May 11, 2026 9:10 pm

ਕਿਉਂ ਨਾਜਾਇਜ਼ ਵਿੱਕ ਰਹੀ ਸ਼ਰਾਬ ਨੂੰ ਰੋਕਿਆ ਨਹੀਂ ਜਾ ਰਿਹਾ?

ਜੰਡਿਆਲਾ ਗੁਰੂ- ਬੀਤੀ 10 ਸਾਲਾ ਪੰਜਾਬ ਸਰਕਾਰ ਤੋਂ ਦੁਖੀ ਹੋਕੇ ਪੰਜਾਬ ਦੀ ਜਨਤਾ ਨੇ ਕਾਂਗਰਸ ਦੇ ਹਕ ਵਿਚ ਵਡੀ ਪਧਰ ਤੇ ਵੋਟਾਂ ਨਾਲ ਉਹਨਾਂ ਦੇ ਉਮੀਦਵਾਰਾਂ ਨੂੰ ਜਿਤਾਕੇ ਪੰਜਾਬ ਵਿਚ ਕਾਂਗਰਸ ਦੀ ਸਪਸ਼ਟ ਬਹੁਮਤ ਨਾਲ ਸਰਕਾਰ ਬਣਵਾ ਦਿਤੀ ਅਤੇ ਜਨਤਾ ਬੇਫਿਕਰ ਹੋਕੇ ਇਹ ਵਿਸ਼ਵਾਸ਼ ਕਰਕੇ ਬੈਠ ਗਈ ਕਿ ਹੁਣ ਪੰਜਾਬ ਵਿਚ ਵਗ ਰਹੇ ਨਸ਼ੇ ਦੇ ਸਮੁੰਦਰ ਨੂੰ ਰੋਕ ਦਿਤਾ ਜਾਵੇਗਾ ਪਰ ਅਫਸੋਸ ਲਗਭਗ 20 ਮਹੀਨੇ ਬੀਤ ਜਾਣ ਤੇ ਵੀ ਪਰਨਾਲਾ ਉਥੇ ਦਾ ਉਥੇ ਹੀ ਦਿਖਾਈ ਦੇ ਰਿਹਾ ਹੈ । ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀ ਜਨਤਾ ਨੇ ਵੀ ਕਾਂਗਰਸ ਦੀਆਂ ਨੀਤੀਆਂ ਦੇ ਹਕ ਵਿਚ ਵੋਟਿੰਗ ਕਰਕੇ ਨੌਜਵਾਨ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਇਸ ਕਰਕੇ ਵਿਧਾਨ ਸਭਾ ਵਿਚ ਭੇਜਿਆ ਕਿਉਂ ਕਿ ਹਲਕਾ ਵਿਧਾਇਕ ਵਲੋਂ ਵਿਸ਼ੇਸ਼ ਤੋਰ ਤੇ ਮੁਹਲਾ ਸ਼ੇਖੂਪੁਰਾ ਨੂੰ ਗੋਦ ਵਿਚ ਲੈਂਦੇ ਹੋਏ ਕਿਹਾ ਸੀ ਕਿ ਕਾਂਗਰਸ ਪਾਰਟੀ ਇਸ ਮੁਹਲੇ ਵਿਚੋ ਨਸ਼ੇ ਦੀ ਦਲਦਲ ਨੂੰ ਖਤਮ ਕਰੇਗੀ । ਕਾਂਗਰਸ ਸਰਕਾਰ ਬਣਨ ਤੋਂ ਬਾਅਦ 2-4 ਮਹੀਨੇ ਸਖਤੀ ਜਰੂਰ ਹੋਈ ਅਤੇ ਸਭ ਨੇ ਇਕ ਵਾਰ ਹਥ ਪਿਛੇ ਕਰ ਲਏ ਕਿਉਂ ਕਿ ਹਲਕਾ ਵਿਧਾਇਕ ਨੇ ਵੀ ਕਿਸੇ ਨਸ਼ੇੜੀ ਦੀ ਸਿਫਾਰਸ਼ ਕਰਨ ਤੋਂ ਕਾਂਗਰਸੀ ਆਗੂਆਂ ਨੂੰ ਮਨ੍ਹਾ ਕਰ ਦਿਤਾ ਸੀ । ਇਥੋਂ ਤਕ ਕਿ 41ਫੌ ਪ੍ਰੋਗਰਾਮ ਦੇ ਤਹਿਤ ਖੁਦ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਪਰਮਪਾਲ ਸਿੰਘ ਨੇ ਵੀ ਮੁਹਲਾ ਸ਼ੇਖੂਪੁਰਾ ਦੀਆਂ ਗਲੀਆਂ, ਮੁਹਲਿਆਂ, ਚੌਂਕਾਂ ਵਿਚ ਜਾਕੇ ਚੇਤਾਵਨੀ ਦਿਤੀ ਸੀ ਕਿ ਨਸ਼ੇ ਦੇ ਸਮਗਲਰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ । ਪਰ ਅਫਸੋਸ ‘ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ‘ ਵਾਂਗ ਇਸ ਮੁਹਲੇ ਵਿਚ 2-4 ਦਿਨ ਹੀ ਸਖਤੀ ਰਹਿੰਦੀ ਹੈ ਫਿਰ ਨਜਾਇਜ ਸ਼ਰਾਬ ਦੇ ਵਪਾਰੀ ਅਤੇ ਨਸ਼ੇ ਦੇ ਤਸਕਰ ਆਪਣੇ ਵਪਾਰ ਵਿਚ ਲਗ ਜਾਂਦੇ ਹਨ । ਇਹ ਵੀ ਕਿਹਾ ਜਾਂਦਾ ਹੈ ਕਿ ਇਸ ਮੁਹਲੇ ਵਿਚ ਦਰਜਨਾਂ ਪਰਿਵਾਰ ਸ਼ਰਾਬ ਦੀ ਤਸਕਰੀ ਨਾਲ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ ਅਤੇ ਵਡੇ ਪਧਰ ਵਾਲੇ ਸਮਗਲਰਾਂ ਨੇ ਤਾਂ ਕਾਰਾਂ, ਕੋਠੀਆਂ ਵੀ ਪਾ ਰਖੀਆਂ ਹਨ ਸ਼ਹਿਰ ਵਿਚ ਇਸ ਗਲ ਨੂੰ ਲੈਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਪਹਿਲਾਂ ਤਾਂ ਅਕਾਲੀਆਂ ਉਪਰ ਨਸ਼ੇ ਦੀ ਸਮਗਲਿੰਗ ਦਾ ਇਲਜ਼ਾਮ ਲਗਾਇਆ ਜਾਂਦਾ ਸੀ ਪਰ ਕੀ ਕਾਂਗਰਸ ਸਰਕਾਰ ਇਸ ਨਸ਼ੇ ਦੇ ਸਮੁੰਦਰ ਦੀਆਂ ਲਹਿਰਾਂ ਨੂੰ ਬੰਦ ਕਰਨ ਵਿਚ ਅਸਮਰਥ ਹੈ ਜਾਂ ਫਿਰ ਮੁਹਲੇ ਦੇ ਖੁਦ ਕਾਂਗਰਸੀ ਆਗੂ ਇਹਨਾਂ ਲਹਿਰਾਂ ਦਾ ਆਨੰਦ ਮਾਣ ਰਹੇ ਹਨ।
– ਵਰੁਣ ਸੋਨੀ
ਪੱਤਰਕਾਰ ‘ਪੰਜਾਬ ਟਾਇਮਜ਼’
ਸੰਪਰਕ: 97800-07748

Send this to a friend