ਪਾਵਰਕਾਮ ਅਤੇ ਕਿਸਾਨਾਂ ਦੀ ਸਾਂਝੀ ਜ਼ਿੰਮੇਵਾਰੀ

ਪੰਜਾਬ ਵਿੱਚ ਗਰਮੀ ਦੇ ਇਸ ਮੌਸਮ ਦੌਰਾਨ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਚਿੰਤਾਜਨਕ ਹਨ। ਅਜਿਹੀਆਂ ਘਟਨਾਵਾਂ ਕਾਰਨ ਸਬੰਧਤ ਕਿਸਾਨਾਂ ਦੇ ਪਰਿਵਾਰ ਆਰਥਿਕ ਤੌਰ ’ਤੇ ਰੁੱਲ ਜਾਂਦੇ ਹਨ। ਆਮ ਤੌਰ ’ਤੇ ਅੱਗ ਦੀਆਂ ਅਜਿਹੀਆਂ ਘਟਨਾਵਾਂ ਨੂੰ ਬਿਜਲੀ ਦੇ ਸ਼ਾਰਟ-ਸਰਕਟ ਨਾਲ ਜੋੜ ਕੇ ਗੱਲ ਮੁਕਾ ਦਿੱਤੀ ਜਾਂਦੀ ਹੈ। ਪ੍ਰੰਤੂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹੀਆਂ ਜ਼ਿਆਦਾਤਰ ਘਟਨਾਵਾਂ ਕਿਸਾਨਾਂ ਜਾਂ ਦੂਸਰੇ ਲੋਕਾਂ ਦੀ ਅਣਗਹਿਲੀ ਕਾਰਨ ਵਾਪਰਦੀਆਂ ਹਨ। ਕਿਸਾਨ ਆਪਣੀਆਂ ਫਸਲਾਂ ਦੀ ਰਖਵਾਲੀ ਲਈ ਲੋੜੀਂਦੇ ਅਗਾਊਂ ਕਦਮ ਵੀ ਨਹੀਂ ਚੁੱਕਦੇ। ਪੰਜਾਬ ਰਾਜ ਬਿਜਲੀ ਬੋਰਡ ਜੋ ਹੁਣ ਪਾਵਰਕਾਮ (ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ) ਬਣ ਗਿਆ ਹੈ ਦਾ ਪੰਜਾਬ ਦੇ ਖੇਤੀ ਖੇਤਰ ਲਈ ਵੱਡਾ ਯੋਗਦਾਨ ਹੈ। ਪਾਵਰਕਾਮ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈਲਾਂ ਲਈ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਕਈ ਥਾਵਾਂ ’ਤੇ ਪਾਵਰਕਾਮ ਦੇ ਪ੍ਰਬੰਧਾਂ ਵਿੱਚ ਵੀ ਕਮੀਆਂ ਹਨ। ਬਿਜਲੀ ਦੀਆਂ ਲਾਇਨਾਂ ਅਤੇ ਹੋਰ ਸਾਜੋ-ਸਮਾਨ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ, ਪਰ ਪੰਜਾਬ ਵਿੱਚ ਅੱਗ ਲੱਗਣ ਦੀ ਹਰ ਘਟਨਾ ਪਿੱਛੇ ਪਾਵਰਕਾਮ ਨਹੀਂ ਹੈ। ਅੱਗ ਲੱਗਣ ਦੀਆਂ ਘਟਨਾਵਾਂ ਦੀ ਸਹੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ। ਕਿਸਾਨਾਂ ਅਤੇ ਪ੍ਰਸ਼ਾਸਨ ਨੂੰ ਇਸ ਦਿਸ਼ਾ ਵਿੱਚ ਵਧੇਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ। ਜਿਥੇ ਕਿਤੇ ਪਾਵਰਕਾਮ ਦੇ ਬਿਜਲੀ ਪ੍ਰਬੰਧ ਵਿੱਚ ਕਮੀਆਂ ਹਨ ਉਸ ਨੂੰ ਦੂਰ ਕੀਤਾ ਜਾਵੇ। ਸ਼ਹਿਰਾਂ ਤੋਂ ਦੂਰ-ਦੁਰਾਡੇ ਪੈਂਦੇ ਪਿੰਡਾਂ ਵਿੱਚ ਅੱਗ ਬੁਝਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਹ ਚੰਗੀ ਗੱਲ ਹੈ ਕਿ ਪਾਵਰਕਾਮ ਵੱਲੋਂ ਇਸ ਦਿਸ਼ਾ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਪਾਵਰਕਾਮ ਦੇ ਸੀ.ਐਮ.ਡੀ. ਇੰਜ: ਬਲਦੇਵ ਸਿੰਘ ਸਰਾਂ ਜ਼ਮੀਨ ਨਾਲ ਜੁੜੇ ਹੋਏ ਅਧਿਕਾਰੀ ਹਨ। ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਣਕ ਅਤੇ ਹੋਰ ਖੜ੍ਹੀਆਂ ਫਸਲਾਂ ਨੂੰ ਅੱਗ ਨਾਲ ਹੋ ਰਹੇ ਨੁਕਸਾਨ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪਾਵਰਕਾਮ ਦੀ ਤਰਫੋਂ ਉਨ੍ਹਾਂ ਨੇ ਸਾਰੇ ਇੰਜੀਨੀਅਰਾਂ ਅਤੇ ਹੋਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਦੇ ਸ਼ਾਰਟ-ਸਰਕਟ, ਸਪਾਰਕਿੰਗ ਜਾਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਫਸਲ ਨੂੰ ਅੱਗ ਨਹੀਂ ਲਗਣੀ ਚਾਹੀਦੀ। ਜੇਕਰ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਬੰਧਤ ਮੁੱਖ ਇੰਜੀਨੀਅਰ/ਨਿਗਰਾਨ ਇੰਜੀਨੀਅਰ ਨੂੰ ਤੁਰੰਤ ਘਟਨਾ ਵਾਲੀ ਥਾਂ ਦਾ ਨਰੀਖਣ ਕਰਨਾ ਚਾਹੀਦਾ ਹੈ। ਜੇਕਰ ਪਾਵਰਕਾਮ ਦੀ ਕਿਸੇ ਵੀ ਗਲਤੀ ਕਾਰਨ ਅਗ ਲਗਦੀ ਹੈ ਤਾਂ ਸਬੰਧਤ ਐਸ.ਡੀ.ਓ. ਅਤੇ ਜੇ.ਈ. ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਵੀ ਚੰਗੀ ਗੱਲ ਹੈ ਕਿ ਪਾਵਰਕਾਮ ਨੇ ਪਹਿਲਾਂ ਹੀ ਕਿਸਾਨਾਂ ਅਤੇ ਆਮ ਜਨਤਾ ਨੂੰ ਇਸ ਸਬੰਧੀ ਸਿੱਖਿਅਤ ਕਰਨ ਲਈ ਜਾਗੂਰਕਤਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜੇਕਰ ਪਾਵਰਕਾਮ ਅਤੇ ਕਿਸਾਨ ਮਿਲ-ਜੁਲਕੇ ਕੰਮ ਕਰਨ ਤਾਂ ਯਕੀਨੀ ਤੌਰ ’ਤੇ ਖੜ੍ਹੀਆਂ ਫਸਲਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਣਕ ਅਤੇ ਹੋਰ ਖੜ੍ਹੀਆਂ ਫਸਲਾਂ ਦੇ ਨੇੜੇ ਫੂਸ ਤੇ ਨਾੜ ਨੂੰ ਅੱਗ ਨਾ ਲਗਾਉਣ। ਜੇਕਰ ਕੋਈ ਨੌਕਰ ਜਾਂ ਕਾਮਾ ਬੀੜੀ ਸਿਗਰਟ ਆਦਿ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਖੇਤ ਵਿੱਚ ਅਜਿਹਾ ਕਰਨ ਤੋਂ ਰੋਕਿਆ ਜਾਵੇ। ਟਰੈਕਟਰ, ਕੰਬਾਈਨ ਅਤੇ ਬੈਟਰੀ ਵਾਲੀਆਂ ਤਾਰਾਂ ਨੂੰ ਕਿਸੇ ਵੀ ਹਾਲਤ ਵਿੱਚ ਸਪਾਰਕ ਨਾ ਹੋਣ ਦਿੱਤਾ ਜਾਵੇ। ਡੇਰਿਆਂ ’ਤੇ ਰਹਿਣ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੁੱਲ੍ਹੇ ਵਿੱਚ ਅੱਗ ਨਾ ਛੱਡਣ ਅਤੇ ਕੰਮ ਖਤਮ ਹੋਣ ਤੋਂ ਬਾਅਦ ਪਾਣੀ ਦਾ ਛਿੱਟਾ ਮਾਰ ਕੇ ਅੱਗ ਨੂੰ ਬੁਝਾ ਦਿੱਤਾ ਜਾਵੇ। ਕਿਸਾਨ ਆਪਣੀਆਂ ਮੋਟਰਾਂ ਦੇ ਚੁਬੱਚੇ ਅਤੇ ਟੈਂਕੀਆਂ ਆਦਿ ਨੂੰ ਪਾਣੀ ਨਾਲ ਭਰ ਕੇ ਰੱਖਣ। ਜਿਨ੍ਹਾਂ ਖੇਤਾਂ ਵਿੱਚ ਟਰਾਂਸਫਾਰਮਰ ਜਾਂ ਟੀਆਫ ਆਦਿ ਲੱਗੇ ਹਨ, ਉਨ੍ਹਾਂ ਦੇ ਆਸ-ਪਾਸ ਤੋਂ ਪਹਿਲਾਂ ਹੀ ਫਸਲ ਨੂੰ ਕੱਟ ਲਿਆ ਜਾਵੇ ਤੇ ਜਗ੍ਹਾ ਨੂੰ ਖਾਲੀ ਛੱਡਿਆ ਜਾਵੇ। ਬਿਜਲੀ ਦੀ ਵਰਤੋਂ ਹਮੇਸ਼ਾਂ ਅਤੇ ਚੌਕਸੀ ਅਤੇ ਸਾਵਧਾਨੀ ਨਾਲ ਕੀਤੀ ਜਾਵੇ। ਅੱਗ ਲੱਗਣ ਦੀ ਸੁਰਤ ’ਚ ਤੁਰੰਤ ਫਾਇਰ ਬ੍ਰਿਗੇਡ ਦਾ ਨੰਬਰ 101 ਡਾਇਲ ਕੀਤਾ ਜਾਵੇ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਰਹੇਗਾ। ਕਿਸਾਨ ਉਪਰੋਕਤ ਸਾਵਧਾਨੀਆਂ ਵੱਲ ਧਿਆਨ ਦੇਣਗੇ। ਇਸੇ ਤਰ੍ਹਾਂ ਪਾਵਰਕਾਮ ਪਹਿਲਾਂ ਤੋਂ ਵਧੇਰੇ ਜ਼ਿੰਮੇਵਾਰੀ ਨਾਲ ਕੰਮ ਕਰੇਗਾ।
– ਬਲਜੀਤ ਸਿੰਘ ਬਰਾੜ

Send this to a friend