May 11, 2026 10:00 am

ਪੰਜਾਬ ਦੇ ਅਮੀਰ ਸੱਭਿਆਚਾਰ ਦਾ ਅਨਿੱਖੜਵਾਂ ਅੰਗ ‘ਗਹਿਣੇ’

ਗਹਿਣੇ ਮਨੁੱਖੀ ਸ਼ਿੰਗਾਰ ਦਾ ਹਮੇਸ਼ਾਂ ਤੋਂ ਅਹਿਮ ਅੰਗ ਰਹੇ ਹਨ। ਪੰਜਾਬ ਦੇ ਹਰ ਵਰਗ ਦੀਆਂ ਜਨਾਨੀਆਂ ਅਤੇ ਮਰਦ ਆਪਣੀ ਆਰਥਿਕ ਵਿਵਸਥਾ ਮੁਤਾਬਕ ਸੋਨੇ, ਚਾਂਦੀ ਅਤੇ ਪਿੱਤਲ ਦੇ ਗਹਿਣੇ ਪਹਿਨਦੇ ਹਨ। ਪੁਰਾਤਨ ਪੰਜਾਬ ’ਚ ਜਨਾਨੀਆਂ ਸਿਰ ਤੋਂ ਪੈਰਾਂ ਤੱਕ ਸਰੀਰ ਦੇ ਅੰਗਾਂ ’ਤੇ ਗਹਿਣੇ ਪਹਿਨਦੀਆਂ ਸਨ। ਕਈ ਕਹਾਵਤਾਂ ਤੋਂ ਪਤਾ ਚੱਲਦਾ ਹੈ ਕਿ ਪੁਰਾਤਨ ਪੰਜਾਬ ਵਿਚ ਜਨਾਨੀਆਂ ਸੌ ਤੋਂ ਵੀ ਵੱਧ ਗਹਿਣੇ ਪਹਿਨ ਕੇ ਆਪਣੇ ਰੰਗ ਰੂਪ ਨੂੰ ਸ਼ਿੰਗਾਰਦੀਆਂ ਸਨ। ਗਹਿਣਾ ਅਸਲ ਵਿਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖੁਸ਼ਹਾਲੀ, ਪਿਆਰ-ਮੁਹੱਬਤ ਆਦਿ ਦੇ ਪ੍ਰਗਟਾਅ ਦਾ ਪ੍ਰਤੀਕ ਹੈ। ਕਿਸੇ ਵੇਲੇ ਸੋਨੇ ਚਾਂਦੀ ਦੇ ਗਹਿਣੇ ਪੁਰਾਤਨ ਸਮੇਂ ’ਚ ਪੰਜਾਬ ਦੇ ਅਮੀਰ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਸਨ। ਜਿਸ ਦੀ ਥਾਂ ਹੁਣ ਬਣਾਵਟੀ ਗਹਿਣਿਆਂ ਨੇ ਲੈ ਲਈ ਹੈ। ਪੰਜਾਬ ਦੇ ਲੋਕ ਗਹਿਣੇ ਸਾਡੇ ਸਭਿਆਚਾਰ ਦੇ ਪਿੜ ’ਚੋਂ ਲਗਪਗ ਮਨਫੀ ਹੋ ਗਏ ਹਨ। ਨਵੀਂ ਪੀੜ੍ਹੀ ਤਾਂ ਇਨ੍ਹਾਂ ਗਹਿਣਿਆਂ ਤੋਂ ਬਿਲਕੁਲ ਅਨਜਾਣੀ ਹੈ। ਪੁਰਾਣੇ ਪੰਜਾਬ ’ਚ ਜਨਾਨੀਆਂ ਵਲੋਂ ਪਹਿਨੇ ਜਾਂਦੇ ਗਹਿਣਿਆਂ ਵਿਚ ਕਈ ਤਰ੍ਹਾਂ ਦੇ ਗਹਿਣੇ ਸ਼ਾਮਲ ਸਨ। ਮੁਟਿਆਰਾਂ ਨੱਕ ਵਿਚ ਤੀਲੀ ਬਹੁਤ ਹੀ ਚਾਅ ਨਾਲ ਪਹਿਨਦੀਆਂ ਸਨ। ਤੀਲੀ ਅਸਲ ਵਿਚ ਇਕ ਬਾਰੀਕ ਮੇਖ-ਨੁਮਾ ਗਹਿਣਾ ਹੁੰਦਾ ਸੀ। ਜਿਸ ਉਪਰ ਇੱਕ ਛੋਟਾ ਜਿਹਾ ਨਗ ਲੱਗਾ ਹੁੰਦਾ ਸੀ। ਲੌਂਗ ਇੱਕ ਹੋਰ ਸੁੰਦਰ ਗਹਿਣਾ ਸੀ। ਲੌਂਗ ਵਿਚਾਲੇ ਇੱਕ ਵੱਡਾ ਨਗ ਜੜ੍ਹਿਆ ਹੁੰਦਾ ਸੀ। ਇਸ ਨੂੰ ਆਲੇ ਦੁਆਲਿਓ ਹੋਰ ਛੋਟੇ ਨਗਾਂ ਨੇ ਘੇਰਿਆ ਹੁੰਦਾ ਸੀ। ਜਿਸ ਦੇ ਗੁਆਚਣ ਦੇ ਡਰ ਨੂੰ ਪੰਜਾਬੀ ਲੋਕ ਗੀਤਾਂ ਵਿੱਚ ਕਲਮਬੰਦ ਕੀਤਾ ਗਿਆ ਹੈ।
ਚੀਰੇ ਵਾਲਿਆ ਵੇਖਦਾ ਆਈਂ ਵੇ,
ਮੇਰਾ ਲੌਂਗ ਗੁਆਚਾ।
ਇਸੇ ਤਰ੍ਹਾਂ ਮੱਛਲੀ ਨੱਕ ਦੀਆਂ ਦੋਵਾਂ ਨ੍ਹਾਸਾਂ ਦੇ ਵਿਚਕਾਰਲੀ ਹੱਡੀ ਵਿਚ ਪਹਿਨੀ ਜਾਂਦੀ ਸੀ। ਨੱਥ ਵਿੰਨ੍ਹੇ ਨੱਕ ਦੀ ਗਲੀ ਤੋਂ ਸ਼ੁਰੂ ਹੋ ਕੇ ਇੱਕ ਗੁਲਾਈ ਦੀ ਤਰ੍ਹਾਂ ਖੱਬੇ ਪਾਸੇ ਵਾਲਾਂ ਨਾਲ ਜੁੜ ਜਾਂਦੀ ਸੀ। ਇਨ੍ਹਾਂ ਗਹਿਣਿਆਂ ਤੋਂ ਇਲਾਵਾ ਨੱਕ ਵਿਚ ਕੋਕਾ, ਬੁਲਾਕ, ਮੇਖ, ਬੇਸਰਾ ਅਤੇ ਨੁਕਰਾ ਆਦਿ ਗਹਿਣੇ ਪਹਿਨਣ ਦਾ ਰਿਵਾਜ ਸੀ। ਪੁਰਾਤਨ ਸਮੇਂ ਵਿਚ ਕੰਨ੍ਹਾਂ ਵਿਚ ਪਹਿਨਣ ਲਈ ਸਭ ਤੋਂ ਪ੍ਰਚੱਲਿਤ ਗਹਿਣਾ ਪਿੱਪਲ ਪੱਤੀਆਂ ਹੈ। ਜਨਾਨੀਆਂ ਇਸ ਨੂੰ ਪਹਿਨਣ ’ਚ ਉਹ ਬੜੀ ਸ਼ਾਨ ਸਮਝਦੀਆਂ ਸਨ। ਇਸ ਗਹਿਣੇ ਨਾਲ ਪਿੱਪਲ ਦੇ ਪੱਤਿਆਂ ਵਾਂਗ ਦੋ-ਤਿੰਨ ਪੱਤੇ ਜਿਹੇ ਲੱਗੇ ਹੁੰਦੇ ਸਨ। ਇਸ ਗਹਿਣੇ ਦੀ ਸੁੰਦਰਤਾ ਬਾਰੇ ਪੰਜਾਬੀ ਲੋਕ ਗੀਤਾਂ ਵਿਚ ਵੀ ਜ਼ਿਕਰ ਕੀਤਾ ਗਿਆ ਹੈ। ਤੁੰਗਲ ਗੋਲ ਚੂੜੀਆਂ ਵਾਂਗ ਪਲੇਨ ਡੰਡੀਆਂ ਨੂੰ ਕਹਿੰਦੇ ਸਨ। ਇਸ ਤੋਂ ਇਲਾਵਾ ਕੰਨਾਂ ਵਿਚ ਕਾਂਟੇ, ਢੇਡੂ, ਝੁਮਕੇ, ਡੰਡੀਆਂ, ਲੋਟਣ, ਬੂੰਦੇ, ਸੋਨ ਚਿੜੀਆਂ, ਟੌਪਸ, ਕੰਢੀ, ਝੁਮਕੇ, ਰੇਲਾਂ, ਮਾਮੇ ਮੁਰਕੀਆਂ ਅਤੇ ਬਹਾਦਰਨੀਆਂ ਆਦਿ ਗਹਿਣੇ ਪਹਿਨੇ ਜਾਂਦੇ ਸਨ। ਗਲੇ ਦੁਆਲੇ ਪਹਿਨੇ ਜਾਣ ਵਾਲੇ ਗਹਿਣਿਆਂ ਵਿਚ ਹਾਰ, ਰਾਣੀ ਹਾਰ, ਤੱਗਾ, ਹਮੇਲ, ਇਨਾਮ ਅਤੇ ਬੁਘਤੀਆਂ ਜ਼ੰਜੀਰੀ, ਚੌਂਕੀ, ਹੱਸ, ਤਵੀਤ, ਮੱਖੀ, ਹੌਲਦਿਲੀ, ਚੁਟਾਲਾ, ਲੌਕਟ, ਪੈਂਡਲ, ਸਿੰਘ ਤਵੀਤ, ਗੁਲੂਬੰਦ, ਤੰਦੀਰਾ, ਮਾਲਾ, ਨੌਂ ਰਤਨਾ ਸੈੱਟ ਆਦਿ ਸ਼ਾਮਿਲ ਸਨ। ਸੱਗੀ ਫੁੱਲ ਨੂੰ ਜਨਾਨੀਆਂ ਆਪਣੇ ਸਿਰ ਤੇ ਸਜਾਉਂਦੀਆਂ ਸਨ। ਸਿਰ ਦੇ ਪਿਛਲੇ ਹਿੱਸੇ ਉੱਤੇ ਵਾਲਾਂ ਦੀਆਂ ਮੀਢੀਆਂ ਕਰਕੇ ਖੱਬੇ ਅਤੇ ਸੱਜੇ ਪਾਸੇ ਦੋ ਫੁੱਲ ਲਗਾਏ ਜਾਂਦੇ ਸਨ ਅਤੇ ਇਨ੍ਹਾਂ ਫੁੱਲਾਂ ਦੇ ਵਿਚਕਾਰ ਸੱਗੀ ਲਗਾਈ ਜਾਂਦੀ ਸੀ। ਸ਼ਿੰਗਾਰ ਪੱਟੀ, ਟਿੱਕਾ, ਝੁੰਮਰ ਸੂਈ, ਬਘਿਆੜੀ, ਠੂੰਠੀਆਂ, ਦਾਉਣੀ, ਛੱਬਾ, ਚੌਂਕ, ਬੰਦ ਅਤੇ ਬੋਰਲਾ ਆਦਿ ਗਹਿਣੇ ਵੀ ਜਨਾਨੀਆਂ ਦੀ ਧਰੋਹਰ ਸਨ। ਗਜਰੇ, ਬਾਜੂਬੰਦ, ਗੋਖੜੂ, ਪਹੁੰਚੀ, ਕੰਗਣ ਅਤੇ ਕਲੀਰੇ ਆਦਿ ਵੀਣੀ ਦੇ ਪ੍ਰਮੁੱਖ ਗਹਿਣੇ ਸਨ ਜੋ ਜਨਾਨੀਆਂ ਦੀਆਂ ਵੀਣੀਆਂ ਨੂੰ ਚਾਰ ਚੰਨ ਲਾਉਂਦੇ ਸਨ। ਪੁਰਾਤਨ ਸਮਿਆਂ ਵਿਚ ਹੱਥ ਦੀਆਂ ਉਂਗਲਾਂ ਵਿਚ ਮੁੰਦਰੀ, ਛਾਪ, ਕਲੀਚੜੀ ਅਤੇ ਆਰਸੀ ਆਦਿ ਗਹਿਣੇ ਪਹਿਨੇ ਜਾਂਦੇ ਸਨ। ਇਸ ਤਰ੍ਹਾਂ ਪੈਰਾਂ ਦੀਆਂ ਪੰਜ ਉਂਗਲਾਂ ਵਿਚ ਇੱਕੋ ਜਿਹੀਆਂ ਪੰਜ ਛਾਪਾਂ ਪਹਿਨੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਪੰਜ ਅੰਗਲਾਂ ਕਹਿੰਦੇ ਸਨ। ਇਨ੍ਹਾਂ ਤੋਂ ਇਲਾਵਾ ਪੰਜੇਬਾਂ, ਪਟੜੀਆਂ, ਲੱਛੇ, ਝਾਂਜਰਾਂ, ਬਾਂਕਾਂ ਅਤੇ ਬਿਛੂਏ ਆਦਿ ਪੈਰਾਂ ਦੀਆਂ ਉਂਗਲਾਂ ਵਿਚ ਪਹਿਨੇ ਜਾਣ ਵਾਲੇ ਗਹਿਣੇ ਸਨ। ਜਨਾਨੀਆਂ ਤੋਂ ਇਲਾਵਾ ਪੰਜਾਬੀ ਮਰਦ ਵੀ ਕਿਸੇ ਗੱਲੋਂ ਘੱਟ ਨਹੀਂ ਸਨ। ਉਹ ਵੀ ਕੈਂਠਾ, ਸੋਨੇ ਦਾ ਕੜਾ, ਸੋਨੇ ਦੀ ਜ਼ੰਜੀਰੀ, ਨੱਤੀਆਂ, ਤਵੀਤੀਆਂ ਅਤੇ ਕੰਨਾਂ ਵਿਚ ਵਾਲੇ ਆਦਿ ਗਹਿਣੇ ਪਹਿਨਦੇ ਸਨ। ਅੱਜ ਸਾਡੀ ਅਮੀਰ ਧਰੋਹਰ ਲੁਪਤ ਹੋ ਗਈ ਹੈ। ਅਜੋਕੀ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਗਈ ਹੈ ਜਿਸ ਨਾਲ ਪੰਜਾਬੀਆਂ ਦੀ ਜੀਵਨ ਸ਼ੈਲੀ ਵਿਚ ਬਣਾਉਟੀਪਣ ਆ ਗਿਆ ਹੈ। ਲੋੜ ਹੈ ਪੁਰਾਣੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੀ ਤਾਂ ਜੋ ਅਜੋਕੀ ਪੀੜ੍ਹੀ ਇਸ ਧਰੋਹਰ ਨੂੰ ਅਪਣਾ ਸਕੇ।

Send this to a friend