ਜਥੇ. ਟੌਹੜਾ ਤੋਂ ਬਾਅਦ ਅਕਾਲੀ ਦਲ ਦਾ ਪੰਥਕ ਵਜੂਦ ਅਤੇ ਸ਼੍ਰੋਮਣੀ ਕਮੇਟੀ ਦਾ ਵੱਕਾਰ ਖ਼ਤਮ

ਕੋਈ ਸਮਾ ਸੀ ਜਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਟਕਸਾਲੀ ਸਿਖ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਰਾਜ ਸੀ। ਉਹ ਸਮਾ ਵੀ ਭਾਵੇਂ ਗੁਰਦੁਆਰਾ ਪਰਬੰਧ ਲਈ ਸਹੀ ਅਰਥਾਂ ਵਿਚ ਵਿਚ ਕੋਈ ਬਹੁਤਾ ਜਿਕਰਯੋਗ ਤਾਂ ਨਹੀ ਰਿਹਾ,ਪ੍ਰੰਤੂ ਇਸ ਦੇ ਬਾਵਜੂਦ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਨੂੰ ਯਾਦ ਕੀਤਾ ਜਾਂਦਾ ਰਹੇਗਾ,ਕਿਉਕਿ ਉਸ ਮੌਕੇ ਮੌਜੂਦਾ ਸਮੇ ਦੇ ਮੁਕਾਬਲੇ ਹਾਲਾਤ ਕੁਝ ਚੰਗੇ ਰਹੇ ਹਨ।ਉਦੋ ਆਰ ਐਸ ਐਸ,ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵਿਚ ਅਪਣੇ ਪੈਰ ਪਸਾਰਨ ਵਿਚ ਸਫਲ ਨਹੀ ਸੀ ਹੋ ਸਕੀ,ਜਿੰਨੀ ਜਥੇਦਾਰ ਟੌਹੜੇ ਤੋ ਬਾਅਦ ਬਾਦਲਾਂ ਦੇ ਸਿਧੇ ਕਬਜੇ ਦੌਰਾਨ ਪਸਾਰ ਸਕੀ ਹੈ,ਕਿਉਕਿ ਜਥੇਦਾਰ ਟੌਹੜਾ ਆਰ ਐਸ ਐਸ ਨਾਲ ਕਿਸੇ ਵੀ ਸਮਝੌਤੇ ਦੇ ਹਕ ਵਿਚ ਨਹੀ ਰਿਹਾ।ਇਹ ਸਚ ਹੈ ਕਿ ਜਥੇਦਾਰ ਟੌਹੜਾ ਆਰ ਐਸ ਐਸ ਦੀਆਂ ਸਾਜਿਸ਼ਾਂ ਤੋ ਸਤਰਕ ਵੀ ਸੀ ਤੇ ਉਹ ਕਿਸੇ ਵੀ ਕੀਮਤ ਤੇ ਆਰ ਐਸ ਐਸ ਦੀ ਕਿਸੇ ਵੀ ਦਖਲਅੰਦਾਜੀ ਦੇ ਖਿਲਾਫ ਵੀ ਸੀ।ਉਹ ਜਥੇਦਾਰ ਟੌਹੜਾ ਹੀ ਸੀ ਜਿਸ ਨੇ ਸ੍ਰ ਪ੍ਰਕਾਸ਼ ਸਿੰਘ ਬਾਦਲ ਵਲੋਂ ਆਰ ਐਸ ਐਸ ਦੀ ਮੈਂਬਰਸ਼ਿਪ ਲੈਣ ਨੂੰ ਗਲਤ ਕਿਹਾ ਸੀ ਤੇ ਸ੍ਰ ਬਾਦਲ ਨੂੰ ਇਹ ਕਦਮ ਚੁਕਣ ਤੋ ਵਰਜਿਆ ਵੀ ਸੀ,ਪਰ ਸ੍ਰ ਪਰਕਾਸ਼ ਸਿੰਘ ਬਾਦਲ ਕਿਸੇ ਵੀ ਕੀਮਤ ਤੇ ਸੰਘ ਨਾਲੋਂ ਸਬੰਧ ਤੋੜਨੇ ਤਾਂ ਦੂਰ ਦੀ ਗਲ ਸੀ,ਉਹ ਤਾਂ ਉਹਨਾਂ ਦੀ ਵਫਾਦਾਰੀ ਨਿਭਾਉਣ ਵਿਚ ਅਪਣੇ ਧੰਨਭਾਗ ਸਮਝਦਾ ਸੀ।31 ਮਾਰਚ 2004 ਦੀ ਰਾਤ ਜਥੇਦਾਰ ਟੌਹੜਾ ਦੇ ਜਹਾਨੋਂ ਤੁਰ ਜਾਣ ਤੋ ਬਾਅਦ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਕੰਮ ਬਹੁਤ ਸੁਖਾਲਾ ਹੋ ਗਿਆ।ਹੁਣ ਉਹਨਾਂ ਨੂੰ ਕਿਸੇ ਗੈਰ ਦੀ ਦਖਲਅੰਦਾਜੀ ਲਈ ਵਰਜਣ ਵਾਲਾ ਕੋਈ ਨਹੀ ਸੀ ਰਿਹਾ,ਕਿਉਕਿ ਅਕਾਲੀ ਦਲ ਅੰਦਰ ਸਿਰਫ ਤੇ ਸਿਰਫ ਜੀ ਹਜੂਰੀਆਂ ਦੀ ਭੀੜ ਹੀ ਬਚੀ ਸੀ।ਟੌਹੜਾ ਕਾਲ ਤੋ ਬਾਅਦ ਵਾਲੀ ਅਕਾਲੀ ਲੀਡਰਸ਼ਿਪ ਜੀ ਹਜੂਰੀਆਂ ਦੀ ਰਹਿ ਗਈ।ਕੋਈ ਵੀ ਆਗੂ ਨਾ ਹੀ ਪੰਥ ਪ੍ਰਸਤ ਰਿਹਾ ਅਤੇ ਨਾ ਹੀ ਅਜਿਹਾ ਸੀ ਜਿਹੜਾ ਬਾਦਲਾਂ ਨੂੰ ਚਣੌਤੀ ਦੇ ਸਕੇ।ਸ੍ਰ ਬਾਦਲ ਦੇ ਬਰਾਬਰ ਵਾਲੇ ਕਦਾਵਰ ਨੇਤਾ ਵੀ ਨਿਜੀ ਲੋਭ ਲਾਲਸਾ ਵਿਚ ਬੌਨੇ ਹੋ ਕੇ ਰਹਿ ਗਏ।,ਆਰ ਐਸ ਐਸ ਨੇ ਜੋ ਹਾਲ ਸਾਡੇ ਗੁਰਦੁਆਰਾ ਪਰਬੰਧ ਦਾ ਕੀਤਾ,ਉਹ ਸਭ ਦੇ ਸਾਹਮਣੇ ਹੈ।ਜਥੇਦਾਰ ਟੌਹੜਾ ਤੋ ਬਾਅਦ ਬਾਦਲਾਂ ਨੂੰ ਰੋਕਣਾ,ਟੋਕਣਾ,ਵਰਜਣਾ ਤਾਂ ਦੂਰ ਦੀ ਗਲ ਸਗੋ ਅਕਾਲੀ ਆਗੂਆਂ ਵਿਚ ਤਾਂ ਆਪਣੇ ਧਰਮ ਪ੍ਰਤੀ ਐਨੀ ਅਕਿਰਤਘਣਤਾ ਪੈਦਾ ਹੋ ਗਈ ਕਿ ਅਕਾਲੀ ਆਗੂ ਆਰ ਐਸ ਐਸ ਨਾਲ ਸੌਦੇਵਾਜੀ ਕਰਨ ਲਈ ਇਕ ਦੂਸਰੇ ਤੋ ਕਾਹਲ ਦਿਖਾਉਣ ਲਗ ਪਏ,ਜਿਸ ਦਾ ਫਾਇਦਾ ਸੰਘ ਨੇ ਸਿਖੀ ਸਿਧਾਂਤਾਂ ਦਾ ਘਾਣ ਕਰਨ ਲਈ ਉਠਾਇਆ ਲਿਹਾਜਾ ਅਜ ਹਾਲਾਤ ਇਹ ਬਣ ਚੁਕੇ ਹਨ ਕਿ ਸਾਡੇ ਤਖਤ ਸਹਿਬਾਨਾਂ ਤੇ ਸ਼ੁਸ਼ੋਭਤ ਜਥੇਦਾਰ ਵੀ ਆਰ ਐਸ ਐਸ ਦੇ ਕਹਿਣੇ ਤੋ ਬਗੈਰ ਕਦਮ ਨਹੀ ਪੁਟ ਸਕਦੇ।ਨਾਗਪੁਰ ਤੋ ਆਏ ਕਿਸੇ ਵੀ ਫਰਮਾਨ ਦੀ ਅਣਦੇਖੀ ਨਹੀ ਹੋ ਸਕਦੀ,ਉਹਦੇ ਲਈ ਸਾਰਾ ਗੁਰਦੁਆਰਾ ਪਰਬੰਧ ਪਬਾਂ ਭਾਰ ਹੋ ਜਾਂਦਾ ਹੈ। ਆਰ ਐਸ ਐਸ ਦੀ ਸਿਧੀ ਦਖਲ ਅੰਦਾਜੀ ਅਤੇ ਪਰਭਾਵ ਦੀਆਂ ਇਕ ਨਹੀ ਅਨੇਕਾਂ ਉਦਾਹਰਣਾਂ ਹਨ,ਜਦੋ ਤਖਤ ਸਹਿਬਾਨਾਂ ਦੇ ਜਥੇਦਾਰ ਖੁਦ ਨਾਗਪੁਰੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਤਰਾਂ ਤਰਾਂ ਦੇ ਪਾਪੜ ਬੇਲ ਕੇ ਅਪਣੀ ਸਹੀ ਪਾਉਦੇ ਹਨ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੀਆਂ ਜਾਂਦੀਆਂ ਸਿਖ ਇਤਿਹਾਸ ਦੀਆਂ ਪੁਸਤਕਾਂ ਵਿਚ ਹੀ ਸਾਡੇ ਗੁਰੂ ਸਹਿਬਾਨਾਂ ਪ੍ਰਤੀ ਮਾੜੀ ਤੇ ਅਸ਼ਿਹਣਯੋਗ ਭਾਸ਼ਾ ਵਰਤੀ ਗਈ ਹੈ,ਇਸ ਤੋ ਵਡੀ ਸ਼ਰਮਨਾਕ ਤੇ ਮਾੜੀ ਹੋਰ ਕਿਹੜੀ ਗਲ ਹੋ ਸਕਦੀ ਹੈ। ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਨੂੰ ਸਹਿਯੋਗ ਦੇਣ ਲਈ,ਅਤੇ ਉਸ ਫਿਲਮ ਨੂੰ ਪੰਜਾਬ ਵਿਚ ਚਲਾਉਣ ਲਈ ਜਿਸ ਤਰਾਂ ਜਥੇਦਾਰ ਅਤੇ ਪ੍ਰਧਾਨ ਦੀ ਤਰਫੋ ਗੁਰਦਾਆਰਾ ਸਹਿਬਾਨਾਂ ਦੇ ਮੈਨੇਜਰਾਂ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ,ਉਹ ਨਾਗਪੁਰੀ ਪ੍ਰਭਾਵ ਦੇ ਸਿਖਰ ਦੀ ਉਦਾਹਰਣ ਕਹੀ ਜਾ ਸਕਦੀ ਹੈ।ਏਥੇ ਹੀ ਬਸ ਨਹੀ ਸ੍ਰੀ ਹਰਿਮੰਦਰ ਸਾਹਿਬ ਤੋ ਰੋਜ਼ਾਨਾ ਕੀਤੇ ਜਾਂਦੇ ਸਬਦ ਕੀਰਤਨ ਵਿਚ ਵੀ ਹਜੂਰੀ ਰਾਗੀ ਨੂੰ ਚੋਣਵੇਂ ਸਬਦ ਪੜਨ ਤੇ ਰੋਕਣ ਦੀਆਂ ਵੀ ਚਰਚਾਵਾਂ ਰਹੀਆਂ ਹਨ।ਅਰਦਾਸ ਤੋ ਬਾਅਦ ਰਾਜ ਕਰੇਗਾ ਖਾਲਸਾ ਵਾਲਾ ਦੋਹਿਰਾ ਅਤੇ ਜੈਕਾਰੇ ਤੇ ਪਬੰਦੀ ਵੀ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪਰਬੰਧਕਾਂ ਦੀ ਨਾਗਪੁਰ ਵਲੋਂ ਗੁਲਾਮ ਬਣਾ ਦਿਤੀ ਮਾਨਸਿਕਤਾ ਦਾ ਪਰਤਖ ਸਬੂਤ ਹੈ।ਨਾਨਕਸ਼ਾਹੀ ਕਲੰਡਰ ਦਾ ਮਸਲਾ ਸਿਖਾਂ ਦਾ ਮਸਲਾ ਨਹੀ ਹੈ,ਸਗੋ ਇਹ ਨਾਗਪੁਰ ਨੂੰ ਮਨਜੂਰ ਨਾ ਹੋਣ ਕਰਕੇ ਲਾਗੂ ਨਹੀ ਕੀਤਾ ਜਾ ਰਿਹਾ,ਕਿਉਕਿ ਨਾਨਕਸ਼ਾਹੀ ਕਲੰਡਰ ਦੇ ਪੂਰਨ ਰੂਪ ਵਿਚ ਲਾਗੂ ਹੋ ਜਾਣ ਨਾਲ ਨਾਗਪੁਰੀ ਵਿਦਵਾਨ ਸਾਡੇ ਇਤਿਹਾਸਿਕ ਦਿਹਾੜਿਆਂ ਵਿਚ ਭੰਬਲਭੂਸੇ ਵਾਲੇ ਹਾਲਾਤ ਪੈਦਾ ਨਹੀ ਕਰ ਸਕਦੇ,ਜਦੋਕਿ ਆਰ ਐਸ ਐਸ ਬਿਕਰਮੀ ਕਲੰਡਰ ਦੀ ਮਦਦ ਨਾਲ ਆਉਣ ਵਾਲੇ ਲੰਮੇ ਸਮੇ ਵਿਚ ਸਾਡੇ ਸ਼ਾਨਾਂਮਤੇ ਸਿਖ ਇਤਿਹਾਸ ਵਿਚ ਸੰਕਾ ਪੈਦਾ ਕਰਨ ਲਈ ਬੜੀ ਚਲਾਕੀ ਨਾਲ ਕੰਮ ਕਰ ਰਹੀ ਹੈ।ਇਹ ਆਰ ਐਸ ਐਸ ਦੀ ਸਿਧੀ ਦਖਲਅੰਦਾਜੀ ਦਾ ਹੀ ਪਰਭਾਵ ਹੈ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਪੋਹ ਦੇ ਮਹੀਨੇ ਆਉਂਦੇ ਸ਼ਹੀਦੀ ਹਫਤੇ ਮੌਕੇ ਛੋਟੇ ਸਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਅਲਗ ਅਲਗ ਕਰਨ ਦੀ ਹਿੰਮਤ ਨਹੀ ਕਰ ਸਕਦੇ। ਇਹ ਸਾਰਾ ਕੁਝ ਬਾਦਲ ਸਾਹਬ ਦੀ ਦੇਣ ਹੈ,ਜਿਸਨੇ ਅਪਣੇ ਮੁਫਾਦਾਂ ਖਾਤਰ ਕੌਂਮ ਨਾਲ ਧਰੋਹ ਕਮਾਇਆ ਹੈ।ਦੂਜੀ ਗਲ ਇਹ ਹੈ ਕਿ ਸ੍ਰ ਬਾਦਲ ਵਲੋਂ ਜਿਸ ਤਰਾਂ ਆਪਹੁਦਰੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ,ਉਹਨਾਂ ਤੇ ਸੁਆਲ ਕਰਨ ਵਾਲਾ ਕੋਈ ਵੀ ਇਮਾਨਦਾਰ ਆਗੂ ਅਕਾਲੀ ਦਲ ਵਿਚ ਨਹੀ ਰਿਹਾ।ਸਚ ਤਾਂ ਇਹ ਹੈ ਕਿ ਸਾਰੇ ਹੀ ਅਕਾਲੀ ਆਗੂ ਇਕ ਦੂਜੇ ਤੋ ਮੂਹਰ ਦੀ ਹੋ ਕੇ ਆਰ ਐਸ ਐਸ ਕੋਲ ਵਿਕਣ ਲਈ ਜਾਣ ਨੂੰ ਕਾਹਲੇ ਹਨ।
31 ਮਾਰਚ 2004 ਦੀ ਰਾਤ ਨੂੰ ਜਥੇਦਾਰ ਟੌਹੜਾ ਦਾ ਅਕਾਲ ਚਲਾਣੇ ਤੋ ਬਾਅਦ ਸਰੋਮਣੀ ਅਕਾਲੀ ਦਲ ਦਾ ਪੰਥਕ ਵਯੂਦ ਖਤਮ ਹੋ ਗਿਆ।ਇਸ 15ਸਾਲ ਦੇ ਅਰਸੇ ਵਿਚ ਮਕੜ ਵੀ ਸਰੋਮਣੀ ਗੁਰਦੁਅਰਾ ਪਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ, ਬੀਬੀ ਜੰਗੀਰ ਕੌਰ ਵੀ ਆਈ, ਬਡੂੰਗਰ ਵੀ ਆਇਆ, ਹੁਣ ਗੋਬਿੰਦ ਸਿੰਘ ਲੌਗਵਾਲ ਵੀ ਪ੍ਰਧਾਨ ਹੈ,ਪਰ ਕੋਈ ਵੀ ਮੁਖ ਪਰਬੰਧਕ ਮੁੜ ਸਰੋਮਣੀ ਗੁਰਦੁਅਰਾ ਪਰਬੰਧਕ ਕਮੇਟੀ ਦਾ ਵਕਾਰ ਬਨਾਉਣ ਵਿਚ ਸਫਲ ਨਹੀ ਹੋ ਸਕਿਆ,ਕਿਉਕਿ ਨਿਜੀ ਲਾਲਸਾ ਦੀ ਜੀ ਹਜੂਰੀ ਨੇ ਸਿਖ ਆਗੂਆਂ ਦੀ ਗੈਰਤ ਅਸਲੋਂ ਖਤਮ ਕਰ ਦਿਤੀ।

Send this to a friend