ਚੰਡੀਗੜ੍ਹ/ਸਰੀ (ਕੈਨੇਡਾ), 23 ਜਨਵਰੀ- ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਪੰਜਾਬ ਭਵਨ ਦੀ ਉਸਾਰੀ ਕਰਨ ਵਾਲੇ ਸਾਹਿਤਕ ਅਤੇ ਸੱਭਿਆਚਰਕ ਹਲਕਿਆਂ ਦੀ ਸਨਮਾਨਯੋਗ ਹਸਤੀ, ਉਘੇ ਸਮਾਜ ਸੇਵੀ ਸ੍ਰੀ ਸੁਖੀ ਬਾਠ ਵਿਸ਼ੇਸ਼ ਵਫਦ ਨਾਲ ਆਸਟਰੇਲੀਆ ਦੇ ਵਿਸ਼ੇਸ ਦੌਰੇ ’ਤੇ ਜਾ ਰਹੇ ਹਨ। ਉਨ੍ਹਾਂ ਨਾਲ ਇਸ ਵਫਦ ਵਿੱਚ ਪ੍ਰਸਿਧ ਗ਼ਜ਼ਲਗੋ ਸ੍ਰੀ ਕਵਿੰਦਰ ਚਾਂਦ ਅਤੇ ਕਵੀ ਸ੍ਰੀ ਅਮਰੀਕ ਪਲਾਹੀ ਵੀ ਸ਼ਾਮਿਲ ਹਨ। ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਫੈਲਦੇ ਪੰਜਾਬ ਨਾਲ ਸਾਹਿਤਕ ਸਾਂਝ ਨੂੰ ਹੋਰ ਗੂੜ੍ਹਾ ਕਰਨ ਲਈ ਸ੍ਰੀ ਬਾਠ ਨੇ ਵਿਸ਼ੇਸ਼ ਵਿਸ਼ਵ ਭਰਮਣ ਲੜੀ ਦਾ ਪ੍ਰੋਗਰਾਮ ਬਣਾਇਆ ਹੈ ਜਿਸ ਤਹਿਤ ਪਹਿਲਾ ਦੌਰਾ ਆਸਟ੍ਰੇਲੀਆ ਦਾ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਦੌਰਾ ਲੰਘੇ ਸਾਲ ਅਕਤੂਬਰ ਵਿੱਚ ਰੱਖਿਆ ਗਿਆ ਸੀ, ਪਰ ਕੁਝ ਕਾਰਨਾਂ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਦੌਰੇ ਦੌਰਾਨ ਤਿੰਨ ਫਰਵਰੀ ਨੂੰ ਇਹ ਵਫਦ ਬ੍ਰਿਸਬੇਨ ਵਿਖੇ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲਵੇਗਾ। ਆਸਟ੍ਰੇਲੀਆ ਦੇ ਸਾਹਿਤਕ ਕਰਮੀਆਂ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਰੂਬਰੂ, ਸਨਮਾਨ ਸਮਾਰੋਹ, ਕਵੀ ਦਰਬਾਰ ਤੋਂ ਇਲਾਵਾ ਗਲੋਬਲੀ ਪੰਜਾਬ ਸੰਕਲਪ : ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤਕ ਸਸੰਥਾਵਾਂ ਦਾ ਆਪਸੀ ਤਾਲ-ਮੇਲ ਵਿਸ਼ੇ ’ਤੇ ਚਰਚਾ ਹੋਵੇਗੀ। ਇਸ ਪ੍ਰੋਗਰਾਮ ਨੂੰ ਉਘੇ ਸਾਹਿਤਕ ਕਾਰਕੁਨਾਂ ਸ੍ਰੀ ਸਰਬਜੀਤ ਸੋਹੀ, ਸ੍ਰੀ ਮਨਜੀਤ ਬੋਪਾਰਾਏ, ਸ੍ਰੀ ਪ੍ਰਭਜੋਤ ਸਿੰਘ ਸੰਧੂ, ਸ੍ਰੀ ਸੰਜੇ ਭੰਡਾਰੀ ਅਤੇ ਸ਼ਾਇਰਾ ਸੁਰਿੰਦਰ ਸਿਦਕ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। 7 ਫਰਵਰੀ ਨੂੰ ਇਹ ਵਫਦ ਆਸਟ੍ਰੇਲੀਆ ਦੀ ਰਾਜਧਾਨੀ ਸਿਡਨੀ ਵਿਖੇ ਵਿਸ਼ੇਸ਼ ਪ੍ਰੋਗਰਾਮ ’ਚ ਹਿੱਸਾ ਲਵੇਗਾ। ਇਸੇ ਤਰ੍ਹਾਂ 9 ਫਰਵਰੀ ਨੂੰ ਮੈਲਬੌਰਨ ਵਿਖੇ ਅਤੇ 10 ਫਰਵਰੀ ਨੂੰ ਐਡੀਲੈਂਡ ਵਿਖੇ ਵਿਸ਼ੇਸ਼ ਪ੍ਰੋਗਰਾਮ ਰੱਖੇ ਗਏ ਹਨ। ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਬਾਠ ਦੀ ਅਗਵਾਈ ਹੇਠ ਪੰਜਾਬ ਭਵਨ ਸਰੀ ਇਕ ਇਮਾਰਤ ਤੋਂ ਵਧ ਕੇ ਅਜਿਹਾ ਚਾਨਣ ਮੁਨਾਰਾ ਬਣ ਗਿਆ ਹੈ, ਜੋ ਆਉਣ ਵਾਲੀਆਂ ਨਸਲਾਂ ਨੂੰ ਸਾਹਿਤਕ, ਸਭਿਆਚਾਰਿਕ ਅਤੇ ਸਮਾਜਿਕ ਅਗਵਾਈ ਦਿੰਦਾ ਰਹੇਗਾ । ਇਸ ਦੀ ਸਥਾਪਨਾ ਨਾਲ ਵਿਦੇਸ਼ਾਂ ਵਿਚ ਪੰਜਾਬੀ ਸਾਹਿਤ, ਮਾਤ-ਭਾਸ਼ਾ ਅਤੇ ਸਭਿਆਚਾਰਿਕ ਗਤੀਵਿਧੀਆੰ ਨੂੰ ਇਕ ਹੁਲਾਰਾ ਮਿਲਿਆ ਹੈ।