ਤਲਵੰਡੀ ਸਾਬੋ- ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਦਿਆਰਥਣਾਂ ਦੇ ਹੋਸਟਲ ਵਿਚ ਬੀਤੀ ਰਾਤ ਵਾਪਰੀ ਦਸੀ ਜਾਂਦੀ ਇਕ ਸਿਰੇ ਦੀ ਅਸਭਿਅਕ ਅਤੇ ਸ਼ਰਮਨਾਕ ਘਟਨਾ ਨੇ ਨਾ ਸਿਰਫ਼ ਵਿਦਿਆਰਥਣਾਂ ਨੂੰ ਸਟਰਾਈਕ ਕਰਕੇ ਯੂਨੀਵਰਸਿਟੀ ਪ੍ਰਬੰਧਕਾਂ ਅਤੇ ਸਟਾਫ ਖਿਲਾਫ ਨਾਅਰੇਬਾਜ਼ੀ ਕਰਨ ਲਈ ਮਜ਼ਬੂਰ ਕਰ ਦਿਤਾ ਸਗੋਂ ਬਾਲੜੀਆਂ ਦੇ ਤਮਾਮ ਮਾਪਿਆਂ ਨੂੰ ਵੀ ਸੋਚਾਂ ਦੇ ਸਮੁੰਦਰ ਵਿਚ ਡੋਬ ਕੇ ਰਖ ਦਿਤਾ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਦੇਖ-ਰੇਖ ਵਿਚ ਚਲ ਰਹੀ ਸਥਾਨਕ ਅਕਾਲ ਯੂਨੀਵਰਸਿਟੀ ਦੇ ਹੋਸਟਲ (ਲੜਕੀਆਂ) ਵਿਚ ਬਣੇ ਬਾਥਰੂਮਾਂ ਵਿਚੋਂ ਕਿਸੇ ਇਕ ਵਿਚ ਔਰਤਾਂ ਦੇ ਮਾਂਹਵਾਰੀ ਸਾਮਾਨ (ਸੈਨੇਟਰੀ ਪੈਡ) ਵਰਗੀਆਂ ਕੁਝ ਗੁਪਤ ਚੀਜ਼ਾਂ ਕੀ ਮਿਲੀਆਂ ਕਿ ਹੋਸਟਲ ਇੰਚਾਰਜ ਵਾਰਡਨ ਬੀਬੀ ਜਿਸ ਦਾ ਨਾਂ ਮੈਡਮ ਦੁੱਗਲ ਦਸਿਆ ਜਾ ਰਿਹਾ ਹੈ ਨੇ ਸਮੁਚੀਆਂ ਸੈਂਕੜੇ ਵਿਦਿਆਰਥਣਾਂ ਨੂੰ ਇਕ ਵਡੇ ਅਤੇ ਸ਼ਰਮਨਾਕ ਇਮਤਿਹਾਨ ਵਿਚੋਂ ਗੁਜ਼ਰਨ ਲਈ ਮਜ਼ਬੂਰ ਕਰ ਦਿਤਾ।ਜਾਣਕਾਰੀ ਅਨੁਸਾਰ ਇਕੱਲੀਆਂ-ਇਕੱਲੀਆਂ ਵਿਦਿਆਰਥਣਾਂ ਨੂੰ ਨਾ ਸਿਰਫ ਪੂਰੇ ਕੱਪੜੇ ਉਤਾਰ ਕੇ ਜਾਂਚ ਕਰਵਾਉਣ ਲਈ ਕਿਹਾ ਗਿਆ ਸਗੋਂ ਸ਼ਰਮਨਾਕ ਹਦ ਤਕ ਜਾਂਦਿਆਂ ਜ਼ਲੀਲ ਕਰਨ ਦੀ ਕੋਈ ਕਸਰ ਬਾਕੀ ਨਾ ਛੱਡੀ ਗਈ।ਗੁਸੇ ਵਿਚ ਆਈਆਂ ਸੈਂਕੜੇ ਵਿਦਿਆਰਥਣਾਂ ਨੇ ਹੋਸਟਲ ਅਤੇ ਕਲਾਸ ਰੂਮਾਂ ਤੋਂ ਬਾਹਰ ਆ ਕੇ ਧੁਪ ਵਿਚ ਧਰਨਾ ਦੇ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ ਪ੍ਰੰਤੂ ਕੋਈ ਸੁਣਵਾਈ ਨਾ ਹੁੰਦਿਆਂ ਵੇਖ ਜਦੋਂ ਲੜਕੀਆਂ ਨੇ ਆਪਣੇ ਸੰਘਰਸ਼ ਨੂੰ ਮੁੱਖ ਸੜਕ ’ਤੇ ਲਿਜਾਣ ਦੇ ਮਕਸਦ ਨਾਲ ਯੂਨੀਵਰਸਿਟੀ ਤੋਂ ਬਾਹਰ ਦਾ ਰੁਖ ਅਖਤਿਆਰ ਕੀਤਾ ਤਾਂ ਸਭ ਹਦਾਂ ਬੰਨੇ ਪਾਰ ਕਰਦਿਆਂ ਪ੍ਰਬੰਧਕਾਂ ਨੇ ਯੂਨੀਵਰਸਿਟੀ ਦੇ ਗੇਟ ਬੰਦ ਕਰਵਾ ਦਿਤੇ।ਪ੍ਰੰਤੂ ਜਦੋਂ ਲੜਕੀਆਂ ਨੇ ਬੰਦ ਪਏ ਗੇਟ ਉਪਰੋਂ ਦੀ ਛਾਲਾਂ ਮਾਰਕੇ ਅਤੇ ਸਕਿਉਰਟੀ ਰੂਮ ਵਿੱਚੋਂ ਦੀ ਲੰਘਣਾ ਸ਼ੁਰੂ ਕਰ ਦਿਤਾ ਅਤੇ ਕੁਝ ਲੜਕੀਆਂ ਇਸ ਦਰਮਿਆਨ ਬੇਹੋਸ਼ ਹੋ ਗਈਆਂ ਤਾਂ ਪ੍ਰਬੰਧਕਾਂ ਨੂੰ ਗੇਟ ਖੋਹਲਣਾ ਹੀ ਪਿਆ ਅਤੇ ਫਿਰ ਲੜਕੀਆਂ ਨੇ ਯੂਨੀਵਰਸਿਟੀ ਦੇ ਗੇਟ ਉਪਰਲਾ ਨਾ ਸਿਰਫ ਧਰਨਾ ਮਾਰ ਦਿੱਤਾ ਸਗੋਂ ਪ੍ਰਬੰਧਕਾਂ ਅਤੇ ਪੂਰੇ ਸਟਾਫ਼ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।ਭਾਵੇਂ ਇਸ ਤੋਂ ਪਹਿਲਾਂ ਵੀ ਕੰਨੋਂ ਕੰਨੀਂ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਜ਼ਲੀਲ ਕਰਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਰਹੀਆਂ ਹਨ ਪ੍ਰੰਤੂ ਪ੍ਰਬੰਧਕਾਂ ਵਲੋਂ ਇਸ ਤਰ੍ਹਾਂ ਕਥਿੱਤ ਦਬਾਅ ਬੱਚਿਆਂ ਤੇ ਬਣਾਇਆ ਹੋਇਆ ਹੈ ਕਿ ਇਸ ਮਾਮਲੇ ਵਿਚ ਵੀ ਇਨਸਾਫ ਮੰਗ ਰਹੀਆਂ ਲੜਕੀਆਂ ਵੱਲੋਂ ਪੱਤਰਕਾਰਾਂ ਨੂੰ ਖ਼ਬਰ ਨਾ ਲਾਉਣ ਦੀ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਸੀ।ਦੇਰ ਸ਼ਾਮ ਤਕ ਲੜਕੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਯੂਨੀਵਰਸਿਟੀ ਪ੍ਰਬੰਧਨ ਨੇ ਹੌਸਟਲ ਵਿਚ ਤੈਨਾਤ ਮੁਖ ਵਾਰਡਨ ਸ੍ਰੀਮਤੀ ਵਿਨੋਦ ਦੁਗਲ, ਸਹਾਇਕ ਵਾਰਡਨ ਪਰਮਜੀਤ ਕੌਰ, ਸੁਰਖਿਆ ਗਾਰਡਾਂ ਤਰਨਪ੍ਰੀਤ ਕੌਰ ਅਤੇ ਦਿਲਜੀਤ ਕੌਰ ਨੂੰ ਫੌਰੀ ਤੌਰ ਤੇ ਮੁਅਤਲ ਕਰ ਦਿਤਾ।ਚਾਰਾਂ ਮੁਲਾਜਮਾਂ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਪਤਰਕਾਰਾਂ ਕੋਲ ਐਮ.ਐਸ. ਜੌਹਲ ਡੀਨ ਅਕੈਡਮਿਕ ਵੱਲੋਂ ਕੀਤੀ ਗਈ।ਯੂਨੀਵਰਸਿਟੀ ਦੇ ਹੋਸਟਲ ਵਾਰਡਨ ਸਮੇਤ ਹੋਸਟਲ ਦੇ ਸਮੁਚੇ ਸਟਾਫ ਨੂੰ ਮੁਅਤਲ ਕਰ ਦਿਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।ਜ਼ਲੀਲ ਕੀਤੀਆਂ ਅਤੇ ਸੰਘਰਸ਼ ਕਰ ਰਹੀਆਂ ਲੜਕੀਆਂ ਮੰਗ ਕਰ ਰਹੀਆਂ ਸਨ ਕਿ ਉਨ੍ਹਾਂ ਨੂੰ ਅਲਫ਼ ਨੰਗੇ ਕਰਨ ਵਾਲੇ ਸਟਾਫ਼ ਉਪਰ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ।
– ਰਾਮ ਰੇਸ਼ਮ ਨਥੇਹਾ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ਼’ ਤਲਵੰਡੀ ਸਾਬੋ