ਸ਼ਹੀਦਾਂ ਦੇ ਸਿਰਤਾਜ- ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ

ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ 15 ਅਪ੍ਰੈਲ ਸੰਨ 1563 ਬਿਕਰਮੀ ਸੰਮਤ 1620 ਨੂੰ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਗ੍ਰਹਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ (1557) ਦੂਜੇ ਬਾਬਾ ਮਹਾਂਦੇਵ (1560) ਜੀ ਸਨ। ਇਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ’ਤੇ ਬਿਰਾਜਮਾਨ ਸਨ ਜੋ ਰਿਸ਼ਤੇ ਵਿੱਚ ਆਪਦੇ ਨਾਨਾ ਲੱਗਦੇ ਸਨ। ਗੁਰੂ ਅਮਰਦਾਸ ਜੀ ਬਾਲਕ ਗੁਰੂ ਅਰਜਨ ਦੇਵ ਜੀ ਦੇ ਜਨਮ ਸਮੇਂ ਅਸੀਸ ਦੇਣ ਗਏ ਸਨ ਤੇ ਬਾਲਕ ਨੂੰ ਗੋਦੀ ਉਠਾ ਕੇ ਮੁੱਖੋਂ ਫੁਰਮਾਇਆ ਸੀ ਕਿ: ‘ ਇਹ ਭਾਰੀ ਪੁਰਖ ਹੋਵੇਗਾ’। ਬਚਪਨ ਸਮੇਂ ਆਪ ਕੱਦ ਕਾਠ ਵਜ਼ੋਂ ਸਰੀਰ ਦੇ ਖੁੱਲੇ ਡੁੱਲੇ ਤੇ ਭਾਰੇ ਸਨ। ਇੱਕ ਵਾਰ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਵਿੱਚ ਹੀ ਸਨ, ਅਜੇ ਰਿੜਦੇ ਸਨ। ਗੇਂਦ ਨਾਲ ਖੇਡ ਰਹੇ ਸਨ। ਗੇਂਦ ਰਿੜ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਬਿਸਰਾਮ ਕਰਨ ਵਾਲੇ ਕਮਰੇ ਵਿੱਚ ਚਲੀ ਗਈ। ਗੇਂਦ ਲੈਣ ਲਈ ਰਿੜ੍ਹਦੇ-ਰਿੜ੍ਹਦੇ ਉਸ ਕਮਰੇ ਵਿੱਚ ਪਹੁੰਚ ਗਏ। ਗੇਂਦ ਨਾ ਮਿਲੀ । ਮੰਜਾ ਵੱਡਾ ਸੀ। ਮੰਜੇ ਦੇ ਪਾਵੇ ਫੜ ਕੇ ਉਠਣ ਲੱਗੇ ਤਾਂ ਮੰਜਾ ਹਿੱਲਿਆ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਹਿਜ ਸੁਭਾ ਵਾਕ ਉਚਾਰਿਆ ਕਿ:
‘ਇਹ ਕਿਹੜਾ ਵੱਡਾ ਪੁਰਖ ਹੈ ਭਾਰੀ,
ਜਿਸ ਮੰਜੀ ਹਿਲਾਈ ਸਾਡੀ ਸਾਰੀ’।
ਇਹ ਬਚਨ ਸੁਣ ਕੇ ਮਾਤਾ ਭਾਨੀ ਜੀ ਕਮਰੇ ਵਿੱਚ ਪਹੁੰਚ ਗਏ ਤੇ ਕਿਹਾ ਪਿਤਾ ਜੀ ‘ਤੁਹਾਡਾ ਦੋਹਿਤਾ ਜੇ’ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਦੂਜਾ ਬਚਨ ਕੀਤਾ ਕਿ: ‘ਦੋਹਿਤਾ ਬਾਣੀ ਕਾ ਬੋਹਿਥਾ’ ਤੇ ਬਾਲਕ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ ਤੇ ਕਿਹਾ ਕਿ: ‘ਹੋਵਹੁਗੇ ਤੁਮਹੂੰ ਗੁਰ ਭਾਰੈ’।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਮਰਦਾਸ ਜੀ ਦੀ ਗੋਦ ਦਾ ਗਿਆਰਾਂ ਸਾਲ ਚਾਰ ਮਹੀਨੇ ਤੇ ਸਤਾਰਾਂ ਦਿਨ ਨਿੱਘ ਮਾਣਿਆ। ਫਿਰ ਸ੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ। ਸ੍ਰੀ ਗੁਰੂ ਰਾਮਦਾਸ ਜੀ ਦੀ ਛੱਤਰ ਛਾਇਆ ਹੇਠ ਸੱਤ ਸਾਲ ਰਹੇ। ਗਿਆਨੀ ਗਿਆਨ ਸਿੰਘ ਲਿੱਖਦੇ ਹਨ ਕਿ ਇੰਨ੍ਹਾਂ ਗਿਆਰਾਂ ਸਾਲਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਵਾਤਾਵਰਨ ਵਿੱਚ ਰਹਿ, ਗੁਰੂ ਗੋਦ ਵਿੱਚ ਪਲ, ਇੱਕ ਧੀਰਜੀ, ਦੂਰ ਅੰਦੇਸ਼ੀ, ਸਤੋਗੁਣੀ ਤੇ ਸਰਬ ਪ੍ਰਕਾਰ ਈਸ਼ਵਰੀ ਬੁੱਧ ਵਾਲੇ ਪੁਰਸ਼ ਬਣ ਗਏ ਸਨ। ਉਹ ਜਾਣ ਗਏ ਸਨ ਕਿ ਗੁਰਗੱਦੀ ਕੁੱਝ ਗ੍ਰਹਿਣ ਕਰਨਾ ਨਹੀ, ਸਗੋਂ ਕੁੱਝ ਦੇਣਾ ਹੈ। ਆਪਣੇ ਆਤਮਿਕ ਸੁੱਖਾਂ ਵਿੱਚੋਂ ਦਾਨ, ਸੰਗਤਾਂ ਨੂੰ ਪ੍ਰਭੂ ਪ੍ਰੇਮ ਵਿੱਚ ਲਗਾ ਕੇ ਪਾਪਾਂ ਤੋਂ ਦੂਰ ਕਰਨਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਿੱਦਿਆ ਸ੍ਰੀ ਗੁਰੂ ਅਮਰਦਾਸ ਜੀ ਤੋਂ ਗੁਰਮੁੱਖੀ ਦੇ ਅੱਖਰ ਸਿੱਖ ਕੇ ਸ਼ੁਰੂ ਹੋਈ। ਬਾਬਾ ਬੁੱਢਾ ਜੀ ਨੇ ਵੀ ਵਿੱਦਿਆ ਸਿਖਾਈ। ਬਾਬਾ ਮੋਹਰੀ ਜੀ ਨੇ ਗਣਿਤ ਤੇ ਹੋਰ ਵਿਦਿਆ ਸਿਖਾਈ। ਭਾਈ ਗੁਰਦਾਸ ਜੀ ਤੇ ਭਾਈ ਸਾਵਨ ਮੱਲ ਜੀ ਆਪ ਦੇ ਸਹਿਪਾਠੀ ਸਨ। ਦੇਵ ਨਾਗਰੀ ਪਿੰਡ ਦੀ ਚਾਟਸਾਲ ਪਾਂਧੇ ਕੋਲੋਂ ਸਿੱਖੀ। ਫ਼ਾਰਸੀ ਅੱਖਰ ਪਿੰਡ ਦੇ ਮਕਤਬ ਵਿੱਚੋਂ ਸਿੱਖੇ। ਸੰਸਕ੍ਰਿਤ ਪੰਡਿਤ ਬੇਣੀ ਪਾਸੋਂ ਸਿਖੀ। ਬਾਬਾ ਮੋਹਨ ਜੀ ਤੋਂ ਧਿਆਨ ਜੋੜਨ ਦੀ ਵਿਧੀ ਬਚਪਨ ਵਿੱਚ ਹੀ ਸਿੱਖ ਲਈ ਸੀ। ਕੀਰਤਨ ਗੁਰੂ ਅਰਜਨ ਦੇਵ ਜੀ ਆਪ ਹੀ ਕਰਨ ਲੱਗ ਪਏ ਸਨ। ਸਰਮਾਇਆ-ਇ-ਇਸ਼ਰਤ ਦਾ ਲਿਖਾਰੀ ਲਿੱਖਦਾ ਹੈ ਕਿ ਗੁਰੂ ਜੀ ਸਿਰੰਦਾ ਬਹੁਤ ਅੱਛਾ ਵਜਾਂਦੇ ਸਨ। ਰਾਗਾਂ ਦੇ ਉਹ ਮਾਹਿਰ ਸਨ। ਘੋੜ ਸਵਾਰੀ ਦੇ ਉਹ ਮਾਹਿਰ ਸਨ। ਨੇਜ਼ਾਬਾਜ਼ੀ ਉਹਨਾਂ ਵਰਗੀ ਕੋਈ ਨਹੀ ਸੀ ਕਰ ਸਕਦਾ। ਇਸ ਦਾ ਪ੍ਰਮਾਣ ਉਹਨਾਂ ਦੇ ਵਿਆਹ ਸਮੇਂ ਤੋਂ ਮਿਲਦਾ ਹੈ। ਜਦੋਂ ਪਿੰਡ ਮਉ ਮਾਤਾ ਗੰਗਾ ਜੀ ਨੂੰ ਵਿਆਹੁਣ ਗਏ ਸਨ ਤਾਂ ਪਿੰਡ ਵਾਲਿਆਂ ਨੇ ਧੋਖੇ ਨਾਲ ਇੱਕ ਜੰਡ ਦੇ ਦਰੱਖਤ ਨੂੰ ਉਪਰੋਂ ਕੱਟ ਕੇ ਕਿੱਲੀ ਜਿਹੀ ਬਣਾ ਦਿੱਤੀ ਤੇ ਕਿਹਾ ਕਿ ਸਾਡੇ ਪਿੰਡ ਦਾ ਰਿਵਾਜ਼ ਹੈ ਕਿ ਵਿਆਹੁਣ ਆਏ ਲੜਕੇ ਨੂੰ ਨੇਜ਼ਾਬਾਜ਼ੀ ਕਰਕੇ ਕਿੱਲੀ ਪੁੱਟਣੀ ਪੈਂਦੀ ਹੈ ਤਾਂ ਗੁਰੂ ਜੀ ਨੇ ਪਹਿਲੇ ਹੱਲੇ ਹੀ ਜੰਡ ਦੇ ਦਰੱਖਤ ਨੂੰ ਨੇਜ਼ਾ ਮਾਰ ਕੇ ਜੜ੍ਹੋ ਉਖਾੜ ਕੇ ਰੱਖ ਦਿੱਤਾ ਸੀ। ਲੰਗਰ ਦੇ ਜੂਠੇ ਬਰਤਨ ਆਪਣੇ ਹੱਥੀਂ ਸਾਫ ਕਰਦੇ ਸਨ। ਰਾਤ ਨੂੰ ਸੰਗਤ ਦੀ ਮੁੱਠੀ ਚਾਪੀ ਕਰਦੇ ਤੇ ਹੱਥੀਂ ਪੱਖਾ ਫੇਰਨ ਦੀ ਸੇਵਾ ਕਰਦੇ ਸਨ। ਇੰਨ੍ਹੀ ਨਿਮਰਤਾ ਸੀ ਸਾਹਿਬ ਜੀ ਵਿੱਚ।ਗੁਰੂ ਜੀ ਦਾ ਜੀਵਨਕਾਲ 43 ਸਾਲਾਂ ਦਾ ਅਰਸਾ ਹੈ। ਉਹਨਾਂ ਦੁਆਰਾ ਕੀਤੇ ਕਾਰਜਾਂ ਦਾ ਵੇਰਵਾ ਹੈਰਾਨ ਕਰਨ ਵਾਲਾ ਹੈ। ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦਾ ਨਿਰਮਾਣ, ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦਾ ਸੰਕਲਨ, ਨਵੇਂ ਨਗਰਾਂ ਦੀ ਸਥਾਪਨਾ ਤੇ ਵਿਕਾਸ, ਸਿੱਖੀ ਦਾ ਪਸਾਰ ਤੇ ਸੰਗਠਨ ਤੇ ਧਰਮ ਦੀ ਰੱਖਿਆ ਹਿੱਤ ਆਪਣਾ ਬਲੀਦਾਨ ਗੁਰੂ ਸਾਹਿਬ ਜੀ ਦੇ ਅਹਿਮ ਕਾਰਜ ਸਨ, ਜਿੰਨ੍ਹਾਂ ਦਾ ਪ੍ਰਭਾਵ ਪੰਜਾਬ ਹੀ ਨਹੀ, ਭਾਰਤ ਦੇ ਜਨਜੀਵਨ ਉਤੇ ਅਮਿੱਟ ਛਾਪ ਛੱਡ ਗਿਆ ਹੈ। ਉਹਨਾਂ ਨੇ ਅੰਮ੍ਰਿਤਸਰ ਦਾ ਨਿਰਮਾਣ ਕਰਵਾਇਆ, ਅੰਮ੍ਰਿਤਸਰ ਦੇ ਸਰੋਵਰ ਤੋਂ ਬਿਨ੍ਹਾਂ, ਸੰਤੋਖਸਰ ਤੇ ਤਰਨਤਾਰਨ ਸਾਹਿਬ ਦੇ ਸਰੋਵਰ ਖੁਦਵਾਏ ਤੇ ਮੁਕੰਮਲ ਕਰਵਾਏ। ਛੇਹਰਟਾ ਅੰਮ੍ਰਿਤਸਰ ਵਿਖੇ ਛੇਹਰਟਾਂ ਵਾਲਾ ਖੂਹ ਲਗਵਾਇਆ, ਕਰਤਾਰਪੁਰ ਵਸਾਇਆਂ, ਬਉਲੀਆਂ ਤੇ ਖੂਹਾਂ ਦੀ ਖੁਦਵਾਈ ਕਰਵਾਈ। ਅੰਮ੍ਰਿਤਸਰ ਸਾਹਿਬ ਵਿੱਚ ਹਰੀਮੰਦਰ ਸਾਹਿਬ ਦੀ ਸਥਾਪਨਾ ਕੀਤੀ ਤੇ ਸ਼ਹਿਰ ਵਸਾਇਆ। ਹਰ ਕਿਤੇ ਦੇ ਲੋਕਾਂ ਨੂੰ ਇੱਥੇ ਲਿਆ ਕੇ ਵਸਾਇਆ। ਅੱਜ ਵੀ ਉਸੇ ਨਾਮ ਨਾਲ ਹੀ ਬਜ਼ਾਰ ਮਸਹੂਰ ਹਨ ਜਿਵੇ: ਚਾਵਲ ਮੰਡੀ, ਆਟਾ ਮੰਡੀ, ਲੱਕੜ ਮੰਡੀ, ਦਾਣਾ ਮੰਡੀ, ਘਿਉ ਮੰਡੀ, ਲੂਣ ਮੰਡੀ, ਗੁਰੂ ਬਜ਼ਾਰ ਆਦਿ ਹੋਰ ਵੀ ਕਈ ਬਜ਼ਾਰ ਹਨ। ਪ੍ਰੋ: ਪੂਰਨ ਸਿੰਘ ਲਿੱਖਦੇ ਹਨ ਕਿ: ‘ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕ ਪੁੱਛ ਦੇ ਉਤਰ ਵਿੱਚ ਕਿਹਾ ਸੀ ਕਿ:
ਸਿਖ ਨਹੀ ਕੋਈ (ਗੁਰੂ) ਅੰਗਦ ਜੇਹਾ ਹੋਆ।
ਟਹਲੀਆ ਨਹੀ ਕੋਈ (ਗੁਰੂ) ਅਮਰਦਾਸ ਜੇਹਾ ਖੜੋਇਆ।
ਸਾਕ ਨਹੀ ਕੋਈ ਰਾਮਦਾਸ ਜੈਸਾ।
ਪੁਤਰ ਨਹੀ ਕੋਈ ਅਰਜਨ ਵੈਸਾ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੇਹੜਾ ਮਹਾਨ ਕਾਰਜ ਕੀਤਾ, ਉਹ ਆਦਿ ਬੀੜ ਦੀ ਸੰਪਾਦਨਾ ਦਾ ਕੰਮ ਸੀ। ਜਿਸ ਵਿੱਚ ਪੰਜ ਗੁਰੂ ਸਹਿਬਾਨ ਤੇ ਬਾਕੀ ਤਕਰੀਬਨ 30 ਦੇ ਕਰੀਬ ਭੱਟਾਂ, ਭਗਤਾਂ, ਗੁਰਸਿੱਖਾਂ ਤੇ ਸੰਤਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ ਹੈ। ਰਾਮਸਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਭਾਈ ਗੁਰਦਾਸ ਜੀ ਤੋਂ ਲਿਖਵਾ ਕੇ ਬਾਣੀ ਦੀ ‘ਪੋਥੀ ਸਾਹਿਬ’ ਤਿਆਰ ਕਰਨ ਦਾ ਮਹਾਨ ਕਾਰਜ ਕੀਤਾ। ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰੀਮੰਦਰ ਸਾਹਿਬ ਵਿੱਚ 1604 ਈ: ਵਿੱਚ ਹੋਇਆ ਤੇ ਹਰੀਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ ਤੇ ਜੋ ਪਹਿਲਾ ਮੁੱਖਵਾਕ ਆਇਆ ‘ਸੰਤਾਂ ਕੇ ਕਾਰਜ ਆਪ ਖਲੋਆ’ ਸੀ। ਜਾਬਰ ਤੇ ਜ਼ਾਲਮ ਮੁਗਲਾਂ ਨਾਲ ਟੱਕਰ ਬਾਬਰ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਚਲੀ ਆ ਰਹੀ ਸੀ। ਵੈਸੇ ਅਕਬਰ ਦੇ ਗੁਰੂ ਘਰ ਨਾਲ ਸਬੰਧ ਅੱਛੇ ਸਨ। ਅਕਬਰ ਦੀ ਮੌਤ 1605 ਵਿੱਚ ਹੁੰਦੀ ਹੈ। ਅਕਬਰ ਦੀ ਮੌਤ ਤੋਂ ਬਾਦ ਉਸਦਾ ਪੁੱਤਰ (ਸਲੀਮ) ਜਹਾਂਗੀਰ ਗੱਦੀ ਤੇ ਬੈਠਦਾ ਹੈ। ਸਾਖੀਕਾਰ ਲਿੱਖਦੇ ਹਨ ਕਿ ਵੱਡਾ ਭਰਾ ਪ੍ਰਿਥੀ ਚੰਦ ਗੁਰੂ ਜੀ ਨਾਲ ਈਰਖਾ ਕਰਦਾ ਸੀ ਕਿ ਗੁਰਗੱਦੀ ਉਸਨੂੰ ਨਹੀ ਸੀ ਮਿਲੀ। ਪ੍ਰਿਥੀ ਚੰਦ ਸਮਝਦਾ ਸੀ ਕਿ ਗੁਰਗੱਦੀ ਤੇ ਮੇਰਾ ਹੱਕ ਹੈ। ਇਸ ਲਈ ਉਸਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਤੇ ਛੋਟੇ ਭਰਾ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕਈ ਝਗੜੇ ਵੀ ਕੀਤੇ। ਪ੍ਰਿਥੀ ਚੰਦ ਕਈ ਵਾਰੀ ਸ਼ਿਕਾਇਤਾਂ ਕਰਕੇ ਅਕਬਰ ਨੂੰ ਵੀ ਭੜਕਾ ਚੁੱਕਿਆ ਸੀ। ਜਦ ਆਦਿ ਗ੍ਰੰਥ ਦੀ ਬੀੜ ਸਾਹਿਬ ਤਿਆਰ ਹੋਈ ਤਾਂ ਪ੍ਰਿਥੀ ਚੰਦ ਨੇ ਅਕਬਰ ਨੂੰ ਸ਼ਿਕਾਇਤ ਕੀਤੀ ਕਿ ਇਸ ਵਿੱਚ ਹਿੰਦੂ ਤੇ ਮੁਸਲਮਾਨ ਦੋਹਾਂ ਦੀ ਨਿਖੇਧੀ ਕੀਤੀ ਗਈ ਹੈ। ਉਸਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੁਲਾਵਾ ਭੇਜਿਆ ਤਾਂ ਗੁਰੂ ਜੀ ਨੇ ਆਦਿ ਬੀੜ ਦੇ ਕੇ ਆਪਣੇ ਵੱਲੋਂ ਭਾਈ ਗੁਰਦਾਸ ਜੀ ਨੂੰ ਭੇਜਿਆ। ਅਕਬਰ ਨੇ ਬੜੇ ਹੀ ਅਦਬ ਸਤਿਕਾਰ ਨਾਲ ਬੀੜ ਸਾਹਿਬ ਦੇ ਦਰਸ਼ਨ ਕੀਤੇ ਤੇ ਵਿੱਚੋਂ ਕੁੱਝ ਸ਼ਬਦ ਸੁਣੇ ਤੇ ਬੀੜ ਸਾਹਿਬ ਨੂੰ ਹੋਰ ਆਦਰ ਸਤਿਕਾਰ ਦਿੱਤਾ। ਅਕਬਰ ਦੀ ਮੌਤ ਤੋਂ ਬਾਦ ਜਦ ਉਸਦਾ ਪੁੱਤਰ ਜਹਾਂਗੀਰ ਗੱਦੀ ਤੇ ਬੈਠਾ ਤਾਂ ਉਸਨੇ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਤੇ ਸਿਕੰਜ਼ਾ ਕੱਸਣਾ ਸੁਰੂ ਕਰ ਦਿੱਤਾ। ਉਸਦੇ ਦੋ ਦਰਬਾਰੀ ਸ਼ੇਖ ਅਹਿਮਦ ਸਰਹੰਦੀ (ਮੁਜੱਦਿਦ) ਤੇ ਫਰੀਦ ਬਖਸ਼ (ਨਵਾਬ ਮੁਰਤਜ਼ਾ ਖਾਨ) ਜੋ ਅਕਬਰ ਦੀਆਂ ਨੀਤੀਆਂ ਨੂੰ ਪਸੰਦ ਨਹੀ ਸਨ ਕਰਦੇ। ਉਹ ਜਹਾਂਗੀਰ ਦੀ ਹਮਾਇਤ ਤੇ ਖਲੋ ਗਏ। ਉਹਨਾਂ ਨੇ ਜਹਾਂਗੀਰ ਨੂੰ (ਬਾਦਸ਼ਾਹਿ-ਇਸਲਾਮ) ਘੋਸ਼ਿਤ ਕਰ ਦਿੱਤਾ। ਪਹਿਲਾ ਸਾਲ ਜਹਾਂਗੀਰ ਨੇ ਆਪਣੇ ਪੁੱਤਰ ਖੁਸਰੋ ਦੀ ਬਗਾਵਤ ਨੂੰ ਦਬਾਉਣ ਵੱਲ ਧਿਆਨ ਦਿੱਤਾ ਤੇ ਪਹਿਲਾ ਕੰਮ ਜਹਾਂਗੀਰ ਨੇ ਗੁਰੂ ਘਰਾਣੇ ਨੂੰ ਦਬਾਉਣ ਦਾ ਕੀਤਾ। ਜਹਾਂਗੀਰ ਆਪਣੀ ਲਿੱਖਤ ‘ਤੁਜ਼ਕੇ ਜਹਾਂਗੀਰੀ’ ਵਿੱਚ ਲਿੱਖਦਾ ਹੈ ਕਿ ‘ਮੈਂ ਆਪ ਹੁਕਮ ਦਿੱਤਾ ਕਿ ਗੁਰੂ ਅਰਜਨ ਦੇਵ ਨੂੰ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਏ ਤੇ ਉਹਨਾਂ ਦਾ ਘਰ ਘਾਟ ਮੁਰਤਜ਼ਾ ਖਾਨ ਜ਼ਬਤ ਕਰ ਲਵੇ। ਜਹਾਂਗੀਰ ਨੇ ਗੁਰੂ ਜੀ ਤੇ ਦੋਸ਼ ਲਾਇਆ ਕਿ ਇਸ ਨੇ ਮੇਰੇ ਦੁਸ਼ਮਣ ਮੇਰੇ ਪੁੱਤਰ ਖੁਸਰੋ ਦੀ ਮਦਦ ਕੀਤੀ ਸੀ। ਪਰ ਭਾਈ ਵੀਰ ਸਿੰਘ ਜੀ ‘ਸ੍ਰੀ ਅਸ਼ਟ ਗੁਰੂ ਚਮਤਕਾਰ ਭਾਗ-2 ਦੇ ਪੰਨਾ 90-91 ਤੇ ਦਲੀਲਾਂ ਦੇ ਕੇ ਪ੍ਰਸਿੱਧ ਹਿਸਟੋਰੀਅ ਐਲਫਿਨ ਸਟੋਨ ਅਤੇ ਸ੍ਰ. ਕਰਮ ਸਿੰਘ ਹਿਸਟੋਰੀਅਨ ਦੇ ਹਵਾਲੇ ਦੇ ਕੇ ਸਿੱਧ ਕਰਦੇ ਹਨ ਕਿ ਸ਼ਹਿਜ਼ਾਦਾ ਖੁਸਰੋ ਦਾ ਸਤਿਗੁਰੂ ਜੀ ਨਾਲ ਮੇਲ ਹੋਇਆ ਹੀ ਨਹੀ ਸੀ। ਜਹਾਂਗੀਰ ਲਿੱਖਦਾ ਹੈ ਕਿ ਤਿੰਨ ਚਾਰ ਪੀੜ੍ਹੀਆਂ ਤੋਂ ਇੰਨ੍ਹਾਂ ਨੇ ਸਿੱਖੀ ਦੀ ਦੁਕਾਨ ਗਰਮ ਕਰ ਰੱਖੀ ਹੈ। ਚਿਰ ਤੋਂ ਮੇਰੇ ਦਿਲ ਵਿੱਚ ਇਹ ਗੱਲ ਆਉਂਦੀ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਏ ਤੇ ਜਾ ਉਸਨੂੰ (ਗੁਰੂ ਅਰਜਨ ਦੇਵ ਜੀ ਨੂੰ) ਦੀਨ ਇਸਲਾਮ ਦੀ ਜਮਾਤ ਵਿੱਚ ਲੈ ਆਂਦਾ ਜਾਏ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਜਿਹੜੇ ਮੂਲ ਕਾਰਨ ਸਨ, ਉਹ ਇਹ ਸਨ ਕਿ: ਪ੍ਰਿਥੀ ਚੰਦ ਨੂੰ ਗੁਰਗੱਦੀ ਨਾ ਮਿਲਣਾ, ਜਿਸ ਲਈ ਉਸਨੇ ਜਹਾਂਗੀਰ ਕੋਲ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਸ਼ਿਕਾਇਤਾਂ ਕੀਤੀਆਂ। ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਲਾਲਚ ਦੇ ਕੇ, ਭੜਕਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਨੁਕਸਾਨ ਪਹੁੰਚਾਉਣ ਲਈ ਕਿਹਾ। ਸੁਲਹੀ ਖਾਨ ਫੋਜਾਂ ਚਾੜ੍ਹ ਕੇ ਆ ਰਿਹਾ ਸੀ ਕਿ ਰਸਤੇ ਵਿੱਚ ਪ੍ਰਿਥੀ ਚੰਦ ਦਾ ਭੱਠਾ ਵੇਖਣ ਲਈ ਰੁਕਿਆ ਤੇ ਉਥੇ ਮਧੂ ਮੱਖੀਆਂ ਛਿੜੀਆਂ ਹੋਣ ਦੇ ਕਾਰਨ ਸੁਲਹੀ ਖਾਨ ਦਾ ਘੋੜਾ ਡਰ ਕੇ ਜਿੱਥੇ ਇੱਟਾਂ ਪੱਕਦੀਆਂ ਹਨ, ਉਸ ਆਵੇ ਵਿੱਚ ਵੜ ਗਿਆ ਤੇ ਘੋੜੇ ਸਮੇਤ ਸੁਲਹੀ ਖਾਨ ਅੱਗ ਵਿੱਚ ਸੜ੍ਹ ਕੇ ਸੁਆਹ ਹੋ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਇਸ ਗੱਲ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਆਪਣੇ ਪਾਵਨ ਮੁੱਖ ਚੋਂ ਸ਼ਬਦ ਉਚਾਰਦੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 825 ਤੇ ਸੁਭਾਇਮਾਨ ਹੈ:
ਬਿਲਾਵਲ ਮਹਲਾ 5
ਸੁਲਹੀ ਤੇ ਨਾਰਾਇਣ ਰਾਖੁ॥
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ ਰਹਾਉ॥
ਦੂਜਾ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਲੈਣਾ, ਤੀਜਾ ਕਾਹਨਾ, ਛੱਜੂ, ਪੀਲੂ ਤੇ ਸ਼ਾਹ ਹੁਸੈਨ ਦੀਆਂ ਲਿੱਖਤਾਂ ਨੂੰ ਗੁਰੂ ਗ੍ਰੰਥ ਵਿੱਚ ਦਰਜ ਨਾ ਕਰਨਾ। ਚੌਥਾ ਜਹਾਂਗੀਰ ਨੇ ਕਿਹਾ ਕਿ ‘ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖ ਦੇਵੋ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ‘ਅਸੀਂ ਸੱਚੇ ਧਰਮ ਦੇ ਪ੍ਰਚਾਰ ਵਾਸਤੇ ਆਏ ਹਾਂ। ਝੂਠੀ ਤਾਰੀਫ ਅਸੀਂ ਨਹੀਂ ਕਰ ਸਕਦੇ’। ਨਾ ਲਿੱਖਣਾ ਵੀ ਹੈ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੂਲ ਕਾਰਨ ਸਨ। ਜਹਾਂਗੀਰ ਨੇ ਫੈਸਲਾ ਕਰ ਲਿਆ ਕਿ ਸ੍ਰੀ ਗੁਰੂ ਅਰਜਨ ਦੇਵ ਨੂੰ ਗਿਫ੍ਰਤਾਰ ਕਰਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਏ ਤੇ ਬੱਚੇ ਮੁਰਤਜ਼ਾ ਖਾਨ ਦੇ ਹਵਾਲੇ ਕੀਤੇ ਜਾਣ ਤੇ ਗੁਰੂ ਅਰਜਨ ਦੇਵ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏ। ਜਹਾਂਗੀਰ ਦਾ ਹੁਕਮ 23 ਮਈ 1606 ਨੂੰ ਹੋਇਆ। 29 ਮਈ 1606 ਨੂੰ ਗੁਰੂ ਜੀ ਨੂੰ ਮੁਰਤਜ਼ਾ ਖਾਨ ਵੱਲੋਂ ਗ੍ਰਿਫਤਾਰ ਕਰਕੇ ਲਾਹੌਰ ਲਿਆਦਾਂ ਗਿਆ।ਪੰਜ ਸਿੱਖ ਗੁਰੂ ਜੀ ਨਾਲ ਲਾਹੌਰ ਤੱਕ ਗਏ। ਲਾਹੌਰ ਤੋਂ ਗੁਰੂ ਜੀ ਨੇ ਉਹਨਾਂ ਨੂੰ ਵਾਪਸ ਮੋੜ ਦਿੱਤਾ। ਜੇਠ ਹਾੜ ਦੀ ਤਪੀ ਧੁੱਪ ਵਿੱਚ ਗੁਰੂ ਜੀ ਨੂੰ ਤਸੀਹੇ ਦਿੱਤੇ ਗਏ। ਇਸ ਸਮੇਂ ਸਾਂਈ ਮੀਆਂ ਮੀਰ ਜੀ ਵੀ ਗੁਰੂ ਜੀ ਪਾਸ ਆਏ ਤੇ ਗੁਰੂ ਜੀ ਨੇ ਸਾਈਂ ਜੀ ਨੂੰ ਮਾਲਕ ਦਾ ਭਾਣਾ ਮੰਨਣ ਲਈ ਕਿਹਾ। ਫਿਰ ਸਤਿਗੁਰੂ ਜੀ ਨੂੰ ਉਬਲਦੀ ਦੇਗ ਵਿਚ ਬਿਠਾਇਆ ਗਿਆ। ਆਪ ਸ਼ਾਤ ਚਿੱਤ ਰਹੇ। ਫਿਰ ਤੱਤੀ ਤਵੀ ਤੇ ਬਿਠਾਇਆ ਗਿਆ। ਸਿਰ ਵਿੱਚ ਤੱਤੀ ਰੇਤਾ ਪਾਈ ਗਈ।ਪਾਪੀਆਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਪਰ ਗੁਰੂ ਜੀ ਸ਼ਾਤ ਚਿੱਤ ਬਾਣੀ ਪੜ੍ਹਦੇ ਰਹੇ। ‘ਤੇਰਾ ਕੀਆ ਮੀਠਾ ਲਾਗੇ’ ਉਸ ਮਾਲਿਕ ਦਾ ਭਾਣਾ ਮਿੱਠਾ ਕਰਕੇ ਮੰਨਿਆ।
ਡਾ: ਗੰਡਾ ਸਿੰਘ ਵੀ ਲਿੱਖਦਾ ਹੈ ਕਿ ਬਾਦਸ਼ਾਹ ਦਾ ਹੁਕਮ ਸੀ ‘ਯਾਸਾ’ ਅਨੁਸਾਰ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾਏ। ‘ਯਾਸਾ’ ਤੁਰਕਾਂ ਦਾ ਕਾਨੂੰਨ ਹੈ, ਜਿਸਦਾ ਭਾਵ ਇਹ ਹੈ ਕਿ ਲਹੂ ਬਹਾਏ ਬਗੈਰ ਦਰਵੇਸ਼ ਜਾਂ ਫਕੀਰ ਨੂੰ ਸ਼ਹੀਦ ਕੀਤਾ ਜਾਏ। ਇਸ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਰਿਆ ਵਿੱਚ ਰੋੜ ਦਿੱਤਾ ਗਿਆ। ਇਸ ਤਰ੍ਹਾਂ ਜ਼ਾਲਿਮ ਤਸੀਹੇ ਦਿੰਦੇ ਰਹੇ ਤੇ ਛੇਵੇਂ ਦਿਨ ਜੇਠ ਸੁਦੀ ਚੌਥ ਸੰਮਤ 1663, 30 ਮਈ 1606 ਈ: ਨੂੰ ਅਕਹਿ ਕਸ਼ਟ ਸਹਾਰਦੇ ਹੋਏ ਰਾਵੀ ਦਰਿਆ ਦੇ ਕੰਢੇ ਤੇ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਅਰਜਨ ਦੇਵ ਜੀ 43 ਸਾਲ 1 ਮਹੀਨਾ ਤੇ 15 ਦਿਨ ਦੀ ਸੰਸਾਰਿਕ ਆਯੂ ਵਿੱਚੋਂ 24 ਸਾਲ 8 ਮਹੀਨੇ ਤੇ 29 ਦਿਨ ਗੁਰਤਾਗੱਦੀ ਤੇ ਬਿਰਾਜਮਾਨ ਰਹੇ। ਭੱਟ ਮਥੁਰਾ ਜੀ ਫੁਰਮਾਉਂਦੇ ਹਨ ਕਿ:
ਜਪ੍ਹਉ ਜਿਨ ਅਰਜੁਨ ਦੇਵ ਗੁਰੂ
ਫਿਰਿ ਸੰਕਟ ਜੋਨਿ ਗਰਭ ਨ ਆਯਉ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ- 1409
ਭਾਵ ਕਿ ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜਨ) ਅਵਤਾਰ ਬਣਾਇਆ ਹੈ। ਜਿੰਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁੱਖਾਂ ਵਿੱਚ ਨਹੀ ਆਏ। ਆਉ ਆਪਾਂ ਵੀ ਸਾਰੇ ਸ੍ਰੀ ਗੁਰੂ ਅਰਜਨ ਦੇਵ ਸਹਿਬ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਈਏ।

Send this to a friend