ਮਾਹਿਲਪੁਰ – ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਿਰਮਾਣ ਵਿਚ ਭਾਰਤੀ ਲੋਕਾਂ ਦਾ ਵਿਸ਼ੇਸ਼ ਜਿੰਮਾ ਹੈ।ਇਸ ਕਰਕੇ ਇੱਥੋਂ ਦੇ ਹਰ ਵਾਸੀ ਨੂੰ ਆਦਰਸ਼ ਨਾਗਰਿਕ ਬਣਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਵਿਚਾਰ ਅਜ ਇੱਥੇ ਕਰੂੰਬਲਾਂ ਭਵਨ ਮਾਹਿਲਪੁਰ ਵਿਚ ਸ.ਬਲਵੀਰ ਸਿੰਘ ਸੇਵਕ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ‘ਵੋਟਰ ਅਤੇ ਭਾਰਤੀ ਸੰਵਿਧਾਨ’ ਵਿਸ਼ੇ ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇ।ਉਹਨਾਂ ਅੱਗੇ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਨੇ ਦੁਨੀਆਂ ਦੇ ਸੰਵਿਧਾਨਾਂ ਦਾ ਅਧਿਐਨ ਕਰਨ ਉਪਰੰਤ ਆਪਣੇ ਦੇਸ਼ ਵਾਸੀਆਂ ਦੀਆਂ ਉਮੀਦਾਂ ਦੀ ਪੂਰਤੀ ਕਰਨ ਵਾਲੇ ਸੰਵਿਧਾਨ ਦੀ ਰਚਨਾ ਕੀਤੀ।ਉਹਨਾਂ ਹਰ ਭਾਰਤ ਵਾਸੀ ਨੂੰ ਬਰਾਬਰ ਹੱਕ ਦੇ ਕੇ ਬੇਗਮਪੁਰਾ ਵਸਾਉਣ ਦਾ ਸੁਪਨਾ ਲਿਆ ਸੀ ਪਰ ਸਾਡੀਆਂ ਸਰਕਾਰਾਂ ਨੇ ਨਿਜੀ ਹਿਤਾਂ ਵਾਸਤੇ ਇਸਦੀ ਵਰਤੋਂ ਕਰਨੀ ਅਰੰਭ ਕਰ ਦਿੱਤੀ ਜਿਸ ਕਾਰਨ ਅਜ ਵੀ ਭਾਰਤੀ ਲੋਕ ਗਰੀਬੀ ,ਅਨ੍ਹਪੜ੍ਹਤਾ, ਬੇਰੁਜ਼ਗਾਰੀ ਅਤੇ ਆਰਥਿਕ ਨਾਬਰਾਬਰੀ ਦੇ ਸ਼ਿਕਾਰ ਹੋ ਰਹੇ ਹਨ। ਜੇਕਰ ਅਸੀਂ ਆਪਣਾ ਭਵਿੱਖ ਨਿੱਗਰ ਤੇ ਸੁਚੱਜਾ ਬਨਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਵੋਟ ਦੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਸ ਸੈਮੀਨਾਰ ਦਾ ਪ੍ਰਬੰਧ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਅਤੇ ਸੁਰ ਸੰਗਮ ਵਿਦਿਅਕ ਟਰੱਸਟ ਵਲੋਂ ਨਹਿਰੂ ਯਵਾ ਕੇਂਦਰ ਭਾਰਤ ਸਰਕਾਰ ਦੇ ਸਹਿਯੋਗ ਨਾਲ ਪ੍ਰਧਾਨ ਬਲਜਿੰਦਰ ਮਾਨ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਯੂਥ ਕੋ-ਆਰਡੀਨੇਟਰ ਸ੍ਰੀ ਸੈਮਸਨ ਮਸੀਹ,ਸੇਵਾ ਮੁਕਤ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ, ਪ੍ਰਿੰ. ਸਰਵਣ ਰਾਮ ਭਾਟੀਆ, ਪਰਮਾ ਨੰਦ ਬ੍ਰਹੱਮਪੁਰੀ ਅਤੇ ਪ੍ਰਿੰ.ਮਨਜੀਤ ਕੌਰ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਅਧਿਕਾਰਾਂ ਅਤੇ ਕਰਤਵਾਂ ਪ੍ਰਤੀ ਜਾਗਰੂਕ ਹਾਂ ਤਾਂ ਅਸੀਂ ਕਦੀ ਵੀ ਵੋਟ ਦੀ ਗਲਤ ਵਰਤੋਂ ਨਹੀਂ ਕਰ ਸਕਦੇ।ਅਜ ਅਸੀਂ ਅਜ਼ਾਦ ਦੇਸ਼ ਦੇ ਨਾਗਰਿਕ ਹਾਂ ਇਸ ਲਈ ਸਹੀ ਕਾਰਜ ਕਰਨ ਵਾਲੇ ਨੇਤਾ ਦੀ ਚੋਣ ਕਰਨੀ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ।ਇਸ ਮੌਕੇ ਪੰਮੀ ਖੁਸ਼ਹਾਲਪੁਰੀ ਨੇ ਆਪਣੀਆਂ ਵਿਅੰਗਮਈ ਰਚਨਾਵਾਂ ਨਾਲ ਖੂਬ ਰੌਣਕ ਲਾਈ। ਬੱਚਿਆਂ ਦੀ ਨਾਟਕ ਮੰਡਲੀ ਨੇ ਆਪਣੀਆਂ ਕਲਾਤਮਿਕ ਵੰਨਗੀਆਂ ਨਾਲ ਚੋਣਾਂ ਬਾਰੇ ਮਨੋਰੰਜਕ ਢੰਗ ਨਾਲ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਹਰਵਿੰਦਰ ਸਿੰਘ,ਸੁਰਿੰਦਰ ਸਿੰਘ, ਹਰਮਨਪ੍ਰੀਤ ਕੌਰ,ਰਵਨੀਤ ਕੌਰ ਅਤੇ ਹਰਵੀਰ ਮਾਨ ਤੋਂ ਇਲਾਵਾ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੇ ਵਿਸ਼ੇਸ਼ ਹਾਜ਼ਰੀ ਭਰੀ। ਅੰਤ ਵਿਚ ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਨੇ ਕੀਤਾ।
– ਪੰਜਾਬ ਟਾਇਮਜ਼ ਬਿਊਰੋ