ਲੋਕ ਸਭਾ ਚੋਣਾਂ ਦੇ ਚਾਰ ਪੜਾਅ ਸਫਲਤਾ ਨਾਲ ਪੂਰੇ ਹੋ ਚੁੱਕੇ ਹਨ। ਤਿੰਨ ਹੋਰ ਪੜਾਅ ਰਹਿੰਦੇ ਹਨ। ਬੇਸ਼ਕ ਇਨ੍ਹਾਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਦੀ ਭੂਮਿਕਾ ਕਾਫੀ ਨਾਂਹਪੱਖੀ ਰਹੀ ਹੈ। ਚੋਣ ਕਮਿਸ਼ਨ ਵੱਲੋਂ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਕਾਫੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੋਣ ਜ਼ਾਬਤੇ ਨਾਲ ਜੁੜੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੁਝ ਸ਼ਿਕਾਇਤਾਂ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਖਿਲਾਫ ਲੋਕਾਂ ਵਿੱਚ ਨਰਾਜ਼ਗੀ ਹੈ। ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਅਤੇ ਚੋਣਾਂ ਨੂੰ ਹੋਰ ਕਾਰਗਰ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਹੋਰ ਸਰਗਰਮ ਹੋਣ ਦੀ ਜ਼ਰੂਰਤ ਹੈ। ਚੋਣ ਕਮਿਸ਼ਨ ਦੀ ਸਰਗਰਮੀ ਨੂੰ ਪੱਖਪਾਤੀ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਖਿਲਾਫ ਜੋ ਬਿਆਨਬਾਜ਼ੀ ਹੋ ਰਹੀ ਹੈ। ਉਸ ’ਤੇ ਵਿਸ਼ਵਾਸ ਕਰਨਾ ਥੋੜ੍ਹਾ ਔਖਾ ਹੈ। ਸਿਆਸੀ ਪਾਰਟੀਆਂ ਦੇ ਆਪਣੇ ਹਿੱਤ ਹਨ ਜਦੋਂ ਉਨ੍ਹਾਂ ਨੂੰ ਆਪਣੇ ਹਿੱਤਾਂ ਦਾ ਨੁਕਸਾਨ ਹੁੰਦਾ ਦਿਖਦਾ ਹੈ ਤਦ ਹੀ ਉਹ ਚੋਣ ਕਮਿਸ਼ਨ ਖਿਲਾਫ ਬਿਆਨਬਾਜ਼ੀ ਕਰਦੀਆਂ ਹਨ। ਚੋਣ ਕਮਿਸ਼ਨ ਦੀ ਨਿਰਪੱਖਤਾ ਨੂੰ ਬਣਾਈ ਰੱਖਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਚੋਣਾਂ ਵਿੱਚ ਆਪਣੇ ਸਿਆਸੀ ਹਿੱਤਾਂ ਨੂੰ ਪਹਿਲ ਦੇਣ ਦੀ ਥਾਂ ਦੇਸ਼ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇ। ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ ਤੱਦ ਹੀ ਬਣਿਆ ਰਹੇਗਾ, ਜੇਕਰ ਚੋਣਾਂ ਸਾਫ-ਸੁਥਰੀਆਂ ਹੋਣਗੀਆਂ। ਚੋਣ ਕਮਿਸ਼ਨ ਨੂੰ ਹਰ ਸ਼ਿਕਾਇਤ ਦਾ ਬਾਰੀਕੀ ਨਾਲ ਅਧਿਐਨ ਕਰਨਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਉ¤ਪਰ ਚੋਣ ਕਮਿਸ਼ਨ ਨੂੰ ਮੂਕ ਦਰਸ਼ਕ ਨਹੀਂ ਬਣਨਾ ਚਾਹੀਦਾ ਹੈ। ਆਉਣ ਵਾਲੇ ਤਿੰਨ ਪੜਾਅ ਦੀਆਂ ਚੋਣਾਂ ਕਾਫੀ ਅਹਿਮ ਹਨ। ਉਂਝ ਇਹ ਤਸੱਲੀ ਵਾਲੀ ਗੱਲ ਹੈ ਕਿ ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਵਿੱਚ ਵਿਆਪਕ ਹਿੰਸਾ ਨਹੀਂ ਹੋਈ। ਲਗਭਗ ਸਭ ਰਾਜਾਂ ਵਿੱਚ ਸ਼ਾਂਤੀ ਬਣੀ ਹੋਈ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਲੋਕ ਸਭਾ ਚੋਣਾਂ ਦਾ ਕਾਰਜ ਬੇਹਤਰ ਤਰੀਕੇ ਨਾਲ ਸਿਰੇ ਚੜ੍ਹੇਗਾ। ਚੋਣ ਕਮਿਸ਼ਨ ਦੇ ਸਾਰੇ ਕਮਿਸ਼ਨਰ ਅਤੇ ਹੋਰ ਅਧਿਕਾਰੀ ਇਸ ਲਈ ਵਧਾਈ ਦੇ ਪਾਤਰ ਹਨ।
– ਬਲਜੀਤ ਸਿੰਘ ਬਰਾੜ