ਵੋਟਰਾਂ ਵੱਲੋਂ ਨੇਤਾਵਾਂ ਨੂੰ ਸਵਾਲ ਸਵਾਗਤਯੋਗ

ਪੰਜਾਬ ’ਚ ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਵਿੱਚ ਕਈ ਵੱਖਰੇ ਰੰਗ ਵੇਖਣ ਨੂੰ ਮਿਲੇ ਰਹੇ ਹਨ। ਪਹਿਲੀ ਵਾਰ ਲੋਕਾਂ ਦੀ ਕਚਹਿਰੀ ਵਿੱਚ ਨੇਤਾਵਾਂ ਨੂੰ ਸਵਾਲ ਹੋ ਰਹੇ ਹਨ। ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਨੇਤਾਵਾਂ ਨੂੰ ਘੇਰਿਆ ਜਾ ਰਿਹਾ ਹੈ। ਵੋਟਰ ਖਾਸ ਕਰਕੇ ਨੌਜਵਾਨ ਹੁਣ ਵੱਡੇ-ਵੱਡੇ ਸਵਾਲ ਖੜ੍ਹੇ ਕਰ ਰਹੇ ਹਨ। ਨੇਤਾ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ। ਲੋਕਤੰਤਰ ਦਾ ਇਹ ਅਸਲੀ ਰੂਪ ਸਾਹਮਣੇ ਆ ਰਿਹਾ ਹੈ। ਇਸ ਰੁਝਾਨ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਲੋਕਾਂ ਦੀ ਸਿੱਧੀ ਸ਼ਾਮੂਲੀਅਤ ਬਿਨਾਂ ਲੋਕਤੰਤਰ ਨੂੰ ਮਜ਼ਬੂਤ ਨਹੀਂ ਕੀਤਾ ਜਾ ਸਕਦਾ। ਹੁਣ ਤੱਕ ਨੇਤਾਵਾਂ ਦੀ ਮਨਮਾਨੀ ਨੇ ਦੇਸ਼ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ। ਨੇਤਾਵਾਂ ਦੇ ਘਪਲਿਆਂ ਅਤੇ ਗਲਤ ਫੈਸਲਿਆਂ ਕਾਰਨ ਦੇਸ਼ 70 ਸਾਲਾਂ ਵਿੱਚ ਵੀ ਯੋਗ ਤਰੱਕੀ ਨਹੀਂ ਕਰ ਸਕਿਆ। ਅਜਿਹਾ ਇਸ ਕਾਰਨ ਵਾਪਰਿਆ ਹੈ ਕਿਉਂਕਿ ਵੋਟਰਾਂ ਨੇ ਕਦੇ ਆਪਣੇ ਅਧਿਕਾਰਾਂ ਨੂੰ ਸਮਝਿਆ ਹੀ ਨਹੀਂ ਸੀ। ਜੇਕਰ ਨੇਤਾਵਾਂ ਨੂੰ ਇਸ ਤਰ੍ਹਾਂ ਸਵਾਲ ਪੁਛੇ ਜਾਂਦੇ ਤਦ ਹਾਲਾਤ ਸ਼ਾਇਦ ਅੱਜ ਵਾਲੇ ਨਾ ਹੁੰਦੇ। ਇਸ ਨਵੇਂ ਰੁਝਾਨ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਨੇਤਾਵਾਂ ਨੂੰ ਹੋਰ ਵੱਧ ਸਵਾਲ ਹੋਣੇ ਚਾਹੀਦੇ ਹਨ। ਨੇਤਾਵਾਂ ਦੀ ਜਵਾਬਦੇਹੀ ਤੋਂ ਬਿਨਾਂ ਲੋਕਤੰਤਰ ਨੂੰ ਸਹੀ ਦਿਸ਼ਾ ਨਹੀਂ ਦਿੱਤੀ ਜਾ ਸਕਦੀ। ਜੇਕਰ ਲੋਕ ਇਸੇ ਤਰ੍ਹਾਂ ਸਮੂਹਿਕ ਰੂਪ ਵਿੱਚ ਨੇਤਾਵਾਂ ਤੋਂ ਸਵਾਲ ਪੁੱਛਦੇ ਰਹਿੰਦੇ ਹਨ ਤਾਂ ਲਾਜ਼ਮੀ ਤੌਰ ’ਤੇ ਰਾਜਨੀਤੀ ਦਾ ਰੂਪ ਬਦਲੇਗਾ। ਇਸ ਨਾਲ ਨੇਤਾਵਾਂ ਨੂੰ ਵੀ ਬਦਲਣਾ ਹੋਵੇਗਾ। ਨੇਤਾਵਾਂ ਦੀ ਬੇਈਮਾਨੀ ਨੂੰ ਇਸੇ ਤਰ੍ਹਾਂ ਹੀ ਠੱਲ੍ਹ ਪਾਈ ਜਾ ਸਕਦੀ ਹੈ। ਆਮ ਲੋਕਾਂ ਦੀ ਰਾਜਨੀਤੀ ਵਿੱਚ ਦਿਲਚਸਪੀ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੂੰ ਯੋਗ ਤਰੀਕੇ ਨਾਲ ਪਰਖਣਾ ਚਾਹੀਦਾ ਹੈ। ਪਰਖੇ ਤੋਂ ਬਿਨਾਂ ਕਿਸੇ ਨੂੰ ਵੀ ਵੋਟ ਨਾ ਪਾਈ ਜਾਵੇ। ਹਰ ਪਾਰਟੀ ਦੇ ਉਮੀਦਵਾਰ ਨੂੰ ਲੋਕਾਂ ਦੇ ਵਿਚਕਾਰ ਪੱਤਰਕਾਰਾਂ ਦੀ ਤਰ੍ਹਾਂ ਸਵਾਲ ਕੀਤੇ ਜਾਣੇ ਚਾਹੀਦੇ ਹਨ। ਨੇਤਾਵਾਂ ਵੱਲੋਂ ਅਤੀਤ ਵਿੱਚ ਕੀਤੇ ਗਏ ਕੰਮਾਂ-ਕਾਰਾਂ ਦਾ ਲੇਖਾ-ਜੋਖਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਸਹੀ ਨੁਮਾਇੰਦੇ ਚੁਣੇ ਜਾਣ ਲਈ ਰਾਹ ਖੁੱਲ੍ਹੇਗਾ। ਆਮ ਲੋਕਾਂ ਦੀ ਆਵਾਜ਼ ਹੋਰ ਬੁਲੰਦ ਹੋਵੇਗੀ। ਲੋਕਤੰਤਰ ਨੇਤਾਵਾਂ ਦੀ ਥਾਂ ਆਮ ਲੋਕਾਂ ਦਾ ਹਥਿਆਰ ਬਣੇਗਾ। ਪੰਜਾਬ ਦੇ ਲੋਕ ਇਸ ਦਿਸ਼ਾ ਵਿੱਚ ਇਕ ਨਵੀਂ ਰੌਸ਼ਨੀ ਦਿਖਾ ਰਹੇ ਹਨ। ਦੇਸ਼ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend