May 12, 2026 6:30 am

ਪਿਛਲੀਆਂ ਸਰਕਾਰਾਂ ਧਿਆਨ ਦਿੰਦੀਆਂ ਤਾਂ ਸ੍ਰੀ ਕਰਤਾਰਪੁਰ ਸਾਹਿਬ ਅੱਜ ਭਾਰਤ ’ਚ ਹੁੰਦਾ : ਮੋਦੀ

ਸਾਂਬਾ ਜ਼ਿਲ੍ਹੇ ’ਚ ਏਮਜ਼ ਦਾ ਨੀਂਹ ਪੱਥਰ ਰੱਖਿਆ

ਸ੍ਰੀਨਗਰ, 3 ਫ਼ਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜ ਇਕ ਦਿਨਾ ਦੌਰੇ ’ਤੇ ਜੰਮੂ-ਕਸ਼ਮੀਰ ਪਹੁੰਚੇ। ਉਹ ਸਭ ਤੋਂ ਪਹਿਲਾਂ ਲੇਹ ਗਏ ਅਤੇ ਇਸ ਮਗਰੋਂ ਜੰਮੂ ਪਹੁੰਚੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਂਦੀਪੋਰਾ, ਗੰਦਰਬਲ ਅਤੇ ਅਵੰਤੀਪੋਰਾ ’ਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸੂਬੇ ਦੇ ਰਾਜਪਾਲ ਸਤਿਆਪਾਲ ਮਲਿਕ ਵੀ ਇਥੇ ਮੌਜੂਦ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਦੇ ਵਿਜੈਪੁਰ ’ਚ ਇਕ ਰੈਲੀ ਨੂੰ ਸੰਬੋਧਿਤ ਕੀਤਾ ਅਤੇ ਸਾਬਕਾ ਸਰਕਾਰਾਂ ’ਤੇ ਨਿਸ਼ਾਨੇ ਸਾਧੇ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, ‘ਪਿਛਲੀਆਂ ਸਰਕਾਰਾਂ ’ਚ ਦੇਸ਼ ਦੀਆਂ ਲੋੜਾਂ ਅਤੇ ਭਾਵਨਾਵਾਂ ਨੂੰ ਅਣਦੇਖਿਆਂ ਕਰਨ ਦਾ ਰੁਝਾਨ ਸੀ। ਉਦਾਹਰਣ ਲਈ ਕਰਤਾਰਪੁਰ ਲਾਂਘੇ ਨੂੰ ਲੈ ਲਓ। ਜੇਕਰ ਉਨ੍ਹਾਂ ਨੇ ਧਿਆਨ ਦਿਤਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਦੀ ਇਹ ਭੂਮੀ ਅਜ ਭਾਰਤ ਦਾ ਹਿਸਾ ਹੁੰਦੀ।’ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਦਾ ਨੀਂਹ ਪਥਰ ਰਖਣ ਦੇ ਬਾਅਦ ਵਿਜੇਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਜਿਨ੍ਹਾਂ ਮੁਸ਼ਕਿਲ ਪਰਿਸਥਿਤੀਆਂ ਵਿਚ ਰਹਿੰਦੇ ਹੋ, ਹਰ ਮੁਸ਼ਕਿਲ ਨੂੰ ਚੁਣੌਤੀ ਦਿੰਦੇ ਹੋ, ਉਹ ਮੇਰੇ ਲਈ ਬਹੁਤ ਵਡੀ ਪ੍ਰੇਰਣਾ ਹੁੰਦੀ ਹੈ ਕਿ ਤੁਸੀਂ ਸਭ ਲਈ ਹੋਰ ਡਟਕੇ ਕੰਮ ਕਰਨਾ ਹੈ, ਜੋ ਸਨੇਹ ਮੈਨੂੰ ਦਿੰਦੇ ਹੋ, ਉਹ ਵਿਆਜ਼ ਸਮੇਤ ਵਿਕਾਸ ਕਰਕੇ ਵਾਪਿਸ ਕਰਨਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਤੇਜ਼ੀ ਨਾਲ ਕੰਮ ਕਰਨਾ ਹੈ, ਲਟਕਾਉਣ ਅਤੇ ਭੜਕਾਉਣ ਦੀ ਸੰਸਕ੍ਰਿਤੀ ਨੂੰ ਦੇਸ਼ ਪਿਛੇ ਛਡ ਚੁਕਿਆ ਹੈ। ਉਨ੍ਹਾਂ ਕਿਹਾ ਕਿ ਅਗਲੇ 5 ਸਾਲ ਵਿਚ ਇਸ ਲਟਕਾਉਣ ਅਤੇ ਭੜਕਾਉਣ ਦੀ ਸੰਸਕ੍ਰਿਤੀ ਨੂੰ ਦੇਸ਼ ਨਿਕਾਲਾ ਦੇਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੌਸਮ ਤੁਹਾਡੇ ਸਭ ਲਈ ਮੁਸ਼ਕਿਲਾਂ ਲੈ ਕੇ ਆਉਂਦਾ ਹੈ। ਬਿਜਲੀ ਅਤੇ ਪਾਣੀ ਦੀ ਸਮਸਿਆ ਹੁੰਦੀ ਹੈ, ਬਿਮਾਰੀ ਦੀ ਸਥਿਤੀ ਵਿਚ ਪ੍ਰੇਸ਼ਾਨੀ ਹੁੰਦੀ ਹੈ। ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬਧ ਹੈ, ਇਸ ਲਈ ਮੈਂ ਖੁਦ ਵਾਰ–ਵਾਰ ਲੇਹ–ਲਦਾਖ ਅਤੇ ਜੰਮੂ–ਕਸ਼ਮੀਰ ਆਉਂਦਾ ਰਹਿੰਦਾ ਹਾਂ। ਉਨ੍ਹਾਂ ਕਿਹਾ ਕਿ ਅਜ ਜਿਨ੍ਹਾਂ ਪਰਿਯੋਜਨਾਵਾਂ ਦਾ ਲੋਕ ਅਰਪਣ ਕੀਤਾ ਅਤੇ ਨੀਂਹ ਪਥਰ ਰਖਿਆ ਹੈ, ਉਨ੍ਹਾਂ ਤੋਂ ਜਿਥੇ ਬਿਜਲੀ ਮਿਲਣ ਦੇ ਨਾਲ ਲੇਹ–ਲੱਦਾਖ ਦੀ ਦੇਸ਼ ਅਤੇ ਦੁਨੀਆ ਦੇ ਦੂਜੇ ਸ਼ਹਿਰਾਂ ਨਾਲ ਕੁਨੇਕਟਿਵਿਟੀ ਸੁਧਰੇਗੀ, ਸੈਲਾਨੀ ਵਧਣਗੇ, ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਥੇ ਹੀ ਰੈਲੀ ਦੌਰਾਨ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਹਰ ਕਦਮ ’ਚ ਖੜ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਸਰਹਦ ਪਾਰੋਂ ਗੋਲੀਬਾਰੀ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਵੀ ਉਹ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਦੀ ਸੁਰਖਿਆ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

Send this to a friend