May 13, 2026 2:24 pm

ਸੜਕੀ ਦੁਰਘਟਨਾਵਾਂ ਤੋਂ ਬਚਣ ਲਈ ਟਰੈਫ਼ਿਕ ਨਿਯਮਾਂ ’ਤੇ ਅਮਲ ਜ਼ਰੂਰੀ

ਹਰ ਸਾਲ ਦੇਸ਼ ਅੰਦਰ ਕੌਮੀ ਸੜਕ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਸੂਬੇ ਦੇ ਅੰਦਰ ਹਰ ਜ਼ਿਲ੍ਹਾ ਵਿਚ ਟਰੈਫ਼ਿਕ ਪੁਲਿਸ ਟਰੈਫ਼ਿਕ ਸੁਰੱਖਿਆ ਹਫ਼ਤਾ ਮਨਾਉਂਦੀ ਹੈ ਅਤੇ ਵੱਖ ਵੱਖ ਢੰਗਾਂ ਜਿਵੇਂ ਸੜਕਾਂ ਦੇ ਕਿਨਾਰੇ ਖੜਕੇ ਹੱਥਾਂ ਵਿਚ ਸਾਈਨ ਬੋਰਡ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੀ ਹੈ। ਪਿੰਡਾਂ ਅਤੇ ਸ਼ਹਿਰਾਂ ਅੰਦਰ ਰੈਲੀਆਂ ਅਤੇ ਸਕੂਲਾਂ ਅੰਦਰ ਸੜਕੀ ਨਿਯਮਾਂ ਬਾਰੇ ਸੈਮੀਨਾਰ ਕਰਵਾਉਂਦੀ ਹੈ। ਸੜਕ ਸੁਰੱਖਿਆ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਹਰੇਕ ਨਾਗਰਿਕ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜਿਸ ਨੂੰ ਸਹੀ ਢੰਗ ਨਾਲ ਅਪਣਾ ਕੇ ਅਸੀਂ ਮੌਤ ਦੇ ਮੂੰਹ ਵਿਚ ਜਾਣ ਵਾਲੀਆਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਾਂ। ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਸੜਕ ਸੁਰੱਖਿਆ ਹਫ਼ਤਾ ਸਮਾਰੋਹ ਕੀਤੇ ਜਾਂਦੇ ਹਨ ਤੇ ਨਿੱਤ ਵਧ ਰਹੇ ਸੜਕ ਹਾਦਸਿਆਂ ’ਤੇ ਚਿੰਤਾ ਜਤਾਈ ਜਾਂਦੀ ਹੈ। ਸੜਕ ਸੁਰੱਖਿਆ ਹਫ਼ਤਾ ਮਨਾਉਣ ਦੀ ਕਾਰਵਾਈ ਮਹਿਜ਼ ਸਕੂਲਾਂ ਕਾਲਜਾਂ ਵਿਚ ਰੈਲੀਆਂ, ਕਾਰਡ ਗੇਮਾਂ, ਕੁਇਜ਼ ਤੇ ਪੋਸਟਰ ਮੁਕਾਬਲਿਆਂ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ ਬਲਕਿ ਇਸ ਨੂੰ ਅਮਲੀ ਰੂਪ ਦੇਣਾ ਲਾਜ਼ਮੀ ਬਣਦਾ ਹੈ ਤੇ ਪੂਰਾ ਸਾਲ ਸਾਨੂੰ ਇਸ ’ਤੇ ਪਹਿਰਾ ਦੇਣਾ ਚਾਹੀਦਾ ਹੈ।
ਪੰਜਾਬ ’ਚ ਨਿੱਤ ਵਧਦੀਆਂ ਸੜਕ ਦੁਰਘਟਨਾਵਾਂ ਤੇ ਸੈਂਕੜੇ ਲੋਕਾਂ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪੂਰੇ ਭਾਰਤ ਅੰਦਰ ਹਰ ਸਾਲ ਸੜਕ ਦੁਰਘਟਨਾਵਾਂ 13 ਲਖ ਲੋਕਾਂ ਲਈ ਮੌਤ ਦਾ ਕਾਰਨ ਬਣਦੀਆਂ ਹਨ ਅਤੇ ਪੰਜ ਕਰੋੜ ਨੂੰ ਜ਼ਖਮੀ ਅਤੇ ਵੱਖ ਵੱਖ ਅੰਗਾਂ ਤੋਂ ਅਪਾਹਜ ਕਰਦੀਆਂ ਹਨ। ਵਿਸ਼ਵ ਸਿਹਤ ਸੰਸਥਾ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੂਰੀ ਦੁਨੀਆਂ ਵਿਚ ਸੜਕ ਟਰੈਫ਼ਿਕ ਨੂੰ ਸੁਰੱਖਿਅਤ ਨਾ ਬਣਾਇਆ ਗਿਆ ਤਾਂ 2020 ਤੱਕ ਇਹ ਮੌਤਾਂ ਦੁੱਗਣੀਆਂ ਹੋ ਜਾਣਗੀਆਂ। ਔਸਤਨ ਸਾਡੇ ਦੇਸ਼ ’ਚ 57 ਸੜਕ ਦੁਰਘਟਨਾਵਾਂ ਪ੍ਰਤੀ ਘੰਟਾ ਹੋ ਰਹੀਆਂ ਹਨ ਅਤੇ 17 ਦੇ ਕਰੀਬ ਵਿਅਕਤੀ ਮੌਤ ਦੇ ਮੂੰਹ ’ਚ ਜਾ ਰਹੇ ਹਨ। ਇਨ੍ਹਾਂ ਹਾਦਸਿਆਂ ਦਾ ਜ਼ਿਆਦਾ ਸ਼ਿਕਾਰ 15 ਤੋਂ 34 ਸਾਲ ਤੱਕ ਦੇ ਨੌਜਵਾਨ ਹੋ ਰਹੇ ਹਨ। ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਪੰਜਾਬ ਭਰ ’ਚ ਲੰਘੇ ਵਰ੍ਹੇ ਦੌਰਾਨ 6638 ਸੜਕ ਹਾਦਸੇ ਹੋਏ ਅਤੇ 4893 ਲੋਕਾਂ ਦੀ ਮੌਤ ਹੋ ਗਈ। ਸਾਲ 2012 ਅਤੇ 2013 ਵਿਚ ਪੰਜਾਬ 5253 ਅਤੇ 5426 ਸੜਕ ਹਾਦਸੇ ਹੋਏ ਜਿਨ੍ਹਾਂ ਵਿਚ 3320 ਅਤੇ 3357 ਲੋਕ ਮੌਤ ਦਾ ਸ਼ਿਕਾਰ ਹੋ ਗਏ। ਫ਼ਾਜ਼ਿਲਕਾ ਕੋਲ ਟਰੱਕ ਅਤੇ ਜੀਪ ਦੀ ਧੁੰਦ ਕਾਰਨ ਹੋਈ ਟੱਕਰ ’ਚ 13 ਅਧਿਆਪਕਾਂ ਦੀ ਬੇਵਕਤੀ ਮੌਤ ਵਰਗੇ ਭਿਆਨਕ ਹਾਦਸਿਆਂ ਦੀਆਂ ਖ਼ਬਰਾਂ ਪੜ੍ਹ ਕੇ ਦਿਲ ਕੰਬ ਉਠਦਾ ਹੈ।
ਜ਼ਿਆਦਾਤਰ ਸੜਕ ਹਾਦਸੇ ਵਾਹਨਾਂ ਦੀ ਤੇਜ਼ ਰਫ਼ਤਾਰੀ, ਨਸ਼ਾ ਕਰ ਕੇ ਗੱਡੀ ਚਲਾਉਣ, ਰਾਤ ਨੂੰ ਤੇਜ਼ ਤੇ ਚਮਕਦਾਰ ਲਾਈਟਾਂ ਦੀ ਵਰਤੋਂ ਕਾਰਨ, ਮੋਬਾਈਲ ਫ਼ੋਨ ਦੀ ਵਰਤੋਂ, ਆਵਾਰਾ ਪਸ਼ੂਆਂ ਦੇ ਸੜਕਾਂ ਉਪਰ ਘੁੰਮਣ ਕਰ ਕੇ, ਟੁੱਟੀਆਂ ਤੇ ਇਕਹਿਰੀਆਂ ਸੜਕਾਂ ਕਰ ਕੇ ਅਤੇ ਵਾਹਨ ਚਾਲਕਾਂ ਦੀ ਥਕਾਵਟ ਤੇ ਉਨੀਂਦਰਾ ਪਨ ਹੋਣ, ਮਾੜੀ ਸਿਹਤ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ’ਚ ਵਾਹਨ ਚਲਾਉਣ ਕਰ ਕੇ ਹੁੰਦੇ ਹਨ। ਇੰਜਨ ਦੀ ਖ਼ਰਾਬੀ, ਮੋਟਰ ਗੱਡੀਆਂ ਦੀ ਸਮੇਂ ਸਿਰ ਸਰਵਿਸ ਦੇਖਭਾਲ ਹਾਦਸਿਆਂ ਦਾ ਕਾਰਨ ਹਨ। ਇਹਨਾਂ ਹੀ ਸੜਕ ਹਾਦਸਿਆਂ ਵਿਚ ਸਾਧਾਰਨ ਰਾਹਗੀਰਾਂ ਤੋਂ ਇਲਾਵਾ ਦੇਸ਼ ਦੇ ਸਾਬਕਾ ਰਾਸ਼ਟਰਪਤੀ, ਚੋਟੀ ਦੇ ਖਿਡਾਰੀ, ਕਲਾਕਾਰ, ਵਿਗਿਆਨੀ, ਡਾਕਟਰ ਕਈ ਕੈਬਨਿਟ ਮੰਤਰੀ, ਅਤੇ ਹੋਰ ਕਈ ਵੱਡੇ-ਵੱਡੇ ਅਧਿਕਾਰੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਕਈ ਤਾਂ ਵਿਚਾਰੇ ਪੂਰੇ ਪਰਿਵਾਰਾਂ ਸਮੇਤ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਸੜਕ ਸੁਰੱਖਿਆ ਦੇ ਕੁੱਝ ਮਹੱਤਵਪੂਰਨ ਨਿਯਮ ਜੋ ਸਾਰਿਆਂ ਨੂੰ ਧਿਆਨ ’ਚ ਰੱਖਣੇ ਚਾਹੀਦੇ ਹਨ ਜਿਵੇਂ ਕਿ ਸੜਕ ’ਤੇ ਚੱਲਣ ਸਮੇਂ ਹਮੇਸ਼ਾ ਖੱਬੇ ਪਾਸੇ ਚੱਲੋ। ਚਲਦੇ ਸਮੇਂ ਜਾਂ ਵਾਹਨ ਨੂੰ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ ਨਾ ਕਰੋ। ਨਾਬਾਲਗ ਵਾਹਨ ਨਾ ਚਲਾਉਣ, ਸੜਕ ਹਮੇਸ਼ਾ ਜ਼ੈਬਰਾ ਕਰਾਸਿੰਗ ਤੋਂ ਪਾਰ ਕਰੋ। ਕੋਈ ਵੀ ਨਸ਼ਾ, ਸ਼ਰਾਬ ਪੀ ਕੇ ਵਾਹਨ ਨਾ ਚਲਾਓ। ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਜਾਂ ਪੱਗ ਬੰਨ੍ਹਣੀ ਚਾਹੀਦੀ ਹੈ। ਓਵਰਟੇਕ ਸਮਝਦਾਰੀ ਨਾਲ ਹੀ ਕਰੋ।ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਗਾਓ। ਸਾਈਡ ਵਾਲਾ ਸ਼ੀਸ਼ਾ ਡਰਾਈਵਰ ਦੀ ਤੀਜੀ ਅੱਖ ਹੈ। ਇਸ ਰਾਹੀਂ ਸਮੇਂ-ਸਮੇਂ ਤੋਂ ਪਿਛੋਂ ਆਉਂਦੇ ਵਾਹਨਾਂ ਨੂੰ ਵਾਚਦੇ ਰਹੋ।ਵਾਹਨਾਂ ਦੇ ਇੰਡੀਕੇਟਰਾਂ ਦੀ ਮੁੜਨ ਸਮੇਂ ਵਰਤੋਂ ਜ਼ਰੂਰ ਕਰੋ। ਬੱਤੀਆਂ ਵਾਲੇ ਚੌਕ ’ਤੇ ਲਾਲ ਬੱਤੀ ਹੋਣ ’ਤੇ ਵਹੀਕਲ ਨੂੰ ਰੋਕੋ, ਪੀਲੀ ਬੱਤੀ ਜਗਣ ’ਤੇ ਚੱਲਣ ਲਈ ਤਿਆਰ ਹੋ ਜਾਓ ਅਤੇ ਹਰੀ ਬੱਤੀ ਜਗਣ ’ਤੇ ਹੀ ਚੌਕ ਪਾਰ ਕਰੋ। ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਟ੍ਰੈਫਿਕ ਇਸ਼ਾਰਿਆਂ ਤੇ ਅਮਲ ਕਰੋ। ਲਿੰਕ ਰੋਡ ਤੋਂ ਮੁੱਖ ਸੜਕ ’ਤੇ ਚੜ੍ਹਨ ਸਮੇਂ ਸਪੀਡ ਬਰੇਕ ਲੱਗੇ ਹੁੰਦੇ ਹਨ। ਗੱਡੀ ਦੀ ਰਫ਼ਤਾਰ ਹੌਲੀ ਕਰੋ, ਰੁਕੋ, ਪਹਿਲਾਂ ਸੱਜੇ ਪਾਸੇ ਵੇਖੋ, ਫਿਰ ਖੱਬੇ ਪਾਸੇ ’ਤੇ ਸੜਕ ’ਤੇ ਚੜ੍ਹਨ ਦੀ ਕੋਸ਼ਿਸ਼ ਕਰੋ।
ਵਹੀਕਲਾਂ ਦੇ ਅਗਲੇ ਤੇ ਪਿਛਲੇ ਪਾਸੇ ਰਿਫ਼ਲੈਕਟਰ ਲਗਾਉਣ ਨਾਲ ਸੜਕ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ। ਚਾਲਕਾਂ ਨੂੰ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਕਰਵਾਉਣ, ਨਸ਼ਿਆਂ ਦੀ ਵਰਤੋਂ ਨਾ ਕਰਨ, ਨਿਰਧਾਰਿਤ ਗਤੀ ’ਤੇ ਵਾਹਨ ਚਲਾਉਣ, ਢੋਆ-ਢੁਆਈ ਵਾਲੇ ਵਾਹਨਾਂ ਨੂੰ ਓਵਰਲੋਡ ਨਾ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ। ਸਫ਼ਰ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਏ ਹਨ। ਪਰ ਅਸੀਂ ਸੜਕ ’ਤੇ ਚਲਦੇ ਪ੍ਰਵਾਹ ਨਹੀਂ ਕਰਦੇ। ਸੜਕ ਸੁਰੱਖਿਆ ਦੇ ਵਿਸ਼ੇ ਨੂੰ ਸਕੂਲਾਂ ਵਿਚ ਲਾਜ਼ਮੀ ਕਰਨ ਦੀ ਜ਼ਰੂਰਤ ਹੈ। ਸਾਨੂੰ ਆਪਣੇ ਫ਼ਰਜ਼ ਗੰਭੀਰਤਾ ਨਾਲ ਨਿਭਾਉਣੇ ਚਾਹੀਦੇ ਹਨ ਤੇ ਸੜਕੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਆਓ ਟ੍ਰੈਫਿਕ ਨਿਯਮਾਂ ਨੂੰ ਅਪਣਾਈਏ ਅਤੇ ਜ਼ਿੰਦਗੀ ਨੂੰ ਦੁਰਘਟਨਾਵਾਂ ਤੋਂ ਬਚਾਈਏ।

Send this to a friend