ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਚਿੰਤਾਜਨਕ

ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਬਹੁਤ ਚਿੰਤਾਜਨਕ ਹੈ। ਹਰ ਰੋਜ਼ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਲੋਕ ਸਭਾ ਚੋਣਾਂ ਦੇ ਬਾਵਜੂਦ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਸੁਧਰਾਨ ਲਈ ਕੋਈ ਯਤਨ ਨਹੀਂ ਹੋ ਰਿਹਾ। ਬੀਤੇ ਦਿਨੀਂ ਖਰੜ ਵਿਖੇ ਇਕ ਮਹਿਲਾ ਡਰੱਗ ਇੰਸਪੈਕਟਰ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਸ ਘਟਨਾ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਹਾਲੇ ਤੱਕ ਨੀਂਦ ਤੋਂ ਨਹੀਂ ਜਾਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ। ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣਾ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਖਰੜ ਦੀ ਘਟਨਾ ਨਾਲ ਇਹ ਵੀ ਪਤਾ ਲੱਗ ਰਿਹਾ ਹੈ ਕਿ ਸੂਬੇ ਵਿੱਚ ਡਰੱਗ ਮਾਫੀਆ ਬਹੁਤ ਮਜ਼ਬੂਤ ਸਥਿਤੀ ਵਿੱਚ ਵਿਚਰ ਰਿਹਾ ਹੈ। ਇਹ ਕਤਲ ਇੱਕ ਡਰੱਗ ਡੀਲਰ ਵੱਲੋਂ ਹੀ ਕੀਤਾ ਗਿਆ। ਜਿਸ ਸੰਸਥਾ ਵਿੱਚ ਇਹ ਕਤਲ ਕੀਤਾ ਗਿਆ ਉਸ ਦਾ ਨਸ਼ਿਆਂ ਦੀ ਰੋਕਥਾਮ ਨਾਲ ਸਿੱਧਾ ਸਬੰਧ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਇਸ ਅਹਿਮ ਸੰਸਥਾ ਵਿੱਚ ਸਰਕਾਰ ਵੱਲੋਂ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਤਸਕਰਾਂ ਖਿਲਾਫ ਇਮਾਨਦਾਰੀ ਨਾਲ ਲੜਣ ਵਾਲੀ ਇੱਕ ਮਹਿਲਾ ਅਧਿਕਾਰੀ ਨੂੰ ਉਸ ਦੇ ਦਫ਼ਤਰ ਵਿੱਚ ਮਾਰਿਆ ਜਾਣਾ ਸਰਕਾਰ ਦੇ ਮੱਥੇ ਉਪਰ ਕਲੰਕ ਹੈ। ਬੇਸ਼ੱਕ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਡਰੱਗ ਡੀਲਰ ਲੋਕਾਂ ਦੀ ਚੌਕਸੀ ਕਾਰਨ ਮੌਕੇ ’ਤੇ ਮਾਰਿਆ ਗਿਆ, ਪ੍ਰੰਤੂ ਸਰਕਾਰ ਅਤੇ ਪੁਲਿਸ ਹਾਲੇ ਵੀ ਇਸ ਘਟਨਾ ਦੀ ਪੜਤਾਲ ਮੁਕੰਮਲ ਨਹੀਂ ਕਰ ਸਕੀ। ਕਤਲ ਦੀ ਇਸ ਵੱਡੀ ਵਾਰਦਾਤ ਨੇ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਨੂੰ ਵੀ ਵੱਡਾ ਧੱਕਾ ਲਾਇਆ ਹੈ। ਹੁਣ ਸ਼ਾਇਦ ਕੋਈ ਵੀ ਅਧਿਕਾਰੀ ਇਸ ਮੁਹਿੰਮ ਵਿੱਚ ਖੁੱਲ੍ਹ ਕੇ ਯੋਗਦਾਨ ਨਹੀਂ ਪਾ ਸਕੇਗਾ। ਪੰਜਾਬ ਵਿੱਚ ਡਰੱਗ ਮਾਫੀਆ ਤੋਂ ਇਲਾਵਾ ਗੈਂਗਸਟਰਾਂ ਦੇ ਵੱਡੇ-ਵੱਡੇ ਗਰੁੱਪ ਵੀ ਸਰਗਰਮ ਹਨ। ਹੈਰਾਨੀ ਦੀ ਗੱਲ ਹੈ ਕਿ ਚੋਣਾਂ ਮੌਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਪਰ ਸਾਰੇ ਲੋਕਾਂ ਦੇ ਲਾਇਸੰਸੀ ਹਥਿਆਰ ਜਮ੍ਹਾਂ ਕਰਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਅਪਰਾਧੀ ਖੁੱਲ੍ਹੇਆਮ ਹਥਿਆਰ ਲੈ ਕੇ ਵਿਚਰ ਰਹੇ ਹਨ। ਅਪਰਾਧੀਆਂ ਦਾ ਇਸ ਤਰ੍ਹਾਂ ਬੇਖੌਫ ਘੁੰਮਣਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਸਰੱਖਿਆ ਦੇ ਇੰਤਜ਼ਾਮ ਬਹੁਤ ਢਿੱਲੇ ਹਨ। ਪੁਲਿਸ ਅਧਿਕਾਰੀ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਹੀਂ ਨਿਭਾਅ ਰਹੇ। ਪੰਜਾਬ ਸਰਕਾਰ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਤੁਰੰਤ ਕਦਮ ਚੁੱਕੇ ਤਾਂ ਜੋ ਬੇਖੌਫ ਹੋ ਕੇ ਜੀਅ ਸਕਣ। ਨਸ਼ਿਆਂ ਦੇ ਤਸਕਰਾਂ ਅਤੇ ਗੈਂਗਸਟਰਾਂ ਨੂੰ ਕਰੜਾਈ ਨਾਲ ਨੱਥ ਪਾਈ ਜਾਣੀ ਚਾਹੀਦੀ ਹੈ। ਇਨ੍ਹਾਂ ਦੋਹਾਂ ਮਾਮਲਿਆਂ ਵਿੱਚ ਪੁਲਿਸ ਦੀ ਮਿਲੀਭੁਗਤ ਦੀ ਵੀ ਪੜਤਾਲ ਕੀਤੀ ਜਾਵੇ ਅਤੇ ਸਬੰਧਿਤ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਹੋਵੇ।
-ਬਲਜੀਤ ਸਿੰਘ ਬਰਾੜ

Send this to a friend