May 13, 2026 3:19 pm

ਬਰਨਾਲਾ ਸ਼ਹਿਰ ’ਚ ਹਰ ਬਾਰ ਸਰਕਾਰ ਦੇ ਉਲਟ ਬਣਦਾ ਹੈ ਵਿਧਾਇਕ

ਕੋਈ ਖਾਸ ਵਿਕਾਸ ਨਾ ਹੋਣ ਕਰਕੇ ਲੋਕਾਂ ਨੂੰ ਬੈਠਣਾ ਪੈਂਦਾ ਹੈ ਚੁੱਪ

ਸ਼ਹਿਰ ਬਰਨਾਲਾ ਰਾਜਨੀਤੀ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ ਅਤੇ ਛੋਟਾ ਜਾ ਸ਼ਹਿਰ ਹੋਣ ਦੇ ਨਾਤੇ ਇਸ ਸ਼ਹਿਰ ਨੂੰ ਹਰ ਆਮ ਅਤੇ ਖਾਸ ਵਿਸ਼ੇਸ਼ ਤੋਰ ਤੇ ਜਾਣਦਾ ਹੈ। ਪਰ ਜੇਕਰ ਇਸ ਸ਼ਹਿਰ ਦੇ ਵਿਕਾਸ ਵੱਲ ਝਾਤੀ ਮਾਰੀ ਜਾਵੇ ਤਾਂ ਸ਼ਹਿਰ ਦਾ ਕੋਈ ਵਿਸ਼ੇਸ਼ ਵਿਕਾਸ ਨਹੀਂ ਹੋਇਆ, ਹਾਂ ਲੇਕਿਨ ਇਸ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਸ.ਕੇਵਲ ਸਿੰਘ ਢਿੱਲੋਂ ਸਦਕਾ ਜਰੂਰ ਮਿਲ ਗਿਆ। ਸ਼ਹਿਰ ਦਾ ਕੋਈ ਖਾਸ ਵਿਕਾਸ ਨਾ ਹੋਣ ਦਾ ਮੁੱਖ ਕਾਰਣ ਇਹ ਵੀ ਹੈ ਕਿ ਹਰ ਵਾਰ ਸਰਕਾਰ ਤੋਂ ਉਲਟ ਐਮ.ਐਲ.ਏ.ਵਿਜੇਤਾ ਬਣ ਜਾਂਦਾ ਹੈ। ਜਿਸ ਕਰਕੇ ਪਰਨਾਲਾ ਉਥੇ ਦਾ ਉਥੇ ਹੀ ਰਹਿ ਜਾਂਦਾ ਹੈ। ਪਿਛਲੇ 15 ਸਾਲਾਂ ਦੀ ਰਾਜਨੀਤੀ ਤੇ ਜੇਕਰ ਝਾਤ ਮਾਰੀ ਜਾਵੇ ਤਾਂ 2 ਬਾਰ ਕਾਂਗਰਸ ਦੇ ਸ.ਕੇਵਲ ਸਿੰਘ ਢਿੱਲੋਂ ਬਰਨਾਲਾ ਦੇ ਵਿਧਾਇਕ ਬਣੇ, ਪ੍ਰੰਤੂ ਉਨ੍ਹਾਂ ਦੋਵਾਂ ਬਾਰ ਸਰਕਾਰ ਅਕਾਲੀ ਦਲ ਦੀ ਹੀ ਬਣੀ। ਤੀਸਰੀ ਵਾਰ ਫ਼ਿਰ ਤੋਂ ਸ.ਕੇਵਲ ਸਿੰਘ ਢਿੱਲੋਂ ਚੋਣ ਮੈਦਾਨ ਵਿੱਚ ਉਤਰੇ, ਪ੍ਰੰਤੂ ਤੀਸਰੀ ਬਾਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਦੇ ਵਿਧਾਇਕ ਬਣੇ, ਜਦੋਂਕਿ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਬਣ ਗਈ। ਹਰ ਵਾਰ ਸਰਕਾਰ ਦੇ ਉਲਟ ਐਮ.ਐਲ. ਏ.ਬਣਨ ਕਾਰਣ ਵਿਕਾਸ ਕੁਝ ਖਾਸ ਨਹੀਂ ਹੁੰਦਾ ਅਤੇ ਬਰਨਾਲਾ ਨਿਵਾਸੀਆਂ ਨੂੰ ਆਖਿਰ ਚੁੱਪ ਕਰਕੇ ਹੀ ਬੈਠਣਾ ਪੈਂਦਾ ਹੈ। ਹੁਣ ਜੇਕਰ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤਾਂ 2009 ਵਿੱਚ ਸੰਗਰੂਰ ਲੋਕ ਸਭਾ ਸੀਟ ਤੋਂ ਵਿਜੈਇੰਦਰ ਸਿੰਗਲਾ ਨੂੰ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾ ਕੇ ਕੇਂਦਰ ਵਿੱਚ ਭੇਜਿਆ ਸੀ। ਉਸਤੋਂ ਬਾਅਦ ਫ਼ਿਰ ਤੋਂ ਲੋਕ ਸਭਾ ਸੰਗਰੂਰ ਸੀਟ ਤੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਚੋਣ ਦੰਗਲ ਵਿੱਚ ਉਤਰੇ ਪ੍ਰੰਤੂ ਆਮ ਆਦਮੀ ਪਾਰਟੀ ਦੀ ਚੱਲ ਰਹੀ ਹਵਾ ਕਾਰਣ ਉਨ੍ਹਾਂ ਨੂੰ ਭਗਵੰਤ ਮਾਨ ਤੋਂ ਹਾਰ ਦੇਖਣੀ ਪਈ। ਵਿਕਾਸ ਦਾ ਫ਼ਿਰ ਕੁਝ ਵੀ ਨਹੀਂ ਬਣਿਆ। ਹੁਣ ਜੇਕਰ ਮੌਜੂਦਾ ਹਲਾਤਾਂ ਦੀ ਗੱਲ ਕਰੀਏ ਤਾਂ ਆਮ ਆਦਮ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਸੀਟ ਤੋਂ ਫ਼ਿਰ ਤੋਂ ਭਗਵੰਤ ਮਾਨ ਨੂੰ ਥਾਪੜਾ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ.ਸਿਮਰਨਜੀਤ ਸਿੰਘ ਮਾਨ ਵੀ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਾਂ ਫ਼ਿਲਹਾਲ ਅਜੇ ਤੱਕ ਉਮੀਦਵਾਰ ਦਾ ਕੋਈ ਵੀ ਸਾਫ਼ ਨਹੀਂ ਹੋਇਆ, ਪੰ੍ਰਤੂ ਅਫ਼ਵਾਹ ਇਹ ਫੈਲ ਰਹੀ ਹੈ ਕਿ ਢੀਂਡਸਾ ਪਰਿਵਾਰ ਦਾ ਹੀ ਕੋਈ ਮੈਂਬਰ ਲੋਕ ਸਭਾ ਸੀਟ ਸੰਗਰੂਰ ਤੋਂ ਉਮੀਦਵਾਰ ਹੋ ਸਕਦਾ ਹੈ। ਉਥੇ ਹੀ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਸੰਗਰੂਰ ਲੋਕ ਸਭਾ ਸੀਟ ਲਈ ਤਾਂ ਚੋਣ ਲੜਨ ਦੇ ਇਛੁਕਾਂ ਵੱਲੋਂ ਭਾਵੇਕਿ ਖੁੱਲਕੇ ਐਲਾਨ ਨਹੀਂ ਕੀਤਾ ਜਾ ਰਿਹਾ, ਪ੍ਰੰਤੂ ਸਾਬਕਾ ਉਪ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਵਿਜੈਇੰਦਰ ਸਿੰਗਲਾ ਦੀ ਪਤਨੀ ਦੀਪਾ ਸਿੰਗਲਾ, ਸ.ਕੇਵਲ ਸਿੰਘ ਢਿੱਲੋਂ ਦੇ ਸਪੁੱਤਰ ਕਰਨ ਢਿੱਲੋਂ ਅਤੇ ਧੂਰੀ ਤੋਂ ਐਮ.ਐਲ.ਏ.ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਕੌਰ ਵੱਲੋਂ ਲੋਕ ਸਭਾ ਸੀਟ ਸੰਗਰੂਰ ਤੋਂ ਚੋਣ ਲੜਨ ਦੀ ਇੱਛਾ ਸਾਫ਼ ਜਿਤਾਈ ਦਿੰਦੀ ਦਿੱਖ ਰਹੀ ਹੈ। ਪ੍ਰੰਤੂ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਸੰਗਰੂਰ ਲੋਕ ਸਭਾ ਸੀਟ ਲਈ ਅਜੇ ਤੱਕ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਹੁਣ ਦੇਖਣਾ ਇਹ ਹੈ ਕਿ ਇੰਨ੍ਹਾਂ ਚਾਰਾਂ ਵਿੱਚੋਂ ਕਾਂਗਰਸ ਹਾਈਕਮਾਂਡ ਕਿਸਦੀ ਝੋਲੀ ਵਿੱਚ ਟਿਕਟ ਪਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋਕ ਸਭਾ ਚੋਣਾਂ ਲਈ ਜਦੋਂ ਲੋਕਾਂ ਦੀ ਪ੍ਰਤੀਕਿਰਿਆ ਜਾਣੀ ਤਾਂ ਲੋਕਾਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹਾਂ ਤਾਂ ਜਰੂਰ ਬਣਿਆ ਹੈ, ਪਰ ਵਿਕਾਸ ਕੋਈ ਖਾਸ ਨਹੀਂ ਹੋਇਆ। ਇਸ ਲਈ ਉਹ ਵੋਟਾਂ ਉਸ ਉਮੀਦਵਾਰ ਨੂੰ ਹੀ ਪਾਉਣਗੇ ਜੋ ਵਿਕਾਸ ਨੂੰ ਪਹਿਲ ਦਿੰਦਿਆਂ ਬਰਨਾਲਾ ਸ਼ਹਿਰ ਦੀ ਨੁਹਾਰ ਬਦਲਗੇ। ਹੁਣ ਦੇਖਣਾ ਇਹ ਹੈ ਕਿ ਇਸ ਬਾਰ ਵੀ ਬਰਨਾਲਾ ਦਾ ਵਿਕਾਸ ਹੋਵੇਗਾ ਜਾਂ ਫ਼ਿਰ ਪਹਿਲਾਂ ਵਾਂਗ ਹੀ ਪਰਨਾਲਾ ਉਥੇ ਦਾ ਉਥੇ ਰਹੇਗਾ। ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ?

Send this to a friend