ਦਰਖਤ ਸਾਡੀ ਜ਼ਿੰਦਗੀ ਦਾ ਅਹਿਮ ਹਿਸਾ ਹਨ। ਇਹਨਾਂ ਦੇ ਨਾਲ ਸਾਡੇ ਜੀਵਨ ਨਾਲ ਬਹੁਤ ਗੂੜ੍ਹਾ ਸੰਬੰਧ ਹੈ। ਕੁਦਰਤ ਨੇ ਇਹਨਾਂ ਦੇ ਨਾਲ-ਨਾਲ ਜਿਥੇ ਮਨੁਖ ਨੂੰ ਜੀਵਨ, ਬਖਸ਼ਿਆ ਹੈ ਉਥੇ ਇਹ ਕੁਦਰਤ ਦੀ ਖੂਬਸੂਰਤੀ ਨੂੰ ਚਾਰ ਚੰਨ ਵੀ ਲਾਉਂਦੇ ਹਨ।ਮਨੁਖ ਦੀਆਂ ਬਹੁਤ ਸਾਰੀਆਂ ਲੋੜਾਂ ਇਨਾਂ ਦੇ ਨਾਲ ਜੁੜੀਆਂ ਹੋਈਆਂ ਹਨ। ਦਰਖਤ ਸਾਡੀ ਖੁਰਾਕ ਦੀ ਵੀ ਬਹੁਤ ਸਾਰੀ ਪੂਰਤੀ ਕਰਦੇ ਹਨ ਅਤੇ ਇਹਨਾਂ ਦੀ ਲਕੜ ਵੀ ਸਾਡੀ ਜਿੰਦਗੀ ਦੇ ਅਖੀਰ ਵਿਚ ਕੰਮ ਆਉਦੀ।ਇਹਨਾਂ ਤੋ ਸਾਨੂੰ ਇਮਾਰਤੀ ਲਕੜ, ਫਰਨੀਚਰ, ਕਈ ਪ੍ਰਕਾਰ ਦਾ ਸਾਜੋ ਸਮਾਨ, ਰੋਜ਼ਮਰਾ ਦੀਆਂ ਚੀਜਾਂ ਪ੍ਰਾਪਤ ਹੁੰਦੀਆਂ ਹਨ ਅਤੇ ਬਹੁਤ ਵਡੇ ਪਧਰ ਤੇ ਵਪਾਰ ਵੀ ਚਲਦਾ ਹੈ।ਜਿਸ ਤੋ ਲੋਕਾਂ ਅਤੇ ਸਰਕਾਰ ਨੂੰ ਚੋਖੀ ਆਮਦਨ ਵੀ ਹੁੰਦੀ ਹੈ । ਰੁਖ ਪੰਛੀਆਂ ਦਾ ਜਿਥੇ ਰੈਣ ਬਸੇਰਾ ਵੀ ਹਨ ਉਥੇ ਇਹਨਾਂ ਦੀ ਖੁਰਾਕ ਦਾ ਵੀ ਅਹਿਮ ਹਿਸਾ ਹਨ ।
ਸਚ ਤਾਂ ਇਹ ਹੈ ਕਿ ਰੁਖ ਕੁਦਰਤ ਦੀ ਵਡਮੁਲੀ ਦਾਤ ਹਨ ਅਤੇ ਇਹਨਾਂ ਤੋਂ ਬਿਨਾਂ ਮਨੁਖੀ ਜੀਵਨ ਅਧੂਰਾ ਹੈ । ਪਰ ਜਿਥੇ ਦਰਖਤਾਂ ਤੋਂ ਬਿਨਾਂ ਸਾਡੇ ਜੀਵਨ ਦੀ ਗਡੀ ਨਹੀਂ ਚਲਦੀ ਉਥੇ ਇਨਸਾਨ ਦੀਆਂ ਆਪਣੀਆਂ ਗਲਤੀਆਂ ਦੇ ਕਾਰਨ ਇਹ ਰੁਖ ਲੋਕਾਂ ਦੀ ਜਾਨ ਦਾ ਖੌ ਬਣੇ ਹੋਏ ਹਨ।ਮੇਰਾ ਵਿਸ਼ਾ ਸੜਕਾਂ ਦੇ ਕਿਨਾਰੇ ਲਾਏ ਗਏ ਬੇ-ਤਰਤੀਬੇ ਜਾਂ ਆਪੇ ਹੀ ਉਗੇ ਦਰਖਤਾਂ ਨੂੰ ਲੈ ਕੇ ਹੈ ਜੋ ਸਾਡੀ ਜਿੰਦਗੀ ਲਈ ਸਰਾਪ ਬਣ ਰਹੇ ਹਨ। ਭਾਵੇਂ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਦੀ ਸਾਂਭ-ਸੰਭਾਲ ਲਈ ਵਖਰੇ ਤੌਰ ਤੇ ਮਹਿਕਮੇ ਵੀ ਬਣਾ ਦਿਤੇ ਤੇ ਹਜਾਰਾਂ ਦੀ ਤਦਾਦ ਵਿਚ ਅਫਸਰ ਤੇ ਕਾਮੇ ਵੀ ਭਰਤੀ ਕੀਤੇ ਹੋਏ ਹਨ ਪਰ ਇਹਨਾਂ ਦੀ ਬੇਧਿਆਨੀ ਤੇ ਦਰਖਤਾਂ ਵਜਾ ਕਰਕੇ ਹੀ ਹਜਾਰਾਂ ਲੋਕਾਂ ਦੀਆਂ ਜਿੰਦਗੀਆਂ ਮੌਤ ਦੇ ਮੂੰਹ ਜਾ ਪਈਆਂ ਹਨ ਅਤੇ ਬਹੁਤ ਤਾਂ ਸਾਰੇ ਅੰਗਾਂ ਤੋਂ ਨਕਾਰਾ ਹੋ ਗਏ ਹਨ, ਕਈਆਂ ਦੀਆਂ ਜਿੰਦਗੀ ਨਰਕ ਬਣ ਚੁਕੀਆਂ ਹਨ। ਸੜਕਾਂ ਦੇ ਵਿਚਕਾਰ ਜਾਂ ਸੜਕਾਂ ਦੇ ਐਨ ਕੰਢੇ ਲਗੇ ਕਈ ਰੁਖ ਅਜ ਵੀ ਮੌਤ ਨੂੰ ਸਦਾ ਦੇ ਰਹੇ ਹਨ।ਚਾਹੀਦਾ ਤਾਂ ਇਹ ਹੈ ਕਿ ਜਿਆਦਾ ਟਰੈਫਿਕ ਵਾਲੀਆਂ ਸੜਕਾਂ ਤੋਂ ਏਹੋ ਜਿਹੇ ਦਰਖਤ ਹਟਾ ਦਿਤੇ ਜਾਣ। ਜੇਕਰ ਨਹੀਂ ਤਾਂ ਨਿਯਮਬਧ ਤਰੀਕੇ ਨਾਲ ਸੜਕਾਂ ਦੇ ਐਨ ਅਖੀਰ ਤਕ ਜਿਥੋਂ ਤਕ ਸਰਕਾਰ ਦੀ ਜਗਾ ਹੋਵੇ, ਉਥੇ ਹੀ ਦਰਖਤ ਲਗਾਏ ਜਾਣ।ਇਨਾਂ ਰੁਖਾਂ ਦੀ ਵਜਾ ਕਰਕੇ ਕਈ ਵਾਰੀ ਦਿਨੇ ਜਾਂ ਰਾਤ ਦੇ ਹਨੇਰੇ ਵਿਚ ਦਰਦਨਾਕ ਘਟਨਾਵਾਂ ਵਾਪਰ ਚੁਕੀਆਂ ਹਨ।ਬਸਾਂ, ਟਰਕਾਂ, ਟਰੈਕਟਰ-ਟਰਾਲੀਆਂ, ਕਾਰਾਂ , ਮੋਟਰਸਾਈਕਲ ਆਦਿ ਦੇ ਐਕਸੀਡੈਂਟਾਂ ਦੀਆਂ ਖਬਰਾਂ ਤਾਂ ਰੋਜ ਸੁਣਨ -ਪੜਨ ਨੂੰ ਮਿਲਦੀਆਂ ਰਹਿੰਦੀਆਂ ਹਨ । ਕਈ ਵਾਰ ਬਿਜਲੀ ਦੀਆਂ ਤਾਰਾਂ ਰੁਖਾਂ ਦੇ ਨਾਲ ਲਗਣ ਕਰਕੇ ਕਰੰਟ ਆ ਜਾਣ ਨਾਲ ਵੀ ਹਾਦਸੇ ਵਾਪਰ ਚੁਕੇ ਹਨ।ਮੀਂਹ -ਹਨੇਰੀ, ਝਖੜ, ਤੂਫਾਨ ਆਦਿ ਨਾਲ ਦਰਖਤ ਸੜਕਾਂ ਵਿਚ ਡਿਗ ਜਾਣ ਕਰਕੇ ਵੀ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦੇ ਹਨ।ਕੇਂਦਰੀ ਤੇ ਰਾਜ ਸਰਕਾਰਾਂ ਨੂੰ ਆਪਣੇ-ਆਪਣੇ ਪਧਰ ਤੇ ਵਿਸ਼ੇਸ਼ ਕਨੂੰਨ ਬਣਾਏ ਜਾਣੇ ਚਾਹੀਦੇ ਹਨ ਅਤੇ ਫੌਰੀ ਤੌਰ ਤੇ ਇਸ ਵਿਸ਼ੇ ਵਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਭਵਿਖ ਵਿਚ ਅਣਕਿਆਸੀਆਂ ਕੀਮਤੀ ਜਾਨਾਂ ਮੌਤ ਦੇ ਮੂੰਹ ਜਾਣ ਤੋਂ ਬਚ ਸਕਣ ।