ਨੌਜਵਾਨ ਪੀੜ੍ਹੀ ਗੁਰਸਿੱਖੀ ਦੀ ਭਾਵਨਾ ਤੋਂ ਦੂਰ ਕਿਉਂ ਹੋ ਰਹੀ ਹੈ

ਕੱਚੀ ਮਿੱਟੀ ਨੂੰ ਘੜ੍ਹ ਕੇ ਘੁਮਿਆਰ ਕੋਈ ਵੀ ਰੂਪ ਦੇ ਦਿੰਦਾ ਹੈ। ਨਵਜੰਮੇ ਬੱਚੇ ਨੂੰ ਕੋਈ ਵੀ ਭਾਸ਼ਾ ਸਿਖਾਈ ਜਾ ਸਕਦੀ ਹੈ। ਹਰ ਪੀੜ੍ਹੀ ਕਿਸੇ ਨ ਕਿਸੇ ਰੂਪ ‘ਚ ਆਪਣੀ ਵਿਰਾਸਤ ਦੀ ਹੀ ਨੁਮਾਇੰਦਗੀ ਕਰਦੀ ਹੈ। ਸਿੱਖ ਕੌਮ ਅੰਦਰ ਕਈ ਵਰ੍ਹਿਆਂ ਤੋਂ ਚਿੰਤਾ ਕੀਤੀ ਜਾ ਰਹੀ ਹੈ ਕਿ ਨੌਜਵਾਨ ਪੀੜ੍ਹੀ ਗੁਰਦੁਆਰੇ ਨਹੀਂ ਆਉਂਦੀ ਤੇ ਧਰਮ ਪ੍ਰਤੀ ਰੁਚੀ ਘੱਟਦੀ ਜਾ ਰਹੀ ਹੈ। ਕਿਸੇ ਖਾਸ ਪੁਰਬ, ਅਉਸਰ ਨੂੰ ਛੱਡ ਕੇ ਨਿਤ ਦੇ ਦੀਵਾਨ ’ਚ ਗੁਰਦੁਆਰਿਆਂ ਦੇ ਵੱਡੇ ਉਸਾਰੇ ਹਾਲ ਖਾਲੀ ਪਏ ਰਹਿੰਦੇ ਹਨ। ਵਿਰਲੇ ਬੁਜਰਗ ਹੀ ਨਜਰ ਆਉਂਦੇ ਹਨ। ਨੌਜਵਾਨ ਸਿੱਖ ਗੁਰਦੁਆਰੇ ਕਿਉਂ ਨਹੀਂ ਆਉਂਦੇ ਇਹ ਸਵਾਲ ਕਿਸ ਕੋਲੋਂ ਪੁੱਛਿਆ ਜਾਣਾ ਚਾਹੀਦੇ। ਮਿੱਟੀ ਕੋਲੋਂ ਕਿਉਂ ਪੁੱਛਿਆ ਜਾਏ ਕਿ ਉਹ ਘੜਾ ਕਿਉਂ ਨਹੀਂ ਬਣੀ, ਦੀਵਾ ਕਿਉਂ ਨਹੀਂ ਬਣੀ। ਗਲਤੀ ਤਾਂ ਘੁਮਿਆਰ ਦੀ ਹੈ ਜਿਸ ਨੇ ਉਸ ਬੇਦੋਸ਼ੀ ਮਿੱਟੀ ਨੂੰ ਘੜੇ ਦੀ ਥਾਂ ਛਾਨਣੀ ਤੇ ਦੀਵੇ ਦੀ ਥਾਂ ਮੂਰਤ ਬਣਾ ਦਿੱਤਾ। ਹਨੇਰਾ ਦੀਵਾ ਦੂਰ ਕਰਦਾ ਹੈ ਕੋਈ ਮੂਰਤ ਨਹੀਂ। ਪਾਨੀ ਦਾ ਘੜਾ ਹੋਵੇਗਾ ਤਾਂ ਹੀ ਛਾਨਣੀ ਦੀ ਕੋਈ ਵਰਤੋਂ ਹੋ ਸਕੇਗੀ। ਘੜਾ ਪਾਨੀ ਦਾ ਭਾਰ ਸਹਿੰਦਾ ਹੈ ਤਾਂ ਹੀ ਉਸ ਦੀ ਕਦਰ ਹੈ, ਦੀਵਾ ਬੱਲਦਾ ਹੈ ਤਾਂ ਹੀ ਊਚੀ ਥਾਂ ਤੇ ਰੱਖਿਆ ਜਾਂਦਾ ਹੈ। ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸੁਖ ਭੋਗਣ। ਪਰ ਸੱਚੇ ਸੁਖ ਦੀ ਪਛਾਣ ਕਰਾਉਣ ਦੀ ਜਿੰਮੇਵਾਰੀ ਤਾਂ ਮਾਪਿਆਂ ਦੀ ਹੀ ਹੈ। ਆਮ ਤੌਰ ਤੇ ਬੱਚਿਆਂ ਦੀ ਸੁਖ ਨਾਲ ਪਛਾਣ ਸੁੰਦਰ ਪਹਿਰਾਵੇ , ਸੁਆਦਲੇ ਵਿਅੰਜਨਾਂ, ਸੈਰ ਸਪਾਟੀਆਂ, ਪਾਰਟੀਆਂ, ਸਕੂਲੀ ਇਮਤਿਹਾਨਾਂ ਦੀ ਕਾਮਿਆਬੀ ਆਦਿਕ ਰਾਹੀਂ ਕਰਾਈ ਜਾਂਦੀ ਹੈ। ਸੁਖ ਦੀ ਇਹ ਪਰਿਭਾਸ਼ਾ ਉਸ ਸੁਖ ਤੋਂ ਇਕਦਮ ਵਖਰੀ ਹੈ ਜੋ ਗੁਰੂ ਸਾਹਿਬਾਨ ਨੇ ਦੱਸੀ ਤੇ ਗੁਰਬਾਣੀ ਅੰਦਰ ਪਰਗਟ ਹੁੰਦੀ ਹੈ। ਗੁਰੂ ਅਰਜਨ ਸਾਹਿਬ ਨੇ ਸੁਖ ਦੀਆਂ ਤਿੰਨ ਅਵਸਥਾਵਾਂ ਬਾਰੇ ਵਚਨ ਕੀਤੇ। ਪਹਿਲੀ ਅਵਸਥਾ ਦੁਖ, ਰੋਗ , ਅਗਿਆਨਤਾ ਦਾ ਦੂਰ ਹੋ ਜਾਣਾ ਹੈ। ਜਦੋਂ ਮਨ ਅੰਦਰ ਪਰਮਾਤਮਾ ਦੀ ਪ੍ਰੀਤਿ ਜਨਮ ਲਵੇ ਤਾਂ ਇਹ ਅਵਸਥਾ ਬਣਦੀ ਹੈ “ ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ , ਦੂਖ ਦਰਦ ਭ੍ਰਮੁ ਤਾ ਕਾ ਭਾਗੀ “। ਦੂਜੀ ਅਵਸਥਾ ਪਰਮਾਤਮਾ ਪ੍ਰਤੀ ਸਮਰਪਣ ਹੈ। ਜਦੋਂ ਮਨੋਂ ਤਨੋਂ ਪੂਰਨ ਸਮਰਪਣ ਹੋ ਜਾਵੇ ਤਾਂ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ “ ਜਾ ਕਾ ਸਭੁ ਕਿਛੁ ਤਾ ਕਾ ਹੋਇ , ਨਾਨਕ ਤਾ ਕਉ ਸਦਾ ਸੁਖੁ ਹੋਇ “। ਤੀਜੀ ਅਵਸਥਾ ਸਹਿਜ ਦੀ ਹੈ। ਮਨ ਸੁਖ – ਦੁਖ ਦੀ ਭਾਵਨਾ ਤੋਂ ਹੀ ਉਦਾਸ ਹੋ ਜਾਂਦਾ ਹੈ ਤਾਂ ਹਰ ਚਿੰਤਾ , ਦੁਵਿਧਾ ਤੋਂ ਮੁਕਤ , ਅਚਿੰਤ ਹੋ ਜਾਂਦਾ ਹੈ। ਇਹ ਸੁਖ ਦੀ ਪਰਮ ਅਵਸਥਾ ਹੈ ਜਾ ਕੈ ਸੁਖੁ ਸੁਖੁ ਸਮ ਕਰਿ ਜਾਪੈ, ਤਾ ਕਉ ਕਾੜਾ ਕਹਾ ਬਿਆਪੈ। ਗੁਰੂ ਸਾਹਿਬ ਨੇ ਕਿਹਾ ਕਿ ਇਹ ਪਰਮਾਤਮਾ ਦੇ ਦਰਬਾਰ ਤੋਂ ਹੀ ਪ੍ਰਾਪਤ ਹੁੰਦਾ ਹੈ “ ਸੁਖੁ ਪਾਵਹਿ ਸਾਚੈ ਦਰਬਾਰਿ। ਜਦੋਂ ਮਾਤਾ– ਪਿਤਾ ਆਪਨੇ ਬੱਚੇ ਲਈ ਸੰਸਾਰਕ ਪਦਾਰਥਾਂ ਤੇ ਪਦਵੀਆਂ ਵਿੱਚ ਸੁਖ ਦੀ ਤਲਾਸ਼ ਕਰਦੇ ਹਨ ਤਾਂ ਧਰਮ ਪਿੱਛੇ ਚਲਾ ਜਾਂਦਾ ਹੈ। ਧਰਮ ਪਦਾਰਥਾਂ ਤੇ ਪਦਵੀਆਂ ਹਾਸਲ ਕਰਨ ਲਈ ਇਸਤੇਮਾਲ ਹੋਣ ਲੱਗ ਪੈਂਦਾ ਹੈ। ਧਰਮ ਲੋੜ ਦਾ ਬਨ ਜਾਂਦਾ ਹੈ। ਗੁਰਦੁਆਰਿਆਂ ਅੰਦਰ ਲੋੜਵੰਦਾਂ ਦਾ ਇਕੱਠ ਮਿਲ ਜਾਂਦਾ ਹੈ ਪਰ “ ਜਾ ਕਾ ਸਭੁ ਕਿਛੁ ਤਾ ਕਾ ਹੋਇ “ ਦੀ ਭਾਵਨਾ ਵਾਲੇ ਧਰਮੀਆਂ ਦੀ ਸੰਗਤ ਨਹੀਂ।
ਸੁਖ ਦੀ ਦੋਸ਼ ਪੂਰਨ ਦ੍ਰਿਸ਼ਟੀ ਨੇ ਜੀਵਨ ਦਾ ਮਨੋਰਥ ਬਦਲ ਦਿੱਤਾ ਹੈ। ਬੱਚਿਆਂ ਨੂੰ ਜੀਵਨ ਅੰਦਰ ਗੁਰਸਿੱਖੀ ਦੀ ਮਹੱਤਾ ਨਹੀਂ ਸਮਝਾਈ ਜਾ ਰਹੀ। ਪਰਿਵਾਰਿਕ ਪੱਧਰ ਤੇ ਬੱਚਿਆਂ ਅੰਦਰ ਗੁਰਬਾਣੀ ਲਈ ਰੀਝ ਪੈਦਾ ਕਰਨ ਦੇ ਗੰਭੀਰ ਜਤਨ ਨਹੀਂ ਹੋ ਰਹੇ। ਇਸ ਲਈ ਸਮਾਂ ਤੇ ਭਾਵਨਾ ਚਾਹੀਦੀ ਹੈ। ਦੋਵੇਂ ਹੀ ਦੁਰਲਭ ਹੋ ਗਏ ਹਨ। ਆਪਣੀ ਮੁੱਢਲੀ ਜਿੰਮੇਵਾਰੀ ਤੋਂ ਬਚਨ ਲਈ ਸਿੱਖ ਸੰਸਥਾਵਾਂ ਨੂੰ ਦੋਸ਼ ਦੇਣਾ ਆਮ ਹੋ ਗਿਆ ਹੈ। ਪ੍ਰਚਾਰ ਦੇ ਨਵੇਂ – ਆਧੁਨਿਕ ਤਰੀਕੇ ਲੱਭਣ ਦੀ ਗੱਲ ਕੀਤੀ ਜਾਂਦੀ ਹੈ। ਇਹ ਪਲਾਇਨਵਾਦੀ ਮਾਨਸਿਕਤਾ ਦਰਸਾਉਂਦੀ ਹੈ। ਅਸੀਂ ਆਪ ਹੀ ਗੁਰਸਿੱਖੀ ਨੂੰ ਸਮਝ ਨਹੀਂ ਪਾਏ ਹਾਂ . ਗੁਰਸਿੱਖੀ ਕੋਈ ਵਰਤਾਰਾ ਨਹੀਂ ਜੋ ਸਮੇਂ ਅਨੁਸਾਰ ਬਦਲਦਾ ਰਹੇਗਾ। ਗੁਰੂ ਨਾਨਕ ਸਾਹਿਬ ਨੇ ਜੀਵਨ ਦਾ ਜੋ ਪੰਥ ਤੇ ਮਨੋਰਥ ਤੈ ਕੀਤਾ ਉਹ ਸਦੀਵੀ ਤੇ ਅਟਲ ਸੀ “ ਆਦਿ ਸਚੁ ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸਚੁ। ਗੁਰਸਿੱਖ ਦੀ ਜੀਵਨ ਜਾਚ ਸਮੇਂ ਤੇ ਲੋੜ ਤੋਂ ਪ੍ਰਭਾਵਿਤ ਹੋਣ ਵਾਲੀ ਨਹੀਂ ਹੈ। ਸੰਸਾਰ ਅੰਦਰ ਮਨੁੱਖ ਪ੍ਰਾਹੁਣਾ ਬਣ ਕੇ ਆਇਆ ਹੈ। ਜੋ ਵੀ ਦ੍ਰਿਸ਼ਟੀਮਾਨ ਹੈ ਸਭ ਨਾਸ਼ਵਾਨ ਹੈ। ਅਵਿਨਾਸ਼ੀ ਕੇਵਲ ਪਰਮਾਤਮਾ ਹੈ। ਮਨੁੱਖ ਦੇ ਜੀਵਨ ਦਾ ਇੱਕੋ ਮਨੋਰਥ ਹੈ ਪਰਮਾਤਮਾ ਨਾਲ ਮੇਲ। ਇਹ ਸੰਜੋਗ ਦਾਸ ਬਣ ਕੇ, ਪਰਮਾਤਮਾ ਦੇ ਹੁਕਮ ਅੰਦਰ ਰਹਿ ਕੇ, ਉਸ ਨਾਲ ਪ੍ਰੀਤਿ ਪਾ ਕੇ ਹੀ ਬਣਦਾ ਹੈ। ਗੁਰੂ ਸਾਹਿਬਾਨ ਨੇ ਸੇਧ ਦਿੱਤੀ ਕਿ ਨਾਮ ਸਿਮਰਨ ਨਾਲ ਹੀ ਇਹ ਪ੍ਰਾਪਤੀ ਹੁੰਦੀ ਹੈ। ਸਵਾਲ ਉਠਾਇਆ ਜਾਂਦਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਪ੍ਰੇਰਨ ਲਈ ਨਵੇਂ ਢੰਗ ਲੱਭੇ ਜਾਣ। ਕੀ ਨਵੇਂ ਢੰਗ ਸੰਭਵ ਹਨ। ਗੁਰੂ ਸਾਹਿਬਾਨ ਨੇ ਸਿੱਖੀ ਦੇ ਪ੍ਰਚਾਰ ਦਾ ਜੋ ਢੰਗ ਵਰਤਿਆ ਉਹ ਅਗਿਆਨਤਾ, ਭਰਮਾਂ ਤੋਂ ਉਬਾਰਨ ਲਈ ਬਾਣੀ ਨਾਲ ਜੋੜਨ ਤੇ ਆਤਮਿਕ ਨਿਰਮਲਤਾ ਲਈ ਨਾਮ ਸਿਮਰਨ ਤੇ ਸਾਧ ਸੰਗਤ ਦਾ ਸੀ। ਗੁਰੂ ਸਾਹਿਬਾਨ ਦੁਆਰਾ ਖੋਲੀ ਇਹ ਰਾਹ ਹੀ ਜੀਵਨ ਮੁਕਤੀ ਦੀ ਰਾਹ ਹੈ। ਬਾਣੀ ਪੜ੍ਹਨ , ਸੁਣਨ ਨਾਲ ਹੀ ਗਿਆਨ ਪ੍ਰਾਪਤ ਹੁੰਦਾ ਹੈ ਗੁਰ ਤੇ ਗਿਆਨ ਪਾਏ ਜਨੁ ਕੋਇ, ਗੁਰ ਤੇ ਬੂਝੈ ਸੀਝੈ ਸੋਇ। ਸਿੱਖੀ ਦੇ ਸਿਧਾਂਤਾਂ ਤੇ ਭਰੋਸਾ ਟਿਕਾਉਣ ਲਈ ਗੁਰਬਾਣੀ ਨੂੰ ਵੀਚਾਰਨ ਤੇ ਧਾਰਨ ਕਰਨ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਦੀ ਪਰਮਾਤਮਾ ਦੀ ਮਹਿਮਾ ਤੇ ਨਾਮ ਦੀ ਮਹੱਤਾ ਸਮਝ ਆਉਂਦੀ ਹੈ। ਮਨ ਅੰਦਰ ਪਰਮਾਤਮਾ ਨਾਲ ਜੁੜਨ ਦੀ ਉਮੰਗ ਪੈਦਾ ਹੁੰਦੀ ਹੈ ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ। ਪਰਮਾਤਮਾ ਲਈ ਪ੍ਰੇਮ ਤੇ ਉਮੰਗ ਨਾਲ ਭਰਿਆ ਮਨ ਜਦੋਂ ਨਾਮ ਸਿਮਰਨ ਕਰਦਾ ਹੈ ਤਾਂ ਉਸ ਨੂੰ ਭਗਤੀ ਤੇ ਵਿਸਮਾਦੀ ਅਨੁਭਵ ਹੁੰਦੇ ਹਨ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ। ਗੁਰੂ ਰਾਮਦਾਸ ਸਾਹਿਬ ਨੇ ਨਾਮ ਨੂੰ ਬੇਸ਼ਕੀਮਤੀ ਕਿਹਾ ਜਿਸ ਦਾ ਮੋਲ ਪਾਰਖੀ ਹੀ ਜਾਣਦਾ ਹੈ “ ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ “। ਨੌਜਵਾਨ ਪੀੜ੍ਹੀ ਨੂੰ ਬਸ ਇਹੋ ਦੱਸਣ ਦੀ ਲੋੜ ਹੈ ਕਿ ਗੁਰਬਾਣੀ ਅਨਮੋਲ ਹੈ, ਨਾਮ ਹੀ ਮੁਕਤੀ ਦੀ ਜੁਗਤ ਹੈ। ਨਵੀਂ ਪੀੜ੍ਹੀ ਅੰਦਰ ਇਹ ਵਿਸ਼ਵਾਸ ਪੈਦਾ ਕਰਨ ’ਚ ਪਰਿਵਾਰ ਦੀ ਭੂਮਿਕਾ ਮੁੱਖ ਹੁੰਦੀ ਹੈ। ਅੱਜ ਤੋਂ ਤਿੰਨ ਚਾਰ ਦਹਾਕਿਆਂ ਪਹਿਲਾਂ ਤੱਕ ਕਈ ਘਰਾਂ ਅੰਦਰ ਨਿਅਮ ਹੁੰਦਾ ਸੀ ਕਿ ਬੱਚਿਆਂ ਨੂੰ ਨਿਤਨੇਮ ਕਰਨ ਤੋਂ ਬਾਅਦ ਹੀ ਨਾਸ਼ਤਾ ਦਿੱਤਾ ਜਾਂਦਾ ਸੀ। ਇਹ ਗੁਰਬਾਣੀ ਦੀ ਮਹੱਤਾ ਦਾ ਅਹਿਸਾਸ ਕਰਾਉਣ ਦਾ ਸੁਚੱਜਾ ਢੰਗ ਸੀ। ਬੀਮਾਰ ਬੱਚਿਆਂ ਦੇ ਮੁਖ ਤੇ ਗੁਰਦੁਆਰੇ ਲਿਜਾ ਕੇ ਚਰਨ ਧੂੜ ਲਾਈ ਜਾਂਦੀ ਸੀ। ਇਹ ਕੋਈ ਮਨਮਤ ਨਹੀਂ ਪਰਮਾਤਮਾ ਪ੍ਰਤੀ ਭਰੋਸਾ ਪੈਦਾ ਕਰਨ ਦੀ ਸਰਲ ਵਿਧੀ ਸੀ। ਮਾਤਾਵਾਂ ਆਪ ਪਾਠ ਕੰਠ ਕਰਨ ਲਈ ਆਪਨੇ ਬੱਚਿਆਂ ਦੀ ਮਦਦ ਲੈਂਦੀਆਂ ਸਨ। ਇਸ ਨਾਲ ਬੱਚਿਆਂ ਨੂੰ ਪਾਠ ਆਪ ਹੀ ਕੰਠ ਹੋ ਜਾਇਆ ਕਰਦੇ ਸਨ। ਸ਼ੇਖ ਫਰੀਦ ਜੀ ਦੇ ਮਾਤਾ ਉਨ੍ਹਾਂ ਦੇ ਜਾ -ਨਮਾਜ ਥੱਲੇ ਖਜੂਰਾਂ ਰੱਖ ਦਿੰਦੇ ਸਨ। ਕੀ ਅੱਜ ਘਰਾਂ ਅੰਦਰ ਅਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਨੌਜਵਾਨ ਸਿੱਖ ਪੀੜ੍ਹੀ ਲਈ ਸਭ ਤੋਂ ਵੱਡੀ ਚੁਨੌਤੀ ਭਾਸ਼ਾ ਦੀ ਹੈ। ਪੰਜਾਬੀ ਦਾ ਅੱਖਰੀ ਗਿਆਨ ਨਾ ਹੋਣਾ ਗੁਰਬਾਣੀ ਨਾਲ ਜੁੜਨ ’ਚ ਵੱਡੀ ਔਂਕੜ ਹੈ। ਦੂੱਜਿਆਂ ਭਾਸ਼ਾਵਾਂ ’ਚ ਉਚਾਰਨ ਬਦਲ ਜਾਂਦਾ ਹੈ ਤੇ ਪਾਠ ਰਸ ਹੀਨ ਹੋ ਜਾਂਦਾ ਹੈ। ਪੰਜਾਬੀ ਗੁਰਸਿੱਖ ਲਈ ਨਿਰੀ ਭਾਸ਼ਾ ਹੀ ਨਹੀਂ ਗੁਰੂ ਸਾਹਿਬਾਨ ਦੁਆਰਾ ਈਜਾਦ ਕੀਤੀ ਸੁਗਾਤ ਤੇ ਬਖਸ਼ਿਸ਼ ਹੈ। ਪੰਜਾਬੀ ਦੇ ਅੱਖਰ ਤੇ ਸ਼ਬਦ ਹੀ ਗੁਰਸਿੱਖੀ ਦੀ ਨਿਰੋਲ ਭਾਵਨਾ ਨਾਲ ਜੋੜਨ ’ਚ ਸਮਰਥ ਹਨ। ਪੰਜਾਬੀ ਭਾਸ਼ਾ ਦੇ ਗਿਆਨ ਨੂੰ ਧਰਮ ਦੇ ਮਾਰਗ ਤੇ ਚੱਲਣ ਦੀ ਮੁੱਢਲੀ ਯੋਗਤਾ ਦੇ ਰੂਪ ’ਚ ਲਿਆ ਜਾਣਾ ਚਾਹੀਦੇ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦੁਨਿਆ ਦਾ ਸਭ ਤੋਂ ਸੁਗਮ, ਸਰਲ ਤੇ ਵਿਉਹਾਰਕ ਪੰਥ ਸਿਰਜਿਆ ਜੋ ਕਿਸੇ ਵੀ ਤਰਹ ਦੇ ਕਰਮ ਕਾਂਡ, ਵਿਖਾਵਿਆਂ , ਭਰਮਾਂ ਤੋਂ ਮੁਕਤ ਸੀ। ਗੁਰੂ ਸਾਹਿਬ ਦੇ ਜੀਵਨ ਸਿਧਾਂਤ ‘ਚ ਪਹਿਲੀ ਥਾਂ ਕਿਰਤ ਦੀ ਸੀ। ਈਮਾਨਦਾਰ ਕਿਰਤ ਧਰਮ ਤੇ ਪਰਮਾਤਮਾ ਭਗਤੀ ਦਾ ਹਿੱਸਾ ਬਣੀ। ਅੱਜ ਨੌਜਵਾਨ ਪੀੜ੍ਹੀ ਸਾਂਸਾਰਿਕ ਤੌਰ ਤੇ ਕਾਮਯਾਬ ਹੋਣਾ ਚਾਹੁੰਦੀ ਹੈ ਤਾਂ ਗੁਰਬਾਣੀ ਤੁਲ ਕੋਈ ਹੋਰ ਗਿਆਨ ਨਹੀਂ ਜੋ ਇਸ ਨੂੰ ਯਕੀਨੀ ਬਣਾ ਸਕੇ। ਗੁਰਬਾਣੀ ਕਦਮ ਕਦਮ ਤੇ ਗੁਣਾਂ ਨਾਲ ਜੋੜਦੀ ਤੇ ਪਾਵਨ ਆਚਾਰ ਲਈ ਪ੍ਰੇਰਦੀ ਚੱਲਦੀ ਹੈ। ਜੀਵਨ ਅੰਦਰ ਸੰਜਮ, ਰਹਿਤ ਤੇ ਸਤ ਰੱਖਨ ਦਾ ਜੋ ਮਾਰਗ ਗੁਰਬਾਣੀ ਨੇ ਵਿਖਾਇਆ ਹੈ ਉਹ ਸਿੱਧ ਮਾਰਗ ਹੈ। ਗੁਰਸਿੱਖਾਂ ਨੇ ਇਸ ਮਾਰਗ ਤੇ ਚੱਲ ਕੇ ਲਾਸਾਨੀ ਇਤਿਹਾਸ ਰਚੇ ਤੇ ਅਮਰ ਹੋ ਗਏ। ਜੀਵਨ ਸਫਲਤਾ ਦਾ ਮੰਤਰ ਖੋਜਨਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ’ਚ ਆਉਣਾ ਤੇ ਆਪਣੇ ਆਪ ਨੂੰ ਸੱਚਾ ਗੁਰਸਿੱਖ ਬਣਾਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਗੁਰਬਾਣੀ ਜੀਵਨ ਦੀ ਸੰਪੂਰਣ ਸਫਲਤਾ ਦਾ ਮਾਰਗ ਹੈ ਜਿੱਥੇ ਤਨ ਤੇ ਮਨ, ਗ੍ਰਿਹਸਥ ਤੇ ਅਧਿਆਤਮ , ਪਦਾਰਥ ਤੇ ਪਰਮਾਤਮ ਦਾ ਸਰਬ ਸ੍ਰੇਸ਼ਟ ਸੰਜੋਗ ਸਿਰਜਿਆ ਗਿਆ ਹੈ। ਕਿਰਤ ਕਰਦਿਆਂ ਕਰਤਾਰ ਨਾਲ ਮੇਲ ਦੀ ਰਾਹ ਕੱਢੀ ਗਈ ਹੈ। ਗੁਰਬਾਣੀ ਨੇ ਇਹਲੋਕ ਤੇ ਪਰਲੋਕ ਦੁਹਾਂ ਨੂੰ ਸਿੱਧ ਕਰ ਲੈਣ ਦੀ ਗੱਲ ਕੀਤੀ ਹੈ। ਜੀਵਨ ਦੀ ਕਿਸੇ ਵੀ ਪੌੜ੍ਹੀ ਤੇ ਜਦੋਂ ਵੀ ਗੁਰਬਾਣੀ ਨਾਲ ਪ੍ਰੀਤਿ ਪੈ ਜਾਏ ਜੀਵਨ ਬਦਲ ਜਾਂਦਾ ਹੈ। ਜੀਵਨ ਬਦਲਦੀਆਂ ਖਿਨ ਪਲ ਵੀ ਨਹੀਂ ਲੱਗਦਾ। ਸਿੱਖ ਇਤਿਹਾਸ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਇਸ ਲਈ ਨਾ ਕਿਸੇ ਬਾਹਰਲੀ ਜੁਗਤ ਦੀ ਲੋੜ ਹੈ ਨਾ ਕਿਸੇ ਦੁਨਿਆਵੀ ਵਸੀਲੇ ਦੀ। ਗੁਰੂ ਨਾਨਕ ਸਾਹਿਬ ਦਾ ਘਰ ਘਰ ਅੰਦਰ ਧਰਮਸਾਲ ਦਾ ਸੰਕਲਪ ਗੁਰਬਾਣੀ ਨਾਲ ਸਾਰੀਆਂ ਪੀੜ੍ਹੀਆਂ ਨੂੰ ਜੋੜਨ ਲਈ ਹੀ ਪ੍ਰਕਟ ਹੋਇਆ ਸੀ। ਗੁਰੂ ਸਾਹਿਬ ਦਾ ਫਲਸਫਾ ਪੂਰੇ ਸਮਾਜ ਨੂੰ ਪੂਰਨਤਾ ’ਚ ਵੇਖਣ ਦਾ ਸੀ ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ, ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ। ਘਰ ਅੰਦਰ ਗੁਰਬਾਣੀ ਨੂੰ ਸਤਿਕਾਰ ਮਿਲੇਗਾ ਤਾਂ ਪੂਰਾ ਪਰਿਵਾਰ ਤਰ ਜਾਏਗਾ। ਨੌਜਵਾਨ ਪੀੜ੍ਹੀ ਨੂੰ ਘਰ – ਪਰਿਵਾਰ ਤੋਂ ਵੱਖ ਕਰ ਕੇ ਕੋਈ ਖਾਸ ਜਤਨ ਕਾਰਣ ਦੀ ਲੋੜ ਹੀ ਨਹੀਂ ਰਹੇਗੀ।
ਦਰਅਸਲ ਸਮੱਸਿਆ ਨੌਜਵਾਨ ਪੀੜ੍ਹੀ ਦੀ ਨਹੀਂ ਪੂਰੀ ਕੌਮ ਦੀ ਹੈ। ਕੋਈ ਗੁਰਬਾਣੀ ਤੋਂ ਤਨੋਂ ਤੇ ਮਨੋਂ ਦੂਰ ਹੈ ਕੋਈ ਮਨੋਂ ਦੂਰ ਹੈ। ਪਰ ਸੁਖ ਸਾਰੀਆਂ ਨੂੰ ਚਾਹੀਦੇ “ ਸੁਖ ਕਉ ਮਾਗੈ ਸਭੁ ਕੋ ਦੁਖ ਨ ਮਾਗੈ ਕੋਇ “। ਮਨੁੱਖੀ ਜੀਵਨ ਇਸ ਕਾਮਨਾ ਦੇ ਆਲੇ ਦੁਆਲੇ ਹੀ ਘੁੰਮਨ ਘੇਰੀਆਂ ਪਾਈ ਜਾ ਰਿਹਾ ਹੈ। ਇਸ ਦਾ ਨਿਦਾਨ ਘਰ ਘਰ ਅੰਦਰ ਧਰਮਸਾਲ ਹੀ ਹੈ ਕੋਟਿ ਆਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ। ਮਸੰਦ ਪ੍ਰਥਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੰਗ ਕਰ ਦਿੱਤੀ ਸੀ। ਹਰ ਸਿੱਖ ਦੀ ਇਕੱਲੀ ਇਕੱਲੀ ਜਿੰਮੇਵਾਰੀ ਹੈ ਕਿ ਉਹ ਕਿਸੇ ਕੋਲੋਂ ਆਸ ਰੱਖੇ ਬਿਨਾ ਆਪ ਆਪਨੇ ਘਰ ਨੂੰ ਧਰਮਸਾਲ ਬਣਾਵੇ।

Send this to a friend