ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਵੱਡੇ ਯਤਨ ਆਰੰਭੇ ਗਏ ਹਨ। ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਇਸ ਵਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਰਾਰੀ ਹਾਰ ਹੋਵੇਗੀ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਕਾਂਗਰਸ ਵੱਲੋਂ ਇਸ ਮਕਸਦ ਲਈ ਵਿਰੋਧੀ ਸਿਆਸੀ ਪਾਰਟੀਆਂ ਨੂੰ ਇਕਜੁੱਟ ਕਰਨ ਦੇ ਯਤਨ ਵੀ ਹੋ ਰਹੇ ਹਨ। ਇਸ ਦੇ ਨਾਲ ਹੀ ਨਵੇਂ ਸਿਆਸੀ ਪ੍ਰੋਗਰਾਮ ਦਿੱਤੇ ਜਾ ਰਹੇ ਹਨ। ਇਸ ਤਹਿਤ ਹੀ ਦੇਸ਼ ਦੇ ਹਰੇਕ ਗਰੀਬ ਲਈ ਘੱਟੋ-ਘੱਟ ਆਮਦਨ ਦੀ ਗਾਰੰਟੀ ਦੇਣ ਦਾ ਨਾਅਰਾ ਦਿੱਤਾ ਗਿਆ ਹੈ। ਕਾਂਗਰਸ ਪ੍ਰਧਾਨ ਅਤੇ ਉਨ੍ਹਾਂ ਦੇ ਸਹਿਯੋਗੀ ਨੇਤਾਵਾਂ ਵੱਲੋਂ ਲਗਾਤਾਰ ਦੇਸ਼ ਭਰ ਦੇ ਦੌਰੇ ਕੀਤੇ ਜਾ ਰਹੇ ਹਨ। ਕਾਂਗਰਸ ਹੁਕਮਰਾਨ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਘੇਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਭ੍ਰਿਸ਼ਟਾਚਾਰ ਦੇ ਮੁੱਦੇ ਉਪਰ ਵੀ ਕਾਂਗਰਸ ਲਗਾਤਾਰ ਹਮਲਾਵਰ ਰੁੱਖ ਅਪਣਾ ਰਹੀ ਹੈ। ਕਾਂਗਰਸ ਦਾ ਯਤਨ ਹੈ ਕਿ ਦੇਸ਼ ਦੇ ਸਾਰੇ ਵਰਗਾਂ ਨੂੰ ਨਾਲ ਜੋੜ ਕੇ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਜਾਵੇ। ਕਾਂਗਰਸ ਭਾਜਪਾ ਦੀਆਂ ਕਮਜ਼ੋਰੀਆਂ ਵਿੱਚੋਂ ਵੀ ਆਪਣੀ ਰਾਜਨੀਤੀ ਨੂੰ ਅੱਗੇ ਵਧਾਈਆਂ ਦੇ ਯਤਨ ਵਿੱਚ ਹੈ। ਭਾਈਚਾਰਕ ਸਾਂਝ ਦਾ ਮੁੱਦਾ ਇਸ ਸਮੇਂ ਵੱਡੀ ਅਹਿਮੀਅਤ ਅਖਤਿਆਰ ਕਰ ਗਿਆ ਹੈ। ਭਾਜਪਾ ਦੀ ਇਹ ਕਮਜ਼ੋਰ ਕੜੀ ਹੈ। 2014 ਵਿੱਚ ਭਾਜਪਾ ਵੱਲੋਂ ਲੋਕਾਂ ਨਾਲ ਵੱਡੇ-ਵੱਡੇ ਆਰਥਿਕ ਵਾਅਦੇ ਕੀਤੇ ਗਏ ਸਨ, ਪ੍ਰੰਤੂ ਉਨ੍ਹਾਂ ਨੂੰ ਨਿਭਾਇਆ ਨਹੀਂ ਗਿਆ। ਭਾਜਪਾ ਆਪਣੀ ਇਸ ਅਸਫਲਤਾ ਨੂੰ ਫਿਰਕੂ ਨਾਅਰਿਆਂ ਅਤੇ ਕਾਰਵਾਈਆਂ ਨਾਲ ਛੁਪਾਉਣਾ ਚਾਹੁੰਦੀ ਹੈ। ਇਸ ਮਕਸਦ ਲਈ ਹੀ ਦੇਸ਼ ਵਿੱਚ ਧਰਮ ਦੇ ਆਧਾਰ ਉਪਰ ਸਫਬੰਦੀ ਬਣਾਉਣ ਦਾ ਯਤਨ ਕਰ ਰਹੀ ਹੈ। ਦੇਸ਼ ਦਾ ਵੱਡਾ ਹਿੱਸਾ ਇਸ ਕਾਰਨ ਹੀ ਭਾਜਪਾ ਨੂੰ ਪਸੰਦ ਨਹੀਂ ਕਰ ਰਿਹਾ। ਕਾਂਗਰਸ ਲਈ ਇਹ ਇਕ ਬੇਹਤਰ ਮੁੱਦਾ ਹੈ। ਕਾਂਗਰਸ ਵੱਲੋਂ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੂੰ ਵੀ ਅੱਗੇ ਲਿਆਂਦਾ ਗਿਆ ਹੈ ਤਾਂ ਜੋ ਵੋਟਰਾਂ ਨੂੰ ਕਾਂਗਰਸ ਦੀ ਵਿਰਾਸਤ ਨਾਲ ਜੋੜਿਆ ਜਾ ਸਕੇ। ਕਾਂਗਰਸ ਦੀ ਜਿੱਤ ਸਿਰਫ ਨਾਅਰਿਆਂ ਨਾਲ ਸੰਭਵ ਨਹੀਂ ਹੈ ਇਸ ਲਈ ਉਸ ਨੂੰ ਇਕ ਠੋਸ ਪ੍ਰੋਗਰਾਮ ਸਾਹਮਣੇ ਲਿਆਉਣਾ ਹੋਵੇਗਾ। ਸ਼੍ਰੀ ਰਾਹੁਲ ਗਾਂਧੀ ਨੂੰ ਆਪਣੀ ਰਾਜਸੀ ਸਰਗਰਮੀ ਲਈ ਵੀ ਇਕ ਰੋਡ ਮੈਪ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਵਧੇਰੇ ਪ੍ਰਭਾਵੀ ਤਰੀਕੇ ਨਾਲ ਲੋਕਾਂ ਵਿੱਚ ਵਿਚਰ ਸਕਣ। ਬੇਸ਼ਕ ਸ਼੍ਰੀ ਰਾਹੁਲ ਗਾਂਧੀ ਨੇ ਪਿਛਲੇ ਚਾਰ-ਪੰਜ ਸਾਲਾਂ ਵਿੱਚ ਆਪਣੇ ਸਿਆਸੀ ਕੱਦ ਨੂੰ ਕਾਫੀ ਉਚਾ ਕੀਤਾ ਹੈ। ਉਨ੍ਹਾਂ ਦੇ ਰਾਜਸੀ ਵਿਵਹਾਰ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ, ਪ੍ਰੰਤੂ ਉਨ੍ਹਾਂ ਦੀ ਕਾਮਯਾਬੀ ਇਸ ਗੱਲ ਵਿੱਚ ਹੈ ਕਿ ਉਹ ਭਾਰਤ ਦੇ ਆਮ ਜਨ ਮਾਣਸ ਦੀ ਨਬਜ਼ ਨੂੰ ਸਮਝਣ ਅਤੇ ਕੌਮੀ ਪੱਧਰ ’ਤੇ ਉਨ੍ਹਾਂ ਦੀ ਆਵਾਜ਼ ਬਣਨ। ਵਿਰੋਧੀ ਸਿਆਸੀ ਪਾਰਟੀਆਂ ਦੀ ਇੱਕਜੁਟਤਾ ਵੀ ਇਕ ਵੱਡਾ ਮੁੱਦਾ ਹੈ। ਕਾਂਗਰਸ ਨੂੰ ਵਧੇਰੇ ਸੀਟਾਂ ਦਾ ਲਾਲਚ ਛੱਡ ਕੇ ਸਾਰੀਆਂ ਪ੍ਰਮੁੱਖ ਵਿਰੋਧੀ ਸਿਆਸੀ ਧਿਰਾਂ ਨੂੰ ਨਾਲ ਲੈਣਾ ਚਾਹੀਦਾ ਹੈ। ਵੋਟਾਂ ਦੀ ਵੰਡ ਨੂੰ ਰੋਕ ਕੇ ਕਾਂਗਰਸ ਸਹਿਜ ਨਾਲ ਭਾਜਪਾ ਨੂੰ ਕਰਾਰੀ ਹਾਰ ਦੇ ਸਕਦੀ ਹੈ।
– ਬਲਜੀਤ ਸਿੰਘ ਬਰਾੜ