰਨ ਦੇ ਯਤਨ ਕੀਤੇ ਗਏ ਹਨ ਉਨ੍ਹਾਂ ਦੀ ਰੋਸ਼ਨੀ ਵਿਚ ਅਕਾਲੀ ਦਲ ਨੂੰ ਚੋਣਾਂ ਦਾ ਲਾਹਾ ਮਿਲ ਸਕਦਾ ਹੈ। ਤਾਂ ਵੀ ਹਕੀਕਤ ਦਾ ਪਤਾ 23 ਮਈ ਨੂੰ ਚੋਣ ਨਤੀਜਿਆਂ ਵੇਲੇ ਲੱਗੇਗਾ।
ਲੋਕ ਵੋਟ ਕਿਉਂ ਅਤੇ ਕਿਸ ਨੂੰ ਪਾਉਣ?
ਸਵਾਲਾਂ ਦਾ ਸਵਾਲ ਹੈ ਕਿ ਹੁਣ ਜਦੋਂ ਕਿ ਚੋਣ ਮੈਦਾਨ ਭੱਖਣਾ ਸ਼ੁਰੂ ਹੋ ਗਿਆ ਹੈ ਤਾਂ ਪੰਜਾਬ ਦੇ ਲਗਭਗ ਦੋ ਕਰੋੜ ਤੋਂ ਵੱਧ ਵੋਟਰ ਆਪਣਾ ਵੋਟ ਕਿਸ ਨੂੰ ਅਤੇ ਕਿਉਂ ਪਾਉਣ? ¦ਬੇ ਅਰਸੇ ਤੋਂ ਰਵਾਇਤ ਤਾਂ ਇਹ ਰਹੀ ਹੈ ਕਿ ਇਨ੍ਹਾਂ ਵੋਟਾਂ ਨਾਲ ਇਕ ਵਾਰ ਕਾਂਗਰਸ ਅਤੇ ਇਕ ਵਾਰੀ ਅਕਾਲੀਆਂ ਦੀ ਸਰਕਾਰ ਬਣਦੀ ਰਹੀ ਹੈ। ਘਟੋ ਘੱਟ 1985 ਤੋਂ ਇਹ ਸਿਲਸਿਲਾ ਜਾਰੀ ਹੈ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਸ਼ੁਧ ਅਕਾਲੀਆਂ ਦੀ ਸਰਕਾਰ ਬਣੀ ਸੀ। ਹਾਂ, ਉਦੋਂ ਵੀ ਅਤੇ ਉਸ ਤੋਂ ਬਹੁਤ ਸਮਾਂ ਪਹਿਲਾਂ ਵੀ ਪੰਜਾਬ ਦੇ ਕੁਝ ਮਸਲੇ ਸਨ ਜਿਨ੍ਹਾਂ ਨੂੰ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਕੈਪਟਨ ਅਮਰਿੰਦਰ ਸਿੰਘ ਦੀਆ ਸਰਕਾਰਾਂ ਕੇਂਦਰ ਤੋਂ ਹੱਲ ਕਰਵਾ ਸਕੀਆਂ। 1992 ਵਿਚ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਤਾਂ ਹੋਣਾ ਹੀ ਕੁਝ ਨਹੀਂ ਸੀ ਕਿਉਂਕਿ ਉਦੋਂ ਤਕ ਤਾਂ ਪੰਜਾਬ ਕਾਲੇ ਦਿਨਾਂ ਦੀ ਬਲੀ ਚੜ ਚੁੱਕਾ ਸੀ। ਇਹੀਓ ਸਮਾਂ ਸੀ ਜਦੋਂ ਪੰਜਾਬ ਸਿਰ ਕਰਜ਼ਾ ਚੜ੍ਹਨਾ ਸ਼ੁਰੂ ਹੋਇਆ ਜੋ ਅੱਜ 2 ਲੱਖ 60 ਹਜ਼ਾਰ ਕਰੋੜ ਤੋਂ ਵੀ ਵੱਧ ਗਿਆ ਹੈ।
ਪੰਜਾਬ ’ਤੇ ਦਸ ਸਾਲ ਹਕੂਮਤ ਕਰਨ ਵਾਲੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੀ ਕਰਜ਼ੇ ਦੇ ਸਿਰ ਤੇ ਚਲਦੀ ਰਹੀ ਅਤੇ ਹੁਣ ਕੈਪਟਨ ਸਰਕਾਰ ਵੀ ਕਰਜ਼ੇ ਦੇ ਆਸਰੇ ਚਲ ਰਹੀ ਹੈ। ਪੰਜਾਬ ਦੇ ਇਸ ਤਰ੍ਹਾਂ ਦੇ ਤਰਸਯੋਗ ਹਾਲਾਤ ਬਣ ਗਏ ਹਨ ਕਿ ਅਗਲੀਆਂ ਕਈ ਸਰਕਾਰਾਂ ਵੀ ਕਰਜ਼ੇ ’ਤੇ ਹੀ ਚਲਣਗੀਆਂ। ਹਾਂ, ਜਦੋਂ ਕੋਈ ਦਿਲ ਗੁਰਦੇ ਵਾਲਾ ਅਤੇ ਪੰਜਾਬ ਦੇ ਹਿੱਤਾਂ ਹੱਕਾਂ ਦਾ ਰਖਵਾਲਾ ਮੁੱਖ ਮੰਤਰੀ ਬਣਿਆਂ ਤਾਂ ਉਦੋਂ ਸ਼ਾਇਦ ਕੁਝ ਤੇਜ ਤਿਖੇ ਆਰਥਿਕ ਸੁਧਾਰਾਂ ਕਾਰਨ ਪੰਜਾਬ ਨੂੰ ਮੌਜੂਦਾ ਮਾਲੀ ਸੰਕਟ ਵਿਚੋਂ ਕੱਢਿਆ ਜਾ ਸਕੇ ਵਰਨਾ ਹਾਲ ਦੀ ਘੜੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਸਵਾਲ ਜਿਥੋਂ ਤਕ ਪੰਜਾਬ ਦੀਆਂ ਮੰਗਾਂ ਦਾ ਹੈ ਉਨ੍ਹਾਂ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਵਾਪਸ ਕਰਨ ਅਤੇ ਦਰਿਆਈ ਪਾਣੀਆਂ ਦੀ ਸਹੀ ਵੰਡ ਆਦਿ ਸ਼ਾਮਲ ਹਨ। ਪਾਣੀਆਂ ਸਬੰਧੀ ਭੱਲੇ ਹੀ ¦ਬੇ ਸਮੇਂ ਤੋਂ ਸੁਪਰੀਮ ਕੋਰਟ ਵਿਚ ਕੇਸ ਚਲ ਰਿਹਾ ਹੈ। ਪੰਜਾਬ ਦੀ ਧਰਤੀ ਤੇ ਬਣੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਵਾਪਸੀ ਲਈ ਕਦੀ ਕਿਸੇ ਸਿਆਸੀ ਧਿਰ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਸਗੋਂ ਆਪਸ ਵਿਚ ਇਕ ਦੂਜੇ ਦੀਆਂ ਲੱਤਾਂ ਖਿੱਚ ਕੇ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਜ਼ਰੂਰ ਪੁਚਾਉਂਦੇ ਰਹੇ ਹਨ।
ਵੈਸੇ ਵੀ ਅੱਜ ਪੰਜਾਬ ਜਿਵੇਂ ਨਸ਼ਿਆਂ, ਬੇਰੁਜ਼ਗਾਰੀ, ਮਹਿੰਗਾਈ, ਕਿਸਾਨੀ ਖੁਦਕੁਸ਼ੀਆਂ, ਮੁੱਦਿਆਂ ਦੀ ਥਾਂ ਦੂਸ਼ਣਬਾਜੀ, ਕੁਨਬਾਪਰਵਰੀ, ਭ੍ਰਿਸ਼ਟਾਚਾਰ, ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ’ਚ ਖੱਜਲਖੁਆਰੀ ਆਦਿ ਭਖਵੇਂ ਮਸਲਿਆਂ ਵਿਚ ਉਲਝਿਆ ਹੋਇਆ ਹੈ ਉਸ ਤੋਂ ਵੋਟਰ ਖਫ਼ਾ ਹੋ ਰਹੇ ਹਨ। ਵੋਟਰਾਂ ਨੂੰ ਪਹਿਲਾਂ ਚੋਣਾਂ ਸਮੇਂ ਝੂਠੇ ਲਾਰਿਆਂ ਦੇ ਸਬਜ਼ਬਾਗ ਵਿਖਾ ਕੇ ਵਰਗਲਾ ਲਿਆ ਜਾਂਦਾ ਸੀ ਹੁਣ ਉਹ ਸ਼ਾਇਦ ਥੋੜਾ ਚੇਤੰਨ ਹੋ ਗਏ ਹਨ। ਸ਼ਾਇਦ ਇਸੇ ਲਈ ਵੋਟਰ ਐਤਕੀ ਖਾਮੋਸ਼ ਹਨ। ਰਵਾਇਤੀ ਧਿਰਾਂ ਨੂੰ ਤਾਂ ਭਲੇ ਹੀ ਉਨ੍ਹਾਂ ਨੇ ਅਜਮਾ ਲਿਆ ਹੈ ਅਤੇ ਉਹ ਗੰਭੀਰਤਾ ਨਾਲ ਸੋਚਣ ਲੱਗੇ ਹਨ ਕਿ ਵੋਟ ਉਸ ਨੂੰ ਪਾਉਣ ਜੋ ਆਪਣੀ ਨਿੱਜੀ ਹਿੱਤਾਂ ਦੀ ਥਾਂ ਲੋਕ ਹਿਤਾਂ ਨੂੰ ਪਹਿਲ ਦੇਵੇ।

Send this to a friend