ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਨਾਲੋਂ ਫਾਡੀ ਰਿਹਾ ਮੌਜੂਦਾ ਸਰਕਾਰ ਦਾ ਬਲਾਚੌਰ ’ਚ ਵਿਕਾਸ :ਦਿਨੇਸ਼ ਕਾਕੂ

ਬਲਾਚੌਰ- ਕਿਸੇ ਵੀ ਪਾਰਟੀ ਵਲੋਂ ਸਤਾ ਵਿਚ ਆਉਣ ਤੋਂ ਪਹਿਲਾਂ ਜਨਤਾ ਨਾਲ ਝੂਠੇ ਵਾਅਦੇ ਕਰਕੇ, ਵਿਕਾਸ ਦੇ ਝੂਠੇ ਸਬਜ਼ਬਾਗ ਦਿਖਾ ਕੇ, ਜ਼ਿਆਦਾ ਮਿਠੇ ਵਾਲੀ ਚਾਕਲੇਟ ਦਿਖਾ ਕੇ ਵੋਟਾਂ ਬਟੋਰ ਕੇ ਭਾਵੇਂ ਸਤਾ ਤਾਂ ਹਾਸਲ ਕਰ ਲਈ ਜਾਂਦੀ ਹੈ ਪਰ ਸਤਾ ਵਿਚ ਆਉਣ ਤੋਂ ਬਾਅਦ ਇਹ ਵਿਕਾਸ ਕਿੰਨੀਆਂ ਛਲਾਂ ਮਾਰਦਾ ਹੈ ਇਸ ਦੀ ਮੂੰਹ ਬੋਲਦੀ ਤਸਵੀਰ ਤਾਂ ਕਾਗ਼ਜ਼ੀ ਫਾਈਲਾਂ ਰਾਹੀਂ ਹੀ ਪੇਸ਼ ਹੁੰਦੀ ਹੈ। ਜੇਕਰ ਗਲ ਕਰੀਏ ਮੌਜੂਦਾ ਸਰਕਾਰ ਦੁਆਰਾ ਬਲਾਚੌਰ ਵਿਚ ਕੀਤੇ ਜਾ ਰਹੇ ਵਿਕਾਸ ਦੀ ਤਾਂ ਅਕਾਲੀ ਭਾਜਪਾ ਕਾਰਜਕਾਲ ਦੇ ਵਿਕਾਸ ਨਾਲੋਂ ਮੌਜੂਦਾ ਸਰਕਾਰ ਦਾ ਵਿਕਾਸ ਤਾਂ ਠਖਜ਼ਾਨਾ ਖਾਲੀ ਹੈਠ ਦੇ ਹੋਕੇ ਤਕ ਹੀ ਸੀਮਤ ਰਹਿ ਗਿਆ ਹੈ। ਇਸ ਸਬੰਧੀ ਪਿੰਡ ਨੀਲੇਵਾੜੇ (ਰਤੇਵਾਲ) ਦੇ ਦਿਨੇਸ਼ ਕੁਮਾਰ ਆਰਟੀਆਈ ਕਾਰਕੁਨ ਨੇ ਆਰਟੀਆਈ ਐਕਟ 2005 ਤਹਿਤ ਸੂਚਨਾ ਪ੍ਰਾਪਤ ਕਰਕੇ ਖੁਲਾਸਾ ਕਰਦਿਆਂ ਕਿਹਾ ਕਿ ਬਲਾਚੌਰ ਬਲਾਕ ਦੇ 131 ਪਿੰਡਾਂ ਨੂੰ ਮਿਤੀ 11.3.2017 ਤੋਂ 11.3.2019 ਤਕ ਦੇ ਦੋ ਸਾਲਾਂ ਦੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕਰੀਬ ਇਕ ਕਰੋੜ ਪਚੀ ਲਖ ਰੁਪਏ ਦੀਆਂ ਗ੍ਰਾਂਟਾਂ ਹੀ ਮਿਲੀਆਂ ਹਨ ਜਦਕਿ ਅਕਾਲੀ ਭਾਜਪਾ ਸਰਕਾਰ ਸਮੇਂ 31.1.2015 ਤੋਂ 31.1.2017 ਤਕ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਤੇਰਾਂ ਕਰੋੜ ਬਿਆਸੀ ਲਖ ਰੁਪਏ ਦੀ ਗ੍ਰਾਂਟਾਂ ਮਿਲੀਆਂ ਸਨ ਅਤੇ ਅਕਾਲੀ ਭਾਜਪਾ ਸਰਕਾਰ ਦੇ ਪੂਰੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ 22 ਕਰੋੜ 63 ਲਖ ਰੁਪਏ ਦੀਆਂ ਗਰਾਂਟਾਂ ਦੇ ਵਡੇ ਗਫੇ ਦਿਤੇ ਗਏ ਸਨ। ਦਿਨੇਸ਼ ਕੁਮਾਰ ਨੇ ਦਸਿਆ ਕਿ ਜੇਕਰ ਮੌਜੂਦਾ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਨੂੰ ਮਾਤ ਦੇਣੀ ਹੋਵੇ ਤਾਂ ਕਾਂਗਰਸ ਸਰਕਾਰ ਨੂੰ ਬਾਈ ਕਰੋੜ ਰੁਪਏ ਗ੍ਰਾਂਟਾਂ ਦੇ ਗਫੇ ਵੰਡਣੇ ਪੈਣਗੇ ਪਰ ਖ਼ਜ਼ਾਨਾ ਖ਼ਾਲੀ ਹੈ ਦੇ ਹੋਕੇ ਨਾਲ ਕਿੰਨਾ ਵਿਕਾਸ ਮੌਜੂਦਾ ਸਰਕਾਰ ਦੁਆਰਾ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿਚ ਕਿੰਨਾ ਵਿਕਾਸ ਕੀਤਾ ਜਾਵੇਗਾ ਇਸ ਦਾ ਅੰਦਾਜ਼ਾ ਤਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਦਿਨੇਸ਼ ਕੁਮਾਰ ਨੇ ਦਸਿਆ ਕਿ ਕਿ ਮੌਜੂਦਾ ਕਾਂਗਰਸੀ ਆਗੂ ਆਪਣੇ ਦੁਆਰਾ ਕੀਤੇ ਵਿਕਾਸ ਦੀਆਂ ਸਿਫ਼ਤਾਂ ਆਪਣੇ ਮੂੰਹੋਂ ਕਰਦੇ ਨਹੀਂ ਥਕਦੇ। ਕੋਈ ਵੀ ਸਮਾਗਮ ਹੋਵੇ ਟੂਰਨਾਮੈਂਟ ਹੋਵੇ ਕੋਈ ਰੈਲੀ ਹੋਵੇ ਜਾਂ ਕੋਈ ਹੋਰ ਪ੍ਰੋਗਰਾਮ ਇਹ ਆਗੂ ਮਾਈਕ ਫੜ ਕੇ ਆਪਣੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਦੇ ਨਹੀਂ ਥਕਦੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਦਿਨੇਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਦੁਆਰਾ ਪ੍ਰਾਪਤ ਕੀਤੇ ਇਹ ਕਾਗਜ਼ੀ ਅੰਕੜੇ ਆਪ ਮੁਹਾਰੇ ਬੋਲਦੇ ਹਨ ਕਿ ਕਾਂਗਰਸ ਸਰਕਾਰ ਸਮੇਂ ਵਿਕਾਸ ਦੀਆਂ ਨਾਮਾਤਰ ਗ੍ਰਾਂਟਾਂ ਹੀ ਆਈਆਂ ਹਨ।ਜਿਸ ਵਿਕਾਸ ਦੇ ਰਫਤਾਰ ਦੀ ਇਨ੍ਹਾਂ ਦੇ ਲੀਡਰਾਂ ਵਲੋਂ ਤੇਜ਼ ਤਰਾਰ ਗਲਾਂ ਸੋਸ਼ਲ ਮੀਡੀਆ ਤੇ ਕੀਤੀਆਂ ਜਾ ਰਹੀਆਂ ਹਨ ਉਸ ਵਿਕਾਸ ਦੀ ਅਸਲ ਰਫਤਾਰ ਕਛੂਕੁੰਮੇ ਦੀ ਰਫ਼ਤਾਰ ਹੈ। ਦਿਨੇਸ਼ ਕੁਮਾਰ ਨੇ ਖੁਲ੍ਹਾ ਚੈਲੇਂਜ ਦਿੰਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਅਹੁਦੇਦਾਰ ਉਸ ਨਾਲ ਪਿਛਲੀ ਸਰਕਾਰ ਦੇ ਪੰਜ ਸਾਲਾਂ ਦੇ ਕਾਗਜ਼ੀ ਰਿਕਾਰਡ ਦੇ ਆਧਾਰ ਤੇ ਮੌਜੂਦਾ ਸਰਕਾਰ ਦੇ ਦੋ ਸਾਲਾਂ ਦੇ ਕਾਗਜ਼ੀ ਰਿਕਾਰਡ ਦੇ ਆਧਾਰ ਤੇ ਖੁਲ੍ਹੀ ਡਿਬੇਟ ਕਰ ਸਕਦਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਨਿਜੀ ਸਬੰਧ ਨਹੀਂ ਹੈ। ਉਨ੍ਹਾਂ ਦਾ ਮਕਸਦ ਤਾਂ ਸਚ ਉਜਾਗਰ ਕਰਨਾ ਹੈ ਅਤੇ ਝੂਠ ਦਾ ਪਰਦਾਫਾਸ਼ ਕਰਨਾ ਹੈ।

Send this to a friend