ਬਾਘਾਪੁਰਾਣਾ- ਹਲਕਾ ਬਾਘਾਪੁਰਾਣਾ ਸਿਆਸਤ ਦਾ ਧੁਰਾ ਬਣਦਾ ਜਾ ਰਿਹਾ ਹੈ ਤੇ ਆਏ ਸਿਆਸੀ ਲੀਡਰ ਇਕ-ਦੂਜੇ ਦੀਆਂ ਕਮੀਆਂ ਮੀਡੀਆ ਸਾਹਮਣੇ ਰਖਦੇ ਰਹਿੰਦੇ ਹਨ ਤੇ ਅਜ ਜਦੋਂ ਪਤਰਕਾਰਾਂ ਵਲੋਂ ਸ਼ਹਿਰ ਦੇ ਬੁਧੀਜੀਵੀ ਲੋਕਾਂ ਨਾਲ ਪੁਰਾਣੀ ਅਤੇ ਹੁਣ ਦੀ ਸਰਕਾਰ ਦੇ ਕੀਤੇ ਜਾ ਰਹੇ ਕੰਮਾਂ ਸਬੰਧੀ ਪੁਛਿਆ ਗਿਆ ਤਾਂ ਲੋਕਾਂ ਦੇ ਉਤਰ ਹੈਰਾਨੀ ਜਨਕ ਸਨ । ਸ਼ਹਿਰ ਦੇ ਲੋਕਾਂ ਦਾ ਕਹਿਣਾ ਸੀ ਕਿ ਅਕਾਲੀ ਸਰਕਾਰ ਵਲੋਂ ਪੰਜਾਬ ਉਪਰ ਲਗਾਤਾਰ 10 ਸਾਲ ਰਾਜ ਕੀਤਾ ਗਿਆ ਜਿਸ ਦੌਰਾਨ ਹਲਕਾ ਬਾਘਾਪੁਰਾਣਾ ਵਿਚ ਕੰਮ ਤਾਂ ਹੋਏ ਪਰ ਇਨ੍ਹਾਂ ਦੁਆਰਾ ਕੀਤੀਆਂ ਮਾੜੀਆਂ ਗਤੀਵਿਧੀਆਂ ਕਾਰਨ ਇਨ੍ਹਾਂ ਦਾ ਗ੍ਰਾਫ 100 ਤੋਂ ਜ਼ੀਰੋ ਤੇ ਆ ਡਿਗਿਆ।ਇਕ ਵਿਅਕਤੀ ਵਲੋਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ ਗਿਆ ਕਿ ਅਕਾਲੀਆਂ ਦੇ 10 ਸਾਲਾ ਰਾਜ ਨਾਲੋਂ ਤਾਂ ਕਾਂਗਰਸ ਦਾ 2 ਸਾਲ ਦਾ ਰਾਜ ਹੀ ਬਿਹਤਰ ਹੈ ਕਿਉਂਕਿ ਉਸ ਵੇਲੇ ਸ਼ਰੇਆਮ ਚਿਟਾ ਵੇਚਿਆ ਜਾਂਦਾ ਸੀ ਪਰ ਕਾਂਗਰਸ ਸਰਕਾਰ ਬਣਨ ਤੇ ਬਹੁਤ ਵਡੀ ਗਿਣਤੀ ਵਿਚ ਚਿਟਾ ਤਸਕਰਾਂ ਨੂੰ ਅੰਦਰ ਕੀਤਾ ਗਿਆ।ਇਸ ਮੌਕੇ ਵਡੀ ਇਹ ਗਲ ਦੇਖਣ ਨੂੰ ਮਿਲੀ ਕਿ ਪਿਛਲੀ ਸਰਕਾਰ ਦੌਰਾਨ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਜਿਵੇਂ ਗਲੀਆਂ ਅਤੇ ਨਾਲੀਆਂ ਨਾਂ ਬਣਾਉਣ ਕਰਕੇ ਲੋਕ ਕਾਫੀ ਖ਼ਫ਼ਾ ਨਜ਼ਰ ਆਏ ਤੇ ਵਿਧਾਇਕ ਦਰਸ਼ਨ ਬਰਾੜ ਦੀ ਅਗਵਾਈ ਵਿਚ ਮੁਢਲੀਆਂ ਸਹੂਲਤਾਂ ਤੋਂ ਵਿਕਾਸ ਦੀ ਸ਼ੁਰੂਆਤ ਕਰਨ ਨੂੰ ਲੈਕੇ ਸ਼ਹਿਰ ਦੇ ਆਮ ਲੋਕਾਂ ਵਿਚ ਚੰਗਾ ਹੁੰਗਾਰਾ ਹੈ।
ਨਗਰ ਕੌਂਸਲ ਪ੍ਰਧਾਨ ਅੰਨੂੰ ਮਿੱਤਲ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਦਸਿਆ ਕਿ ਪਿਛਲੀ ਨਗਰ ਕੌਂਸਲ ਵਲੋਂ ਤਾਂ ਪ੍ਰੋਜੈਕਟਾਂ ਦੇ ਕੰਮਾਂ ਨੂੰ ਇਸ ਕਦਰ ਕੀਤਾ ਗਿਆ ਕਿ ਨਗਰ ਕੌਂਸਲ ਸਿਰ 4 ਕਰੋੜ ਤੋਂ ਉਪਰ ਦਾ ਉਧਾਰ ਖੜ੍ਹਾ ਕਰ ਦਿਤਾ ਜਿਸ ਨੂੰ ਹੁਣ ਨਗਰ ਕੌਂਸਲ ਵਲੋਂ ਕਲੀਅਰ ਕੀਤਾ ਗਿਆ ਹੈ।ਸ਼ਹਿਰ ਅੰਦਰ ਮਹਿਲਾ ਵਰਗ ਨਾਲ ਜਦੋਂ ਸਾਡੇ ਦੁਆਰਾ ਗਲ ਕੀਤੀ ਗਈ ਤਾਂ ਮਹਿਲਾ ਵਰਗ ਨੇ ਵੀ ਹਲਕੇ ਅੰਦਰ ਵਿਧਾਇਕ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਪ੍ਰਗਟਾਈ ਜਿਸ ਵਿਚ ਉਨ੍ਹਾਂ ਸਭ ਤੋਂ ਅਹਿਮ ਇਹ ਗਲ ਕਹੀ ਕਿ ਪਿਛਲੀ ਸਰਕਾਰ ਦੇ ਮੁਕਾਬਲੇ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਵਿਚ ਹੁਣ ਕਾਫੀ ਬਦਲਾਵ ਆਇਆ ਹੈ ਤੇ ਹੁਣ ਅਮਨ ਕਾਨੂੰਨ ਦੀ ਸਥਿਤੀ ਵੀ ਪਹਿਲਾਂ ਦੇ ਮੁਕਾਬਲੇ ਕਾਫੀ ਬਿਹਤਰ ਹੋ ਗਈ ਹੈ ।
ਵਿਧਾਇਕ ਦਰਸ਼ਨ ਬਰਾੜ ਨਾਲ ਜਦੋਂ ਮੀਡੀਆ ਨੇ ਗਲ ਕੀਤੀ ਤੇ ਸਵਾਲ ਪੁਛਿਆ ਕਿ ਅਕਾਲੀਆਂ ਵਲੋਂ ਆਪਣੇ ਦੁਆਰਾ ਬਣਾਏ ਗਏ ਵਡੇ ਪ੍ਰੋਜੈਕਟਾਂ ਦਾ ਵੇਰਵਾ ਦੇਕੇ ਜਨਤਾ ਦੀ ਕਚਹਿਰੀ ਵਿਚ ਤੁਹਾਡੇ ਉਪਰ ਇਲਜਾਮ ਲਗਾਏ ਜਾ ਰਹੇ ਹਨ ਤਾਂ ਇਸਦਾ ਜਵਾਬ ਦਿੰਦਿਆਂ ਬਰਾੜ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਡੰਡਾਤੰਤਰ ਦਾ ਸਹਾਰਾ ਲੈਕੇ ਆਮ ਜਨਤਾ ਨੂੰ ਲੁਟਿਆ ਤੇ ਕੁਟਿਆ ਹੈ ਤੇ ਅਕਾਲੀ ਕਿਸ ਮੂੰਹ ਨਾਲ ਉਨ੍ਹਾਂ ਉਪਰ ਸਵਾਲ ਚੁਕ ਰਹੇ ਕਿਉਂਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਪ੍ਰੋਜੈਕਟਾਂ ਦੇ ਨਾਲ-ਨਾਲ ਮਾਵਾਂ ਦੇ ਪੁਤਾਂ ਨੂੰ ਆਪਣੇ ਨਿਜੀ ਮੁਫਾਦ ਲਈ ਨਸ਼ੇ ਦੀ ਦਲ-ਦਲ ਵਿਚ ਧਕ ਦਿਤਾ ਤੇ ਕਈ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਵੀ ਹਥ ਧੋਣਾ ਪੈ ਗਿਆ ।ਉਨ੍ਹਾਂ ਕਿਹਾ ਕਿ ਗਲੀਆਂ ਅਤੇ ਨਾਲੀਆਂ ਤੋਂ ਸ਼ੁਰੂ ਕਰਕੇ ਉਹ ਸ਼ਹਿਰ ਅੰਦਰ ਵਡੇ ਕੰਮ ਵੀ ਕਰਨ ਜਾ ਰਹੇ ਹਨ ਤੇ ਆਮ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਕ ਪਾਸੜ ਬਿਆਨਬਾਜ਼ੀ ਦੇ ਪਿਛੇ ਨਾ ਲਗ ਲੋਕ ਜ਼ਮੀਨੀ ਹਕੀਕਤ ਨੂੰ ਦੇਖਦਿਆਂ ਖੁਦ ਜਜਮੈਂਟ ਕਰਨ । ਆਮ ਜਨਤਾ ਦੀ ਕਚਹਿਰੀ ਵਿਚ ਜਿਥੇ ਵਡੀ ਗਿਣਤੀ ਵਿਚ ਲੋਕਾਂ ਦੁਆਰਾ ਸ਼ਹਿਰ ਅੰਦਰ ਹੋ ਰਹੇ ਕੰਮਾਂ ਤੋਂ ਸੰਤੁਸ਼ਟਾ ਪ੍ਰਗਟਾਈ ਉਥੇ ਹੀ ਕਈ ਲੋਕਾਂ ਨੇ ਬਰਾੜ ਪਾਸੋਂ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਧੀਮੀ ਗਤੀ ਤੋਂ ਤੇਜ ਕਰਨ ਦੀ ਸਲਾਹ ਦਿਤੀ ।
– ਮੁਕੇਸ਼ ਨੋਹਰੀਆ
ਪੱਤਰਕਾਰ ‘ਪੰਜਾਬ ਟਾਇਮੜ’
ਬਾਘਾ ਪੁਰਾਣਾ
ਸੰਪਰਕ: 97803-41916