ਲਾਂਘੇ ਨੂੰ ਦਵੱਲੀ ਕੂਟਨੀਤੀ ਤੋਂ ਅਲੱਗ ਰੱਖੋ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ’ਤੇ ਬਣਨ ਵਾਲੇ ਲਾਂਘੇ ਦੇ ਰਾਹ ਵਿੱਚ ਹਾਲੇ ਵੀ ਅੜਿੱਕੇ ਪਾਏ ਜਾ ਰਹੇ ਹਨ। ਬੇਸ਼ਕ ਇਸ ਲਾਂਘੇ ਲਈ ਉਸਾਰੀ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਪਾਕਿਸਤਾਨ ਦੀ ਸਰਕਾਰ ਇਸ ਲਾਂਘੇ ਨੂੰ ਤੇਜ਼ੀ ਨਾਲ ਉਸਾਰ ਰਹੀ ਹੈ। ਭਾਰਤ ਵਾਲੇ ਪਾਸੇ ਹਾਲੇ ਇਸ ਸਿਲਸਿਲੇ ਵਿੱਚ ਤੇਜ਼ੀ ਨਹੀਂ ਵਰਤੀ ਜਾ ਰਹੀ। ਕਰੋੜਾਂ ਸਿੱਖਾਂ ਦੀਆਂ ਅਰਦਾਸਾਂ ਨਾਲ ਦੋਵੇਂ ਦੇਸ਼ਾਂ ਵਿੱਚ ਲਾਂਘੇ ਦੀ ਉਸਾਰੀ ਲਈ ਸਹਿਮਤੀ ਬਣੀ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼ਰਧਾਲੂ ਚਾਹੁੰਦੇ ਹਨ ਕਿ ਇਹ ਲਾਂਘਾ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਨਵੰਬਰ ਮਹੀਨੇ ਬਹੁਤ ਹੀ ਵਿਆਪਕ ਪੈਮਾਨੇ ’ਤੇ ਮਨਾਇਆ ਜਾ ਰਿਹਾ ਹੈ। ਸੰਗਤਾਂ ਦੀ ਇਹ ਇੱਛਾ ਹੈ ਕਿ ਲਾਂਘੇ ਦੀ ਉਸਾਰੀ ਨਵੰਬਰ ਤੋਂ ਪਹਿਲਾਂ ਹਰ ਹਾਲਤ ਵਿੱਚ ਮੁਕੰਮਲ ਹੋਵੇ ਅਤੇ ਸੰਗਤਾਂ ਦਾ ਆਉਣ-ਜਾਣ ਸ਼ੁਰੂ ਹੋ ਜਾਵੇ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਜਾਂ ਕੂਟਨੀਤੀ ਨਾਲ ਕੋਈ ਸਬੰਧ ਨਹੀਂ ਹੈ। ਇਹ ਨਿਰੋਲ ਇਕ ਧਾਰਮਿਕ ਮਾਮਲਾ ਹੈ। ਇਹ ਗੱਲ ਵੱਖਰੀ ਹੈ ਕਿ ਇਹ ਲਾਂਘਾ ਦੋਵਾਂ ਦੇਸ਼ਾਂ ਦੀ ਰਾਜਨੀਤੀ ਉਪਰ ਨਿਰਭਰ ਹੈ। ਇਸ ਕਾਰਨ ਹੀ ਭਾਰਤ ਅਤੇ ਪਾਕਿਸਤਾਨ ਦੋਵੇਂ ਆਪਣੇ-ਆਪਣੇ ਪੱਖ ਤੋਂ ਇਸ ਮੁੱਦੇ ’ਤੇ ਵੀ ਰਾਜਨੀਤੀ ਅਤੇ ਕੂਟਨੀਤੀ ਖੇਡ ਰਹੇ ਹਨ। ਇਸ ਕੂਟਨੀਤੀ ਤਹਿਤ ਹੀ ਦੋਵੇਂ ਦੇਸ਼ਾਂ ਦਰਮਿਆਨ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਨਹੀਂ ਹੋ ਸਕੀ। ਭਾਰਤ ਸਰਕਾਰ ਇਹ ਇਤਰਾਜ਼ ਕਰ ਰਹੀ ਹੈ ਕਿ ਪਾਕਿਸਤਾਨ ਦੀ ਸਰਕਾਰ ਵੱਲੋਂ ਉਥੇ ਦੇ ਗੁਰਦੁਆਰਿਆਂ ਦੀ ਸੰਭਾਲ ਲਈ ਬਣਾਈ ਗਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਕੁਝ ਅਜਿਹੇ ਮੈਂਬਰ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਦਾ ਸਬੰਧ ਸਿੱਖਾਂ ਦੇ ਵੱਖਰੇ ਦੇਸ਼ ਦੀ ਮੁਹਿੰਮ ਨਾਲ ਜੁੜਦਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਧੇ ਤੌਰ ’ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨਾਲ ਕੋਈ ਸਬੰਧ ਨਹੀਂ ਹੈ। ਗੁਰਦੁਆਰਾ ਕਮੇਟੀ ਦਾ ਪੁਨਰਗਠਨ ਪਾਕਿਸਤਾਨ ਦਾ ਇਹ ਇਕ ਅੰਦਰੂਨੀ ਮਾਮਲਾ ਹੈ। ਇਸ ਕਮੇਟੀ ਵਿੱਚ ਕਿਸ ਨੂੰ ਲਿਆ ਜਾਣਾ ਹੈ ਇਹ ਉਥੇ ਵਸੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਇੱਛਾ ਉਪਰ ਵੀ ਮੁਨੱਸਰ ਕਰਦਾ ਹੈ। ਭਾਰਤ ਸਰਕਾਰ ਦਾ ਇਸ ਸਬੰਧੀ ਇਤਰਾਜ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਨਹੀਂ ਹੈ। ਇਤਰਾਜ਼ ਕਰਨ ਤੱਕ ਤਾਂ ਗੱਲ ਫਿਰ ਵੀ ਮੰਨੀ ਜਾ ਸਕਦੀ ਹੈ ਪ੍ਰੰਤੂ ਇਸ ਗੱਲ ਨੂੰ ਆਧਾਰ ਬਣਾ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਰੱਖੀ ਗਈ ਮੀਟਿੰਗ ’ਚ ਸ਼ਾਮਿਲ ਨਾ ਹੋਣਾ ਬਹੁਤ ਹੀ ਮੰਦਭਾਗਾ ਅਤੇ ਚਿੰਤਾਜਨਕ ਹੈ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹ ਵਿੱਚ ਇਸ ਤਰ੍ਹਾਂ ਦੇ ਅੜਿਕੇ ਨਹੀਂ ਪਾਉਣੇ ਚਾਹੀਦੇ। ਦੋਵੇਂ ਦੇਸ਼ਾਂ ਨੂੰ ਘੱਟੋ-ਘੱਟ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਦਵੱਲੀ ਰਾਜਨੀਤੀ ਅਤੇ ਕੂਟਨੀਤੀ ਤੋਂ ਅਲੱਗ ਰੱਖਣਾ ਚਾਹੀਦਾ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੂਟਨੀਤੀ ਨਹੀਂ ਹੋਣੀ ਚਾਹੀਦੀ। ਦੋਵੇਂ ਦੇਸ਼ਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਲਾਂਘੇ ਦੀ ਉਸਾਰੀ ਵਿੱਚ ਕੋਈ ਵੀ ਅੜਿਕਾ ਨਾ ਪਾਉਣ ਤਾਂ ਜੋ ਇਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend