ਸ੍ਰੀ ਫ਼ਤਹਿਗੜ੍ਹ ਸਾਹਿਬ – ‘‘ਜਦੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਕੌਮ ਦੀ ਅਸੀਮਤ ਸ਼ਕਤੀ ਦੀ ਸਹੀ ਵਰਤੋਂ ਕਰਦੇ ਹੋਏ ਇਕ ਕੌਮੀ ਮਿਸ਼ਨ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਮਿੱਥ ਦਿੱਤਾ ਹੈ ਅਤੇ ਕੌਮ ਵੱਲੋਂ ਇਸ ਦਿਸ਼ਾ ਵੱਲ ਵੱਡੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ, ਫਿਰ ਕੌਮੀ ਨਿਸ਼ਾਨੇ ਤੋਂ ਪਰ੍ਹਾ ਹੋ ਕੇ ਕਦੇ ਬੇਗਮਪੁਰਾ, ਕਦੇ ਹਲੀਲੀ ਰਾਜ, ਕਦੇ ਕਸ਼ਮੀਰ ਦੀ ਤਰਜ਼ ਤੇ ਧਾਰਾ 370 ਲਾਗੂ ਕਰਨ ਦੀ ਗੱਲ, ਕਦੇ ਰਾਜ ਕਰੇਗਾ ਖ਼ਾਲਸਾ ਦੇ ਅਮਲ ਤਾਂ ਕੌਮੀ ਵੱਡਮੁੱਲੀ ਸ਼ਕਤੀ ਨੂੰ ਜਾਇਆ ਕਰਨ ਵਾਲੀਆ ਦੁਖਦਾਂਇਕ ਕਾਰਵਾਈਆ ਹਨ । ਕੌਮੀ ਨਿਸ਼ਾਨੇ ਅਤੇ ਮੰਜ਼ਿਲ ਨੂੰ ਵਾਰ-ਵਾਰ ਨਹੀਂ ਬਦਲਿਆ ਜਾ ਸਕਦੈ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 27 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋਈ ਇਕੱਤਰਤਾ ਵਿਚ ਉਠੇ ਵੱਖ-ਵੱਖ ਵਿਚਾਰਾਂ ਅਤੇ ਇਸ ਨਾਲ ਉਤਪੰਨ ਹੋਈ ਆਪਸੀ ਕੁੜੱਤਣ ਉਤੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 20ਵੀਂ ਸਦੀਂ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਉਸੇ ਸੋਚ ਤੇ ਅਧਾਰਿਤ ਖ਼ਾਲਿਸਤਾਨ ਦੀ ਕੌਮੀ ਪੱਖੀ ਲਹਿਰ ਨੂੰ ਪੂਰੇ ਜੋਬਨ ਤੇ ਲਿਆਂਦਾ । ਪਰ ਜੋ 27 ਜਨਵਰੀ ਨੂੰ ਚੰਡੀਗੜ੍ਹ ਵਿਖੇ ਇਕੱਤਰਤਾ ਹੋਈ ਹੈ, ਜੋ ਕਿ ਕੌਮੀ ਏਕਤਾ ਅਤੇ ਕੌਮੀ ਮਿਸ਼ਨ ਨੂੰ ਅੱਗੇ ਲਿਜਾਣ ਲਈ ਰੱਖੀ ਗਈ ਸੀ, ਉਸ ਵਿਚ ਕੋਈ ਵੀ ਇਕ ਰਾਇ ਨਾ ਬਨਣਾ ਹੋਰ ਵੀ ਚਿੰਤਾ ਵਾਲੀ ਗੱਲ ਹੈ। ਇਥੋਂ ਤੱਕ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਬਰਗਾੜੀ ਮੋਰਚੇ ਸੰਬੰਧੀ ਫਿਰ ਤੋਂ ਸਮਝਾਉਣਾ ਪਿਆ। ਇਸ ਦੀ ਬਦੌਲਤ ਸਿੱਖ ਕੌਮ ਦੀ ਬਦਨਾਮੀ ਹੀ ਹੋਈ ਹੈ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਸਿੱਖ ਆਗੂਆਂ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜ੍ਹਕ ਸਿੰਘ ਜੋ ਦੋ ਬੇੜੀਆ ਵਿਚ ਸਵਾਰ ਸਨ, ਉਹ ਕੌਮੀ ਮਿਸ਼ਨ ਨੂੰ ਪ੍ਰਾਪਤ ਨਾ ਕਰ ਸਕੇ। ਹਿੰਦੂ ਮੁਤੱਸਵੀਆਂ ਨਾਲ ਸਾਂਝ ਰੱਖਕੇ ਸਿੱਖ ਆਗੂ ਕੌਮੀ ਆਜ਼ਾਦੀ ਦੀ ਗੱਲ ਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਨ? ਕੌਮੀ ਮੁੱਦਿਆ ਉਤੇ ਤਾਂ ਦ੍ਰਿੜਤਾਂ ਨਾਲ ਬਾ-ਦਲੀਲ ਢੰਗ ਨਾਲ ਲਾਇਨ ਵਾਹਕੇ ਹੀ ਅਤੇ ਪਹਿਰਾ ਦੇ ਕੇ ਹੀ ਮੰਜ਼ਿਲ ਮਕਸੂਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ । ਸਾਡੇ ਉਪਰੋਕਤ ਆਗੂ ਨਾ ਇੱਧਰ ਦੇ ਰਹੇ ਅਤੇ ਨਾ ਹੀ ਉਧਰ ਦੇ ਰਹੇ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ਮੈਂ 5 ਸਾਲ ਫਿਰਕੂ ਹੁਕਮਰਾਨਾਂ ਦੀਆਂ ਕਾਲ-ਕੋਠੜੀਆਂ ਅਤੇ ਜੇਲ੍ਹ ਵਿਚ ਰਿਹਾ ਹਾਂ । ਕੌਮ ਨੇ ਦਾਸ ਨੂੰ ਜੇਲ੍ਹ ਵਿਚ ਬੈਠੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਮੁੱਖ ਸੇਵਾ ਦੀ ਬਖਸ਼ਿਸ਼ ਕਰ ਦਿੱਤੀ ਸੀ । ਜਦੋਂਕਿ ਜੇਲ੍ਹ ਵਿਚ ਬੈਠੇ ਹੋਏ ਨਾ ਤਾਂ ਮੈਨੂੰ ਬਾਹਰੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਸਹੀ ਜਾਣਕਾਰੀ ਮਿਲ ਸਕਦੀ ਸੀ ਅਤੇ ਨਾ ਹੀ ਬਾਹਰ ਵਿਚਰ ਰਹੀ ਲੀਡਰਸ਼ਿਪ ਦੀਆਂ ਕਾਰਵਾਈਆ ਤੋਂ । ਇਸ ਲਈ ਮੈਂ ਕੋਈ ਫੈਸਲਾ ਹੀ ਨਹੀਂ ਸੀ ਕਰ ਸਕਦਾ । ਤਦ ਹੀ ਤਾਂ ਮੈਂ ਸਿੱਖ ਕੌਮ ਵੱਲੋਂ ਦਿੱਤੀ ਇਸ ਸੇਵਾ ਨੂੰ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਦੇ ਸਪੁਰਦ ਕਰਦੇ ਹੋਏ ਉਨ੍ਹਾਂ ਨੂੰ ਇਹ ਜਿੰਮੇਵਾਰੀ ਨਿਭਾਉਣ ਦੀ ਬੇਨਤੀ ਕੀਤੀ ਸੀ। ਹੁਣ ਹਵਾਰਾ ਸਾਹਿਬ ਜੇਲ੍ਹ ਵਿਚ ਬੰਦੀ ਹਨ । ਉਨ੍ਹਾਂ ਨੂੰ ਨਾ ਤਾਂ ਬਾਹਰ ਵਿਚਰ ਰਹੀ ਕੌਮ ਦੀਆਂ ਭਾਵਨਾਵਾਂ ਅਤੇ ਨਾ ਹੀ ਸਿੱਖ ਲੀਡਰਸ਼ਿਪ ਦੀਆਂ ਕਾਰਵਾਈਆਂ ਜਾਂ ਵਿਚਾਰਾਂ ਦੀ ਸਹੀ ਜਾਣਕਾਰੀ ਮਿਲ ਰਹੀ ਹੈ। ਬਰਤਾਨੀਆ ਤੇ ਲੰਡਨ ਦੇ ਉਨ੍ਹਾਂ ਸਿੱਖਾਂ ਜੋ ਕੌਮੀ ਸੋਚ ਨੂੰ ਛੱਡ ਗਏ ਹਨ, ਉਹ ਵੀ ਹਵਾਰਾ ਸਾਹਿਬ ਨੂੰ ਗੁੰਮਰਾਹਕੁੰਨ ਜਾਣਕਾਰੀ ਭੇਜ ਰਹੇ ਹਨ । ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ, ਉਨ੍ਹਾਂ ਨੂੰ ਸਹੀ ਜਾਣਕਾਰੀ ਉਪਲਬਧ ਨਹੀਂ ਕਰਵਾਉਦੇ । ਜਦੋਂ ਉਨ੍ਹਾਂ ਨੂੰ ਸਹੀ ਜਾਣਕਾਰੀ ਹੀ ਪ੍ਰਾਪਤ ਨਹੀਂ ਹੋ ਰਹੀ ਤਾਂ ਉਹ ਸਹੀ ਫੈਸਲਾ ਕਿਵੇਂ ਕਰ ਸਕਣਗੇ? ਇਸ ਅਤਿ ਸੰਜ਼ੀਦਾ ਅਤੇ ਗੁੰਝਲਦਾਰ ਸਥਿਤੀ ਨੂੰ ਹਵਾਰਾ ਸਾਹਿਬ ਨੂੰ ਸਮਝ ਲੈਣਾ ਚਾਹੀਦਾ ਹੈ । ਫਿਰ ਹੀ ਬਾਹਰ ਵਿਚਰ ਰਹੇ ਤਖ਼ਤਾਂ ਦੇ ਦੂਸਰੇ ਜਥੇਦਾਰ ਸਾਹਿਬਾਨ ਅਤੇ ਸਿੱਖ ਲੀਡਰਸ਼ਿਪ ਨੂੰ ਆਪਣੀ ਰਾਇ ਤੋਂ ਜਾਣੂ ਕਰਵਾਉਦੇ ਹੋਏ ਹੀ ਅਗਲੇਰੇ ਫੈਸਲੇ ਕਰ ਸਕਣ, ਫਿਰ ਤਾਂ ਕੌਮ ਲਈ ਵੀ ਅਤੇ ਉਨ੍ਹਾਂ ਦੀ ਆਪਣੀ ਸਖਸ਼ੀਅਤ ਲਈ ਵੀ ਬਿਹਤਰ ਹੋਵੇਗਾ । ਵਰਨਾ ਕੌਮ ਵਿਚ ਅਤੇ ਲੀਡਰਸ਼ਿਪ ਸੰਬੰਧੀ ਭੰਬਲਭੂਸੇ ਹੀ ਪੈਦਾ ਹੋਣਗੇ ਅਤੇ ਕੌਮੀ ਏਕਤਾ ਨੂੰ ਬਲ ਮਿਲਣ ਦੀ ਬਜਾਇ ਕੌਮ ਵਿਚ ਕੌਮੀ ਨਿਸ਼ਾਨੇ ਪ੍ਰਤੀ ਵੱਖ-ਵੱਖ ਰਾਹਵਾ ਅਤੇ ਕੁੜੱਤਣ ਵੱਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਜਿਸ ਲਈ ਹਵਾਰਾ ਸਾਹਿਬ ਅਤੇ ਕੌਮ ਵਿਚ ਵਿਚਰਣ ਵਾਲੇ ਸਭਨਾਂ ਆਗੂਆਂ ਅਤੇ ਪੰਥ ਦਰਦੀਆਂ ਨੂੰ ਗੰਭੀਰਤਾ ਨਾਲ ਸੋਚਦੇ ਹੋਏ ਅਜਿਹੇ ਅਮਲ ਕਰਨੇ ਪੈਣਗੇ ਜਿਸ ਨਾਲ ਕੌਮੀ ਨਿਸ਼ਾਨੇ ਪ੍ਰਤੀ ਅਤੇ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆ ਪ੍ਰਤੀ ਇਕ ਮਜ਼ਬੂਤ ਰਾਇ ਬਣ ਸਕੇ ਅਤੇ ਫਿਰ ਚੱਲ ਰਹੇ ਮੋਰਚੇ ਦੇ ਦੂਸਰੇ ਪੜ੍ਹਾਅ ਨੂੰ ਸਭਨਾਂ ਦੀ ਸਹਿਮਤੀ ਅਤੇ ਪ੍ਰਵਾਨਗੀ ਨਾਲ ਸੁਰੂ ਕੀਤਾ ਜਾ ਸਕੇ ।