ਪੱਤਰਕਾਰੀ, ਸਿਆਸਤ, ਅਧਿਆਪਨ ਅਤੇ ਹੋਮੀਓਪੈਥੀ ਦਾ ਸੁਮੇਲ ਗਿਆਨੀ ਹਰਨਾਮ ਸਿੰਘ ਦਰਦੀ

ਇਸ ਸੰਸਾਰ ਵਿਚ ਇਨਸਾਨ ਜਦੋਂ ਸਮਾਜ ਵਿਚ ਵਿਚਰਦਾ ਹੈ ਤਾਂ ਸਭ ਤੋਂ ਪਹਿਲਾਂ ਰੋਜ਼ੀ ਰੋਟੀ ਦਾ ਸਵਾਲ ਪੈਦਾ ਹੁੰਦਾ ਹੈ। ਇਸ ਮੰਤਵ ਦੀ ਪੂਰਤੀ ਲਈ ਉਹ ਕਿਸੇ ਇਕ ਕਿਤੇ ਦੀ ਚੋਣ ਕਰਦਾ ਹੈ ਜੋ ਉਸਦੇ ਪਰਿਵਾਰ ਦੇ ਪਾਲਣ ਪੋਸ਼ਣ ਵਿਚ ਸਹਾਈ ਹੁੰਦਾ ਹੈ। ਪ੍ਰੰਤੂ ਕਈ ਇਨਸਾਨ ਅਜਿਹੇ ਹੁੰਦੇ ਹਨ ਜਿਹੜੇ ਆਪਣੇ ਕਿਤੇ ਦੇ ਨਾਲ ਸਮਾਜ ਸੇਵਾ ਦਾ ਬੀੜਾ ਚੁੱਕਕੇ ਆਪਣੇ ਸ਼ੌਕ ਦੀ ਪੂਰਤੀ ਕਰਦੇ ਹਨ। ਇਹ ਜ਼ਿੰਦਗੀ ਦਾ ਆਮ ਵਰਤਾਰਾ ਹੈ ਜੋ ਵੇਖਣ ਨੂੰ ਮਿਲਦਾ ਹੈ ਪ੍ਰੰਤੂ ਕੁਝ ਚੋਣਵੇਂ ਇਨਸਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਪਰਿਵਾਰ ਪਾਲਣ ਦੇ ਨਾਲ ਅਨੇਕਾਂ ਹੋਰ ਅਜਿਹੇ ਸ਼ੌਕ ਪੂਰੇ ਕਰਦੇ ਹਨ, ਜਿਨ੍ਹਾਂ ਦਾ ਸਮਾਜ ਨੂੰ ਸਿੱਧਾ ਲਾਭ ਹੁੰਦਾ ਹੈ। ਅਸਲ ਵਿਚ ਉਹ ਇਨਸਾਨ ਤਾਂ ਆਪਣੀ ਮਾਨਸਿਕ ਤ੍ਰਿਪਤੀ ਲਈ ਕੰਮ ਕਰਦੇ ਹਨ ਪ੍ਰੰਤੂ ਸਮਾਜ ਨੂੰ ਉਨ੍ਹਾਂ ਦੇ ਅਜਿਹੇ ਕੰਮਾਂ ਤੋਂ ਕੁਝ ਨਾ ਕੁਝ ਪ੍ਰਾਪਤ ਹੁੰਦਾ ਹੈ। ਅਜਿਹੇ ਹੀ ਇਕ ਵਿਅਕਤੀ ਸਨ ਗਿਆਨੀ ਹਰਨਾਮ ਸਿੰਘ ਦਰਦੀ। ਉਨ੍ਹਾਂ ਨੂੰ ਗਿਆਨੀ ਦੀ ਥਾਂ ਡਾ ਹਰਨਾਮ ਸਿੰਘ ਦਰਦੀ ਵੀ ਕਿਹਾ ਜਾਂਦਾ ਸੀ। ਮੁੱਢਲੇ ਤੌਰ ਤੇ ਉਹ ਕਿਤੇ ਦੇ ਪੱਖੋਂ ਪੰਜਾਬੀ ਦੇ ਅਧਿਆਪਕ ਸਨ। ਪੱਤਰਕਾਰੀ, ਅਕਾਲੀ ਸਿਆਸਤ, ਹੋਮਿਓਪੈਥੀ, ਅਯੁਰਵੈਦਿਕ ਦੇ ਡਾਕਟਰ ਅਤੇ ਪੰਜਾਬੀ ਦੀਆਂ ਕਵਿਤਾਵਾਂ ਲਿਖਣਾ ਉਨ੍ਹਾਂ ਦਾ ਸ਼ੌਕ ਸੀ। ਪਟਿਆਲਾ ਵਿਖੇ ਕਵੀ ਦਰਬਾਰਾਂ ਵਿਚ ਆਮ ਤੌਰ ਤੇ ਆਪਣੇ ਸਮਕਾਲੀ ਸਟੇਜੀ ਕਵੀਆਂ, ਜਿਨ੍ਹਾਂ ਵਿਚ ਜਸਵੰਤ ਸਿੰਘ ਵੰਤਾ, ਦਿਆਲ ਸਿੰਘ ਚਮਨ ਅਤੇ ਜੀਤ ਸਿੰਘ ਜੀਤ ਨਾਲ ਜਾਂਦੇ ਰਹਿੰਦੇ ਸਨ। ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿਚ ਫ਼ੌਜ ਵਿਚ ਭਰਤੀ ਹੋ ਗਏ ਅਤੇ ਚਾਰ ਸਾਲ ਫ਼ੌਜ ਵਿਚ ਨੌਕਰੀ ਕੀਤੀ ਪ੍ਰੰਤੂ ਫ਼ੌਜ ਆਪ ਨੂੰ ਰਾਸ ਨਹੀਂ ਆਈ ਇਸ ਕਰਕੇ ਫ਼ੌਜ ਵਿਚੋਂ ਨਾਮ ਕਟਵਾਕੇ ਵਾਪਸ ਆ ਗਏ। ਫਿਰ ਆਪਨੇ ਹੋਮਿਓਪੈਥੀ ਅਤੇ ਆਯੁਰਵੈਦ ਦੀ ਪੜ੍ਹਾਈ ਕੀਤੀ ਅਤੇ ਆਰ ਐਮ ਪੀ ਵੱਜੋਂ ਰਜਿਸਟਰ ਹੋ ਗਏ। ਜਦੋਂ ਆਪ ਨਾਭੇ ਵਿਚ ਰਹਿ ਰਹੇ ਸੀ ਤਾਂ ਆਪਨੂੰ ਗਿਆਨੀ ਦੀ ਪੜ੍ਹਾਈ ਕਰਨ ਦਾ ਸ਼ੌਕ ਪੈਦਾ ਹੋ ਗਿਆ ਅਤੇ ਆਪ ਜ¦ਧਰ ਵਿਖੇ ਗਿਆਨੀ ਭਜਨ ਸਿੰਘ ਕੋਲ ਉਸਦੇ ਗਿਆਨੀ ਕਾਲਜ ਵਿਚ ਜਾ ਕੇ ਦਾਖ਼ਲ ਹੋ ਗਏ। ਉਥੋਂ ਹੀ ਆਪਨੇ ਗਿਆਨੀ ਪਾਸ ਕੀਤੀ। ਫਿਰ ਆਪ ਜੈਨ ਸਕੂਲ ਨਾਭਾ ਵਿਚ ਪੰਜਾਬੀ ਦੇ ਅਧਿਆਪਕ ਲੱਗ ਗਏ। ਉਥੇ ਹੀ ਆਪਨੇ ਟੀਚਰ ਟਰੇਨਿੰਗ ਓ ਟੀ ਕੀਤੀ। ਇਸ ਸਮੇਂ ਦੌਰਾਨ ਪੰਜਾਬੀ ਸੂਬੇ ਦਾ ਮੋਰਚਾ ਲੱਗ ਗਿਆ। ਇਸ ਮੋਰਚੇ ਤੋਂ ਉਤਸ਼ਾਹਤ ਹੋ ਕੇ ਆਪ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਜੇ ਆਪ ਦੇ ਵਿਆਹ ਹੋਏ ਨੂੰ ਦੋ ਸਾਲ ਹੀ ਹੋਏ ਸਨ ਕਿ 1959 ਵਿਚ ਆਪਨੇ ਅਕਾਲੀ ਦਲ ਦੇ ਨਾਲ ਪੰਜਾਬੀ ਸੂਬਾ ਮੋਰਚੇ ਵਿਚ ਹਿੱਸਾ ਲਿਆ, ਜਿਸ ਕਰਕੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 8 ਮਹੀਨੇ ਆਪ ਨਾਭਾ, ਪਟਿਆਲਾ, ਅੰਬਾਲਾ ਅਤੇ ਹਿਸਾਰ ਦੀਆਂ ਜੇਲ੍ਹਾਂ ਵਿਚ ਬੰਦ ਰਹੇ। ਪੰਜਾਬੀ ਸੂਬਾ ਮੋਰਚਾ ਵਿਚ ਹਿੱਸਾ ਲੈਣ ਕਰਕੇ ਜੈਨ ਸਕੂਲ ਨਾਭਾ ਦੀ ਪ੍ਰਬੰਧਕੀ ਕਮੇਟੀ ਨੇ ਆਪਨੂੰ ਨੌਕਰੀ ਵਿਚੋਂ ਕੱਢ ਦਿੱਤਾ। ਫਿਰ ਆਪਨੇ ਨਾਭਾ ਵਿਖੇ ਯੂਨੀਵਰਸਿਟੀ ਗਿਆਨੀ ਕਾਲਜ ਖੋਲ੍ਹ ਲਿਆ ਅਤੇ ਵਿਦਿਆਰਥੀਆਂ ਨੂੰ ਗਿਆਨੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਪ੍ਰੰਤੂ ਬਹੁਤੀ ਦੇਰ ਉਹ ਕਾਲਜ ਵੀ ਨਹੀਂ ਚਲ ਸਕਿਆ ਕਿਉਂਕਿ ਆਪ ਅਕਾਲੀ ਦਲ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਂਦੇ ਸਨ। ਉਸ ਸਮੇਂ ਦੌਰਾਨ ਆਪਦਾ ਸੰਪਰਕ ਗਿਆਨੀ ਕਰਤਾਰ ਸਿੰਘ ਅਤੇ ਮਾਸਟਰ ਤਾਰਾ ਸਿੰਘ ਨਾਲ ਹੋ ਗਿਆ। ਉਨ੍ਹਾਂ ਦਿਨਾਂ ਵਿਚ ਰੋਜ਼ੀ ਰੋਟੀ ਦਾ ਸਵਾਲ ਸੀ, ਇਸ ਲਈ ਆਪ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਗਾ ਵਿਚ ਚਲਾਏ ਜਾ ਰਹੇ ਭੁਪਿੰਦਰਾ ਖਾਲਸਾ ਸਕੂਲ ਵਿਚ ਪੰਜਾਬੀ ਅਧਿਆਪਕ ਦੀ ਨੌਕਰੀ ਤੇ ਲੱਗ ਗਏ। ਲਗਪਗ ਡੇਢ ਸਾਲ ਉਥੇ ਨੌਕਰੀ ਕੀਤੀ। ਇਸ ਤੋਂ ਬਾਅਦ ਆਪ ਪੱਕੇ ਤੌਰ ਤੇ ਪਟਿਆਲਾ ਆ ਕੇ ਵਸ ਗਏ। ਗਿਆਨੀ ਕਰਤਾਰ ਸਿੰਘ ਦੀ ਪ੍ਰੇਰਨਾ ਸਦਕੇ ਆਪ ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਚ ਪੰਜਾਬੀ ਅਧਿਆਪਕ ਲੱਗ ਗਏ ਜਿਥੋਂ ਆਪ 1992 ਵਿਚ ਸੇਵਾ ਮੁਕਤ ਹੋਏ ਸਨ। ਇਸ ਸਕੂਲ ਵਿਚ ਆਉਣ ਤੋਂ ਬਾਅਦ ਪਰਿਵਾਰ ਦੀ ਪਾਲਣ ਪੋਸ਼ਣ ਸੌਖੀ ਹੋ ਗਈ ਅਤੇ ਅਕਾਲੀ ਦਲ ਦੀਆਂ ਸਰਗਰਮੀਆਂ ਵਿਚ ਸਰਗਰਮ ਹੋਣਾ ਸੁਖਾਲਾ ਹੋ ਗਿਆ। ਆਪ ਜਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰੈਸ ਸਕੱਤਰ, ਜਨਰਲ ਸਕੱਤਰ ਅਤੇ ਉਪ ਪ੍ਰਧਾਨ ਲਗਪਗ 40 ਸਾਲ ਰਹੇ। ਆਪ ਇੱਕ ਸੁੱਘੜ ਪੱਤਰਕਾਰ ਅਤੇ ਸੰਪਾਦਕ ਵੀ ਸਨ। ਆਪ ਤੀਖਣ ਬੁੱਧੀ ਵਾਲੇ ਧਾਰਮਿਕ ਖਿਆਲਾਂ ਵਾਲੇ ਵਿਅਕਤੀ ਸਨ। ਪੰਜਾਬੀ ਸਾਹਿਤ ਖਾਸ ਤੌਰ ਤੇ ਕਵਿਤਾ ਨਾਲ ਆਪਨੂੰ ਖਾਸ ਸਨੇਹ ਸੀ। ਆਪਦੀ ਇੱਕ ਕਵਿਤਾਵਾਂ ਦੀ ਪੁਸਤਕ ਕਤਲਗਾਹ ਵੀ ਪ੍ਰਕਾਸ਼ਤ ਹੋਈ ਹੈ। ਪੱਤਰਕਾਰ ਦਾ ਕੈਰੀਅਰ ਆਪ ਨੇ ਸਭ ਤੋਂ ਪਹਿਲਾਂ ਗਿਆਨੀ ਭਜਨ ਸਿੰਘ ਦੇ ਸਪਤਾਹਕ ਅਖ਼ਬਾਰ ਆਸ਼ੇ ਤੋਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਪੈਪਸੂ ਅਕਾਲੀ ਦਲ ਦੇ ਪ੍ਰਧਾਨ ਪਰੀਤਮ ਸਿੰਘ ਗੁਜਰਾਂ ਦੇ ਅਖ਼ਬਾਰ ਅਕਾਲੀ ਯੋਧਾ, ਗਿਆਨੀ ਭਜਨ ਸਿੰਘ ਦੇ ਜਥੇਦਾਰ ਅਤੇ ਅਕਾਲੀ ਟਾਈਮਜ਼ ਦੇ ਪੱਤਰਕਾਰ ਦੇ ਤੌਰ ਤੇ ਕੰਮ ਕੀਤਾ। ਆਪਨੇ ਅਧਿਆਪਕ ਵਰਗ ਲਈ ਅਧਿਅਪਕ ਸੰਸਾਰ ਨਾਂ ਦਾ ਅਖ਼ਬਾਰ 1970 ਵਿਚ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਆਪ ਇਕ ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਸੀ, ਇਸ ਲਈ ਅਧਿਆਪਕ ਵਰਗ ਦੇ ਹਿੱਤਾਂ ਤੇ ਪਹਿਰਾ ਦੇਣ ਦਾ ਕੰਮ ਕਰਦੇ ਰਹੇ। 1974 ਵਿਚ ਆਪਨੇ ਪਟਿਆਲਾ ਤੋਂ ਆਪਣਾ ਸਪਤਾਹਕ ਅਖ਼ਬਾਰ ਗਿਆਨਵਾਨ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। 1975 ਇਕ ਹੋਰ ਸਪਤਾਹਕ ਅਖ਼ਬਾਰ ਧੜੱਲੇਦਾਰ ਵੀ ਸ਼ੁਰੂ ਕਰ ਦਿੱਤਾ। ਧੜੱਲੇਦਾਰ ਸਪਤਾਹਕ ਅਖ਼ਬਾਰ ਨੂੰ 1982 ਵਿਚ ਰੋਜ਼ਾਨਾ ਅਖ਼ਬਾਰ ਅਤੇ ਇਸੇ ਤਰ੍ਹਾਂ ਆਪਣੇ ਦੂਜੇ ਸਪਤਾਹਕ ਗਿਆਨਵਾਨ ਅਖ਼ਬਾਰ ਨੂੰ 1985 ਵਿਚ ਰੋਜ਼ਾਨਾ ਕਰ ਦਿੱਤਾ। ਇਸ ਪ੍ਰਕਾਰ ਆਪ ਦੋਵੇਂ ਅਖ਼ਬਾਰਾਂ ਨੂੰ ਬਾਖ਼ੂਬੀ ਚਲਾਉਂਦੇ ਰਹੇ। ਆਪ ਨੂੰ ਮਾਣ ਜਾਂਦਾ ਹੈ ਕਿ ਬਹੁਤ ਸਾਰੇ ਪੰਜਾਬੀ ਦੇ ਪੱਤਰਕਾਰਾਂ ਨੂੰ ਰੋਜ਼ਗਾਰ ਦਿੱਤਾ। ਆਪ ਕੋਲ ਕੰਮ ਕਰਨ ਵਲੇ ਪੱਤਰਕਾਰ ਅੱਜ ਕਲ੍ਹ ਬੁ¦ਦੀਆਂ ਤੇ ਪਹੁੰਚੇ ਹੋਏ ਹਨ। ਪੰਜਾਬੀ ਬੋਲੀ ਦੀ ਆਪਨੇ ਆਪਣੇ ਅਖ਼ਬਾਰਾਂ ਰਾਹੀਂ ਪ੍ਰਸੰਸਾਯੋਗ ਸੇਵਾ ਕੀਤੀ ਹੈ। ਆਪਦੀ ਕਮਾਲ ਇਸ ਗੱਲ ਵਿਚ ਸੀ ਕਿ ਆਪਣੇ ਸੰਪਾਦਕੀਆਂ ਵਿਚ ਵਿਅੰਗਾਤਮਕ ਢੰਗ ਨਾਲ ਚੋਟਾਂ ਲਾਉਂਦੇ ਸਨ। ਆਪਦਾ ਵਿਆਹ ਬੀਬੀ ਹਰਬੰਸ ਕੌਰ ਨਾਲ 1957 ਵਿਚ ਹੋਇਆ ਸੀ। ਆਪਦੇ ਤਿੰਨ ਲੜਕੇ ਮਹਿੰਦਰ ਮੋਹਨ ਸਿੰਘ, ਅਰਵਿੰਦਰ ਮੋਹਨ ਸਿੰਘ ਅਤੇ ਸਤਿੰਦਰ ਮੋਹਨ ਸਿੰਘ ਹਨ। ਇਹ ਤਿੰਨੋ ਲੜਕੇ ਸਮਾਜ ਵਿਚ ਚੰਗਾ ਸਥਾਨ ਰੱਖਦੇ ਹਨ। ਜਦੋਂ ਆਪਦੇ ਲੜਕਿਆਂ ਨੇ ਅਖ਼ਬਾਰਾਂ ਦਾ ਕੰਮ ਸੰਭਾਲ ਲਿਆ ਤਾਂ ਆਪਨੇ ਸਮਾਜ ਸੇਵਾ ਦਾ ਕੰਮ ਜ਼ੋਰ ਸ਼ੋਰ ਨਾਲ ਕਰਨਾ ਸ਼ੁਰੂ ਕਰ ਦਿੱਤਾ। ਗਿਆਨੀ ਹਰਨਾਮ ਸਿੰਘ ਗੁਰਦੁਆਰਾ ਖਾਲਸਾ ਮੁਹੱਲਾ ਪਟਿਆਲਾ ਦੇ ਪ੍ਰਧਾਨ, ਮੀਤ ਪ੍ਰਧਾਨ, ਆਡੀਟਰ ਅਤੇ ਸਲਾਹਕਾਰ ਦੇ ਤੌਰ ਤੇ ਸੇਵਾ ਕਰਦੇ ਰਹੇ ਹਨ। ਉਨ੍ਹਾਂ ਗੁਰਦੁਆਰਾ ਸਾਹਿਬ ਵਿਚ ਬੱਚਿਆਂ ਲਈ ਕਮਪਿਊਟਰ ਸਿਖਾਉਣ ਦੀਆਂ ਕਲਾਸਾਂ, ਲੜਕੀਆਂ ਲਈ ਸਿਲਾਈ ਕਢਾਈ ਦੀਆਂ ਕਲਾਸਾਂ ਅਤੇ ਗੁਰਮਤਿ ਸੰਗੀਤ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ, ਜਿਥੋਂ ਬਹੁਤ ਸਾਰੇ ਬੱਚਿਆਂ ਨੇ ਲਾਭ ਉਠਾਇਆ ਅਤੇ ਸਿਖਿਆ ਪ੍ਰਾਪਤ ਕੀਤੀ।
ਗਿਆਨੀ ਹਰਨਾਮ ਸਿੰਘ ਦਰਦੀ ਦਾ ਜਨਮ ਪੱਛਵੀਂ ਪੰਜਾਬ ਦੇ ਕੈਮਲਪੁਰ ਜਿਲ੍ਹੇ ਦੇ ਪਿੰਡ ਪਿਚੜੰਦ ਤਹਿਸੀਲ ਤਲਾਗੰਗ ਵਿਖੇ 12 ਜੂਨ 1934 ਨੂੰ ਪਿਤਾ ਭਾਗ ਸਿੰਘ ਅਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ ਸੀ। ਆਪ ਦਾ ਪਰਿਵਾਰ ਬਾਬਾ ਕਰਮ ਸਿੰਘ ਦੇ ਖ਼ਾਨਦਾਨ ਵਿਚੋਂ ਹੈ। ਸ਼ੁਰੂ ਦੀ ਪੜ੍ਹਾਈ ਆਪਨੇ ਸੰਤ ਬਾਬਾ ਸੁੰਦਰ ਸਿੰਘ ਅਲੀਵੇਗ ਜੰਮੂ ਕਸ਼ਮੀਰ ਵਾਲਿਆਂ ਤੋਂ ਪ੍ਰਾਪਤ ਕੀਤੀ। ਪ੍ਰਾਇਮਰੀ ਤੱਕ ਦੀ ਪੜ੍ਹਾਈ ਪੱਛਵੀਂ ਪੰਜਾਬ ਵਿਚ ਖਾਲਸਾ ਸਕੂਲ ਧਰਾਬੀ ਅਤੇ ਦਸਵੀਂ ਢੁਡਿਆਲ ਖਾਲਸਾ ਸਕੂਲ ਧਰਾਬੀ ਤਹਿਸੀਲ ਚੱਕਵਾਲ ਤੋਂ ਪ੍ਰਾਪਤ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਪੂਰਬੀ ਪੰਜਾਬ ਦੇ ਪਟਿਆਲਾ ਜਿਲ੍ਹੇ ਦੇ ਨਾਭਾ ਸ਼ਹਿਰ ਵਿਚ ਆ ਕੇ ਵਸ ਗਏ। ਉਸ ਸਮੇਂ ਆਪ ਮਹਿਜ 13 ਸਾਲ ਦੇ ਸੀ। ਆਪਨੂੰ ਨਵੇਂ ਥਾਂ ਤੇ ਆ ਕੇ ਸਥਾਪਤ ਹੋਣ ਲਈ ਬੜੀ ਸਖ਼ਤ ਮਿਹਨਤ ਕਰਨੀ ਪਈ। ਜ਼ਿੰਦਗੀ ਵਿਚ ਸਥਾਪਤ ਹੋਣ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਕਈ ਪਾਪੜ ਵੇਲਣੇ ਪਏ। ਸਖ਼ਤ ਮਿਹਨਤ ਤੋਂ ਬਾਅਦ ਆਪ ਪਟਿਆਲਾ ਵਿਚ ਆ ਕੇ ਸਥਾਪਤ ਹੋ ਗਏ। ਅਕਾਲੀ ਦਲ ਦੀ ਸਿਆਸਤ ਨੇ ਆਪ ਦੀ ਵਾਕਫੀ ਵਿਚ ਮਹੱਤਵਪੂਰਨ ਵਾਧਾ ਕੀਤਾ। ਪੰਜਾਬੀ ਅਖ਼ਬਾਰਾਂ ਦੀ ਪੱਤਰਕਾਰੀ ਅਤੇ ਸੰਪਾਦਕੀ ਕਰਕੇ ਵੀ ਆਪ ਪੰਜਾਬੀਆਂ ਖਾਸ ਤੌਰ ਤੇ ਪਟਿਆਲਵੀਆਂ ਵਿਚ ਜਾਣੇ ਜਾਂਦੇ ਸਨ। ਗਿਆਨੀ ਹਰਨਾਮ ਸਿੰਘ ਦਰਦੀ 19 ਜਨਵਰੀ 2013 ਨੂੰ ਸਵਰਗਵਾਸ ਹੋ ਗਏ।

Send this to a friend