ਸਿੱਖ ਰਾਜ ਦੇ ਮੋਢੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਰਦਾਰ ਹਰੀ ਸਿੰਘ ਨਲੂਆ ਦਾ ਵਿਸ਼ੇਸ਼ ਥਾਂ ਹੈ। ਇਸ ਅਣਖੀਲੇ ਜਰਨੈਲ ਦਾ ਜਨਮ 1791 ਈ: ਵਿੱਚ ਪਿਤਾ ਸ੍ਰ. ਗੁਰਦਿਆਲ ਸਿੰਘ ਤੇ ਮਾਤਾ ਧਰਮ ਕੌਰ ਦੀ ਕੁੱਖੋਂ ਗੁੱਜਰਾਂਵਾਲੇ ਵਿੱਚ ਹੋਇਆ। ਸ੍ਰ. ਹਰੀ ਸਿੰਘ ਆਪਣੇ ਪਿਤਾ ਦੀ ਇਕਲੋਤੀ ਸੰਤਾਨ ਸਨ। ਆਪ ਅਜੇ ਬਚਪਨ ਦੀਆਂ ਦਹਿਲੀਜ਼ਾਂ ਵੀ ਨਹੀ ਸਨ ਲੰਘੇ ਕਿ ਆਪ ਦੇ ਪਿਤਾ ਸ੍ਰ. ਗੁਰਦਿਆਲ ਸਿੰਘ ਦਾ ਦੇਹਾਂਤ ਹੋ ਗਿਆ। ਆਪ ਦੀ ਪਾਲਣਾ ਆਪ ਦੀ ਮਾਤਾ ਧਰਮ ਕੌਰ ਨੇ ਕੀਤੀ। ਮਾਤਾ ਧਰਮ ਕੌਰ ਨੇ ਆਪ ਦੀ ਪੜ੍ਹਾਈ ਦਾ ਖਾਸ ਖਿਆਲ ਰੱਖਿਆ। ਆਪ ਗੁਰਮੁੱਖੀ, ਫਾਰਸੀ, ਉਰਦੂ ਤੇ ਪਸ਼ਤੋ ਭਾਸ਼ਾ ਚੰਗੀ ਤਰ੍ਹਾਂ ਬੋਲ, ਸਮਝ ਤੇ ਪੜ੍ਹ ਲਿੱਖ ਲਂੈਦੇ ਸਨ। ਆਪ ਅੰਦਰ ਸਿੱਖੀ ਪ੍ਰਤੀ ਮੋਹ ਠਾਠਾਂ ਮਾਰ ਰਿਹਾ ਸੀ। ਆਪ ਨੇ ਯੁੱਧ ਨੀਤੀ ਵਿੱਚ ਕੰਮ ਆਉਣ ਵਾਲੀਆਂ ਵਿਉਂਤਾਂ ਦੇ ਦਾਅ ਪੇਚ ਸਿੱਖਣੇ ਸ਼ੁਰੂ ਕਰ ਦਿੱਤੇ।ਜਲਦੀ ਹੀ ਘੋੜ ਸਵਾਰੀ, ਤੀਰ ਅੰਦਾਜ਼ੀ, ਤਲਵਾਰਬਾਜ਼ੀ ਤੇ ਹੋਰ ਕਈ ਅਸਤਰ-ਸ਼ਸਤਰ ਚਲਾਉਣ ਦਾ ਵਲ ਸਿੱਖ ਲਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਆਪ ਆਪਣੇ ਮਾਮੇ ਕੋਲ ਹੀ ਰਹੇ। ਗਿਆਰਾਂ ਸਾਲ ਦੀ ਉਮਰ ਵਿੱਚ ਆਪਣੇ ਮਾਮੇ ਦੇ ਕਹਿਣ ਤੇ ਆਪ ਮਹਾਰਾਜਾ ਰਣਜੀਤ ਸਿੰਘ ਦੀ ਬੱਚਾ ਪਲਟਨ ਵਿੱਚ ਭਰਤੀ ਹੋ ਗਏ ਸਨ। ਆਪ ਦੇ ਪਿਉ ਦਾਦੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਪਿਉ ਦਾਦੇ ਦੇ ਸੰਗੀ ਸਾਥੀ ਰਹੇ ਸਨ। ਇਸ ਲਈ ਸ਼ੇਰੇ-ਪੰਜਾਬ ਨੇ ਹਰੀ ਸਿੰਘ ਨੂੰ ਬੜੇ ਹੀ ਖਾਸ ਥਾਂ ਰੱਖਿਆ। ਸ੍ਰ. ਹਰੀ ਸਿੰਘ ਨੇ ਆਪਣੀ ਬਹਾਦਰੀ, ਨਿਰਭੈਤਾ ਤੇ ਸੂਰਬੀਰਤਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਵਿੱਚ ਖਾਸ ਥਾਂ ਬਣਾ ਲਈ ਸੀ। ਸੰਨ 1801 ਈ: ਵਿੱਚ ਸ਼ੇਰੇ-ਪੰਜਾਬ ਨੇ ਮਹਾਰਾਜਾ ਦੀ ਪਦਵੀ ਧਾਰਨ ਕੀਤੀ ਸੀ। ਸੰਨ 1801 ਤੋਂ 1804 ਈ: ਤੱਕ ਨਵਾਬ ਕਸੂਰ, ਮੁਲਤਾਨ ਤੇ ਝੰਗ ਨੂੰ ਆਪਣੇ ਇਲਾਕੇ ਵਿੱਚ ਮਿਲਾ ਕੇ ਜੰਮੂ ਤੇ ਕਾਂਗੜਾ ਤੋਂ ਰਾਜ-ਕਰ ਵਸੂਲਿਆ ਤੇ ਫਿਰ ਅੰਮ੍ਰਿਤਸਰ ਵਿੱਚ ਭੰਗੀ ਸਰਦਾਰਾਂ ਤੇ ਚੜ੍ਹਾਈ ਕਰਕੇ ਫਤਿਹ ਹਾਸਲ ਕੀਤੀ। ਇਸ ਸਾਰੀ ਕਾਰਵਾਈ ਦੌਰਾਨ ਸ੍ਰ. ਹਰੀ ਸਿੰਘ ਸ਼ੇਰੇ ਪੰਜਾਬ ਦੇ ਨਾਲ ਰਿਹਾ। ਸਮੇਂ-ਸਮੇਂ ਤੇ ਸ਼ੇਰੇ ਪੰਜਾਬ ਆਪਣੇ ਫੌਜੀਆਂ ਅਤੇ ਜਰਨੈਲਾਂ ਦੇ ਬਹਾਦਰੀ ਭਰੇ ਮੁਕਾਬਲੇ ਵੀ ਕਰਵਾਉਂਦੇ ਰਹਿੰਦੇ ਸਨ। ਇਸੇ ਲੜੀ ਤਹਿਤ ਹੀ ਸ੍ਰ. ਹਰੀ ਸਿੰਘ ਨੇ ਸ਼ੇਰੇ ਪੰਜਾਬ ਦਾ ਦਿਲ ਜਿੱਤ ਲਿਆ ਸੀ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਜੰਗਲਾਂ ਵਿੱਚ ਸ਼ਿਕਾਰ ਖੇਡਣ ਗਏ ਹੋਏ ਸਨ। ਸ੍ਰ. ਹਰੀ ਸਿੰਘ ਵੀ ਨਾਲ ਸੀ। ਅਚਾਨਕ ਸ਼ੇਰ ਨਾਲ ਟਾਕਰਾ ਹੋ ਗਿਆ। ਸ੍ਰ. ਹਰੀ ਸਿੰਘ ਨੇ ਹੱਥੋ-ਹੱਥੀ ਦੀ ਲੜਾਈ ਵਿੱਚ ਸ਼ੇਰ ਨੂੰ ਮਾਰ ਮੁਕਾਇਆ। ਇਹ ਵੇਖ ਕੇ ਮਹਾਰਾਜਾ ਬੜਾ ਖੁਸ਼ ਹੋਇਆ, ਇਨਾਮਾਂ ਦੀ ਝੜੀ ਲਾ ਦਿੱਤੀ ਤੇ ਹਰੀ ਸਿੰਘ ਨੂੰ ‘ਨਲ’ ਦਾ ਖਿਤਾਬ ਬਖਸ਼ ਦਿੱਤਾ। ਉਸ ਦਿਨ ਤੋਂ ਸ੍ਰ. ਹਰੀ ਸਿੰਘ ਦੇ ਨਾਂ ਨਾਲ ‘ਨਲਵਾ’ ਸ਼ਬਦ ਜੁੜ ਗਿਆ ਤੇ ਉਸ ਦਿਨ ਤੋਂ ਨਾਂ ਹੋ ਗਿਆ ਸ੍ਰ. ਹਰੀ ਸਿੰਘ ਨਲੂਆ। ਸ੍ਰ. ਹਰੀ ਸਿੰਘ ਨਲੂਆ ਨੇ ਕਈ ਜੰਗਾਂ ਵਿੱਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਕਸੂਰ ਦੇ ਨਵੇਂ ਬਣੇ ਨਵਾਬ ਕੁਤਬੁੱਦੀਨ ਨੂੰ ਬੜ੍ਹੀ ਬੁਰੀ ਤਰ੍ਹਾਂ ਹਰਾ ਕੇ ਮਹਾਰਾਜੇ ਦੇ ਪੇਸ਼ ਕੀਤਾ। ਫਿਰ 1809 ਈ: ਵਿੱਚ ਕਾਂਗੜਾ, ਹਰਿਆਣਾ, 1810 ਈ: ਵਿੱਚ ਵਜ਼ੀਰਾਬਾਦ, ਸਿਆਲਕੋਟ ਤੇ ਸ਼ਾਹੀਵਾਲ ਦੇ ਇਲਾਕੇ ਸਿੱਖ ਰਾਜ ਵਿੱਚ ਮਿਲਾਏ। ਫਿਰ ਸੰਨ 1822 ਈ: ਵਿੱਚ ਸ਼੍ਰੀ ਨਗਰ ਅਤੇ 1834 ਈ: ਵਿੱਚ ਪਿਸ਼ਾਵਰ ਵਿੱਚ ਉਸਨੇ ਆਪਣੇ ਨਾਂ ਦਾ ਸਿੱਕਾ ਜਾਰੀ ਕੀਤਾ। ਸੰਨ 1835 ਈ: ਵਿੱਚ ਜਦ ਯੂਸਫਜ਼ਈਆਂ ਪਠਾਣਾਂ ਕੋਲੋਂ ਡੰਡੇ ਦੇ ਜ਼ੋਰ ਨਾਲ ਕਰ ਇੱਕਠਾ ਕੀਤਾ ਤਾਂ ਯੂਸਫਜ਼ਈਆਂ ਪਠਾਣ ਤੇ ਪਠਾਣੀਆਂ ਹਰੀ ਸਿੰਘ ਨਲੂਏ ਦੇ ਨਾਂ ਤੋਂ ਥਰ-ਥਰ ਕੰਬਦੇ ਸਨ। ਇੱਥੋ ਤੱਕ ਕਿ ਪਠਾਣੀਆਂ ਆਪਣੇ ਰੋਂਦੇ ਹੋਏ ਬੱਚਿਆਂ ਨੂੰ ਇਹ ਕਹਿ ਕੇ ਚੁੱਪ ਕਰਾਉਂਦੀਆਂ ਸਨ ਕਿ ਠਚੁੱਪ ਸ਼ਾ ਬੱਚਿਆ ! ਹਰੀਆ ਰਾਂਗਲੈੂ ਸੁਣ ਕੇ ਪਠਾਣਾਂ ਦੇ ਬੱਚੇ ਡਰਦੇ ਸੌ ਜਾਂਦੇ ਸਨ। ਦੁਸ਼ਮਣ ਦੇ ਦਿਲ ਤੇ ਹਰੀ ਸਿੰਘ ਨਲੂਏ ਦੇ ਨਾਂ ਦੀ ਐਸੀ ਦਹਿਸ਼ਤ ਛਾਈ ਹੁੰਦੀ ਸੀ। ਸ੍ਰ. ਹਰੀ ਸਿੰਘ ਨਲੂਆ ਬਹੁਤ ਹੀ ਬਹਾਦਰ ਤੇ ਬਹੁਤ ਹੀ ਫੁਰਤੀਲਾ ਸੀ। ਉਸ ਦੀ ਇੱਕ ਗੱਲ ਬੜੀ ਮਸ਼ਹੂਰ ਸੀ ਕਿ ਜੇ ਮੰਜੇ ਥੱਲੇ ਕਾਂ ( ਕਾਂ ਬੜਾ ਹੀ ਫੁਰਤੀਲਾ ਤੇ ਤੇਜ਼- ਤਰਾਰ ਪੰਛੀ ਮੰਨਿਆ ਜਾਂਦਾ ਹੈ) ਛੱਡ ਦੇਈਏ ਤਾਂ ਉਸਨੂੰ ਸ੍ਰ. ਹਰੀ ਸਿੰਘ ਨਲੂਆ ਇੱਕਲਾ ਹੀ ਬੱਚ ਕੇ ਨਹੀ ਸੀ ਨਿਕਲਣ ਦੇਂਦਾ ਸਗੋਂ ਕਾਬੂ ਕਰ ਲੈਂਦਾ ਸੀ। ਸ੍ਰ. ਹਰੀ ਸਿੰਘ ਨਲੂਏ ਦੇ ਦੋ ਵਿਆਹ ਹੋਏ ਸਨ। ਪਹਿਲੀ ਪਤਨੀ ਦਾ ਨਾਂ ਸਰਦਾਰਨੀ ਦੇਸਾਂ ਸੀ। ਉਸਦੇ ਦੋ ਪੁੱਤਰ ਸ੍ਰ. ਪੰਜਾਬ ਸਿੰਘ, ਸ੍ਰ. ਅਰਜੁਨ ਸਿੰਘ ਤੇ ਦੋ ਧੀਆਂ ਸਨ। ਦੂਸਰੀ ਪਤਨੀ ਦਾ ਨਾਂ ਸਰਦਾਰਨੀ ਰਾਜ ਕੌਰ ਸੀ। ਉਸਦੇ ਦੋ ਪੁੱਤਰ ਸ੍ਰ. ਗੁਰਦਿੱਤ ਸਿੰਘ ਤੇ ਸ੍ਰ. ਜਵਾਹਰ ਸਿੰਘ ਸਨ। ਇੱਕ ਪਾਲਿਤ ਪੁੱਤਰ ਸੀ, ਜਿਸਦਾ ਨਾਂ ਸ੍ਰ. ਮਹਾਂ ਸਿੰਘ ਮੀਰਪੁਰੀਆ ਸੀ। ਸੰਨ 1837 ਈ: ਨੂੰ ਸ੍ਰ. ਹਰੀ ਸਿੰਘ ਨਲੂਆ ਪਿਸ਼ਾਵਰ ਦੇ ਕਿਲ੍ਹਾ ਸੁਮੇਰ ਗੜ੍ਹ ਵਿੱਚ ਡਟਿਆ ਹੋਇਆ ਸੀ, ਪਰ ਉਸਦੀ ਪਾਰਖੂ ਨਜ਼ਰ ਸੀ, ਤਾਂ ਹੀ ਉਸਨੇ ਆਪਣੇ ਪਾਲਿਤ ਪੁੱਤਰ ਸ੍ਰ. ਮਹਾਂ ਸਿੰਘ ਮੀਰਪੁਰੀਏ ਨੂੰ 800 ਸੈਨਿਕ ਦੇ ਕੇ ਜਮਰੌਦ (ਪਿਸ਼ਾਵਰ) ਦੇ ਕਿਲੇ ਵਿੱਚ ਦੁਸ਼ਮਨ ਦੇ ਟਾਕਰੇ ਤੇ ਕਿਲੇਦਾਰ ਨਿਯੁਕਤ ਕਰਕੇ ਭੇਜ ਦਿੱਤਾ। ਅਮੀਰ ਦੌਸਤ ਮੁਹੰਮਦ ਖਾਨ ਨੇ ਸਿੱਖਾਂ ਉਪਰ ਜਮਰੌਦ ਦੇ ਕਿਲੇ ਤੇ ਹਮਲਾ ਕਰ ਦਿੱਤਾ ਸੀ। ਸ੍ਰ. ਮਹਾਂ ਸਿੰਘ ਮੀਰਪੁਰੀਏ ਨੇ ਡੱਟ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ। ਸ੍ਰ. ਹਰੀ ਸਿੰਘ ਨਲੂਆ ਵੀ ਆਪਣੀ 13000 ਕੁ ਹਜ਼ਾਰ ਦੀ ਫੌਜ ਜਿਸ ਵਿੱਚ ਘੋੜ ਸਵਾਰ, ਪੈਦਲ, ਰਾਸ਼ਨ, ਗੋਲੀ ਸਿੱਕਾ , ਬਾਰੂਦ ਤੇ ਵੀਹ ਵੱਡੀਆਂ ਤੋਪਾਂ ਸਨ, ਲੈ ਕੇ ਦੁਸ਼ਮਣ ਦੇ ਸਾਹਮਣੇ ਆ ਖੜਾ ਹੋਇਆ। ਦੁਸ਼ਮਣ ਦਾ ਬਹੁਤ ਨੁਕਸਾਨ ਕੀਤਾ। ਮੁਹੰਮਦ ਅਕਬਰ ਖਾਨ ਇਸ ਲੜਾਈ ਵਿੱਚ ਮੈਦਾਨ ਛੱਡ ਕੇ ਭੱਜ ਨਿਕਲਿਆ ਸੀ। ਭੱਜੇ ਜਾਂਦੇ ਅਫਗਾਨੀਆਂ ਤੋਂ ਸਿੰਘਾਂ ਨੇ ਹਥਿਆਰ, ਗੋਲੀ ਸਿੱਕਾ ਤੇ 14 ਵੱਡੀਆਂ ਤੋਪਾਂ ਖੋਹ ਲਈਆਂ ਸਨ ਤੇ ਦੂਰ ਤੱਕ ਭੱਜੇ ਜਾਂਦੇ ਅਫਗਾਨੀਆਂ ਦਾ ਪਿੱਛਾ ਕੀਤਾ। ਅੰਤ ਪਹਾੜੀ ਵਿੱਚ ਲੁਕੇ ਹੋਏ ਅਫਗਾਨੀਆਂ ਨੇ ਸ੍ਰ. ਹਰੀ ਸਿੰਘ ਨਲੂਏ ਤੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਪਹਿਲੀ ਗੋਲੀ ਉਸਦੇ ਪੱਟ ਅਤੇ ਦੂਜੀ ਗੋਲੀ ਵੱਖੀ ਵਿੱਚ ਲੱਗੀ। ਸਿੱਖ ਘੋੜੇ ਸਮੇਤ ਹੀ ਸ੍ਰ. ਹਰੀ ਸਿੰਘ ਨਲੂਏ ਨੂੰ ਕਿਲਾ ਜਮਰੌਦ ਵਿੱਚ ਲੈ ਗਏ। ਸ੍ਰ. ਹਰੀ ਸਿੰਘ ਨਲੂਏ ਦੇ ਕਹਿਣ ਤੇ ਮਹਾਰਾਜੇ ਦੇ ਆਉਣ ਤੱਕ ਉਸਦੀ ਮੌਤ ਨੂੰ ਗੁਪਤ ਰੱਖਿਆ ਗਿਆ। ਇਸ ਤਰ੍ਹਾਂ 30 ਅਪ੍ਰੈਲ 1837 ਈ: ਨੂੰ ਇਸ ਅਣਖੀਲੇ ਤੇ ਬਹਾਦਰ ਜਰਨੈਲ ਨੇ ਕਿਲਾ ਜਮਰੌਦ (ਪਿਸ਼ਾਵਰ) ਵਿੱਚ ਅੰਤਿਮ ਸਾਹ ਲਿਆ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ। ਮਹਾਰਾਜਾ ਰਣਜੀਤ ਸਿੰਘ ਨੂੰ ਜਦ 6 ਮਈ 1837 ਈ: ਨੂੰ ਰੋਹਤਾਸ ਵਿੱਚ ਸ੍ਰ. ਹਰੀ ਸਿੰਘ ਨਲੂਆ ਦੀ ਸ਼ਹੀਦ ਹੋਣ ਦੀ ਖਬਰ ਮਿਲੀ ਤਾਂ ਇਸ ਮਹਾਨ ਯੋਧੇ ਦੀ ਸ਼ਹਾਦਤ ਤੇ ਸ਼ੇਰੇ ਪੰਜਾਬ ਧਾਂਹਾ ਮਾਰ ਕੇ ਰੋਇਆ ਸੀ। ਪਿੱਛੇ ਜਿਹੇ ਇਸ ਮਹਾਨ ਯੋਧੇ ਨੇ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਆਸਟਰੇਲੀਆ ਦੇ ਬਿਲੀਅਨਏਰਸ ਰਸਾਲੇ ਨੇ ਸ੍ਰ. ਹਰੀ ਸਿੰਘ ਨਲੂਆ ਨੂੰ ਦੁਨੀਆਂ ਦੇ ਸਭ ਤੋਂ ਵੱਧ ਤਾਕਤਵਰ ਜਰਨੈਲਾਂ ਵਿੱਚੋਂ ਪਹਿਲਾ ਸਥਾਨ ਦਿੱਤਾ ਹੈ। ਉਸ ਰਸਾਲੇ ਵਿੱਚ ਲਿਖਿਆ ਗਿਆ ਹੈ ਕਿ ਹਰੀ ਸਿੰਘ ਨਲੂਆ ਇੱਕੋ ਇੱਕ ਅਜਿਹੀ ਸ਼ਖਸੀਅਤ ਹਨ, ਜਿੰਨ੍ਹਾਂ ਨੇ ਖਬਰ ਦਰੇ ’ਤੇ ਕਬਜ਼ਾ ਕਰਕੇ ਭਾਰਤ ਉਪ ਮਹਾਂਦੀਪ ’ਚ ਪਠਾਨਾਂ ਦਾ ਦਾਖਲਾ ਬੰਦ ਕੀਤਾ ਸੀ। ਸ੍ਰ. ਹਰੀ ਸਿੰਘ ਨਲੂਆ ਨੇ ਅਫਗਾਨੀਆਂ ਨੂੰ ਨੱਥ ਪਾਈ ਹੋਈ ਸੀ, ਜਿੰਨ੍ਹਾਂ ਨੇ ਅਮਰੀਕਾ ਤੇ ਨਾਟੋ ਵਰਗੀਆਂ ਫੋਜ਼ਾਂ ਦੇ ਗੋਡੇ ਲਵਾਏ ਹੋਏ ਸਨ। ਸ੍ਰ. ਹਰੀ ਸਿੰਘ ਨਲੂਆ ਦੀਆਂ ਰਣਨੀਤੀਆਂ ਅੱਜ ਵੀ ਫੋਜ਼ੀ ਜਰਨੈਲਾਂ ਲਈ ਚਾਨਣ ਮੁਨਾਰਾ ਹਨ। ਆਉ ਇਹਨਾਂ ਬਹਾਦਰ ਸੂਰਬੀਰਾਂ ਤੇ ਮਹਾਨ ਯੋਧਿਆਂ ਦੀ ਕੁਰਬਾਨੀ ਨੂੰ ਕੋਟਿਨ-ਕੋਟ ਪ੍ਰਣਾਮ ਕਰੀਏ।