1947 ਵਿੱਚ ਅਸੀਂ ਆਜ਼ਾਦ ਹੋ ਗਏ ਸਾਂ ਅਤੇ 1950 ਵਿੱਚ ਅਸੀਂ ਗਣਤੰਤਰ ਵੀ ਬਣ ਗਏ ਸਾਂ। 1952 ਵਿੱਚ ਅਸੀਂ ਮੁਲਕ ਅੰਦਰ ਚੋਣਾਂ ਕਰਵਾਕੇ ਰਾਜਸੀ ਲੋਕਾਂ ਦੀ ਸਰਕਾਰ ਵੀ ਬਣਾ ਲਈ ਸੀ। ਉਦੋਂ ਤੋਂ ਅਜ ਤਕ ਅਸੀਂ ਵੋਟਾਂ ਪਾਕੇ ਆਪਣੀ ਸਰਕਾਰ ਚੁਣਦੇ ਆ ਰਹੇ ਹਾਂ ਅਤੇ ਇਹ ਵੀ ਇਕ ਸਚਾਈ ਹੈ ਕਿ ਅਜ ਤਕ ਅਸੀਂ ਹਰਮਨਪਿਆਰੀ ਸਰਕਾਰ ਸਥਾਪਿਤ ਨਹੀਂ ਕਰ ਸਕੇ। ਇਹ ਰਾਜਸੀ ਲੋਕੀਂ ਹੀ ਆਪਣੇ ਆਦਮੀ ਖੜੇ ਕਰਦੇ ਰਹੇ ਹਨ ਅਤੇ ਅਸੀਂ ਰਾਜਸੀ ਲੋਕਾਂ ਦੀ ਕੀਤੀ ਚੋਣ ਉਤੇ ਆਪਣੀ ਸਹੀ ਪਾਉਂਦੇ ਰਹੇ ਹਾਂ। ਅਰਥਾਤ ਇਹ ਚੁਣੇ ਗਏ ਆਦਮੀ ਸਾਡੀ ਨੁਮਾਇੰਦਗੀ ਨਹੀਂ ਸਨ ਕਰਦੇ ਬਲਕਿ ਇਹ ਤਾਂ ਰਾਚਜਸੀ ਪਾਰਟੀਆਂ ਦੇ ਮੁਖੀਆਂ ਦੇ ਚੁਣੇ ਗਏ ਨੁਮਾਇੰਦੇ ਹੀ ਹੁੰਦੇ ਸਨ ਅਤੇ ਆਕਾ ਦਾ ਹੁਕਮ ਮਨਣਾ ਹੀ ਇਨ੍ਹਾਂ ਲਈ ਲਾਜ਼ਮੀ ਸੀ। ਨਾਂ ਤਾਂ ਇਹ ਆਦਮੀ ਲੋਕਾਂ ਦੇ ਨੁਮਾਇੰਦੇ ਹੁੰਦੇ ਸਨ, ਨਾ ਹੀ ਇਨ੍ਹਾਂ ਨੂੰ ਲੋਕਾਂ ਦੀ ਮੁਸ਼ਕਿਲਾਂ ਦੀ ਕੋਈ ਸਮਝ ਸੀ ਅਤੇ ਨਾ ਹੀ ਇਹ ਜਾਣਦੇ ਸਨ ਕਿ ਇਹ ਲੋਕਾਂ ਦੇ ਸੇਵਕ ਹਨ ਅਤੇ ਲੋਕਾਂ ਦੀ ਸੇਵਾ ਕਰਨੀ ਇਨ੍ਹਾਂ ਦੀ ਡਿਊਟੀ ਹੀ ਹੈ। ਇਹ ਤਾਂ ਸਦਨਾ ਵਿੱਚ ਜਾ ਬੈਠਦੇ ਸਨ ਅਤੇ ਆਕਾਂ ਦੇ ਹੁਕਮ ਮੁਤਾਬਿਕ ਵੋਟ ਵੀ ਪਾਉਣ ਉਤੇ ਮਜਬੂਰ ਸਨ। ਇਸ ਲਈ ਇਸ ਮੁਲਕ ਵਿੱਚ ਨਾ ਤਾਂ ਆਜ਼ਾਦੀ ਹੀ ਆ ਸਕੀ ਸੀ ਅਤੇ ਨਾ ਹੀ ਸਹੀ ਕਿਸਮ ਦਾ ਪਰਜਾਤੰਤਰ ਹੀ ਆ ਸਕਿਆ ਸੀ। ਲੋਕਾਂ ਦੀਆਂ ਮੁਸ਼ਕਿਲਾਂ ਉਸੇ ਤਰ੍ਹਾਂ ਖੜੀਆਂ ਰਹੀਆਂ ਸਨ ਅਤੇ ਸਹੀ ਗਲ ਤਾਂ ਇਹ ਵੀ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਸੀ ਲਗਾ ਕਿ ਉਹ ਆਜ਼ਾਦ ਹੋਏ ਹਨ ਅਤੇ ਇਥੇ ਕੋਈ ਪਰਜਾਤੰਤਰ ਹੀ ਆਇਆ ਹੈ।
ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਇਹ ਦਸਦਾ ਹੈ ਕਿ ਇਸ ਮੁਲਕ ਵਿੱਚ ਖਾਨਦਾਨੀ ਰਾਜ ਅਤੇ ਉਹ ਵੀ ਵਿਅਕਤੀਵਿਸ਼ੇਸ਼ਾਂ ਰਾਹੀਂ ਹੀ ਚਲਦਾ ਆ ਰਿਹਾ ਹੈ ਅਤੇ ਇਹੀ ਵਿਅਕਤੀਵਿਸ਼ੇਸ਼ ਤਾਨਾਸ਼ਾਹ ਬਣਕੇ ਰਾਜ ਕਰਦਾ ਰਿਹਾ ਹੈ। ਬਹੁਤ ਹੀ ਘਟ ਰਾਸ਼ਟਰੀ ਮਸਲੇ ਸਦਨਾ ਵਿੱਚ ਵਿਚਾਰੇ ਜਾਂਦੇ ਰਹੇ ਹਨ ਅਤੇ ਕਾਰਵਾਈ ਕਰਕੇ ਸਦਨਾ ਪਾਸੋਂ ਰਸਮੀ ਜਿਹੀ ਇਜਾਜ਼ਿਤ ਲੈਣ ਦਾ ਮਤਲਬ ਇਹ ਰਿਹਾ ਹੈ ਕਿ ਇਹ ਵੀ ਇਕ ਕਿਸਮ ਦੀ ਤਾਨਾਸ਼ਾਹੀ ਰਹੀ ਹੈ ਅਤੇ ਇਹ ਗਲਾਂ ਪਰਜਾਤੰਤਰ ਦੀਆਂ ਬੁਨਿਆਦਾ ਹੀ ਨਹੀਂ ਸਨ ਬਣਨ ਦੇ ਰਹੀਆਂ। ਦੇਖਾਂ ਦੇਖੀ ਇਹੀ ਖਾਨਦਾਨੀ ਅਤੇ ਵਿਅਕਤੀ ਵਿਸ਼ੇਸ਼ਾਂ ਦਾ ਰਾਜ ਪ੍ਰਾਂਤਾਂ ਵਿੱਚ ਵੀ ਬਣ ਗਿਆ ਅਤੇ ਇਸ ਤਰ੍ਹਾਂ ਦਾ ਰਾਜ ਚਲਦਿਆਂ ਅਜ ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ।
ਅਸੀਂ ਇਹ ਵੀ ਦੇਖ ਲਿਆਂ ਹੈ ਕਿ ਇਸ ਦੇਸ਼ ਵਿੱਚ ਇਹ ਜਿਹੜੀਆਂ ਰਾਜਸੀ ਪਾਰਟੀਆਂ ਬਣਦੀਆ ਰਹੀਆਂ ਹਨ ਉਹ ਵੀ ਇਹ ਵਿਅਕਤੀਵਿਸ਼ੇਸ਼ ਹੀ ਬਣਾਉਂਦੇ ਰਹੇ ਹਨ ਅਤੇ ਅਸਾਂ ਇਹ ਵੀ ਦੇਖਿਆ ਹੈ ਕਿ ਇਹ ਸਾਰੇ ਦੇ ਸਾਰੇ ਰਾਜਸੀ ਲੋਕਾਂ ਦੀ ਕਿਸਮ ਇਕ ਹੀ ਹੈ ਅਤੇ ਇਹ ਰਾਜਸੀ ਪਾਰਟੀਆਂ ਵੀ ਕਿਸੇ ਸਿਧਾਂਤ ਉਤੇ ਕਾਇਮ ਨਹੀਂ ਕੀਤੀਆਂ ਜਾਂਦੀਆਂ ਰਹੀਆਂ ਬਲਕਿ ਮਹਿਜ਼ ਟੀਮਾਂ ਸਨ ਅਤੇ ਇਹ ਰਾਜਸੀ ਮੰਚ ਉਤੇ ਕੋਈ ਕੰਮ ਕਰਨ ਲਈ ਨਹੀਂ ਆਉਂਦੀਆਂ ਰਹੀਆਂ ਬਲਕਿ ਇਉਂ ਲਗਦਾ ਹੈ ਕਿ ਇਹ ਦੌਸਤਾਨਾ ਮੈਚ ਖੇਡਦੀਆਂ ਰਹੀਆਂ ਹਨ ਅਤੇ ਇਸ ਤਰ੍ਹਾਂ ਕਦੀ ਕੋਈ ਜਿਤ ਗਿਆ, ਕਦੀ ਕੋਈ ਜਿਤ ਗਿਆ ਅਤੇ ਪੰਜ ਸਾਲ ਰਾਜ ਕਰਕੇ ਜਾਂਦਾ ਰਿਹਾ ਅਤੇ ਮੁਲਕ ਦੇ ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ।
ਇਹ ਖਾਨਦਾਨ ਅਤੇ ਇਹ ਵਿਅਕਤੀ ਵਿਸ਼ੇਸ਼ ਆਪਣੀਆਂ ਪਾਰਟੀਆਂ ਵਿੱਚ ਕਿਸ ਆਧਾਜਰ ਉਤੇ ਭਰਤੀ ਕਰਦੇ ਰਹੇ ਹਨ, ਇਹ ਗਲਾਂ ਵੀ ਅਜ ਤਕ ਸਾਥੋਂ ਛੁਪਾਈਆਂ ਜਾਂਦੀਆਂ ਰਹੀਆਂ ਹਲ ਅਤੇ ਇਹ ਗਲ ਵੀ ਪ੍ਰਤਖ ਹੋ ਆਉਂਦੀ ਹੈ ਕਿ ਸਾਡੇ ਸੰਵਿਧਾਨ ਵਿੱਚ ਵੀ ਇਹ ਚੈਪਟਰ ਨਹੀਂ ਬਨਾਉਣ ਦਿਤਾ ਗਿਆ ਜਿਸ ਵਿੱਚ ਰਾਜਸੀ ਲੋਕਾਂ ਦੀ ਉਮਰ, ਸਿਹਤ, ਵਿਦਿਆ, ਸਿਖਲਾਈ, ਤਜਰਬਾ, ਮੁਹਾਰਤ ਅਤੇ ਲਿਆਕਤ ਨਿਸਚਿਤ ਕੀਤੀ ਜਾਵੇ। ਇਹ ਗਲਾਂ ਵੀ ਅਜ ਤਕ ਸਾਥੋਂ ਛੁਪਾਈਆਂ ਜਾਂਦੀਆਂ ਰਹੀਆਂ ਹਨ ਕਿ ਕਿਸ ਆਧਾਰ ਉਤੇ ਟਿਕਟਾ ਦੀ ਵੰਡ ਕੀਤੀ ਜਾਂਦੀ ਰਹੀ ਹੈ। ਇਹ ਵੀ ਅਜ ਤਕ ਨਹੀਂ ਦਸਿਆ ਗਿਆ ਕਿ ਰਾਜਸੀ ਪਾਰਟੀਆਂ ਪਾਸ ਇਤਨੀ ਵਡੀ ਰਕਮ ਆਉਂਦੀ ਕਿਥੋਂ ਰਹੀ ਹੈ। ਕਈ ਵਾਰੀਂ ਇਹ ਗਲਾਂ ਵੀ ਚਰਚਾ ਵਿੱਚ ਆਉਂਦੀਆਂ ਰਹੀਆਂ ਹਨ ਕਿ ਪੈਸੇ ਵਾਲੇ ਰਾਜਸੀ ਪਾਰਟੀਆਂ ਦੀਆਂ ਟਿਕਟਾ ਖਰੀਦਦੇ ਵੀ ਰਹੇ ਹਨ।
ਲੋਕਾਂ ਦੀ ਸਮਝ ਵਿੱਚ ਇਹ ਵੀ ਨਹੀਂ ਆਉਣ ਦਿਤਾ ਗਿਆ ਕਿ ਇਹ ਜਲਸੇ, ਇਹ ਜਲੂਸ, ਇਹ ਰੈਲੀਆਂ ਵਿੱਚ ਇਤਨਾ ਇਕਠ ਕਿਵੇਂ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਇਕਠ ਕੀਤਾ ਕਾਸ ਲਈ ਜਾਂਦਾ ਰਿਹਾ ਹੈ। ਇਹ ਗਲਾਂ ਵੀ ਚਲਦੀਆਂ ਰਹੀਆਂ ਹਨ ਕਿ ਇਹ ਇਕਠ ਪੈਸੇ ਅਤੇ ਦਿਹਾੜੀਆਂ ਦੇਕੇ ਕੀਤਾ ਜਾਂਦਾ ਰਿਹਾ ਹੈ ਅਤੇ ਨਾਹਰੇਬਾਜ਼ੀਆਂ ਕਰਨ ਵਾਲਿਆਂ ਨੂੰ ਵਾਧੂ ਪੈਸੇ ਮਿਲਦੇ ਰਹੇ ਹਨ।
ਇਹ ਸਾਰੀਆਂ ਗਲਾਂ ਸਾਡੀ ਸਮਝ ਵਿੱਚ ਤਾਂ ਆ ਗਈਆਂ ਹਨ, ਪਰ ਅਸੀਂ ਅਜ ਤਕ ਇਹ ਨਹੀਂ ਆਖ ਸਕੇ ਕਿ ਇਹ ਕਮੀਆਂ ਦੂਰ ਕੀਤੀਆਂ ਜਾਣ ਅਤੇ ਨਾ ਹੀ ਅਸੀਂ ਇਹ ਹੀ ਆਖ ਸਕੇ ਹਾਂ ਕਿ ਹਰ ਉਮੀਦਵਾਰ ਬਾਰੇ ਸਾਨੂੰ ਦਸਿਆ ਜਾਵੇ ਕਿ ਇਹ ਕਿਹੜੇ ਆਧਾਰ ਹਨ ਜਿਨ੍ਹਾਂ ਦੇ ਅਧਾਰ ਉਤੇ ਇਹ ਉਮੀਦਵਾਰ ਬਣਾਇਆ ਗਿਆ ਹੈ। ਅਸੀਂ ਤਾਂ ਅਜ ਤਕ ਇਹ ਵੀ ਨਹੀਂ ਆਖ ਸਕੇ ਕਿ ਹਰ ਪਾਰਟੀ ਆਪਣੀ ਸੰਭਾਵੀ ਕੈਬਨਿਕ ਦਾ ਐਲਾਨ ਵੀ ਕਰੇ ਅਤੇ ਇਹ ਵੀ ਦਸੇ ਕਿ ਇਹ ਮਹਿਕਮਿਆਂ ਦੇ ਮੰਤਰੀਆਂ ਦੀਆਂ ਕਿਹੜੀਆਂ ਖਾਸ ਯੌਗਤਾਵਾਂ ਹਨ ਜਿਨ੍ਹਾਂ ਨੂੰ ਸਾਹਮਣੇ ਰਖਕੇ ਇਹ ਆਦਮੀ ਕਿਸੇ ਖਾਸ ਮਹਿਕਮੇ ਦਾ ਇਨਚਾਰਜ ਬਣਾ ਦਿਤਾ ਗਿਆ ਹੈ।
ਸਾਨੂੰ ਇਹ ਵੀ ਦਸਿਆ ਜਾਂਦਾ ਰਿਹਾ ਹੈ ਕਿ ਇਸ ਮੁਲਕ ਦੇ ਲੋਕੀਂ ਹੀ ਮੁਲਕ ਦੇ ਮਾਲਕ ਹਨ ਅਤੇ ਬਾਕੀ ਇਹ ਸਾਡੇ ਚੁਣੇ ਜਾਂਦੇ ਵਿਧਾਇਕ ਅਤੇ ਇਹ ਨਿਯੁਕ ਕੀਤੇ ਅਫਸਰ ਅਤੇ ਕਰਮਚਾਰੀ ਸਾਡੇ ਸੇਵਕ ਹਨ, ਪਰ ਇਹ ਰਸਮੀ ਗਿਲਾਂ ਹੀ ਹਨ ਅਤੇ ਸਾਡੀ ਸਮਝ ਵਿੱਚ ਇਹ ਵੀ ਆ ਰਿਹਾ ਹੈ ਕਿ ਜਿਹੜਾ ਵੀ ਚੁਣਿਆ ਗਿਆ ਜਾਂ ਨਿਯੁਕ ਹੋ ਗਿਆ ਉਹ ਮਾਲਕਾਂ ਦੀ ਹੈਸੀਆਂ ਬਣਾ ਲੈਂਦਾ ਹੈ। ਅਸੀਂ ਇਹ ਵੀ ਦੇਖਦੇ ਆ ਰਹੇ ਹਾਂ ਕਿ ਵਿਧਾਇਕਾਂ ਨੇ ਆਪਣੀਆਂ ਤਨਖਾਹਾਂ ਬਣਾ ਲਿਤੀਆਂ ਹਨ, ਪੈਨਸ਼ਨਾ ਬਣਾ ਲਿਤੀਆਂ ਹਨ ਅਤੇ ਵਡੇ ਖਰਚੇ ਕਰਕੇ ਇਲਾਜ ਵੀ ਕਰਵਾ ਲੈਂਦੇ ਹਨ ਅਤੇ ਇਸੇ ਤਰ੍ਹਾਂ ਅਫਸਰਾ ਅਤੇ ਕਰਮਚਾਰੀਆਂ ਲਈ ਤਨਖਾਹ ਕਮਿਸ਼ਨ ਤਕ ਬਣ ਜਾਂਦੇ ਰਹੇ ਹਨ ਅਤੇ ਤਨਖਾਹਾ, ਮਹਿੰਗਾਈ ਭਤਾ, ਪੈਨਸ਼ਨਸ਼ਨਾ ਆਦਿ ਦੀਆਂ ਸਹੂਲਤਾ ਵੀ ਬਣ ਆਈਆਂ ਹਨ, ਪਰ ਇਹੋ ਜਿਹੀਆਂ ਸਹੂਲਤਾਂ, ਮਾਲਕਾਂ ਅਰਥਾਤ ਲੋਕਾਂ ਲਈ ਨਿਰਧਾਰਿਤ ਨਹੀਂ ਕੀਤੀਆਂ ਗਈਆਂ। ਪਿਛਲੇ ਸਤ ਦਹਾਕਿਆਂ ਵਿੱਚ ਵਿਧਾਇਕਾ ਅਤੇ ਮੁਲਾਜ਼ਮਾਂ ਦੀ ਹਾਲਤ ਬਿਹਤਰ ਹੁੰਦੀ ਰਹੀ ਹੈ ਅਤੇ ਇਹ ਗਲ ਵੀ ਸਾਡੀ ਸਮਝ ਵਿੱਚ ਆ ਗਈ ਹੈ ਕਿ ਲੋਕਾਂ ਦੀ ਹਾਲਤ ਬਿਹਤਰ ਨਹੀਂ ਕੀਤੀ ਜਾ ਸਕੀ।
ਇਹ ਸਾਰਾ ਕੁਝ ਦੇਖਕੇ ਇਹ ਗਲ ਸਾਡੀ ਸਮਝ ਵਿੱਚ ਆ ਗਈ ਹੈ ਕਿ ਜੈਸੇ ਵੀ ਲੋਕ ਹੁੰਦੇ ਹਨ ਵੈਸੀ ਹੀ ਸਰਕਾਰ ਉਨ੍ਹਾਂ ਦੀ ਬਣ ਆਉਂਦੀ ਹੈ। ਅਗਰ ਇਹ ਕਮੀਆਂ ਹਨ ਤਾਂ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਕਮੀਆਂ ਰਾਜਸੀ ਲੋਕਾਂ ਵਿੱਚ ਤਾਂ ਹਨ ਹੀ ਪਰ ਸਾਡੇ ਵਿੱਚ ਵੀ ਕੋਈ ਕਮੀਆਂ ਹਨ ਜਿਨ੍ਹਾਂ ਕਾਰਣ ਸਾਡੀ ਇਹ ਹਾਲਤ ਬਣ ਆਈ ਹੈ। ਅਜ ਹੀ ਅਗਰ ਅਸੀਂ ਆਪਣੀ ਵੋਟ ਪਾਉਣ ਲਗਿਆ ਸਿਰਫ ਸਾਡੇ ਸਾਹਮਣੇ ਕੀਤੇ ਗਏ ਉਮੀਦਵਾਰ ਉਤੇ ਹੀ ਕੇਂਦ੍ਰਿਤ ਕਰ ਦਈਏ ਅਤੇ ਇਹ ਅੰਦਾਜ਼ਾ ਆਪ ਹੀ ਲਗਾ ਲਈਏ ਕਿ ਇਹ ਆਦਮੀ ਹੈ ਕੀ ਹੈ ਅਤੇ ਕੀ ਚੁਣਨ ਯ੍ਵੋਗ ਵੀ ਹੈ ਜਾਂ ਨਹੀਂ ਤਾਂ ਵੀ ਕਾਫੀ ਸੁਧਾਰ ਆ ਸਕਦਾ ਹੈ। ਇਸ ਲਈ ਇਸ ਵਾਰੀਂ ਦੀਆਂ ਚੋਣਾ ਵਿੱਚ ਸਾਨੂੰ ਇਹ ਗਲਾਂ ਧਿਆਨ ਵਿੱਚ ਰਖਕੇ ਵੋਟਾ ਪਾਉਣੀਆਂ ਹਨ।
ਸਾਨੂੰ ਇਹ ਗਲਾਂ ਯਾਦ ਰਖਣੀਆਂ ਹਨ ਕਿ ਸਾਡਾ ਮੁਲਕ ਹਰ ਤਰ੍ਹਾਂ ਨਾਲ ਅਮੀਰ ਹੈ ਅਤੇ ਇਹੀ ਕਾਰਣ ਰਿਹਾ ਹੈ ਇਸ ਉਤੇ ਹਮਲੇ ਕੀਤੇ ਜਾਂਦੇ ਰਹੇ ਹਨ ਅਤੇ ਸਾਡੀ ਲੁਟ ਕੀਤੀ ਜਾਂਦੀ ਰਹੀ ਹਹੈ। ਇਹ ਲੁਟੇਰੇ ਇਸ ਮੁਲਕ ਉਤੇ ਰਾਜ ਵੀ ਕਰਦੇ ਰਹੇ ਹਨ ਅਤੇ ਸਾਡਾ ਕੀ ਕੁਝ ਵਿਗਾੜ ਗਏ ਹਨ ਇਹ ਗਲਾਂ ਵੀ ਸਾਡੇ ਸਾਹਮਣੇ ਹਨ। ਇਹ ਰਾਜਸੀ ਲੋਕਾਂ ਨੇ ਸਾਡੇ ਨਾਲ ਕੀ ਕੁਝ ਕੀਤਾ ਹੈ ਇਹ ਗਲਾਂ ਵੀ ਸਾਡੇ ਸਾਹਮਣੇ ਹਨ ਅਤੇ ਅਗਰ ਅਸੀਂ ਸੁਧਾਈ ਨਹੀਂ ਕਰ ਪਾ ਰਹੇ ਤਾਂ ਇਹ ਸਾਡੀ ਗਲਤੀ ਹੈ। ਅਸੀਂ ਆਜ਼ਾਦ ਵੀ ਹਾਂ ਅਤੇ ਪਰਜਾਤੰਤਰ ਵੀ ਹਾਂ ਅਤੇ ਇਹ ਸਾਡਾ ਮੁਲਕ ਬਣ ਵੀ ਸਕਦਾ ਹੈ। ਕਮੀਆਂ ਸਾਡੇ ਵਿੱਚ ਹਨ ਅਤੇ ਇਸ ਲਈ ਵੋਟ ਦਾ ਅਧਿਕਾਰ ਸਹੀ ਢੰਗ ਨਾਲ ਵਰਤਿਆ ਜਾਣਾ ਚਾਹੀਦਾ ਹੈ।