ਰਾਜਸੀ ਰੈਲੀਆਂ ਦੀ ਬਦਲਦੀ ਰੂਪ ਰੇਖਾ ਬਨਾਮ ਕਲਾਕਾਰਾਂ ਦਾ ਸਹਾਰਾ

ਦੇਸ਼ ਵਿਚ ਲੋਕਤੰਤਰੀ ਪ੍ਰਣਾਲੀ ਦੇ ਅਧੀਨ ਹੋਣ ਵਾਲੀਆਂ ਲੋਕ ਸਭਾ , ਵਿਧਾਨ ਸਭਾ ਅਤੇ ਹੋਰਨਾਂ ਚੋਣਾਂ ਵਿਚ ਅਪਣੀਆਂ ਰੈਲੀਆਂ ਤੇ ਚੋਣ ਜਲਸਿਆਂ ਵਿਚ ਲੋਕਾਂ ਦਾ ਇਕਠ ਕਰਨ ਲਈ ਕਲਾਕਾਰਾਂ ਦਾ ਸਹਾਰਾ ਲਿਆ ਜਾਣ ਦੀ ਰੀਤ ਬਣਦੀ ਜਾ ਰਹੀ ਹੈ ਜਦਕਿ ਕੁਝ ਸਮਾਂ ਪਹਿਲਾਂ ਦੀ ਤਸਵੀਰ ਇਹ ਸੀ ਲੋਕ ਅਪਣੇ ਮਹਿਬੂਬ ਲੀਡਰ ਨੂੰ ਸੁਣਨ ਲਈ ਹੁੰਮ ਹੁੰਮਾ ਕੇ ਪਹੁੰਚਦੇ ਸਨ ਤੇ ਬਗੈਰ ਕਿਸੇ ਲੋਭ ਲਾਲਚ ਤੋਂ ਰੈਲੀਆਂ ਵਿਚ ਸਮੂਲੀਅਤ ਕਰਦੇ ਸਨ ਪਰ ਸਮੇਂ ਦੇ ਚਲਦਿਆਂ ਜਿਥੇ ਰਾਜਨੀਤਿਕ ਕਾਰਗੁਜ਼ਾਰੀਆਂ ਵਿਚ ਬਦਲਾਅ ਆਇਆ ਹੈ ਓਥੇ ਰਾਜਨੀਤਿਕ ਰੈਲੀਆਂ ਦੀ ਰੂਪ ਰੇਖਾ ਤੇ ਕਾਰਜਸੈਲੀ ਵਿਚ ਵੀ ਕਾਫੀ ਕੁਝ ਬਦਲਿਆ ਵੇਖਣ ਨੂੰ ਮਿਲ ਰਿਹਾ ਹੈ ਜਿਸ ਸਭ ਨੂੰ ਵੇਖਦਿਆਂ ਸੋਚ ਪੈਦਾ ਹੁੰਦੀ ਹੈ ਕਿ ਕੀ ਰਾਜਨੀਤਿਕ ਲੋਕਾਂ ਨੂੰ ਅਪਣੀ ਹਰਮਨਪਿਆਰਤਾ ਤੇ ਕੋਈ ਵਿਸ਼ਵਾਸ ਨਹੀਂ ਰਿਹਾ ਜਾਂ ਰਾਜਨੀਤਿਕ ਪਾਰਟੀਆਂ ਪ੍ਰਤੀ ਆਮ ਲੋਕਾਂ ਦਾ ਨਜ਼ਰੀਆ ਬਦਲ ਗਿਆ ਹੈ। ਅਜ ਤੋਂ ਦਹਾਕਾ ਕੁ ਪਹਿਲਾਂ ਦੇ ਚੋਣ ਜਲਸਿਆਂ ਦੀ ਗਲ ਕਰੀਏ ਤਾਂ ਉਹਨਾਂ ਵੇਲਿਆਂ ਵਿਚ ਅਕਾਲੀ ਦਲ ਦੀਆਂ ਸਟੇਜਾਂ ਤੇ ਅਕਾਲੀ ਲੀਡਰਾਂ ਦੇ ਬੋਲਣ ਤੋਂ ਪਹਿਲਾਂ ਢਾਡੀ ਜਥਿਆਂ ਵਲੋਂ ਸਿਖ ਪੰਥ ਨਾਲ ਸਬੰਧਤ ਸੂਰਮਗਤੀ ਦੀਆਂ ਵਾਰਾਂ ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ ਜਾਂਦਾ ਸੀ ਪਰ ਅਜ ਦੀਆਂ ਸਟੇਜਾਂ ਤੇ ਹਾਸਰਸ ਕਲਾਕਾਰ ਤੇ ਲਚਰਤਾ ਵਾਲੇ ਗੀਤ ਗਾਉਣ ਵਾਲਿਆਂ ਦਾ ਆਸਰਾ ਲਿਆ ਜਾ ਰਿਹਾ ਹੈ ।ਪਿਛਲੇ ਦਿਨੀਂ ਸੰਗਰੂਰ ਵਿਚ ਹੋਈਆਂ ਕਾਂਗਰਸ ਦੀਆਂ ਰੈਲੀਆਂ ਵਿਚ ਬਲਕਾਰ ਸਿਧੂ ਦਾ ਅਖਾੜਾ ਲਗਵਾਉਣਾ ਜਿਥੇ ਇਸ ਗਲ ਦਾ ਇਸਾਰਾ ਕਰਦਾ ਹੈ ਕਿ ਕਾਂਗਰਸ ਕੋਲ ਲੋਕਾਂ ਨੂੰ ਇਕਠੇ ਕਰਨ ਅਤੇ ਪੰਡਾਲ ਵਿਚ ਬਿਠਾਈ ਰਖਣ ਦਾ ਕੋਈ ਕਾਰਗਰ ਤਰੀਕਾ ਨਹੀਂ ਹੈ ਤੇ ਦੂਜੇ ਪਾਸੇ ਸਤਿੰਦਰ ਸਤੀ ਤੋਂ ਮੰਚ ਸੰਚਾਲਨ ਕਰਵਾਉਣਾ ਵੀ ਏਹੋ ਅਹਿਸਾਸ ਕਰਵਾਉਂਦਾ ਹੈ ਕਿ ਜਾਂ ਤਾਂ ਕਾਂਗਰਸ ਕੋਲ ਕੋਈ ਨਿਪੁੰਨ ਬੁਲਾਰਾ ਹੈ ਨਹੀਂ ਤੇ ਜਾਂ ਫਿਰ ਉਨ੍ਹਾਂ ਬੁਲਾਰਿਆਂ ਨੂੰ ਜਾਣ ਬੁਝ ਕੇ ਅਖੋਂ ਪਰੋਖੇ ਕੀਤਾ ਜਾ ਰਿਹਾ ਹੈ ।ਇਸ ਮਾਮਲੇ ਵਿਚ ਅਕਾਲੀ ਦਲ ਵਾਲੇ ਵੀ ਘਟ ਨਹੀਂ ਹਨ , ਅਕਾਲੀ ਦਲ ਦੀਆਂ ਸਟੇਜਾਂ ਤੇ ਕਿਸੇ ਸਮੇਂ ਢਾਡੀ ਵਾਰਾਂ ਤੇ ਕਵੀਸ਼ਰੀ ਦੇ ਕੜਕਵੇੰ ਬੋਲ ਇਕ ਚੰਗਾ ਰੰਗ ਬੰਨਦੇ ਸਨ ਪਰ ਅਪ੍ਰੈਲ ਕਲ ਭੋਟੂ ਸਾਹ ਹੁਣਾ ਦੇ ਚੁਟਕਲੇ ਸੁਣਾ ਕੇ ਅਪਣੇ ਚੋਣ ਜਲਸਿਆਂ ਦੀ ਰੌਣਕ ਵਧਾਈ ਜਾ ਰਹੀ ਹੈ । ਮੈਨੂੰ ਯਾਦ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਸਿਰਮੌਰ ਆਗੂ ਦਾ ਬਿਆਨ ਸੀ ਕਿ ਭਗਵੰਤ ਮਾਨ ਦੇ ਜਲਸਿਆਂ ਵਿਚ ਲੋਕ ਚੁਟਕਲੇ ਸੁਣਨ ਲਈ ਜਾਂਦੇ ਹਨ ਪਰ ਲੋਕਾਂ ਨੇ ਵੋਟ ਨਹੀਂ ਪਾਉਣੀ ਉਸ ਨੂੰ , ਪਰ ਚੋਣ ਨਤੀਜੇ ਆਉਣ ਤੇ ਭਗਵੰਤ ਮਾਨ ਨੇ ਸਾਰੇ ਰਿਕਾਰਡ ਤੋੜ ਕੇ ਲੋਕ ਸਭਾ ਸੀਟ ਜਿਤੀ ਤੇ ਸਾਇਦ ਓਸੇ ਰਸਤੇ ਤੇ ਚਲ ਕੇ ਅਜ ਅਕਾਲੀ ਦਲ ਵੀ ਅਪਣੀ ਫਤਿਹ ਦਾ ਪਰਚੰਮ ਲਹਿਰਾਉਣਾ ਚਹੁੰਦਾ ਹੈ ਪਰ ਵੋਟਰ ਦੇ ਦੁਖ ਦਰਦ ਦੀ ਗਲ ਕਰਨ ਦੀ ਕਵਾਇਦ ਰਾਜਨੀਤਿਕ ਸਟੇਜਾਂ ਤੋਂ ਘਟ ਹੁੰਦੀ ਜਾ ਰਹੀ ਹੈ, ਕੌਣ ਕਰੇਗਾ ਅਪਣੀ ਸਟੇਜ ਤੋਂ ਪੰਜਾਬ ਦੇ ਵੋਟਰ ਦੇ ਢਿਡ ਦੀ ਅਗ ਬੁਝਾਉਣ ਦੀ ਗਲ , ਰੋਜਗਾਰ ਦੀ ਗਲ , ਸਿਖਿਆ ਤੇ ਸਿਹਤ ਸਹੂਲਤਾਂ ਦੀ ਗਲ ਤੇ ਬੇਰੁਜ਼ਗਾਰ ਹੋਈ ਜਵਾਨੀ ਨੂੰ ਖਾ ਰਹੇ ਨਸਿਆਂ ਦੀ ਗਲ ਕੌਣ ਕਰੇਗਾ ।’

Send this to a friend