ਮੋਹਾਲੀ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਸਬੰਧੀ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਸਬੰਧੀ ਇਥੋਂ ਦੇ ਫੇਜ਼-6 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਚ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸ੍ਰੀ ਚੰਦੂਮਾਜਰਾ ਨੇ ਵਡੀ ਸਕਰੀਨ ‘ਤੇ ਪੰਜਾਬ ਦੇ ਭਖਦੇ ਮਸਲਿਆਂ ਅਤੇ ਲੋਕ ਸਭਾ ਵਿਚ ਚੁਕੇ ਗਏ ਮੁਦਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ ਅਤੇ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਮੁਹਾਲੀ ਸਮੇਤ ਸਮੁਚੇ ਸ੍ਰੀ ਅਨੰਦਪੁਰ ਸਾਹਿਬ ਦੀ ਤਰਕੀ ਅਤੇ ਲੋਕਾਂ ਨੂੰ ਰੇਲ ਸੇਵਾ ਅਤੇ ਮੁਹਾਲੀ ਤੋਂ ਸ੍ਰੀ ਹਜ਼ੂਰ ਸਾਹਿਬ ਤਕ ਸਿਧੀ ਉਡਾਣ ਸ਼ੁਰੂ ਕਰਨ ਸਮੇਤ ਹੋਰ ਸਹੂਲਤਾਂ ਨੂੰ ਵਡੀਆਂ ਪ੍ਰਾਪਤੀ ਦਸਿਆ।
ਇਸ ਮੌਕੇ ਉਘੇ ਸਿਖ ਵਿਦਵਾਨ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਸ੍ਰੀ ਚੰਦੂਮਾਜਰਾ ਵਲੋਂ ਸੰਸਦ ਵਿਚ ਪੰਜਾਬ ਦੇ ਭਖਦੇ ਮਸਲਿਆਂ ਨੂੰ ਉਸਾਰੂ ਅਤੇ ਬੇਬਾਕੀ ਨਾਲ ਚੁਕਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਚੰਦੂਮਾਜਰਾ ਵਲੋਂ ਸਿਖਾਂ ਦੀ ਕਾਲੀ ਸੂਚੀ ਖ਼ਤਮ ਕਰਾਉਣ, ਰੇਲਵੇ ਦੇ ਕੰਮ, ਕੇਂਦਰੀ ਆਵਾਜਾਈ ਮੰਤਰਾਲੇ ਤੋਂ ਸੜਕਾਂ ਮਨਜ਼ੂਰ ਕਰਵਾਈਆਂ ਹਨ। ਲਿਹਾਜ਼ਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਅਜਿਹੇ ਆਗੂਆਂ ਦਾ ਦੇਸ਼ ਦੀ ਪਾਰਲੀਮੈਂਟ ਵਿਚ ਚੁਣ ਕੇ ਜਾਣਾ ਬੇਹਦ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਾਰਲੀਮੈਂਟ ਵਿਚ 2 ਮਿੰਟ ਦਾ ਮੌਨ ਰਖਣਾ, ਅੰਡੇਮਾਨ ਦੀ ਜੇਲ ਵਿਚ ਪੰਜਾਬੀਆਂ ਵਲੋਂ ਕੀਤੀਆਂ ਕੁਰਬਾਨੀਆਂ, ਭਗਤ ਸਿੰਘ, ਊਧਮ ਸਿੰਘ ਤੇ ਹੋਰ ਸ਼ਹੀਦਾਂ ਬਾਰੇ ਮਸਲੇ ਚੁਕ ਕੇ ਉਨ੍ਹਾਂ ਨੂੰ ਇਤਿਹਾਸ ਵਿਚ ਢੁਕਵੀਂ ਥਾਂ ਦਵਾਈ ਹੈ। ਮੁਹਾਲੀ ਦੇ ਹਲਕਾ ਇੰਚਾਰਜ ਤੇਜਿੰਦਰਪਾਲ ਸਿੰਘ ਸਿਧੂ ਅਤੇ ਖਰੜ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿਲ ਨੇ ਵੀ ਲੋਕਾਂ ਨੂੰ ਸ੍ਰੀ ਚੰਦੂਮਾਜਰਾ ਦੇ ਹਕ ਵਿਚ ਫਤਵਾ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਪਹਿਰੇਦਾਰੀ ਕਰਨ ਲਈ ਕੋਈ ਕਸਰ ਨਹੀਂ ਛਡੀ ਹੈ। ਆਪਣੀਆਂ ਪ੍ਰਾਪਤੀਆਂ ਬਾਰੇ ਦਸਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁਹਾਲੀ ਤੋਂ ਨਾਂਦੇੜ ਸਾਹਿਬ ਤਕ ਸਿਧੀ ਹਵਾਈ ਉਡਾਣ ਸ਼ੁਰੂ ਕਰਵਾਉਣਾ, ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਨਵਾਂ ਸ਼ਹਿਰ ਤੋਂ ਵਾਇਆ ਜਲੰਧਰ ਰੇਲ ਸੇਵਾ ਸ਼ੁਰੂ ਕਰਵਾਈ ਗਈ। ਪੰਜਾਬ ਦੇ 7 ਜ਼ਿਲ੍ਹਿਆਂ ਵਿਚ ਗੈਸ ਪਾਈਪ ਲਾਈਨ ਦੀ ਸੁਵਿਧਾ, ਨੈਸ਼ਨਲ ਹਾਈਵੇਅ ਲਈ 40 ਕਰੋੜ ‘ਚੋਂ 10 ਕਰੋੜ ਸ੍ਰੀ ਅਨੰਦਪੁਰ ਸਾਹਿਬ ਲਈ ਖਰਚ ਕੀਤੇ, 872 ਕਰੋੜ ਬਿਸਤ ਦੁਆਬ ਨਹਿਰ ਨੂੰ ਪਕਾ ਕਰਨ ਲਈ ਮਨਜ਼ੂਰ ਕਰਵਾਉਣਾ, 100 ਕਰੋੜ ਦਾ ਲਾਗਤ ਨਾਲ ਬਿਆਸ ਕੰਡੀ ਕੈਨਾਲ ਨੂੰ ਪਕਾ ਬਣਾਉਣ ਲਈ ਮਨਜ਼ੂਰ ਕਰਵਾਉਣ ਸਮੇਤ ਹੋਰ ਅਨੇਕਾਂ ਹੀ ਕਾਰਜ ਕੀਤੇ ਗਏ ਹਨ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਜਸਵੰਤ ਸਿੰਘ ਭੁਲਰ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ, ਅਰੁਣ ਸ਼ਰਮਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਸੋਹਲ, ਸਕਤਰ ਜਨਰਲ ਪਰਮਜੀਤ ਸਿੰਘ ਕਾਹਲੋਂ, ਯੂਥ ਆਗੂ ਹਰਮਨਜੋਤ ਸਿੰਘ ਕੁੰਭੜਾ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਆਰ ਪੀ ਸ਼ਰਮਾ, ਜਸਬੀਰ ਕੌਰ ਅਤਲੀ, ਰਮਨਦੀਪ ਕੌਰ, ਰਜਨੀ ਗੋਇਲ, ਅਸ਼ੋਕ ਝਾਅ, ਫੂਲਰਾਜ ਸਿੰਘ, ਸੁਰਿੰਦਰ ਸਿੰਘ ਰੋਡਾ, ਸੁਖਦੇਵ ਸਿੰਘ ਪਟਵਾਰੀ, ਕਮਲਜੀਤ ਸਿੰਘ ਰੂਬੀ (ਸਾਰੇ ਕੌਂਸਲਰ), ਰਣਬੀਰ ਸਿੰਘ ਗਰੇਵਾਲ, ਅਮਰ ਸਿੰਘ ਰੰਧਾਵਾ, ਗੁਰਚਰਨ ਸਿੰਘ ਨੰਨੜਾ, ਸਰਬਜੀਤ ਸਿੰਘ ਪਾਰਸ, ਜਸਪ੍ਰੀਤ ਸਿੰਘ ਸੋਨੀ ਬੜੀ, ਕਰਮਜੀਤ ਸਿੰਘ, ਗੁਰਪ੍ਰਤਾਪ ਸਿੰਘ ਬੜੀ, ਅਮਰਜੀਤ ਹਿਰਦੇ, ਅਮਰਜੀਤ ਸਿੰਘ ਪਟਿਆਲਵੀ, ਹਰਸੰਗਤ ਸਿੰਘ ਸੋਹਾਣਾ, ਕੁਲਦੀਪ ਸਿੰਘ ਭਿੰਡਰ ਸਮੇਤ ਵਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।
– ਗੁਰਵਿੰਦਰ ਸਿੰਘ ਰਾਣਾ
ਪੱਤਰਕਾਰ ‘ਪੰਜਾਬ ਟਾਇਮਜ਼’ ਮੋਹਾਲੀ