ਅਪਰਾਧੀਆਂ ਤੋਂ ਵੋਟਾਂ ਦੀ ਉਮੀਦ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਸ਼੍ਰੀ ਸ਼ਵੇਤ ਮਲਿਕ ਇਹ ਉਮੀਦ ਲਗਾਈ ਬੈਠੇ ਹਨ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਜੇਲ੍ਹਾਂ ਵਿੱਚ ਬੈਠੇ ਅਪਰਾਧੀ ਪਾਰਟੀ ਨੂੰ ਸਮਰਥਨ ਦੇਣਗੇ। ਜਲੰਧਰ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਬਹੁਤ ਹੀ ਅਫਸੋਸਨਾਕ ਬਿਆਨ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਸੰਵਿਧਾਨ ਅਨੁਸਾਰ ਜਿਸ ਦੀ ਵੀ ਵੋਟ ਬਣੀ ਹੈ, ਉਸ ਕੋਲੋਂ ਪਾਰਟੀ ਜ਼ਰੂਰ ਵੋਟ ਮੰਗੇਗੀ ਭਾਵੇਂ ਉਹ ਜੇਲ੍ਹ ਵਿਚ ਹੀ ਕਿਉਂ ਨਾ ਬੈਠਾ ਹੋਵੇ।ਉਨ੍ਹਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਕੀ ਭਾਜਪਾ ਬਲਾਤਕਾਰ ਅਤੇ ਕਤਲ ਦੇ ਕੇਸ ਵਿਚ ਸਜ਼ਾ ਭੁਗਤ ਰਹੇ ਸਿਰਸਾ ਦੇ ਸਾਧ ਕੋਲੋਂ ਵੋਟਾਂ ਮੰਗਣ ਜਾਵੇਗੀ ਤਾਂ ਉਨ੍ਹਾਂ ਨੇ ਇਹ ਜਵਾਬ ਦਿੱਤਾ ਹੈ।ਦਿੱਲੀ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਵਲੋਂ ਡੇਰਾ ਸਿਰਸਾ ਦੀਆਂ ਵੋਟਾਂ ਲਈਆਂ ਗਈਆਂ ਸਨ ਅਤੇ ਭਾਜਪਾ ਆਗੂ ਡੇਰੇ ਜਾ ਕੇ ਨਤਮਸਤਕ ਹੁੰਦੇ ਸਨ।ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੇ ਸੂਬਾ ਪ੍ਰਧਾਨ ਕਿਸ ਮਾਨਸਿਕਤਾ ਨਾਲ ਸਬੰਧਤ ਹਨ। ਉਨ੍ਹਾਂ ਦੀ ਅਪਰਾਧੀ ਬਿਰਤੀ ਵਿੱਚੋਂ ਹੀ ਇਹ ਬਿਆਨ ਨਿਕਲਿਆ ਹੈ। ਸ਼ਾਇਦ ਉਨ੍ਹਾਂ ਨੂੰ ਸਿਰਸਾ ਸਾਧ ਦੇ ਗੁਨਾਹ ਛੋਟੇ ਲੱਗਦੇ ਹਨ ਜਾਂ ਫਿਰ ਉਹ ਪਾਰਟੀ ਦੀ ਜਿੱਤ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ। ਉਨ੍ਹਾਂ ਨੂੰ ਭਰਮ ਹੈ ਕਿ ਭਾਜਪਾ ਇਸ ਖੇਤਰ ਵਿੱਚ ਸਿਰਸਾ ਡੇਰੇ ਦੀਆਂ ਵੋਟਾਂ ਨਾਲ ਇਕ ਵਾਰ ਫਿਰ ਜਿੱਤ ਪ੍ਰਾਪਤ ਕਰ ਸਕੇਗੀ। ਇਹ ਹੈਰਾਨੀ ਦੀ ਗੱਲ ਹੈ ਕਿ ਨੈਤਿਕਤਾ ਅਤੇ ਅਸੂਲਾਂ ਦੀ ਗੱਲ ਕਰਨ ਵਾਲੀ ਇਕ ਪਾਰਟੀ ਦਾ ਸੂਬਾ ਪ੍ਰਧਾਨ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ। ਸ਼੍ਰੀ ਸ਼ਵੇਤ ਮਲਿਕ ਸੰਸਦ ਮੈਂਬਰ ਵੀ ਹਨ। ਰਾਜਨੀਤੀ ਵਿੱਚ ਉਨ੍ਹਾਂ ਦਾ ਲੰਬਾ ਤਜ਼ਰਬਾ ਹੈ। ਇਸ ਸਭ ਕੁਝ ਦੇ ਬਾਵਜੂਦ ਉਨ੍ਹਾਂ ਦਾ ਇਹ ਬਿਆਨ ਬਹੁਤ ਅਫਸੋਸਨਾਕ ਹੈ। ਇਸ ਬਿਆਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਲਈ ਕੋਈ ਵੀ ਅਪਰਾਧ ਵੱਡਾ ਨਹੀਂ ਹੈ। ਸ਼ਾਇਦ ਬਲਾਤਕਾਰ ਅਤੇ ਕਤਲ ਵਰਗੇ ਅਪਰਾਧਾਂ ਨੂੰ ਉਹ ਆਮ ਸ਼੍ਰੇਣੀ ਵਿੱਚ ਗਿਣਦੇ ਹਨ। ਇਸ ਕਾਰਨ ਹੀ ਉਹ ਇਕ ਵੱਡੇ ਅਪਰਾਧੀ ਤੋਂ ਸਿਆਸੀ ਸਮਰਥਨ ਪ੍ਰਾਪਤ ਕਰਨ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਦਾ ਇਹ ਬਿਆਨ ਸਿੱਖ ਭਾਈਚਾਰੇ ਦੇ ਜ਼ਖਮਾਂ ਉਪਰ ਲੂਣ ਲਾਉਣ ਵਾਲਾ ਹੈ। ਸਾਰੇ ਪੰਜਾਬੀ ਖਾਸ ਕਰਕੇ ਸਿੱਖ ਇਸ ਤਰ੍ਹਾਂ ਦੀ ਸਿਆਸੀ ਸੋਚ ਨੂੰ ਪ੍ਰਵਾਨ ਨਹੀਂ ਕਰਨਗੇ। ਇਸ ਤਰ੍ਹਾਂ ਦੇ ਅਪਰਾਧੀ ਬਿਰਤੀ ਵਾਲੇ ਨੇਤਾਵਾਂ ਨੂੰ ਨੰਗੇ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਅਤੇ ਦੇਸ਼ ਨੂੰ ਇਕ ਸੱਚੀ-ਸੁੱਚੀ ਸਿਆਸੀ ਅਗਵਾਈ ਪ੍ਰਦਾਨ ਕੀਤੀ ਜਾ ਸਕੇ। ਭਾਰਤੀ ਜਨਤਾ ਪਾਰਟੀ ਨੂੰ ਸ਼੍ਰੀ ਸ਼ਵੇਤ ਮਲਿਕ ਦੇ ਇਸ ਬਿਆਨ ਦਾ ਖਾਸ ਤੌਰ ’ਤੇ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਖਿਲਾਫ ਬਕਾਇਦਾ ਅਨੁਸਾਸ਼ਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਇਸ ਬਿਆਨ ਉਪਰ ਹਾਲੇ ਤੱਕ ਭਾਜਪਾ ਦੇ ਸਿਆਸੀ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮੁੱਦੇ ਉਪਰ ਆਪਣਾ ਪ੍ਰਤੀਕਰਮ ਦੇਣਾ ਚਾਹੀਦੈ ਹੈ ਤਾਂ ਜੋ ਭਾਜਪਾ ਨੇਤਾਵਾਂ ਨੂੰ ਸ਼ੀਸ਼ਾ ਦਿਖਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend